10 ਸਾਲ ਦੇ 37.8% ਬੱਚੇ ਫੇਸਬੁੱਕ ਅਤੇ 24.3% ਬੱਚੇ ਇੰਸਟਾਗ੍ਰਾਮ ਦੀ ਕਰਦੇ ਨੇ ਵਰਤੋਂ - ਰਿਪੋਰਟ
'ਇੰਟਰਨੈੱਟ ਮੀਡੀਆ 'ਤੇ ਕਈ ਤਰ੍ਹਾਂ ਦੀ ਸਮੱਗਰੀ ਹੁੰਦੀ ਹੈ। ਵੱਡੀ ਗਿਣਤੀ 'ਚ ਅਜਿਹੀ ਸਮੱਗਰੀ ਵੀ ਹੁੰਦੀ ਹੈ ਜਿਹੜੀ ਬੱਚਿਆਂ ਲਈ ਠੀਕ ਨਹੀਂ ਹੁੰਦੀ।
ਨਵੀਂ ਦਿੱਲੀ : NCPCR ਦੇ ਨਵੇਂ ਅਧਿਐਨ 'ਚ ਦਾਅਵਾ ਕੀਤਾ ਗਿਆ ਹੈ ਕਿ 10 ਸਾਲ ਦੀ ਉਮਰ ਦੇ 37.8 ਫ਼ੀਸਦੀ ਬੱਚੇ ਫੇਸਬੁੱਕ 'ਤੇ ਐਕਟਿਵ ਹਨ ਜਦਕਿ ਇਸੇ ਉਮਰ ਦੇ 24.3 ਫ਼ੀਸਦੀ ਬੱਚਿਆਂ ਦਾ ਇੰਸਟਾਗ੍ਰਾਮ 'ਤੇ ਅਕਾਊਂਟ ਹੈ। ਇਹ ਵੱਖ-ਵੱਖ ਇੰਟਰਨੈੱਟ ਮੀਡੀਆ ਵੱਲੋਂ ਤੈਅ ਮਾਪਦੰਡਾਂ ਦੇ ਉਲਟ ਹੈ। ਫੇਸਬੁੱਕ ਤੇ ਇੰਸਟਾਗ੍ਰਾਮ 'ਤੇ ਅਕਾਊਂਟ ਖੋਲ੍ਹਣ ਦੀ ਘੱਟੋ-ਘੱਟ ਉਮਰ 13 ਸਾਲ ਨਿਰਧਾਰਤ ਹੈ।
ਕੌਮੀ ਬਾਲ ਅਧਿਕਾਰੀ ਸੁਰੱਖਿਆ ਕਮਿਸ਼ਨ (NCPCR) ਵੱਲੋਂ ਮੋਬਾਈਲ ਫੋਨ 'ਤੇ ਇੰਟਰਨੈੱਟ ਸੇਵਾ ਵਾਲੀਆਂ ਦੂਸਰੀਆਂ ਡਿਵਾਈਸਿਜ਼ ਦਾ ਬੱਚਿਆਂ 'ਤੇ ਪ੍ਰਭਾਵ (ਸਰੀਰ, ਵਿਹਾਰ ਨਾਲ ਜੁੜੇ, ਮਨੋਵਿਗਿਆਨਕ ਤੇ ਸਮਾਜਿਕ) ਵਿਸ਼ੇ 'ਤੇ ਅਧਿਐਨ ਕਰਵਾਇਆ ਗਿਆ। ਇਸ ਵਿਚ ਪਾਇਆ ਗਿਆ ਕਿ 10 ਸਾਲ ਦੀ ਉਮਰ ਦੇ ਵੱਡੀ ਗਿਣਤੀ 'ਚ ਬੱਚੇ ਇੰਟਰਨੈੱਟ ਮੀਡੀਆ 'ਤੇ ਐਕਟਿਵ ਹਨ।
ਅਧਿਐਨ ਅਨੁਸਾਰ, ਇਸ ਉਮਰ ਦੇ ਕਰੀਬ 37.8 ਫ਼ੀਸਦ ਬੱਚਿਆਂ ਦਾ ਫੇਸਬੁੱਕ 'ਤੇ ਅਕਾਊਂਟ ਹੈ ਜਦਕਿ ਇਸੇ ਉਮਰ ਵਰਗ ਦੇ 24.3 ਫ਼ੀਸਦ ਬੱਚੇ ਇੰਸਟਾਗ੍ਰਾਮ 'ਤੇ ਐਕਟਿਵ ਹਨ। ਅਧਿਐਨ ਅਨੁਸਾਰ, 'ਇੰਟਰਨੈੱਟ ਮੀਡੀਆ 'ਤੇ ਕਈ ਤਰ੍ਹਾਂ ਦੀ ਸਮੱਗਰੀ ਹੁੰਦੀ ਹੈ। ਵੱਡੀ ਗਿਣਤੀ 'ਚ ਅਜਿਹੀ ਸਮੱਗਰੀ ਵੀ ਹੁੰਦੀ ਹੈ ਜਿਹੜੀ ਬੱਚਿਆਂ ਲਈ ਠੀਕ ਨਹੀਂ ਹੁੰਦੀ। ਇਸ ਤੋਂ ਇਲਾਵਾ ਬੱਚਿਆਂ ਨੂੰ ਇੰਟਰਨੈੱਟ ਮੀਡੀਆ 'ਤੇ ਧਮਕੀ ਅਤੇ ਦੁਰਵਿਹਾਰ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ, ਇਸ ਦਿਸ਼ਾ ਵਿਚ ਸਖ਼ਤੀ ਨਾਲ ਪਾਲਣਾ ਕਰਵਾਉਣ ਦੀ ਜ਼ਰੂਰਤ ਹੈ।'