Zee ਨੇ Disney-ਸਟਾਰ ਨਾਲ 11,637 ਕਰੋੜ ਰੁਪਏ ਦਾ ਸੌਦਾ ਤੋੜਿਆ, ਕ੍ਰਿਕਟ ਪ੍ਰਸਾਰਣ ਲਈ ਕੀਤਾ ਸੀ ਸਮਝੌਤਾ 

ਏਜੰਸੀ

ਜੀਵਨ ਜਾਚ, ਤਕਨੀਕ

ਸੋਨੀ ਦੇ ਰਲੇਵੇਂ ਨੂੰ ਰੱਦ ਕਰਨਾ ਮੰਨਿਆ ਜਾਂਦਾ ਹੈ ਕਾਰਨ

File Photo

ਨਵੀਂ ਦਿੱਲੀ - ਜ਼ੀ ਐਂਟਰਟੇਨਮੈਂਟ ਨੇ ਡਿਜ਼ਨੀ-ਸਟਾਰ ਨਾਲ 1.4 ਬਿਲੀਅਨ ਡਾਲਰ ਯਾਨੀ ਕਰੀਬ 11,637 ਕਰੋੜ ਰੁਪਏ ਦਾ ਸਮਝੌਤਾ ਰੱਦ ਕਰ ਦਿੱਤਾ ਹੈ। ਇਹ ਸੌਦਾ ICC ਕ੍ਰਿਕਟ ਮੈਚਾਂ ਦੇ ਪ੍ਰਸਾਰਣ ਲਈ ਕੀਤਾ ਗਿਆ ਸੀ। ਪੀਟੀਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। 

ਰਿਪੋਰਟ ਦੇ ਅਨੁਸਾਰ, ਜ਼ੀ ਨੇ ਇਸ ਸੌਦੇ ਲਈ 200 ਮਿਲੀਅਨ ਡਾਲਰ (ਲਗਭਗ 1,663 ਕਰੋੜ ਰੁਪਏ) ਦੀ ਪਹਿਲੀ ਕਿਸ਼ਤ ਵੀ ਜਮ੍ਹਾ ਨਹੀਂ ਕੀਤੀ ਸੀ। ਡਿਜ਼ਨੀ ਸਟਾਰ ਨੇ ਇਹ ਨਿਵੇਸ਼ $10 ਬਿਲੀਅਨ (₹83,140 ਕਰੋੜ) ਜ਼ੀ-ਸੋਨੀ ਦੇ ਵਿਲੀਨ ਸੌਦੇ ਵਿਚ ਕਰਨਾ ਸੀ। ਮੰਨਿਆ ਜਾ ਰਿਹਾ ਹੈ ਕਿ ਸੋਨੀ ਵੱਲੋਂ ਰਲੇਵੇਂ ਨੂੰ ਰੱਦ ਕਰਨ ਤੋਂ ਬਾਅਦ ਜ਼ੀ ਨੇ ਇਹ ਫੈਸਲਾ ਲਿਆ ਹੈ।  

30 ਅਗਸਤ, 2022 ਨੂੰ ਇੱਕ ਸਟਾਕ ਫਾਈਲਿੰਗ ਵਿਚ, ਜ਼ੀ ਨੇ ਆਈਸੀਸੀ ਪੁਰਸ਼ ਅਤੇ ਅੰਡਰ-19 ਕ੍ਰਿਕਟ ਦੇ ਪ੍ਰਸਾਰਣ ਅਧਿਕਾਰਾਂ ਲਈ ਅਮਰੀਕੀ ਫਰਮ ਡਿਜ਼ਨੀ-ਸਟਾਰ ਦੇ ਨਾਲ ਇੱਕ ਲਾਇਸੈਂਸ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਸੀ। ਇਹ ਸਮਝੌਤਾ 2024 ਤੋਂ ਅਗਲੇ 4 ਸਾਲਾਂ ਲਈ ਸੀ। ਇਸ ਵਿਚ, ਡਿਜ਼ਨੀ ਨੇ ਹੌਟਸਟਾਰ ਦੇ ਨਾਲ ਮਿਲ ਕੇ ਆਈਸੀਸੀ ਈਵੈਂਟ ਦੇ ਪ੍ਰਸਾਰਣ ਦੇ ਅਧਿਕਾਰ ਰਾਖਵੇਂ ਰੱਖੇ ਸਨ।  

ਇਸ ਤੋਂ ਪਹਿਲਾਂ 22 ਜਨਵਰੀ ਨੂੰ ਸੋਨੀ ਨੇ ਜ਼ੀ ਨਾਲ ਰਲੇਵੇਂ ਦਾ ਸੌਦਾ ਤੋੜ ਦਿੱਤਾ ਸੀ। ਇਨ੍ਹਾਂ ਦੋਵਾਂ ਕੰਪਨੀਆਂ ਨੇ ਦਸੰਬਰ 2021 'ਚ ਇਸ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ ਸਨ। ਜੇਕਰ ਇਹ ਰਲੇਵਾਂ ਹੋ ਗਿਆ ਹੁੰਦਾ, ਤਾਂ ਜ਼ੀ + ਸੋਨੀ 24% ਤੋਂ ਵੱਧ ਦਰਸ਼ਕਾਂ ਦੇ ਨਾਲ ਦੇਸ਼ ਦਾ ਸਭ ਤੋਂ ਵੱਡਾ ਮਨੋਰੰਜਨ ਨੈਟਵਰਕ ਬਣ ਜਾਂਦਾ।