‘ਡਿਜੀਟਲ ਅਰੈਸਟ’ ਕਰ ਕੇ ਔਰਤ ਤੋਂ ਠੱਗੇ 3.71 ਕਰੋੜ ਰੁਪਏ
ਗੁਜਰਾਤ ਤੋਂ ਇਕ ਗਿ੍ਰਫ਼ਤਾਰ, ਮੁਲਜ਼ਮ ਨੇ ਖ਼ੁਦ ਨੂੰ ਦਸਿਆ ਸੀ ‘ਜਸਟਿਸ ਚੰਦਰਚੂੜ’
ਮੁੰਬਈ: ਮੁੰਬਈ ਦੀ 68 ਸਾਲ ਦੀ ਔਰਤ ਤੋਂ ਕਥਿਤ ਤੌਰ ਉਤੇ 3.71 ਕਰੋੜ ਰੁਪਏ ਦਾ ਵੱਡਾ ਹਿੱਸਾ ਪ੍ਰਾਪਤ ਕਰਨ ਦੇ ਦੋਸ਼ ’ਚ ਗੁਜਰਾਤ ਦੇ ਇਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦਸਿਆ ਕਿ ਸਾਈਬਰ ਅਪਰਾਧੀਆਂ ਨੇ ਖ਼ੁਦ ਨੂੰ ਦਖਣੀ ਮੁੰਬਈ ਦੇ ਕੋਲਾਬਾ ਥਾਣੇ ਦੇ ਨਾਲ-ਨਾਲ ਕੇਂਦਰੀ ਏਜੰਸੀਆਂ ਦੇ ਕਰਮਚਾਰੀ ਵਜੋਂ ਪੇਸ਼ ਕੀਤਾ ਅਤੇ ਇਕ ਫਰਜ਼ੀ ਆਨਲਾਈਨ ਅਦਾਲਤ ਦੀ ਸੁਣਵਾਈ ਵੀ ਕੀਤੀ, ਜਿਸ ਵਿਚ ਇਕ ਵਿਅਕਤੀ ਨੇ ਅਪਣੀ ਪਛਾਣ ਪੀੜਤਾ ਨੂੰ ‘ਜਸਟਿਸ ਚੰਦਰਚੂੜ’ ਵਜੋਂ ਦੱਸੀ। ਅੰਧੇਰੀ ਵੈਸਟ ’ਚ ਰਹਿਣ ਵਾਲੀ ਪੀੜਤਾ ਨੂੰ ਧੋਖੇਬਾਜ਼ਾਂ ਨੇ ਲਗਾਤਾਰ ਨਿਗਰਾਨੀ ’ਚ ਰੱਖਿਆ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਮਨੀ ਲਾਂਡਰਿੰਗ ਦੇ ਮਾਮਲੇ ’ਚ ‘ਡਿਜੀਟਲ ਅਰੈਸਟ’ ਕੀਤਾ ਗਿਆ ਸੀ। ਇਹ ਵਾਰਦਾਤ ਇਸ ਸਾਲ 18 ਅਗੱਸਤ ਤੋਂ 13 ਅਕਤੂਬਰ ਦੇ ਵਿਚਕਾਰ ਵਾਪਰੀ ਸੀ। ਅਧਿਕਾਰੀ ਨੇ ਦਸਿਆ ਕਿ ਔਰਤ ਨੂੰ 18 ਅਗੱਸਤ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ, ਜਿਸ ਨੇ ਦਾਅਵਾ ਕੀਤਾ ਸੀ ਕਿ ਉਹ ਕੋਲਾਬਾ ਥਾਣੇ ਤੋਂ ਉਸ ਦੇ ਬੈਂਕ ਖਾਤੇ ਨੂੰ ਧੋਖਾਧੜੀ ਲਈ ਵਰਤਣ ਦੇ ਸਬੰਧ ਵਿਚ ਗੱਲ ਕਰ ਰਿਹਾ ਸੀ। ਉਸ ਨੇ ਉਸ ਨੂੰ ਧਮਕੀ ਦਿਤੀ ਕਿ ਉਹ ਕਿਸੇ ਨੂੰ ਵੀ ਇਸ ਮਾਮਲੇ ਦਾ ਪ੍ਰਗਟਾਵਾ ਨਾ ਕਰੇ ਅਤੇ ਉਸ ਦੇ ਬੈਂਕ ਵੇਰਵੇ ਮੰਗੇ ਅਤੇ ਦਾਅਵਾ ਕੀਤਾ ਕਿ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਤਬਦੀਲ ਕੀਤੀ ਜਾ ਰਹੀ ਹੈ।
ਮੁਲਜ਼ਮ ਨੇ ਅਧਿਕਾਰੀ ਐਸ.ਕੇ. ਜੈਸਵਾਲ ਦੇ ਰੂਪ ਵਿਚ ਪੀੜਤਾ ਨੂੰ ਉਸ ਦੇ ਜੀਵਨ ਉਤੇ ਦੋ ਤੋਂ ਤਿੰਨ ਪੰਨਿਆਂ ਦਾ ਲੇਖ ਵੀ ਲਿਖਣ ਲਈ ਮਜਬੂਰ ਕੀਤਾ। ਇਸ ਤੋਂ ਬਾਅਦ ਉਸ ਨੇ ਪੀੜਤਾ ਨੂੰ ਦਸਿਆ ਕਿ ਉਹ ਉਸ ਦੀ ਬੇਗੁਨਾਹੀ ਦਾ ਯਕੀਨ ਰੱਖਦਾ ਹੈ ਅਤੇ ਇਹ ਯਕੀਨੀ ਬਣਾਏਗਾ ਕਿ ਉਸ ਨੂੰ ਜ਼ਮਾਨਤ ਮਿਲ ਜਾਵੇ। ਸਾਈਬਰ ਅਪਰਾਧੀਆਂ ਨੇ ਉਸ ਨੂੰ ਵੀਡੀਉ ਕਾਲ ਰਾਹੀਂ ਇਕ ਵਿਅਕਤੀ ਦੇ ਸਾਹਮਣੇ ਪੇਸ਼ ਕੀਤਾ, ਜਿਸ ਨੇ ਅਪਣੀ ਪਛਾਣ ਜਸਟਿਸ ਚੰਦਰਚੂੜ ਵਜੋਂ ਦੱਸੀ। ਉਸ ਨੂੰ ਤਸਦੀਕ ਲਈ ਅਪਣੇ ਨਿਵੇਸ਼ ਦੇ ਵੇਰਵੇ ਜਮ੍ਹਾ ਕਰਨ ਲਈ ਕਿਹਾ ਗਿਆ ਸੀ, ਜਿਸ ਦੇ ਨਤੀਜੇ ਵਜੋਂ ਉਸ ਨੇ ਦੋ ਮਹੀਨਿਆਂ ਦੀ ਮਿਆਦ ਵਿਚ ਕਈ ਬੈਂਕ ਖਾਤਿਆਂ ਵਿਚ 3.75 ਕਰੋੜ ਰੁਪਏ ਟਰਾਂਸਫਰ ਕਰ ਦਿਤੇ ਸਨ। ਹਾਲਾਂਕਿ, ਇਸ ਤੋਂ ਬਾਅਦ, ਉਸ ਨੂੰ ਕਾਲਾਂ ਆਉਣੀਆਂ ਬੰਦ ਕਰ ਦਿਤੀਆਂ, ਜਿਸ ਨਾਲ ਉਸ ਨੂੰ ਯਕੀਨ ਹੋ ਗਿਆ ਕਿ ਉਹ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਉਸ ਨੇ ਪਛਮੀ ਖੇਤਰ ਦੇ ਸਾਈਬਰ ਥਾਣੇ ’ਚ ਪਹੁੰਚ ਕੀਤੀ, ਜਿਸ ਤੋਂ ਬਾਅਦ ਭਾਰਤੀ ਨਿਆਇ ਸੰਹਿਤਾ ਅਤੇ ਸੂਚਨਾ ਤਕਨਾਲੋਜੀ ਐਕਟ ਤਹਿਤ ਧੋਖਾਧੜੀ ਅਤੇ ਹੋਰ ਅਪਰਾਧਾਂ ਦਾ ਕੇਸ ਦਰਜ ਕੀਤਾ ਗਿਆ। ਜਾਂਚ ’ਚ ਪਤਾ ਲੱਗਾ ਕਿ ਉਸ ਦਾ ਪੈਸਾ ਕਈ ਖੱਚਰ ਖਾਤਿਆਂ ’ਚ ਟਰਾਂਸਫਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ ਇਕ ਦਾ ਪਤਾ ਗੁਜਰਾਤ ਦੇ ਸੂਰਤ ’ਚ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਸ ਅਪਰਾਧ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।