ਪੰਜਾਬ ਦੀਆਂ ਸਰਕਾਰੀ ਪ੍ਰਿੰਟਿੰਗ ਪ੍ਰੈੱਸਾਂ ਦਾ ਕੀਤਾ ਜਾਵੇਗਾ ਆਧੁਨਿਕੀਕਰਨ : ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪੰਜਾਬ ਦੀਆਂ ਸਰਕਾਰੀ ਪ੍ਰਿੰਟਿੰਗ ਪ੍ਰੈਸਾਂ ਨੂੰ ਆਧੁਨਿਕ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ।

Punjab’s printing presses to be modernized: Sadhu Singh Dharamsot

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੀਆਂ ਸਰਕਾਰੀ ਪ੍ਰਿੰਟਿੰਗ ਪ੍ਰੈਸਾਂ ਨੂੰ ਆਧੁਨਿਕ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਪੰਜਾਬ ਦੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਇਹ ਪ੍ਰਗਟਾਵਾ ਕੀਤਾ। ਸ. ਧਰਮਸੋਤ ਨੇ ਅਧਿਕਾਰੀਆਂ ਨੂੰ ਸਰਕਾਰੀ ਪ੍ਰੈਸਾਂ ਦਾ ਆਧੁਨਿਕੀਰਣ ਕਰਨ ਲਈ ਐਕਸ਼ਨ ਪਲਾਨ ਤਿਆਰ ਕਰਨ ਦੀ ਹਦਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ਖਰੀਦ ਤੇ ਛਪਾਈ ਨਾਲ ਸਬੰਧਤ ਨਿਯਮਾਂ ਨੂੰ ਵੀ ਮੁੜ ਸੋਧਿਆ ਜਾਵੇ ਜੋ ਅੱਜ ਦੇ ਸਮੇਂ ਸਾਰਥਕ ਨਹੀਂ ਰਹੇ।

ਉਨ੍ਹਾਂ ਕਿਹਾ ਕਿ ਸਾਲ 1975 'ਚ ਪ੍ਰਿੰਟਿੰਗ ਤੇ ਸਟੇਸ਼ਨਰੀ ਸਬੰਧੀ ਨਿਯਮਾਂ ਨੂੰ ਮੁੜ ਸੋਧਣ ਲਈ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਜੋ ਪੁਰਾਣੀ ਪ੍ਰਕਿਰਿਆ ਨੂੰ ਅਜੋਕੇ ਸਮੇਂ ਦੇ ਹਿਸਾਬ ਨੂੰ ਅਧਿਸੂਚਿਤ ਕੀਤਾ ਜਾ ਸਕੇ। ਸ. ਧਰਮਸੋਤ ਨੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਛਪਾਈ ਅਤੇ ਹੋਰ ਸਮੱਗਰੀ ਖਰੀਦਣ ਸਬੰਧੀ ਕੀਤੇ ਟੈਂਡਰਾਂ 'ਚ ਨਿਯਮਾਂ ਦੀ  ਸਮੁੱਚੀ ਜਾਣਕਾਰੀ ਦੇਣੀ ਅਤੇ ਟੈਂਡਰਾਂ ਦਾ ਜਨਤਕ ਪੱਧਰ 'ਤੇ ਪ੍ਰਚਾਰ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਸ ਵਿਭਾਗ ਨਾਲ ਸਬੰਧਤ ਟੈਂਡਰ ਜਾਰੀ ਕੀਤਾ ਜਾਣਾ ਹੈ, ਟੈਂਡਰ ਨਾਲ ਸਬੰਧਤ ਕਮੇਟੀ 'ਚ ਸਬੰਧਤ ਵਿਭਾਗ ਦਾ ਇੱਕ ਨੁਮਾਇੰਦਾ ਵੀ ਸ਼ਾਮਲ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਪੱਸ਼ਟ ਕਰਦਿਆਂ ਕਿਹਾ ਕਿ ਫਲੈਟ ਰੇਟ/ਰੇਟ ਕੰਟਰੈਕਟ  ਕਰਨ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਇੱਕੋ ਸਮੇਂ 5-6 ਫਰਮਾਂ ਨਾਲ ਕੀਤਾ ਜਾਵੇ ਤਾਂ ਜੋ ਐਮਰਜੈਂਸੀ ਸਥਿਤੀ 'ਚ ਛਪਾਈ ਆਦਿ ਦਾ ਕਾਰਜ ਛੇਤੀ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਫਲੈਟ ਰੇਟ/ਰੇਟ ਕੰਟਰੈਕਟ ਮਾਰਕੀਟ ਰੇਟ ਤੋਂ ਵੱਧ ਨਹੀਂ ਹੋਣਾ ਚਾਹੀਦਾ। ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਮੰਤਰੀ ਨੇ ਵਿਭਾਗ ਵਲੋਂ ਖ਼ਰੀਦੀਆਂ ਜਾਂਦੀਆਂ 56 ਕਿਸਮਾਂ ਦੀਆਂ ਸਟੇਸ਼ਨਰੀ ਆਈਟਮਾਂ ਘਟਾਈਆਂ ਜਾਣ ਅਤੇ ਉਨ੍ਹਾਂ ਆਈਟਮਾਂ ਨੂੰ ਹੀ ਖਰੀਦਿਆ ਜਾਵੇ ਜੋ ਅਤੀ ਜ਼ਰੂਰੀ ਹਨ।

ਉਨ੍ਹਾਂ ਨੇ ਨਿਰਧਾਰਤ ਬਜਟ ਅਨੁਸਾਰ ਹੀ ਸਟੇਸ਼ਨਰੀ ਖਰੀਦਣ ਦੀ ਹਦਾਇਤ ਵੀ ਦਿਤੀ। ਉਨ੍ਹਾਂ ਕਿਹਾ ਕਿ ਖਰੀਦੀ ਗਈ ਆਈਟਮ ਦਾ ਮਿਆਰ ਚੈੱਕ ਕਰਨ ਲਈ ਸਬੰਧਤ ਫਰਮ ਦੀ ਪ੍ਰਾਈਵੇਟ ਮਾਰਕੀਟ 'ਚ ਵਿਕ ਰਹੀ ਆਈਟਮ ਨਾਲ ਸਮੇਂ-ਸਮੇਂ ਮਿਲਾਨ ਕੀਤਾ ਜਾਵੇ। ਇਸ ਮੌਕੇ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੇ ਸਕੱਤਰ ਸ੍ਰੀ ਵੀ.ਕੇ. ਮੀਨਾ, ਕੰਟਰੋਲਰ ਸ੍ਰੀਮਤੀ ਮਾਧਵੀ ਕਟਾਰੀਆ ਤੋਂ ਇਲਾਵਾ ਵਿਭਾਗ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।