ਬਠਿੰਡਾ ਵਾਸੀਆਂ ਲਈ ਮਾਣ ਦਾ ਪ੍ਰਤੀਕ ਹੈ ਕਿਲ੍ਹਾ ਮੁਬਾਰਕ, ਜਾਣੋ ਕਿਲ੍ਹੇ ਦਾ ਇਤਿਹਾਸ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਪੰਜਾਬ ਦੀ ਧਰਤੀ ਆਪਣੀ ਬੁੱਕਲ ਵਿਚ ਅਨੇਕਾਂ ਹੀ ਧਾਰਮਿਕ-ਇਤਿਹਾਸਕ ਸਥਾਨਾਂ ਨੂੰ ਸਮੋਈ ਬੈਠੀ ਹੈ

Qila Mubarak, Bathinda

ਪੰਜਾਬ ਦੀ ਧਰਤੀ ਆਪਣੀ ਬੁੱਕਲ ਵਿਚ ਅਨੇਕਾਂ ਹੀ ਧਾਰਮਿਕ-ਇਤਿਹਾਸਕ ਸਥਾਨਾਂ ਨੂੰ ਸਮੋਈ ਬੈਠੀ ਹੈ। ਬਠਿੰਡਾ ਸ਼ਹਿਰ ਦੇ ਧੋਬੀ ਬਾਜ਼ਾਰ ਦੀਆਂ ਤੰਗ ਗਲੀਆਂ ਵਿਚੋਂ ਲੰਘਦਿਆਂ ਹੋਇਆਂ ਇਕ ਗਲੀ ਦਾ ਮੋੜ ਕੱਟਦਿਆਂ ਹੀ ਕਿਲ੍ਹਾ ਮੁਬਾਰਕ ਨਜ਼ਰ ਆਉਂਦਾ ਹੈ। ਕਿਲ੍ਹਾ ਮੁਬਾਰਕ ਇਕ ਤੰਗ ਬਾਜ਼ਾਰ 'ਚ ਮੌਜੂਦ ਹੈ। ਕਿਲ੍ਹੇ ਦੇ ਮੁੱਖ ਦੁਆਰ ਦੇ ਚੁਬਾਰੇ ਵਿਚ ਸੱਜੇ-ਖੱਬੇ ਮੌਜੂਦ ਬਾਰੀਆਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਵੀ ਕੋਈ ਰਾਣੀ ਆਪਣੀਆਂ ਗੋਲੀਆਂ ਨਾਲ ਖੜ੍ਹੀ ਨਜ਼ਰ ਆਏਗੀ।

 ਕਿਲ੍ਹਾ ਮੁਬਾਰਕ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਬਣਿਆ ਇਕ ਕਿਲ੍ਹਾ ਹੈ ਅਤੇ ਇਹ ਲਗਭਗ 1,800 ਸਾਲ ਪੁਰਾਣਾ ਹੈ। ਇਤਿਹਾਸਕਾਰਾਂ ਅਨੁਸਾਰ ਬਠਿੰਡਾ ਦਾ ਕਿਲ੍ਹਾ ਰਾਜਾ ਵਿਨੇ ਪਾਲ ਨੇ ਬਣਾਇਆ ਸੀ ਅਤੇ ਇਸ ਦਾ ਨਾਮ ਵਿਕਰਮਗੜ ਕਿਲ੍ਹਾ ਰੱਖਿਆ। ਉਸ ਪਿਛੋਂ ਰਾਜਾ ਜੈਪਾਲ ਨੇ ਕਿਲ੍ਹਾ ਦਾ ਨਾਂਅ ਜੈਪਾਲਗੜ ਕਰ ਦਿੱਤਾ। ਮੱਧ-ਕਾਲ ਵਿਚ ਭੱਟੀ ਰਾਓ ਰਾਜਪੂਤ ਨੇ ਕਿਲ੍ਹਾ ਨੂੰ ਨਵੇਂ ਸਿਰਿਓ ਬਣਾਇਆ ਤੇ ਕਿਲੇ ਦਾ ਨਾਮ ਭੱਟੀ ਵਿੰਡਾ ਰੱਖਿਆ। ਇਸ ਕਰ ਕੇ ਸ਼ਹਿਰ ਦਾ ਨਾਂ ਪਹਿਲਾਂ ਭਟਿੰਡਾ ਅਤੇ ਫਿਰ ਬਠਿੰਡਾ ਪਿਆ।

ਜਦੋਂ 1707 ਵਿਚ ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਵਿਚ ਆਏ ਤਾਂ ਕਿਲ੍ਹਾ ਦਾ ਨਾਮ ਕਿਲ੍ਹਾ ਗੋਬਿੰਦਗੜ੍ਹ ਪੈ ਗਿਆ। ਮੌਜੂਦਾ ਸਮੇਂ ਇਸ ਨੂੰ ਕਿਲ੍ਹਾ ਮੁਬਾਰਕ ਆਖਿਆ ਜਾਂਦਾ ਹੈ। ਪਰੰਤੂ ਸੈਰ ਸਪਾਟਾ ਵਿਭਾਗ ਪੰਜਾਬ ਵਲੋਂ ਹੁਣ ਇਸ ਕਿਲ੍ਹਾ ਦਾ ਨਾਮ ਬਦਲ ਕੇ ਰਜ਼ੀਆ ਕਿਲ੍ਹਾ ਰੱਖ ਦਿਤਾ ਗਿਆ ਹੈ। ਇਹ ਚਕੋਰ ਅਕਾਰ ਦਾ ਕਿਲ੍ਹਾ ਉੱਚੇ ਸਥਾਨ ‘ਤੇ ਸਥਿਤ ਹੈ, ਜਿਸ ਦੇ 32 ਛੋਟੇ ਤੇ 4 ਵੱਡੇ ਬੁਰਜ ਹਨ। ਚਾਰੇ ਬੁਰਜ 4 ਕਿਨਾਰਿਆਂ ‘ਤੇ ਹਨ, ਜਿਨ੍ਹਾਂ ਦੀ ਉਚਾਈ ਇਸ ਸਮੇਂ 36.5 ਮੀਟਰ ਹੈ।

ਤਸੱਲੀ ਦੇਣ ਵਾਲੀ ਗੱਲ ਇਹ ਹੈ ਕਿ ਕਿਲ੍ਹੇ ਦੇ ਅੰਦਰ ਜਾਣ ਲਈ ਕਿਸੇ ਤਰ੍ਹਾਂ ਦੀ ਇਜਾਜ਼ਤ ਲੈਣ ਜਾਂ ਫ਼ੀਸ ਦੇਣ ਦੀ ਲੋੜ ਨਹੀਂ ਹੈ। ਇਹ ਕਿਲ੍ਹਾ ਹਰ ਆਮ ਤੇ ਖਾਸ ਲਈ ਖੁੱਲ੍ਹਾ ਰਹਿੰਦਾ ਹੈ। ਕਿਲ੍ਹੇ ਦਾ ਕੇਵਲ ਇਕੋ-ਇਕ ਨਿਯਮ ਹੈ, ਜੋ ਅੰਦਰ ਜਾ ਕੇ ਪੜ੍ਹਨ ਨੂੰ ਮਿਲਦਾ ਹੈ ਕਿ ਕਿਲ੍ਹੇ ਵਿਚ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਹੀ ਆਇਆ ਜਾਇਆ ਜਾ ਸਕਦਾ ਹੈ। ਪ੍ਰਵੇਸ਼ ਦੁਆਰ ਵਿਚ (ਮੁੱਖ ਦਰਵਾਜ਼ਾ) ਤਿੱਖੀਆਂ ਨੋਕਦਾਰ ਸਲਾਖਾਂ ਜੜੀਆਂ ਹੋਈਆਂ ਹਨ। ਇਹ ਤਿੰਨ ਮੰਜ਼ਿਲਾ ਪ੍ਰਵੇਸ਼ ਦੁਆਰ ਮੁਗਲ ਪ੍ਰਾਚੀਨ ਪ੍ਰਭਾਵ ਨੂੰ ਦਰਸਾਉਂਦਾ ਹੈ।

ਮੁੱਖ ਦੁਆਰ ਦੇ ਸੱਜੇ ਪਾਸੇ ਦੋ ਬਾਰੀ ਬੁਰਜ ਹਨ, ਜੋ ਰਾਣੀ ਮਹਿਲ ਦੇ ਨਾਂਅ ਨਾਲ ਜਾਣੇ ਜਾਂਦੇ ਹਨ। ਨਾਲ ਹੀ ਇਕ ਮੁੱਖ ਹਾਲ, 8 ਵਧੀਆਂ ਹੋਈਆਂ ਬਾਲਕੋਨੀਆਂ ਅਤੇ ਨਾਲ ਜੁੜੇ ਹੋਏ ਕਮਰੇ ਹਨ। ਦੁਆਰ ਦੇ ਖੱਬੇ ਪਾਸੇ ਦੂਜੇ ਬੁਰਜ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਅਤੇ ਮਹਾਰਾਜਾ ਕਰਮ ਸਿੰਘ ਦੁਆਰਾ ਨਿਰਮਾਣਿਤ ਗੁਰਦੁਆਰਾ ਵੀ ਹੈ। 

ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰਦਿਆਂ ਹੀ ਇਸ ਦੇ ਵਿਸ਼ਾਲ ਘੇਰੇ ਤੇ ਉੱਚੀਆਂ ਦੀਵਾਰਾਂ ਨੇ ਮਨ ਮੋਹ ਲਿਆ। ਕਿਲ੍ਹੇ ਦੇ ਅੰਦਰ ਹੀ ਦੋ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ। ਸੁੰਦਰ ਤੇ ਮਨਮੋਹਕ ਬਾਗ-ਬਗੀਚੇ ਆਕਰਸ਼ਕ ਨਜ਼ਾਰਾ ਪੇਸ਼ ਕਰਦੇ ਹਨ। ਕਿਲ੍ਹੇ ਦੇ ਅੰਦਰ ਹੀ ਲੰਬੀ ਤੇ ਚੌੜੀ ਸੜਕ ਇਹ ਪ੍ਰਭਾਵ ਦਰਸਾਉਂਦੀ ਹੈ ਕਿ ਜਿਵੇਂ ਹੁਣ ਵੀ ਹਾਥੀ ਘੋੜਿਆਂ ਦੇ ਨਾਲ ਕਿਸੇ ਰਾਜੇ-ਮਹਾਰਾਜੇ ਦੀ ਸਵਾਰੀ ਨਿਕਲੇਗੀ।

ਅਸਲ ਵਿਚ ਛੇਵੀਂ ਸਦੀ ਵਿਚ ਇਹ ਕੱਚੀਆਂ ਇੱਟਾਂ ਨਾਲ ਬਣਿਆ ਹੋਇਆ ਕਿਲ੍ਹਾ ਸੀ। 11ਵੀ ਸ਼ਤਾਬਦੀ ਵਿਚ ਮਹਿਮੂਦ ਗਜ਼ਨਵੀ ਨੇ ਇਸ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ, ਜੋ ਕਿ ਉੱਤਰ-ਪੱਛਮ ਤੋਂ ਗੰਗਾ ਘਾਟੀ ਨੂੰ ਜਾਂਦੇ ਰਸਤੇ ਵਿਚ ਆਉਂਦਾ ਸੀ। ਸੰਨ 1189 ਵਿਚ ਮੁਹੰਮਦ ਗੌਰੀ ਨੇ ਇਸ ਕਿਲ੍ਹੇ ‘ਤੇ ਹਮਲਾ ਕਰਕੇ ਇਸ ਨੂੰ ਜਿੱਤ ਲਿਆ। ਮੰਨਿਆ ਜਾਂਦਾ ਹੈ ਕਿ ਸੰਨ 1045 ਵਿਚ ਪੀਰ ਹਾਜੀ ਰਤਨ ਵੀ ਭਗਤੀ ਕਰਨ ਲਈ ਇਥੇ ਰਹੇ। ਸੰਨ 1191 ਵਿਚ ਖੇਤਰੀ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਨੇ ਯੁੱਧ ਲੜ ਕੇ ਇਸ ਕਿਲ੍ਹੇ ਨੂੰ ਮੁੜ ਜਿੱਤ ਲਿਆ ਤੇ ਆਪਣਾ ਕਬਜ਼ਾ ਕਾਇਮ ਕੀਤਾ।

ਭਾਰਤ ਦੀ ਪਹਿਲੀ ਮਹਿਲਾ ਸ਼ਾਸਕ ਰਾਣੀ ਰਜ਼ੀਆ ਸੁਲਤਾਨ ਨੂੰ ਸੰਨ 1240 ਵਿਚ ਇਥੇ ਬੰਦੀ ਬਣਾ ਕੇ ਰੱਖਿਆ ਗਿਆ। ਸੰਨ 1515 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸੰਨ 1665 ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਕਿਲ੍ਹੇ ਵਿਚ ਚਰਨ ਪਾ ਕੇ ਇਲਾਕੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਸੰਨ 1706 ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਕਿਲ੍ਹੇ ਵਿਚ ਇਕ ਕਾਣੇ ਦਿਓ ਦੀ ਭੁੱਖ ਨਵਿਰਤ ਕੀਤੇ ਜਾਣ ਦੀ ਗੱਲ ਵੀ ਪ੍ਰਚਲਿਤ ਹੈ, ਜਿਸ ਨੂੰ ਸਰਹੰਦ ਜਾਣ ਦਾ ਹੁਕਮ ਦਿਤਾ।

ਫੂਲਕੀਆ ਮਿਸਲ ਦੇ ਮੁਖੀ ਪਟਿਆਲੇ ਦੇ ਮਹਾਰਾਜੇ ਆਲਾ ਸਿੰਘ ਨੇ 1754 ਈ: ਵਿਚ ਇਸ ਕਿਲ੍ਹੇ ਨੂੰ ਜਿੱਤ ਲਿਆ ਅਤੇ ਇਹ ਕਿਲ੍ਹਾ ਉਦੋਂ ਤੱਕ ਪਟਿਆਲੇ ਦੇ ਰਾਜਿਆਂ ਕੋਲ ਰਿਹਾ ਜਦੋਂ ਤੱਕ ਸਾਰੀਆਂ ਭਾਰਤੀ ਰਿਆਸਤਾਂ, ਭਾਰਤ ਯੂਨੀਅਨ ਵਿਚ ਨਹੀਂ ਰਲੀਆਂ। ਬੁਰਜ ਉੱਪਰ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਬਾਹਰ ਨਿਕਲ ਕੇ ਕਿਲ੍ਹੇ ਦੇ ਉਪਰੋਂ ਸਾਰਾ ਬਠਿੰਡਾ ਸ਼ਹਿਰ ਨਜ਼ਰੀਂ ਪੈਂਦਾ ਹੈ।

ਕਿਲ੍ਹੇ ਦੀਆਂ ਨਿੱਕੀਆਂ ਇੱਟਾਂ, ਤਰਾਸ਼ੇ ਹੋਏ ਦਰਵਾਜ਼ੇ-ਖਿੜਕੀਆਂ ਪੁਰਾਣੇ ਸਮੇਂ ਦੀ ਯਾਦ ਨੂੰ ਤਾਜ਼ਾ ਕਰਦੇ ਹਨ। ਬਠਿੰਡੇ ਦਾ ਇਹ ਕਿਲ੍ਹਾ ਪ੍ਰਾਚੀਨ ਕਾਲ ਦੀ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਤੇ ਬਠਿੰਡਾ ਵਾਸੀਆਂ ਲਈ ਮਾਣ ਦਾ ਪ੍ਰਤੀਕ ਹੈ।