ਨਵੀਂ ਦਿੱਲੀ, 18 ਜਨਵਰੀ: ਵਟਸਐਪ ਅਪਣੇ ਕਰੋੜਾਂ ਖਪਤਕਾਰਾਂ ਨੂੰ ਜਲਦੀ ਹੀ ਡਿਜੀਟਲ ਪੇਮੈਂਟ ਦਾ ਤੌਹਫ਼ਾ ਦੇ ਸਕਦਾ ਹੈ। ਫ਼ਰਵਰੀ ਮਹੀਨੇ ਤੋਂ ਵਟਸਐਪ ਯੂ.ਪੀ.ਆਈ. ਦੇ ਆਧਾਰਤ ਪੇਮੈਂਟ ਸੇਵਾ ਦੀ ਸ਼ੁਰੂਆਤ ਕਰ ਸਕਦਾ ਹੈ।ਜਾਣਕਾਰੀ ਮੁਤਾਬਕ ਸ਼ੁਰੂਆਤੀ ਦੌਰ 'ਚ ਸਿਰਫ਼ ਸਟੇਟ ਬੈਂਕ ਆਫ਼ ਇੰਡੀਆ, ਆਈ. ਸੀ. ਆਈ. ਸੀ. ਆਈ. ਬੈਂਕ, ਐਚ.ਡੀ.ਐਫ਼.ਸੀ. ਬੈਂਕ ਅਤੇ ਐਕਸਿਸ ਬੈਂਕ ਦੇ ਗਾਹਕਾਂ ਲਈ ਇਹ ਸਹੂਲਤ ਦਿਤੀ ਜਾਵੇਗੀ। ਇਕ ਅਧਿਕਾਰੀ ਨੇ ਦਸਿਆ ਕਿ ਵਟਸਐਪ ਇਕ ਬੈਂਕ ਨਾਲ ਇਸ ਤਕਨੀਕ ਦੀ ਜਾਂਚ ਦੀ ਸ਼ੁਰੂਆਤ ਕਰ ਚੁਕਾ ਹੈ। ਸਾਨੂੰ ਉਮੀਦ ਹੈ ਕਿ ਫ਼ਰਵਰੀ ਦੇ ਅੰਤ ਤਕ ਵਟਸਐਪ ਖਪਤਕਾਰਾਂ ਨੂੰ ਹਿਸ ਸੇਵਾ ਦੀ ਸੌਗਾਤ ਦਿਤੀ ਜਾਵੇਗੀ।
ਵੱਖ-ਵੱਖ ਮੀਡੀਆ ਰੀਪੋਰਟਾਂ ਦੀ ਮੰਨੀਏ ਤਾਂ ਇਕ ਬੈਂਕ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਡਾਟਾ ਨੂੰ ਹੋਰ ਸੁਰਖਿਅਤ ਬਣਾਉਣ ਲਈ ਅਸੀਂ ਕਈ ਸਕਿਊਰਟੀਜ਼ ਚੈੱਕ ਕਰ ਰਹੇ ਹਾਂ।ਜ਼ਿਕਰਯੋਗ ਹੈ ਕਿ ਵਟਸਐਪ ਦੇ ਅਧਿਕਾਰ ਫ਼ੇਸਬੁਕ ਕੋਲ ਹਨ ਅਤੇ ਭਾਰਤ 'ਚ ਵਟਸਐਪ ਦੇ ਕੁਲ 20 ਕਰੋੜ ਤੋਂ ਜ਼ਿਆਦਾ ਖਪਤਕਾਰ ਹਨ। ਉਥੇ ਹੀ ਬੀਤੇ ਸਾਲ ਜੁਲਾਈ 'ਚ ਸਰਕਾਰ ਨੇ ਵਟਸਐਪ ਨੂੰ ਯੂ.ਪੀ.ਆਈ. ਸੇਵਾ ਲਿਆਉਣ ਲਈ ਇਜਾਜ਼ਤ ਵੀ ਦੇ ਦਿਤੀ ਸੀ। (ਏਜੰਸੀ)