ਕੈਨੇਡਾ ਜਾਣਾ ਸੱਭ ਤੋਂ ਸੁਖਾਲਾ, ਆਸਾਨੀ ਨਾਲ ਮਿਲ ਜਾਂਦੈ ਪੀ.ਆਰ. : ਵਿਨੇ ਹੈਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

- ਦੋ ਨੰਬਰ 'ਚ ਵਿਦੇਸ਼ ਜਾਣ ਦਾ ਮਤਲਬ ਮੌਤ ਨਾਲ ਖੇਡਣਾ

Special interview of Consultant Vinay Hari

ਚੰਡੀਗੜ੍ਹ : ਆਏ ਦਿਨ ਪੰਜਾਬ 'ਚੋਂ ਲੱਖਾਂ ਬੱਚੇ ਬਾਹਰਲੇ ਮੁਲਕਾਂ ਵਿਚ ਜਾ ਰਹੇ ਹਨ। ਰਿਪੋਰਟਾਂ ਦੇ ਸਰਵੇਖਣ ਮੁਤਾਬਕ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਪੰਜਾਬ ਤੋਂ ਨੌਜਵਾਨ ਕੁੜੀਆਂ ਮੁੰਡੇ IELTS ਕਰ ਕੇ ਮੋਟੀ ਰਕਮ ਦੇ ਕੇ ਆਪਣੇ ਸੋਹਣੇ ਭਵਿੱਖ ਲਈ ਬਾਹਰ ਜਾਣ ਦਾ ਰਸਤਾ ਚੁਣਦੇ ਹਨ। ਪਰ ਕਈ ਵਾਰ ਅਸੀ ਦੇਖਿਆ ਗਿਆ ਹੈ ਨੌਜਵਾਨ ਮੁੰਡੇ-ਕੁੜੀਆਂ ਅਕਸਰ ਆਪਣੇ ਟੀਚੇ ਤੋਂ ਭੜਕ ਕੇ ਗ਼ਲਤ ਕੰਮਾਂ ਚ ਪੈ ਜਾਂਦੇ ਹਨ। ਪਿਛਲੇ ਦਿਨੀਂ ਕੁਵੈਤ ਦੇ ਸ਼ੇਖ ਨੂੰ ਵੇਚੀ ਗਈ ਗੁਰਦਾਸਪੁਰ ਦੀ ਔਰਤ ਇਕ ਸਾਲ ਬਾਅਦ ਘਰ ਵਾਪਸੀ ਹੋਈ। ਇਸ ਔਰਤ ਨੂੰ ਦਿੱਲੀ ਦੇ ਇਕ ਏਜੰਟ ਨੇ ਵਿਦੇਸ਼ ਭੇਜਿਆ ਸੀ। ਇਸ ਔਰਤ ਦੀ ਘਰ ਵਾਪਸੀ ਮਗਰੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਖ਼ੁਦ ਨੂੰ ਮੋਢੀ ਦੱਸ ਰਹੇ ਹਨ। ਵਿਦੇਸ਼ 'ਚ ਅਜਿਹੀ ਆਉਣ ਵਾਲੀ ਸਮੱਸਿਆ ਬਾਰੇ 'ਸਪੋਕਸਮੈਨ ਟੀਵੀ' ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਪੰਜਾਬ ਦੇ ਮਸ਼ਹੂਰ ਏਜੰਟ ਵਿਨੇ ਹੈਰੀ ਨਾਲ ਵਿਸ਼ੇਸ਼ ਗੱਲਬਾਤ ਕੀਤੀ। 

ਸਵਾਲ : ਤੁਸੀ ਪਿਛਲੇ 11 ਸਾਲ ਤੋਂ ਏਜੰਟ ਦਾ ਕੰਮ ਕਰ ਰਹੇ ਹੋ। ਗੁਰਦਾਸਪੁਰ ਦੀ ਇਕ ਔਰਤ ਨੂੰ ਵਿਦੇਸ਼ 'ਚ ਏਜੰਟ ਵਲੋਂ ਸ਼ੇਖ ਦੇ ਹੱਥ ਵੇਚ ਕੇ ਇਕ ਸਾਲ ਤਕ ਬੰਦੀ ਬਣਾ ਕੇ ਰੱਖਿਆ ਗਿਆ। ਇਸ ਮਾਮਲੇ 'ਚ ਸਰਕਾਰ-ਪ੍ਰਸ਼ਾਸਨ ਦੀ ਕੀ ਕਮੀ ਨਜ਼ਰ ਆ ਰਹੀ ਹੈ?
ਜਵਾਬ : ਇਸ ਔਰਤ ਦਾ ਮਾਮਲਾ ਇਸ ਕਰ ਕੇ ਇੰਨਾ ਚਰਚਾ 'ਚ ਆਇਆ ਹੈ, ਕਿਉਂਕਿ ਇਸ ਦੀ ਵੀਡੀਓ ਸੋਸ਼ਲ ਮੀਡੀਆ ਅਤੇ ਟੀਵੀ 'ਤੇ ਕਾਫ਼ੀ ਵਿਖਾਈ ਗਈ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ 20-25 ਸਾਲ ਤੋਂ ਲੜਕੀਆਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਿਆ ਜਾ ਰਿਹਾ ਹੈ। ਮੈਂ ਅੰਮ੍ਰਿਤਸਰ ਦੇ ਤਿੰਨ-ਚਾਰ ਏਜੰਟਾਂ ਬਾਰੇ ਜਾਣਦਾ ਹਾਂ, ਜਿਨ੍ਹਾਂ ਦਾ ਕੰਮ ਸਿਰਫ਼ ਲੜਕੀਆਂ ਨੂੰ ਵੱਖ-ਵੱਖ ਤਰੀਕੇ, ਜਿਵੇਂ ਟੂਰਿਸਟ ਵੀਜ਼ਾ ਲਗਵਾ ਕੇ ਸਿੰਗਾਪੁਰ, ਦੁਬਈ, ਕੂਵੈਤ ਆਦਿ ਦੇਸ਼ਾਂ 'ਚ ਭੇਜਿਆ ਜਾਂਦਾ ਹੈ। ਇਨ੍ਹਾਂ ਲੜਕੀਆਂ ਨੂੰ ਉੱਥੇ ਵੇਚ ਦਿੱਤਾ ਜਾਂਦਾ ਹੈ ਅਤੇ ਗ਼ਲਤ ਕੰਮ ਕਰਵਾਇਆ ਜਾਂਦਾ ਹੈ। ਸਰਕਾਰਾਂ ਅਤੇ ਸਾਡੇ ਚੁਣੇ ਹੋਏ ਨੇਤਾਵਾਂ ਨੂੰ ਗੰਭੀਰ ਹੋਣਾ ਚਾਹੀਦਾ ਹੈ। ਵਿਦੇਸ਼ ਜਾ ਰਹੀ ਇੰਨੀ ਵੱਡੀ ਗਿਣਤੀ 'ਚ ਨੌਜਵਾਨ ਸ਼ਕਤੀ ਦੇਸ਼ ਵਾਸਤੇ ਠੀਕ ਨਹੀਂ ਹੈ। ਸਮਾਜ ਵਾਸਤੇ ਵੀ ਘਾਤਕ ਹੈ, ਮਾਪੇ ਇਥੇ ਇਕੱਲਤਾ ਝੱਲ ਰਹੇ ਹਨ ਅਤੇ ਬੱਚੇ ਉਥੇ ਇਕੱਲਤਾ ਭੋਗ ਰਹੇ ਹਨ। ਹਰ ਸਾਲ ਬੇਤਹਾਸ਼ਾ ਪੈਸਾ ਫੀਸਾਂ ਦੇ ਰੂਪ ਵਿਚ ਵਿਦੇਸ਼ਾਂ ਵਿਚ ਜਾ ਰਿਹਾ ਹੈ।

ਸਵਾਲ : ਗੁਰਦਾਸਪੁਰ ਦੀ ਔਰਤ ਨੂੰ ਸ਼ੇਖ ਨੇ ਆਪਣੇ ਘਰ ਇਕ ਸਾਲ ਤਕ ਬੰਦੀ ਬਣਾ ਕੇ ਰੱਖਿਆ। 17-17 ਘੰਟੇ ਕਰਵਾਉਂਦੇ ਸਨ, ਪੈਸੇ ਵੀ ਨਹੀਂ ਦਿੰਦੇ ਸਨ। ਉਸ ਕੋਲ ਪਾਸਪੋਰਟ ਵੀ ਨਹੀਂ ਸੀ, ਨਾ ਹੀ ਕੋਈ ਬਾਹਰੀ ਮਦਦ। ਇਸ ਬਾਰੇ ਕੀ ਕਹੋਗੇ?
ਜਵਾਬ : ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਵਿਦੇਸ਼ਾਂ 'ਚ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਤੋਂ ਜ਼ਬਰਨ ਕੰਮ ਕਰਵਾਇਆ ਜਾਂਦਾ ਹੈ। ਮਾਰਕੁੱਟ ਕੀਤੀ ਜਾਂਦੀ ਹੈ। ਲੋਕਾਂ ਨੂੰ ਖ਼ੁਦ ਸਮਝਣ ਦੀ ਲੋੜ ਹੈ ਕਿ ਕਈ ਤਰ੍ਹਾਂ ਦੇ ਏਜੰਟ ਹੁੰਦੇ ਹਨ। ਇਕ ਉਹ ਏਜੰਟ ਹੁੰਦਾ ਹੈ, ਜਿਸ ਨੂੰ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਈਸੰਸ ਮਿਲਿਆ ਹੁੰਦਾ ਹੈ। ਬਕਾਇਦਾ ਆਪਣੀ ਦੁਕਾਨ ਖੋਲ੍ਹੀ ਹੁੰਦੀ ਹੈ ਅਤੇ ਸਟਾਫ਼ ਰੱਖਿਆ ਹੁੰਦਾ ਹੈ। ਦੂਜੇ ਉਹ ਏਜੰਟ ਹੁੰਦੇ ਹਨ, ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ। ਕੋਈ ਲਾਈਸੰਸ ਨਹੀਂ ਹੁੰਦਾ ਅਤੇ ਨਾ ਹੀਂ ਥਹੁੰ-ਪਤਾ। ਅਜਿਹੇ ਲੋਕ ਵਿਦੇਸ਼ ਭੇਜਣ ਦੇ ਨਾਂ 'ਤੇ ਪਹਿਲਾਂ ਮੋਟਾ ਪੈਸਾ ਲੈ ਲੈਂਦੇ ਹਨ ਅਤੇ ਬਾਅਦ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਦੇ ਹਨ।

ਸਵਾਲ : ਬੀਤੇ ਦਿਨੀਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਇਕ ਪੰਜਾਬੀ ਪਰਵਾਰ ਬੱਚਿਆਂ ਸਮੇਤ ਤਾਰਾਂ ਟੱਪ ਕੇ ਅਮਰੀਕਾ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਜਵਾਬ : ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਵਾਲੇ ਏਜੰਟਾਂ ਦੀ ਗਿਣਤੀ ਪੰਜਾਬ 'ਚ ਬਹੁਤ ਜ਼ਿਆਦਾ ਹੈ। ਅੱਜ ਪ੍ਰਸ਼ਾਸਨ ਨੂੰ ਲੋੜ ਹੈ ਉਨ੍ਹਾਂ ਬੰਦਿਆਂ ਨੂੰ ਨੱਥ ਪਾਉਣ ਦੀ ਜੋ ਗ਼ੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਬਾਹਰ ਭੇਜਦੇ ਹਨ। ਇਹ ਸਾਰਾ ਗ਼ੈਰ-ਕਾਨੂੰਨੀ ਕੰਮ ਦਿੱਲੀ ਤੋਂ ਚੱਲਦਾ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਏਜੰਟਾਂ ਤੋਂ ਬਚਿਆ ਜਾਵੇ। 

ਸਵਾਲ : ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਮਾਨਤਾ ਪ੍ਰਾਪਤ ਏਜੰਟ ਕੋਲ ਲਾਈਸੰਸ ਹੁੰਦਾ ਹੈ। ਫਿਰ ਵੀ ਲੋਕ ਕਿਉਂ ਵੱਡੀ ਗਿਣਤੀ 'ਚ ਫ਼ਰਜ਼ੀ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ?
ਜਵਾਬ : ਪਹਿਲੀ ਗੱਲ ਵਿਦੇਸ਼ ਜਾਣ ਲਈ ਸੱਭ ਤੋਂ ਜ਼ਰੂਰੀ ਚੀਜ਼ ਅੰਗਰੇਜ਼ੀ ਭਾਸ਼ਾ ਹੈ। ਜਦੋਂ ਕੋਈ ਸਾਡੇ ਕੋਲ ਅਜਿਹਾ ਵਿਅਕਤੀ ਆਉਂਦਾ ਹੈ ਤਾਂ ਅਸੀ ਉਸ ਨੂੰ ਸਾਫ਼ ਨਾਹ ਕਹਿ ਦਿੰਦੇ ਹਾਂ। ਇਹ ਉਹ ਦੋ ਨੰਬਰ ਵਾਲੇ ਏਜੰਟ ਕੋਲ ਜਾਂਦਾ ਹੈ। ਅਜਿਹਾ ਏਜੰਟ ਉਸ ਦਾ ਪਾਸਪੋਰਟ ਨਕਲੀ ਬਣਾਉਗਾ, ਕਾਗ਼ਜ਼ ਨਕਲੀ ਬਣਾਉਗਾ ਅਤੇ ਵੀਜ਼ਾ ਵੀ ਨਕਲੀ ਬਣਾਉਗਾ। ਅਜਿਹੇ ਏਜੰਟਾਂ ਦੀ ਅੰਬੈਸੀ 'ਚ ਵੀ ਸੈਟਿੰਗ ਹੁੰਦੀ ਹੈ। ਹਵਾਈ ਅੱਡੇ 'ਤੇ ਵੀ ਅਧਿਕਾਰੀਆਂ ਨੂੰ ਪੈਸੇ ਦੇ ਕੇ ਜਹਾਜ਼ ਵਿਚ ਚੜ੍ਹਾ ਦਿੱਤਾ ਜਾਂਦਾ ਹੈ। ਰੋਜ਼ਾਨਾ ਪੰਜਾਬ 'ਚੋਂ ਹਜ਼ਾਰਾਂ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਹਰ ਜਾ ਰਹੇ ਹਨ। ਉਨ੍ਹਾਂ ਉੱਤੇ ਪ੍ਰਸ਼ਾਸਨ ਦੀ ਕੋਈ ਨਜ਼ਰ ਨਹੀਂ ਹੈ। ਅਸੀ ਆਏ ਦਿਨ ਵੇਖਦੇ ਹਾਂ ਕਿ ਵਿਦੇਸ਼ਾਂ 'ਚ ਲੋਕ ਮਾਰੇ ਜਾਂਦੇ ਹਨ। ਜਿਹੜੀ ਗੁਰਦਾਸਪੁਰ ਦੀ ਔਰਤ ਕੁਵੈਤ 'ਚ ਫਸੀ ਸੀ, ਉਹ ਵੀ ਦਿੱਲੀ ਦੇ ਏਜੰਟ ਵੱਲੋਂ ਵਿਦੇਸ਼ ਭੇਜੀ ਗਈ ਸੀ। ਜਿਹੜਾ ਰਜਿਸਟਰਡ ਏਜੰਟ ਦਫ਼ਤਰ ਖੋਲ੍ਹ ਕੇ ਬੈਠਾ ਹੁੰਦਾ ਹੈ, ਉਸ 'ਤੇ ਸਰਕਾਰ ਦੀ ਹਮੇਸ਼ਾ ਨਜ਼ਰ ਬਣੀ ਰਹਿੰਦੀ ਹੈ। ਲੋਕਾਂ ਦੀ ਇਕੋ ਇਕ ਮੰਗ ਹੁੰਦੀ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦੇ ਹਨ, ਭਾਵੇਂ ਜਿਵੇਂ ਮਰਜ਼ੀ ਭੇਜਿਆ ਜਾਵੇ। ਲੋਕਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਹੈ ਕਿ ਏਜੰਟ ਰਜਿਸਟਰਡ ਹੈ ਜਾਂ ਗ਼ੈਰ-ਰਜਿਸਟਰਡ।

ਸਵਾਲ : ਟੂਰਿਸਟ ਵੀਜ਼ਾ 'ਤੇ ਵਿਦੇਸ਼ ਜਾ ਕੇ ਉਥੇ ਲੋਕ ਕੰਮ ਕਰਨ ਲੱਗ ਜਾਂਦੇ ਹਨ। ਅਜਿਹੇ ਜ਼ਿਆਦਾਤਰ ਲੋਕਾਂ ਤੋਂ ਜ਼ਬਰੀ ਕੰਮ ਕਰਵਾਇਆ ਜਾਂਦਾ ਹੈ। ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਉਹ ਵਰਕ ਤੇ ਟੂਰਿਸਟ ਵੀਜ਼ਾ ਵਾਲਿਆਂ 'ਤੇ ਨਜ਼ਰ ਰੱਖੇ?
ਜਵਾਬ : ਜ਼ਿਆਦਾਤਰ ਅਨਪੜ੍ਹ ਲੋਕ ਵਿਦੇਸ਼ ਗਏ ਹੋਏ ਹਨ। ਇਹ ਲੋਕ ਉੱਥੇ ਜਾ ਕੇ ਕਿਸੇ ਨਾਲ ਵਿਆਹ ਕਰਵਾ ਲੈਂਦੇ ਹਨ। ਉਥੇ ਪੋਲੀਟਿਕਲ ਸਟੇਅ ਲੈ ਲੈਂਦੇ ਹਨ। ਲੋਕ ਵਿਜ਼ੀਟਰ/ਟੂਰਿਸਟ ਵੀਜ਼ਾ ਲੈ ਕੇ ਵਿਦੇਸ਼ ਜਾਂਦੇ ਹਨ ਪਰ ਵਾਪਸ ਹੀ ਨਹੀਂ ਆਉਂਦੇ। ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਜਿਹੜੇ ਏਜੰਟ ਲੋਕਾਂ ਨੂੰ ਦੋ ਨੰਬਰ 'ਚ ਬਾਹਰ ਭੇਜ ਰਹੇ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਸਵਾਲ : ਦੁਬਈ 'ਚ ਬੰਦੀ ਬਣਾਉਣ, ਤਸ਼ੱਦਦ ਕਰਨ ਦੀਆਂ ਇੰਨੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਤੋਂ ਇਲਾਵਾ ਅਮਰੀਕੀ ਸਰਕਾਰ ਵੱਲੋਂ ਸ਼ਰਨਾਰਥੀਆਂ ਲਈ ਇੰਨੇ ਸਖ਼ਤ ਨਿਯਮ ਕਰ ਦਿੱਤੇ ਗਏ ਹਨ ਕਿ ਪਰਵਾਰਕ ਮੈਂਬਰਾਂ ਨੂੰ ਇਕ ਦੂਜੇ ਤੋਂ ਵੱਖ ਕਰ ਦਿੱਤਾ ਗਿਆ ਹੈ। ਭੈਣ-ਭਰਾ ਤਕ ਇਕੱਠੇ ਨਹੀਂ ਰਹਿ ਸਕਦੇ। ਇੰਨਾ ਕੁਝ ਵੇਖ ਕੇ ਵੀ ਲੋਕ ਵਿਦੇਸ਼ ਜਾਣ ਤੋਂ ਕਿਉਂ ਨਹੀਂ ਹੱਟ ਰਹੇ?
ਜਵਾਬ : ਹੁਸ਼ਿਆਰਪੁਰ ਜ਼ਿਲ੍ਹੇ ਦੇ ਕੁਝ ਇਲਾਕਿਆਂ ਜਿਵੇਂ ਟਾਂਡਾ, ਦਸੂਹਾ, ਮੁਕੇਰਿਆਂ, ਬੇਗੋਵਾਲ, ਭੁਲੱਥ ਦੇ ਪਿੰਡਾਂ ਦੇ 99-99% ਲੋਕ ਵਿਦੇਸ਼ 'ਚ ਹਨ। ਲਗਭਗ ਸਾਰੇ ਹੀ ਦੋ ਨੰਬਰ 'ਚ ਵਿਦੇਸ਼ ਗਏ ਹੋਏ ਹਨ। ਜਿਵੇਂ ਮੋਗੇ ਦੇ ਲੋਕ ਕੈਨੇਡਾ ਜਾਂਦੇ ਹਨ, ਆਦਮਪੁਰ ਦੇ ਲੋਕ ਨਿਊਜ਼ੀਲੈਂਡ ਜਾਂਦੇ ਹਨ। ਸ਼ਾਹਕੋਟ-ਨਕੋਦਰ ਦੇ ਲੋਕ ਯੂਕੇ ਜਾਂਦੇ ਹਨ। ਜਿੰਨੇ ਦੇਸ਼ ਦੇ ਲੋਕ ਦੋ ਨੰਬਰ 'ਚ ਬਾਹਰ ਜਾਂਦੇ ਹਨ, ਉਨੇ ਇਕੱਲੇ ਹੁਸ਼ਿਆਰਪੁਰ 'ਚੋਂ ਬਾਹਰ ਜਾਂਦੇ ਹਨ। ਇਹ ਸਾਰੇ ਹੀ ਅਨਪੜ ਹਨ ਅਤੇ ਕਿਸੇ ਨੂੰ ਵੀ ਅੰਗਰੇਜ਼ੀ ਨਹੀਂ ਆਉਂਦੀ, ਨਾ ਹੀ ਕਿਸੇ ਨੇ ਆਈਲੈਟਸ ਕੀਤੀ ਹੋਈ ਹੈ। ਜੇ ਆਪਾਂ ਆਪਣੀ ਸਿਖਿਆ ਪ੍ਰਣਾਲੀ ਦੀ ਗੱਲ ਕਰੀਏ ਤਾਂ ਬਹੁਤ ਹੀ ਬੁਰੀ ਹਾਲਤ ਵਿਚ ਹੈ। ਜਿੰਨੇ ਵੀ ਕਾਲਜ, ਯੂਨੀਵਰਸਿਟੀਆਂ ਬਣ ਗਈਆਂ ਹਨ, ਬਹੁਤੀਆਂ ਵਿਚ ਮਿਆਰੀ ਸਿਖਿਆ ਨਹੀਂ ਦਿੱਤੀ ਜਾ ਰਹੀ। ਮਕਸਦ ਸਿਰਫ਼ ਡਿਗਰੀਆਂ ਦੇਣਾ ਹੈ। ਨੌਜਵਾਨ ਪੀੜ੍ਹੀ ਹੱਥਾਂ ਵਿਚ ਡਿਗਰੀਆਂ ਫੜੀ ਸੜਕਾਂ 'ਤੇ ਧੱਕੇ ਖਾ ਰਹੇ ਹਨ। ਨੌਕਰੀਆਂ ਮਿਲਦੀਆਂ ਨਹੀਂ, ਜਿਹੜੇ ਕਰਦੇ ਹਨ ਉਨ੍ਹਾਂ ਨੂੰ ਕਈ ਕਈ ਮਹੀਨੇ ਤਨਖਾਹਾਂ ਹੀ ਨਹੀਂ ਮਿਲਦੀਆਂ। ਨੌਕਰੀਆਂ ਦੇਣ ਵਾਲੇ ਵੀ ਪੈਸੇ ਘੱਟ ਦਿੰਦੇ ਹਨ ਅਤੇ ਕੰਮ ਵਧੇਰੇ ਲੈਂਦੇ ਹਨ। ਨੌਕਰੀ ਵਿੱਚੋਂ ਕੱਢ ਦਿੱਤੇ ਜਾਣ ਦੀ ਤਲਵਾਰ ਹਰ ਵਕਤ ਉਨ੍ਹਾਂ ਦੇ ਸਿਰ 'ਤੇ ਲਟਕਦੀ ਰਹਿੰਦੀ ਹੈ। ਜ਼ਿੰਦਗੀ ਚਲਾਉਣ ਵਾਸਤੇ ਹਰ ਕਿਸੇ ਨੂੰ ਰੁਜ਼ਗਾਰ ਚਾਹੀਦਾ ਹੈ। ਸਭ ਨੂੰ ਇਵੇਂ ਲਗਦਾ ਹੈ ਕਿ ਇਥੇ ਸੜਕਾਂ 'ਤੇ ਧਰਨੇ ਦੇਣ, ਪੁਲਿਸ ਤੋਂ ਡੰਡੇ ਖਾਣ ਅਤੇ ਪਾਣੀ ਦੀਆਂ ਬੁਸ਼ਾਰਾਂ ਖਾਣ ਤੋਂ ਬਗੈਰ ਹੋਰ ਭਵਿੱਖ ਕੁਝ ਵੀ ਨਹੀਂ ਹੈ। ਇਥੇ ਇਕ ਗੱਲ ਇਹ ਹੈ ਕਿ ਉਦਯੋਗਪਤੀਆਂ ਅਤੇ ਸਿਆਸਤਦਾਨਾਂ ਦੇ ਬੱਚੇ ਵਿਦੇਸ਼ਾਂ ਵਿਚ ਪੜ੍ਹਨ ਜਾਂਦੇ ਹਨ ਤਾਂ ਉਨ੍ਹਾਂ ਦਾ ਉਥੇ ਜਾਣ ਦਾ ਕਾਰਨ ਅਤੇ ਹਾਲਤ ਵਖਰੀ ਹੁੰਦੀ ਹੈ। ਆਮ ਲੋਕ ਕਰਜ਼ੇ ਲੈ ਕੇ ਜਾਂ ਜ਼ਮੀਨਾਂ ਵੇਚ ਕੇ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਭੇਜ ਰਹੇ ਹਨ। ਉਥੇ ਜਾ ਕੇ  ਜਦੋਂ ਖਰਚੇ ਪੂਰੇ ਨਹੀਂ ਹੁੰਦੇ ਤਾਂ ਬੱਚਿਆਂ ਨੂੰ ਗ਼ਲਤ ਕੰਮ ਕਰਨੇ ਪੈਂਦੇ ਹਨ।

ਸਵਾਲ : ਤੁਹਾਡੀ ਨਜ਼ਰ 'ਚ ਅੱਜ ਵਿਦੇਸ਼ ਜਾਣ ਲਈ ਸੱਭ ਤੋਂ ਸੁਰੱਖਿਅਤ ਦੇਸ਼ ਕਿਹੜਾ ਹੈ?
ਜਵਾਬ : ਅੱਜ ਹਰੇਕ ਨੌਜਵਾਨ ਵਿਦੇਸ਼ 'ਚ ਜਾ ਕੇ ਉੱਥੇ ਪੀ.ਆਰ. ਲੈਣਾ ਚਾਹੁੰਦਾ ਹੈ। ਜ਼ਿਆਦਾਤਰ ਕੈਨੇਡਾ ਜਾਣਾ ਚਾਹੁੰਦੇ ਹਨ। ਉਥੇ ਲਗਭਗ ਸਾਰਿਆਂ ਨੂੰ ਪੀਆਰ ਮਿਲ ਜਾਂਦੀ ਹੈ। ਆਸਟ੍ਰੇਲੀਆ ਸਰਕਾਰ ਦੇ ਇਕ ਡਾਟਾ ਮੁਤਾਬਕ ਉਥੇ ਲਗਭਗ 7 ਲੱਖ ਬੱਚੇ ਪੜ੍ਹਾਈ ਕਰ ਰਹੇ ਹਨ, ਪਰ ਉਨ੍ਹਾਂ ਨੂੰ ਪੀ.ਆਰ. ਨਹੀਂ ਮਿਲ ਰਹੀ। ਇਨ੍ਹਾਂ 'ਚ 50 ਹਜ਼ਾਰ ਤੋਂ 1 ਲੱਖ ਬੱਚੇ ਪੰਜਾਬ ਦੇ ਹਨ। ਕੈਨੇਡਾ ਸਰਕਾਰ ਨੇ ਪਿਛਲੇ ਸਾਲ 60 ਹਜ਼ਾਰ ਲੋਕਾਂ ਨੂੰ ਆਪਣੀ ਨਾਗਰਿਕਤਾ ਦੇ ਦਿੱਤੀ ਸੀ। ਅੱਜ 90% ਲੋਕ ਕੈਨੇਡਾ ਜਾ ਰਹੇ ਹਨ, ਕਿਉਂਕਿ ਉੱਥੇ ਪੱਕਾ ਹੋਣਾ ਬਹੁਤ ਸੌਖਾ ਹੈ। ਲੋਕ ਇਥੋਂ ਟੂਰਿਸਟ ਵੀਜ਼ਾ ਲੈ ਕੇ ਜਾਂਦੇ ਹਨ ਅਤੇ ਉਥੇ ਉਸ ਨੂੰ ਬਦਲਵਾ ਲੈਂਦੇ ਹਨ। ਜੇ ਸਹੀ ਤਰੀਕੇ ਨਾਲ ਕਾਗ਼ਜ਼ੀ ਕਾਰਵਾਈ ਕਰ ਕੇ ਵਿਦੇਸ਼ ਜਾਣਾ ਹੋਵੇ ਤਾਂ ਕੈਨੇਡਾ ਦਾ ਵੀਜ਼ਾ ਬੜੀ ਛੇਤੀ ਮਿਲ ਜਾਂਦਾ ਹੈ।

ਸਵਾਲ : ਕੀ ਗ਼ੈਰ-ਕਾਨੂੰਨੀ ਏਜੰਟ ਕੈਨੇਡਾ ਦਾ ਵੀਜ਼ਾ ਨਹੀਂ ਲਗਵਾਉਂਦੇ?
ਜਵਾਬ : ਏਜੰਟ ਕਿਸੇ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਕੈਨੇਡਾ ਨਹੀਂ ਭੇਜਦੇ, ਕਿਉਂਕਿ ਕੈਨੇਡਾ ਦੀ ਸਰਹੱਦ ਕਿਸੇ ਨਾਲ ਨਹੀਂ ਲੱਗਦੀ। ਜਦੋਂ ਅਮਰੀਕਾ ਭੇਜਣਾ ਹੋਵੇ ਤਾਂ ਉਸ ਵਿਅਕਤੀ ਨੂੰ ਇਕ ਦੇਸ਼ ਤੋਂ ਦੂਜੇ ਦੇਸ਼ ਸੜਕਾਂ-ਜੰਗਲਾਂ 'ਚੋਂ ਲਿਜਾਇਆ ਜਾਂਦਾ ਹੈ। ਵਿਦੇਸ਼ ਜਾਣ ਵਾਲੇ ਨੂੰ ਨਵੀਂ ਦਿੱਲੀ ਤੋਂ ਜਹਾਜ਼ 'ਚ ਚੜ੍ਹਾ ਕੇ ਪਨਾਮਾ ਵਰਗੇ ਛੋਟੇ ਦੇਸ਼ 'ਚ ਉਤਾਰ ਦਿੱਤਾ ਜਾਂਦਾ ਹੈ। ਫਿਰ ਉੱਥੋਂ ਪੈਦਲ ਮੈਕਸਿਕੋ ਸਰਹੱਦ ਟੱਪਾ ਕੇ ਅਮਰੀਕਾ ਭੇਜਿਆ ਜਾਂਦਾ ਹੈ। 

ਸਵਾਲ : ਏਜੰਟ ਲੋਕਾਂ ਨੂੰ ਅਮਰੀਕਾ ਟੂਰਿਸਟ ਵੀਜ਼ਾ 'ਤੇ ਕਿਉਂ ਨਹੀਂ ਭੇਜਦੇ?
ਜਵਾਬ : ਅਮਰੀਕਾ ਦਾ ਵੀਜ਼ਾ ਛੇਤੀ-ਛੇਤੀ ਨਹੀਂ ਮਿਲਦਾ। ਇਸ ਦੇ ਲਈ ਕਈ ਸਾਲ ਤਕ ਜੱਦੋਜ਼ਹਿਦ ਕਰਨੀ ਪੈਂਦੀ ਹੈ। ਇਸੇ ਕਾਰਨ ਜ਼ਿਆਦਾਤਰ ਲੋਕ ਅਜਿਹੇ ਏਜੰਟਾਂ ਦੇ ਝਾਂਸੇ 'ਚ ਆ ਜਾਂਦੇ ਹਨ ਅਤੇ ਬਗ਼ੈਰ ਵੀਜ਼ਾ ਅਮਰੀਕਾ ਭੇਜਦੇ ਹਨ। ਅਜਿਹੇ ਲੋਕਾਂ ਨੂੰ ਛੋਟੇ ਦੇਸ਼ਾਂ 'ਚ ਭੇਜ ਦਿੱਤਾ ਜਾਂਦਾ ਹੈ। ਫਿਰ ਉਥੋਂ ਜੰਗਲਾਂ ਜਾਂ ਸਮੁੰਦਰੀ ਰਸਤਿਉਂ ਅਮਰੀਕਾ ਭੇਜਿਆ ਜਾਂਦਾ ਹੈ। 

ਸਵਾਲ : ਲੋਕ ਆਪਣੀ ਜਾਨ ਖ਼ਤਰੇ 'ਚ ਪਾ ਕੇ ਅਮਰੀਕਾ ਜਾਂਦੇ ਹਨ। ਤੁਹਾਡੇ ਮੁਤਾਬਕ ਕਿੰਨੇ ਕੁ ਲੋਕ ਠੀਕ-ਠਾਕ ਸਰਹੱਦ ਪਾਰ ਕਰਦੇ ਹੋਣਗੇ?
ਜਵਾਬ : ਜਿਹੜਾ ਬੰਦਾ ਇਥੋਂ ਦੋ ਨੰਬਰ 'ਚ ਵਿਦੇਸ਼ ਜਾਂਦਾ ਹੈ, ਉਹ ਆਪਣੀ ਜ਼ਿੰਦਗੀ-ਮੌਤ ਤਲੀ 'ਤੇ ਧਰ ਕੇ ਲੈ ਜਾਂਦਾ ਹੈ। ਜਿਹੜਾ ਇਥੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਚਲਿਆ ਗਿਆ ਤਾਂ ਉਸ ਦੇ ਵਾਪਸ ਆਉਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਅਜਿਹੇ ਲੋਕ ਜਦੋਂ ਤਕ ਉਥੇ ਠੀਕ-ਠਾਕ ਪਹੁੰਚ ਕੇ ਕਿਸੇ ਸਹੀ ਕੰਮਕਾਰ 'ਤੇ ਨਹੀਂ ਲੱਗ ਜਾਂਦੇ ਉਦੋਂ ਤਕ ਉਨ੍ਹਾਂ ਦੀ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਦੋਂ ਦੀ ਡੋਨਾਲਡ ਟਰੰਪ ਦੀ ਸਰਕਾਰ ਆਈ ਹੈ, ਉਨ੍ਹਾਂ ਨੇ ਸ਼ਰਨਾਰਥੀਆਂ ਲਈ ਸਖ਼ਤ ਨਿਯਮ ਬਣਾ ਦਿੱਤੇ ਹਨ। ਉਨ੍ਹਾਂ ਨੇ ਸਰਹੱਦ ਅੰਦਰ ਗ਼ੈਰ-ਕਾਨੂੰਨੀ ਤਰੀਕੇ ਨਾਲ ਆਏ ਲੋਕਾਂ ਨੂੰ ਕੈਂਪਾਂ 'ਚ ਰੱਖਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਜਦੋਂ ਕਿ ਟਰੰਪ ਸਰਕਾਰ ਤੋਂ ਪਹਿਲਾਂ ਜੇ ਕੋਈ ਵਿਅਕਤੀ ਗ਼ੈਰ-ਕਾਨੂੰਨੀ ਤਰੀਕੇ ਨਾਲ ਫੜਿਆ ਜਾਂਦਾ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ। ਇਸ ਮਗਰੋਂ ਕੋਈ ਵੀ ਜਾਣਕਾਰ ਉਸ ਦੀ ਜ਼ਮਾਨਤ ਕਰਵਾ ਦਿੰਦਾ ਸੀ। ਹੁਣ ਅਜਿਹਾ ਨਹੀਂ ਹੁੰਦਾ। ਟਰੰਪ ਸਰਕਾਰ ਨੇ ਸਿੱਧੇ ਤੌਰ 'ਤੇ ਕਹਿ ਦਿੱਤਾ ਹੈ ਕਿ ਜੇ ਕੋਈ ਗ਼ਤਲ ਤਰੀਕੇ ਨਾਲ ਦੇਸ਼ 'ਚ ਆਇਆ ਤਾਂ ਉਸ ਨੂੰ ਬੰਦੀ ਬਣਾ ਕੇ ਕੈਂਪ 'ਚ ਰੱਖਿਆ ਜਾਵੇਗਾ। 

ਸਵਾਲ : ਦੁਬਈ ਬਾਰੇ ਤੁਹਾਡੀ ਕੀ ਰਾਏ ਹੈ?
ਜਵਾਬ : ਦੁਬਈ ਦਾ ਕੋਈ ਵੀਜ਼ਾ ਨਹੀਂ ਮਿਲਦਾ, ਸਗੋਂ ਤੁਹਾਨੂੰ ਉਧਰੋਂ ਸਪਾਂਸਰ ਕੀਤਾ ਜਾਂਦਾ ਹੈ। ਜਦੋਂ ਤੁਸੀ ਵਰਕ ਵੀਜ਼ੇ 'ਤੇ ਦੁਬਈ ਜਾਂਦੇ ਹੋ ਤਾਂ ਉਥੇ ਦੀ ਕੰਪਨੀ ਹਵਾਈ ਅੱਡੇ 'ਤੇ ਉਤਰਦਿਆਂ ਤੁਹਾਡਾ ਪਾਸਪੋਰਟ ਲੈ ਲੈਂਦੀ ਹੈ। ਇਸੇ ਕਰ ਕੇ ਦੁਬਈ 'ਚ ਬੰਦੀ ਬਣਾ ਕੇ ਕੰਮ ਕਰਵਾਉਣ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ। ਕੁਝ ਦਿਨ ਪਹਿਲਾਂ ਹੀ ਭਾਰਤੀ ਵਿਦੇਸ਼ ਮੰਤਰਾਲਾ ਨੇ ਪੰਜਾਬ ਦੇ 76 ਫ਼ਰਜ਼ੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਏਜੰਟਾਂ ਦੀ ਵਿਦੇਸ਼ ਮੰਤਰਾਲਾ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ, ਇਸੇ ਕਾਰਨ ਇਨ੍ਹਾਂ 'ਤੇ ਕਾਰਵਾਈ ਹੋਈ ਹੈ। ਸਰਕਾਰ ਵੀ ਲੋਕਾਂ ਨੂੰ ਕਹਿ ਰਹੀ ਹੈ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਨਾ ਜਾਓ, ਪਰ ਲੋਕ ਨਹੀਂ ਮੰਨਦੇ। 

ਸਵਾਲ : ਜੇ ਕਿਸੇ ਨੂੰ ਅੰਗਰੇਜ਼ੀ ਨਾ ਆਉਂਦੀ ਹੋਵੇ, ਜ਼ਮੀਨ ਨਾ ਹੋਵੇ ਪਰ ਫਿਰ ਵੀ ਉਸ ਨੇ ਵਿਦੇਸ਼ ਜਾਣਾ ਹੋਵੇ ਤਾਂ ਕਿਹੋ ਜਿਹਾ ਏਜੰਟ ਲੱਭਣਾ ਪਵੇਗਾ?
ਜਵਾਬ : ਅੱਜ ਚਾਰ ਤਰ੍ਹਾਂ ਦੇ ਏਜੰਟ ਹਨ। ਪਹਿਲੇ ਉਹ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਮਾਨਤਾ ਦਿੱਤੀ ਹੋਈ ਹੈ। ਅੱਜ ਪੰਜਾਬ 'ਚ 15 ਤੋਂ 20 ਹਜ਼ਾਰ ਏਜੰਟ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਲਾਈਸੈਂਸ ਦਿੱਤਾ ਹੋਇਆ ਹੈ। ਇਨ੍ਹਾਂ 15-20 ਹਜ਼ਾਰ 'ਚੋਂ ਸ਼ਾਇਦ 100 ਏਜੰਟ ਵੀ ਨਹੀਂ ਹੋਣਗੇ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਲਾਈਸੈਂਸ ਦਿੱਤਾ ਹੋਵੇ। ਜਿਹੜਾ ਭਾਰਤ ਸਰਕਾਰ ਲਾਈਸੈਂਸ ਦਿੰਦੀ ਹੈ, ਉਸ ਦੀ ਸਕਿਊਰਿਟੀ 50 ਲੱਖ ਰੁਪਏ ਹੈ। ਏਜੰਟ ਨੇ ਗ੍ਰੈਜੁਏਸ਼ਨ ਕੀਤੀ ਹੋਵੇ ਅਤੇ ਕਾਰੋਬਾਰ ਦਾ ਤਜ਼ਰਬਾ ਹੋਵੇ। ਦੂਜੇ ਉਹ ਏਜੰਟ ਹਨ, ਜਿਨ੍ਹਾਂ ਲਈ ਪੰਜਾਬ ਸਰਕਾਰ ਨੇ ਲਾਈਸੈਂਸ ਦੀ 25 ਹਜ਼ਾਰ ਰੁਪਏ ਫ਼ੀਸ ਰੱਖੀ ਹੋਈ ਹੈ। ਆਈਲੈਟਸ ਦੀ ਪੜ੍ਹਾਈ ਕਰਵਾਉਣ ਲਈ ਵੱਖਰਾ ਲਾਈਸੈਂਸ ਹੈ, ਟਿਕਟ ਦਾ ਕੰਮ ਕਰਨ ਲਈ ਵੱਖਰਾ ਲਾਈਸੈਂਸ ਹੈ, ਪੈਕੇਜ਼ ਟੂਰ ਵੇਚਣ ਲਈ ਵੱਖਰਾ ਲਾਈਸੈਂਸ ਹੈ, ਪੜ੍ਹਾਈ ਲਈ ਬੱਚੇ ਬਾਹਰ ਭੇਜਣ ਦਾ ਵੱਖਰਾ ਲਾਈਸੈਂਸ ਹੈ। ਤੀਜੇ ਨੰਬਰ 'ਤੇ ਉਹ ਏਜੰਟ ਹੈ, ਜੋ ਦਿੱਲੀ, ਚੰਡੀਗੜ੍ਹ, ਹਰਿਆਣਾ 'ਚ ਬੈਠਾ ਹੋਇਆ ਹੈ। ਜਿਸ ਨੂੰ ਲਾਈਸੈਂਸ ਦੀ ਲੋੜ ਨਹੀਂ ਹੈ। ਅਜਿਹੇ ਏਜੰਟ ਆਪਣੇ ਦਫ਼ਤਰ ਬਦਲਦੇ ਰਹਿੰਦੇ ਹਨ। ਕਦੇ ਚੰਡੀਗੜ੍ਹ, ਕਦੇ ਪੰਚਕੂਲਾ, ਕਦੇ ਹਰਿਆਣਾ। ਚੌਥੇ ਨੰਬਰ 'ਤੇ ਉਹ ਏਜੰਟ ਹਨ, ਜੋ ਦਿੱਲੀ 'ਚ ਬੈਠੇ ਹਨ। ਇਹ ਅੰਬੈਸੀ 'ਚ ਪੈਸੇ ਅਤੇ ਨਕਲੀ ਕਾਗ਼ਜ਼ ਦੇ ਕੇ ਵੀਜ਼ੇ ਲਗਵਾਉਂਦੇ ਹਨ। ਇਹ ਧੰਦਾ ਬਹੁਤ ਵੱਡੇ ਪੱਧਰ 'ਤੇ ਹੋ ਰਿਹਾ ਹੈ। ਜੇ ਅੱਜ 50 ਹਜ਼ਾਰ ਲੋਕ ਬਾਹਰ ਜਾ ਰਹੇ ਹਨ ਤਾਂ ਉਨ੍ਹਾਂ 'ਚੋਂ 40 ਹਜ਼ਾਰ ਦੋ ਨੰਬਰ 'ਚ ਗਏ ਹਨ। 10 ਹਜ਼ਾਰ ਲੋਕ ਹੀ ਲੀਗਲ ਏਜੰਟਾਂ ਰਾਹੀਂ ਬਾਹਰ ਜਾ ਰਹੇ ਹਨ। ਜਦੋਂ ਕੋਈ ਵਿਅਕਤੀ ਸਹੀ ਤਰੀਕੇ ਨਾਲ ਵਿਦੇਸ਼ ਜਾ ਰਿਹਾ ਹੋਵੇ ਤਾਂ ਉਸ ਨੂੰ ਦਿੱਲੀ ਏਅਰਪੋਰਟ 'ਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਹੈ। ਜਿਹੜਾ ਗ਼ੈਰ-ਕਾਨੂੰਨੀ ਤਰੀਕੇ ਨਾਲ ਦੋ ਨੰਬਰ 'ਚ ਜਾ ਰਿਹਾ ਹੁੰਦਾ ਹੈ, ਉਸ ਤੋਂ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ। ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਕ ਕੋਡ ਰੱਖਿਆ ਗਿਆ ਹੈ, ਜਿਸ ਨੂੰ 'ਕਟਸੀ' ਕਿਹਾ ਜਾਂਦਾ ਹੈ। ਜਦੋਂ ਕੋਈ ਜਹਾਜ਼ ਚੜ੍ਹਨ ਲੱਗਦਾ ਹੈ ਤਾਂ ਉਸ ਨੂੰ ਰੋਕ ਕੇ ਕਿਹਾ ਜਾਂਦਾ ਹੈ ਕਿ 'ਕਟਸੀ' ਲੱਗੇਗੀ, ਮਤਲਬ 50 ਹਜ਼ਾਰ ਰੁਪਏ ਲੱਗਣਗੇ। ਜਦੋਂ 50 ਹਜ਼ਾਰ ਰੁਪਏ ਮਿਲਣਗੇ ਤਾਂ ਉਸ ਨੂੰ ਜਹਾਜ਼ ਚੜ੍ਹਨ ਦਿੱਤਾ ਜਾਵੇਗਾ। ਈਰਾਨ-ਇਰਾਕ ਦਾ ਕਿਸੇ ਨੂੰ ਵੀਜ਼ਾ ਨਹੀਂ ਮਿਲਦਾ। ਬੀਤੇ ਸਾਲ ਉਥੇ ਕਿੰਨੇ ਹੀ ਪੰਜਾਬੀ ਮਾਰੇ ਗਏ। ਭਾਰਤ ਸਰਕਾਰ ਨੂੰ ਸਵਾਲ ਕਰਨਾ ਬਣਦਾ ਹੈ ਕਿ ਜਦੋਂ ਉਥੇ ਵੀਜ਼ਾ ਮਿਲਦਾ ਹੀ ਨਹੀਂ ਤਾਂ ਇਹ ਲੋਕ ਕਿਵੇਂ ਉੱਥੇ ਚਲੇ ਗਏ। ਅਸਲ 'ਚ ਇਹ ਲੋਕ ਟੂਰਿਸਟ ਵੀਜ਼ਾ ਲੈ ਕੇ ਪਹਿਲਾਂ ਦੁਬਈ ਗਏ। ਉਥੋਂ ਪ੍ਰਾਈਵੇਟ ਜਹਾਜ਼ਾਂ ਰਾਹੀਂ ਦੋ ਨੰਬਰ 'ਚ ਈਰਾਨ-ਇਰਾਕ ਭੇਜਿਆ ਗਿਆ। ਈਰਾਕ 'ਚ ਅਮਰੀਕੀ ਡਾਲਰ ਚੱਲਦਾ ਹੈ। ਲਿਬਨਾਨ 'ਚ ਵੀ ਡਾਲਰ ਚੱਲਦੇ ਹਨ। ਇਸੇ ਕਾਰਨ ਲੋਕ ਇਨ੍ਹਾਂ ਦੇਸ਼ਾਂ ਨੂੰ ਜਾਂਦੇ ਹਨ। ਅਜਿਹੇ ਲੋਕਾਂ ਨੂੰ ਉਥੇ ਲਿਜਾ ਕੇ ਬੰਦੀ ਬਣਾ ਲਿਆ ਜਾਂਦਾ ਹੈ। ਮੈਂ ਅਜਿਹੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜੇ ਉਹ ਕਿਸੇ ਦੇਸ਼ 'ਚ ਫਸੇ ਹੋਏ ਹਨ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਜੇ ਕਿਸੇ ਦਾ ਵਾਰ-ਵਾਰ ਵੀਜ਼ਾ ਰੱਦ ਹੋ ਰਿਹਾ ਹੈ ਤਾਂ ਉਹ ਵੀ ਸਾਨੂੰ ਮਿਲੇ। ਅਸੀ ਉਸ ਨੂੰ ਸਹੀ ਰਸਤਾ ਦੱਸਾਂਗੇ। ਸਾਡਾ ਮਕਸਦ ਕਿਸੇ ਦੀ ਲੁੱਟ-ਖਸੁੱਟ ਨਹੀਂ ਸਗੋਂ ਸਹੀ ਸਲਾਹ ਦੇਣਾ ਹੈ।

ਸਵਾਲ : ਇਸ ਵੱਡੀ ਜਾਲਸਾਜ਼ੀ ਨੂੰ ਖ਼ਤਮ ਕਰਨ ਲਈ ਸਰਕਾਰ ਨੂੰ ਕੀ ਕਦਮ ਚੁੱਕਣੇ ਚਾਹੀਦੇ ਹਨ?
ਜਵਾਬ : ਇਸ ਜਾਲਸਾਜ਼ੀ ਦਾ ਧੰਦਾ ਬਹੁਤ ਵੱਡਾ ਹੈ। ਦਿੱਲੀ 'ਚ ਬਹੁਤ ਵੱਡੀ ਲਾਬੀ 'ਚ ਗੋਰਖ ਧੰਦੇ ਨੂੰ ਚਲਾ ਰਹੀ ਹੈ। ਲੋੜ ਹੈ ਸੂਬਾ ਤੇ ਕੇਂਦਰ ਸਰਕਾਰਾਂ ਨੂੰ ਇਸ ਗੰਭੀਰ ਮਸਲੇ 'ਤੇ ਵਿਚਾਰ ਕਰਨ ਦੀ ਕਿ ਸਾਡੇ ਦੇਸ਼ ਦੇ ਹੋਣਹਾਰ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਿਉਂ ਕਰ ਰਹੇ ਹਨ, ਅਜਿਹੇ ਕੀ ਕਾਰਨ ਹਨ, ਇਸ ਪ੍ਰਤੀ ਉਨ੍ਹਾਂ ਨੂੰ ਗੰਭੀਰ ਮੰਥਨ ਕਰਨੇ ਪੈਣਗੇ।