ਝੀਲਾਂ ਦਾ ਬਾਦਸ਼ਾਹ ਨੈਨੀਤਾਲ, ਜਾਣੋ ਕਿਵੇਂ ਪਿਆ ਇਸ ਦਾ ਨਾਂ ਇਹ ...

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਮਿਥਿਹਾਸਕ ਕਥਾ ਅਨੁਸਾਰ ਸ਼ਿਵ ਜੀ, ਸਤੀ ਦੀ ਭਸਮ ਨੂੰ ਹਿਮਾਲੀਆ ਉਤੇ ਪਾਉਣ ਜਾ ਰਹੇ ਸਨ ਤਾਂ ਸਤੀ ਦਾ ਇਕ ਨੈਣ (ਅੱਖ) ਇਥੇ ਡਿੱਗ ਪਿਆ।

Nainital The Lake City of India

ਉਤਰਾਖੰਡ ਵੀ ਹਿਮਾਚਲ ਪ੍ਰਦੇਸ਼ ਜਾਂ ਕਸ਼ਮੀਰ ਵਾਂਗ ਸਵਰਗ ਦਾ ਟੁਕੜਾ ਹੈ। ਬਰਫ਼ ਨਾਲ ਲੱਦੀਆਂ ਚੋਟੀਆਂ ਤੰਗ ਘਾਟੀਆਂ ਵਿਚੋਂ ਤੇਜ਼ ਰਫ਼ਤਾਰ ਨਾਲ ਲੰਘਦਾ ਪਾਣੀ, ਸ਼ੋਰ ਮਚਾਉਂਦੀਆਂ ਜਾਂ ਸ਼ਾਂਤ ਵਹਿੰਦੀਆਂ ਨਦੀਆਂ, ਫੁੱਲਾਂ ਨਾਲ ਲਬਰੇਜ਼ ਵਾਦੀਆਂ, ਘਾਹ ਦੇ ਮੈਦਾਨ ਅਤੇ ਵਿੰਗ-ਵਲੇਵੇਂ ਖਾਂਦੀਆਂ ਸੜਕਾਂ ਸੱਭ ਦਾ ਮਨ ਮੋਹ ਲੈਂਦੀਆਂ ਹਨ। ਹਰਿਆਵਲ ਭਰਿਆ ਵਾਤਾਵਰਣ ਤੇ ਪਹਾੜਾਂ ਦੇ ਵਿਚਕਾਰ ਝੀਲ ਦੇ ਚਾਰ ਚੁਫੇਰੇ ਵਸੇ ਸ਼ਹਿਰ 'ਨੈਨੀਤਾਲ' ਦੀ ਖ਼ੂਬਸੂਰਤੀ ਸਹਿਜੇ ਹੀ ਸੈਲਾਨੀਆਂ ਨੂੰ ਆਕਰਸ਼ਤ ਕਰਦੀ ਹੈ। ਹਰ ਸਾਲ ਇਥੇ ਲੱਖਾਂ ਦੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਇਥੋਂ ਦੇ ਲੋਕਾਂ ਦਾ ਕਾਰੋਬਾਰ ਸੈਲਾਨੀਆਂ ਦੀ ਆਮਦ ਤੇ ਹੀ ਨਿਰਭਰ ਕਰਦਾ ਹੈ।

ਨੈਨੀਤਾਲ ਦੀ ਖੋਜ ਇਕ ਅੰਗਰੇਜ਼ ਵਪਾਰੀ 'ਲਾਰਡ ਬਰਨਰਡ' ਨੇ 1840 ਈ. ਵਿਚ ਕੀਤੀ ਸੀ। ਉਸ ਨੇ ਇਥੇ ਇਕ ਚਰਚ ਸਥਾਪਤ ਕੀਤਾ। ਸਮੁੰਦਰ ਤਲ ਤੋਂ ਇਸ ਦੀ ਉਚਾਈ 1900 ਫ਼ੁਟ ਦੇ ਲਗਭਗ ਹੈ। ਜੂਨ-ਜੁਲਾਈ ਵਿਚ ਜਦੋਂ ਪੂਰਾ ਉੱਤਰੀ ਭਾਰਤ ਗਰਮੀ ਨਾਲ ਹਾਲੋ-ਬੇਹਾਲ ਹੁੰਦਾ ਹੈ, ਇਥੇ ਦਸੰਬਰ ਮਹੀਨੇ ਵਰਗਾ ਮੌਸਮ ਹੁੰਦਾ ਹੈ। ਗਰਮੀਆਂ ਵਿਚ ਇਥੋਂ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੇ ਸਰਦੀਆਂ ਵਿਚ ਮਨਫ਼ੀ 16 ਡਿਗਰੀ ਸੈਲਸੀਅਸ ਦੇ ਲਗਭਗ ਹੁੰਦਾ ਹੈ।

ਇਸ ਦਾ ਨਾਂ ਨੈਨੀਤਾਲ ਕਿਵੇਂ ਪਿਆ? : ਇਕ ਮਿਥਿਹਾਸਕ ਕਥਾ ਅਨੁਸਾਰ ਸ਼ਿਵ ਜੀ, ਸਤੀ ਦੀ ਭਸਮ ਨੂੰ ਹਿਮਾਲੀਆ ਉਤੇ ਪਾਉਣ ਜਾ ਰਹੇ ਸਨ ਤਾਂ ਸਤੀ ਦਾ ਇਕ ਨੈਣ (ਅੱਖ) ਇਥੇ ਡਿੱਗ ਪਿਆ। ਉਸ ਵਿਚੋਂ ਨਿਕਲੇ ਨੀਰ ਕਾਰਨ ਇਸ ਝੀਲ ਦੀ ਉਤਪਤੀ ਹੋਈ ਅਤੇ ਇਸ ਥਾਂ ਦਾ ਨਾਂ ਨੈਨੀਤਾਲ ਪੈ ਗਿਆ। ਇਥੇ ਕਈ ਸਾਲਾਂ ਤੋਂ ਵਰਖਾ ਘੱਟ ਹੁੰਦੀ ਸੀ ਜਿਸ ਕਾਰਨ ਸਥਾਨਕ ਲੋਕ ਕਾਫ਼ੀ ਫ਼ਿਕਰਮੰਦ ਸਨ। ਪਰ 2018 ਵਿਚ ਪੂਰੇ ਭਾਰਤ ਵਿਚ ਬਹੁਤ ਜ਼ਿਆਦਾ ਵਰਖਾ ਹੋਈ। ਦਸੰਬਰ-ਜਨਵਰੀ ਵਿਚ ਇਥੇ ਬਰਫ਼ਬਾਰੀ ਹੁੰਦੀ ਹੈ ਜਿਸ ਦਾ ਆਨੰਦ ਮਾਣਨ ਲਈ ਦੂਰੋਂ-ਦੂਰੋਂ ਸੈਲਾਨੀ ਇਥੇ ਆਉਂਦੇ ਹਨ।

ਸੈਲਾਨੀਆਂ ਦੀ ਖਿੱਚ ਦਾ ਕੇਂਦਰ 'ਚੱਪੂ ਵਾਲੀਆਂ ਕਿਸ਼ਤੀਆਂ' ਹਨ ਜਿਨ੍ਹਾਂ ਵਿਚ ਬੈਠ ਕੇ ਉਹ ਖ਼ੂਬ ਮਸਤੀ ਕਰਦੇ ਹਨ। ਕਿਸ਼ਤੀ ਵਿਚ ਸਫ਼ਰ ਕਰਨ ਦੀ ਫ਼ੀਸ ਪ੍ਰਤੀ ਜੀਅ 200 ਰੁਪਏ ਹੈ। ਇਥੇ ਕਿਸ਼ਤੀਆਂ ਦੀ ਭਰਮਾਰ ਹੈ, ਜਿਨ੍ਹਾਂ ਦੀ ਗਿਣਤੀ 120-22 ਦੇ ਕਰੀਬ ਹੈ। ਝੀਲ ਦੀ ਲੰਬਾਈ 2 ਕਿਲੋਮੀਟਰ ਦੇ ਲਗਭਗ ਹੈ ਅਤੇ ਚੌੜਾਈ ਇਕ ਕਿਲੋਮੀਟਰ ਦੇ ਲਗਭਗ ਹੈ। ਤਾਲ ਦਾ ਖੇਤਰਫਲ 5.4 ਕਿਲੋਮੀਟਰ ਹੈ। ਸ਼ਹਿਰ ਦਾ ਪ੍ਰਮੁੱਖ ਪ੍ਰਵੇਸ਼ ਦੁਆਰ ਸ਼ਿਵ ਮੰਦਰ ਵਾਲੇ ਪਾਸੇ ਹੈ।
ਮੱਲੀ ਤਾਲ ਬਾਜ਼ਾਰ : ਇਥੇ ਹਰ ਪ੍ਰਕਾਰ ਦਾ ਸਾਮਾਨ ਮਿਲਦਾ ਹੈ।

ਚਿੜੀਆਘਰ : ਚਿੜੀਆਘਰ ਬੱਸ ਅੱਡੇ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ। ਇਥੇ ਕਈ ਤਰ੍ਹਾਂ ਦੇ ਪਸ਼ੂ ਪੰਛੀ ਰਹਿੰਦੇ ਹਨ ਜਿਵੇਂ ਸ਼ੇਰ, ਚੀਤਾ, ਲੱਕੜ ਬੱਗਾ, ਕਾਲਾ ਹਿਰਨ, ਭਾਲੂ ਅਤੇ ਨੀਲ ਗਾਂ ਆਦਿ।
ਰਾਜ ਭਵਨ : ਇਹ ਸਥਾਨ ਬੱਸ ਅੱਡੇ ਤੋਂ ਦੋ ਕਿਲੋਮੀਟਰ ਦੂਰੀ ਤੇ ਸਥਿਤ ਹੈ। ਇਸ ਦੀ ਉਸਾਰੀ ਨੈਨੀਤਾਲ ਪ੍ਰਸ਼ਾਸਨ ਨੇ 2 ਅਪ੍ਰੈਲ 1897 ਨੂੰ ਸ਼ੁਰੂ ਕੀਤੀ ਸੀ ਅਤੇ ਮਾਰਚ 1900 ਵਿਚ ਇਹ ਮੁਕੰਮਲ ਹੋਇਆ। ਸੰਨ 1842 ਵਿਚ 'ਲਾਰਡ ਬਰਨਰਡ' ਇਥੇ ਪਹਿਲੀ ਕਿਸ਼ਤੀ ਲੈ ਕੇ ਆਇਆ ਅਤੇ ਇਸ ਸਥਾਨ ਨੂੰ ਸੈਲਾਨੀ ਕੇਂਦਰ ਵਜੋਂ ਉਭਾਰਨ ਵਿਚ ਉਸ ਨੇ ਮਹੱਤਵਪੂਰਨ ਰੋਲ ਅਦਾ ਕੀਤਾ। ਤਾਲ ਕੋਲ ਬਣੇ ਗੁਰਦਵਾਰਾ ਸਾਹਿਬ, ਮਸਜਿਦ, ਚਰਚ ਅਤੇ ਮੰਦਰ, ਤਾਲ ਦੀ ਸੁੰਦਰਤਾ ਵਿਚ ਹੋਰ ਵੀ ਵਾਧਾ ਕਰਦੇ ਹਨ। ਤਾਲ ਦੇ ਆਸ-ਪਾਸ 5 ਤੋਂ 8 ਹੋਰ ਵੀ ਝੀਲਾਂ ਹਨ।

ਵੇਖਣਯੋਗ ਥਾਵਾਂ : ਮੱਲੀ ਤਾਲ ਬਜ਼ਾਰ, ਮਾਲ ਰੋਡ, ਦੇਵ ਗਾਰਡਨ ਆਦਿ।
ਰਾਮ ਨਗਰ : ਇਹ ਮਹੱਤਵਪੂਰਨ ਨਗਰ ਹੈ। ਕੌਮੀ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹੈ। ਇਸ ਦੀ ਸਥਾਪਨਾ 'ਰਾਮਸ' ਨੇ 1856 ਤੋਂ 1884 ਵਿਚ ਕੀਤੀ ਸੀ। ਇਹ ਸਾਰੇ ਸਥਾਨ ਵੇਖਣ ਵਾਲੇ ਹਨ। ਨੈਨੀਤਾਲ ਨੂੰ ਝੀਲਾਂ ਦਾ 'ਬਾਦਸ਼ਾਹ' ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।
ਮੈਂ ਤੇ ਮੇਰੇ ਦੋਸਤ : ਹਰਮੇਲ ਮੇਲੀ, ਡਾ. ਸਰਬਜੀਤ ਚੀਮਾ, ਗੁਰਮੇਲ ਮਿਸ਼ਾਲ, ਰਮੇਸ਼ ਗੋਲਾ, ਗੁਰਸੇਵਕ ਬਾਬਾ, ਜਗਸੀਰ ਜੱਗੂ, ਜਗਰੂਪ ਜੰਡੂ ਆਦਿ 8 ਦਿਨਾਂ ਦੀ ਸੈਰ ਕਰ ਕੇ, ਸਮੇਂ ਦੀ ਘਾਟ ਹੋਣ ਕਰ ਕੇ ਘਰਾਂ ਨੂੰ ਪਰਤੇ।
ਸੰਪਰਕ : 98769-94008