ਸਾਈਬਰ ਸੁਰੱਖਿਆ ਦੇ ਮਸਲਿਆਂ ਦਾ ਤੁਰਤ ਹੱਲ ਕਰਨ ਅਧਿਕਾਰੀ : ਮੋਦੀ

ਜੀਵਨ ਜਾਚ, ਤਕਨੀਕ

ਟੇਕਨਪੁਰ (ਮੱਧ ਪ੍ਰਦੇਸ਼), 8 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੇਕਨਪੁਰ ਵਿਚ  ਬੀਐੱਸਐੱਫ਼ ਅਕਾਦਮੀ ਵਿਖੇ ਪੁਲਿਸ ਦੇ ਡਾਇਰੈਕਟਰ ਜਨਰਲਾਂ ਅਤੇ ਇੰਸਪੈਕਟਰ ਜਨਰਲਾਂ ਦੇ ਸੰਮੇਲਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਈਬਰ ਸੁਰੱਖਿਆ ਦੇ ਮੁੱਦਿਆਂ ਨੂੰ ਤੁਰਤ ਅਤੇ ਤਰਜੀਹ ਦੇ ਆਧਾਰ 'ਤੇ ਨਿਪਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਦਾ ਧਿਆਨ ਸੋਸ਼ਲ ਮੀਡੀਆ ਅਤੇ ਸਾਈਬਰ ਸੁਰੱਖਿਆ ਨਾਲ ਜੁੜੇ ਵਿਸ਼ਿਆਂ ਵਲ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਮੁੱਦਿਆਂ ਦਾ ਤੁਰਤ ਹੱਲ ਹੋਣਾ ਚਾਹੀਦਾ ਹੈ। ਮੋਦੀ ਨੇ ਸੋਸ਼ਲ ਮੀਡੀਆ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਸੁਨੇਹੇ ਸਥਾਨਕ ਭਾਸ਼ਾਵਾਂ ਵਿਚ ਹੋਣੇ ਚਾਹੀਦੇ ਹਨ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ 2014 ਤੋਂ ਲੈ ਕੇ ਸੰਮੇਲਨ ਦੇ ਦਾਇਰੇ ਅਤੇ ਸਰੂਪ ਵਿਚ ਤਬਦੀਲੀ ਆਈ ਹੈ। ਉਨ੍ਹਾਂ ਨੇ ਉਨ੍ਹਾਂ ਅਫ਼ਸਰਾਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਹ ਤਬਦੀਲੀ ਅਮਲ ਵਿਚ  ਲਿਆਂਦੀ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਹੁਣ ਵਧੇਰੇ ਪ੍ਰਸੰਗਕ ਹੋ ਗਿਆ ਹੈ, ਅਜਿਹਾ ਸਾਹਮਣੇ ਆਈਆਂ ਚੁਨੌਤੀਆਂ ਅਤੇ ਜ਼ਿੰਮੇਵਾਰੀਆਂ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਦੇ ਨਵੇਂ ਸਰੂਪ ਦੇ ਸਾਹਮਣੇ ਆਉਣ ਨਾਲ ਇਸ ਵਿਚ ਹੋਣ ਵਾਲੀ ਚਰਚਾ ਦਾ ਮਿਆਰ ਵੀ ਸੁਧਰਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪੂਰਾ ਨਵਾਂ ਨਜ਼ਰੀਆ ਸਮਝਣ ਵਿਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਆਈਬੀ ਦੇ ਅਧਿਕਾਰੀਆਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨਤ ਕੀਤਾ। ਪ੍ਰਧਾਨ ਮੰਤਰੀ ਨੇ ਮੈਡਲ ਜਿੱਤਣ ਵਾਲੇ ਆਈਬੀ ਦੇ ਅਧਿਕਾਰੀਆਂ ਦੇ ਸੇਵਾ ਪ੍ਰਤੀ ਸਮਰਪਣ ਅਤੇ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਅਤੇ ਕਿਰੇਨ ਰਿਜਿਜੂ ਵੀ ਇਸ ਮੌਕੇ ਮੌਜੂਦ ਸਨ। (ਏਜੰਸੀ)