ਇਤਿਹਾਸ ਅਤੇ ਵਿਰਾਸਤ ਨੂੰ ਅਪਣੀ ਬੁੱਕਲ 'ਚ ਸਮੋਈ ਬੈਠਾ ਹੈ ਬਠਿੰਡੇ ਦਾ ਕਿਲ੍ਹਾ

ਏਜੰਸੀ

ਜੀਵਨ ਜਾਚ, ਯਾਤਰਾ

ਬਠਿੰਡੇ ਦਾ ਇਤਿਹਾਸਕ ਕਿਲ੍ਹਾ ਜਿਸ ਵਿਚਲਾ ਗੁਰਦੁਆਰਾ ਅੱਜ ਬਠਿੰਡੇ ਦੀ ਜਾਨ ਬਣ ਗਿਆ ਹੈ

Bathinde fort

ਇਤਿਹਾਸ ਨੂੰ ਅਪਣੀ ਬੁੱਕਲ ਵਿਚ ਸਮੋਈ ਬੈਠੇ ਬਠਿੰਡੇ ਦੇ ਕਿਲੇ੍ਹ ਦੀ ਹਜ਼ਾਰਾਂ ਸਾਲ ਪਹਿਲਾਂ ਦੀ ਗੌਰਵ ਗਾਥਾ ਹੈ। 1800 ਸਾਲਾਂ ਤੋਂ ਵੱਧ ਪੁਰਾਣੇ ਇਸ ਕਿਲ੍ਹੇ ਸਬੰਧੀ ਕੱੁਝ ਇਤਿਹਾਸਕਾਰ ਦਸਦੇ ਹਨ ਕਿ ਇਸ ਨੂੰ ਪੱਟੀ ਰਾਓ ਰਾਜਪੂਤ ਜੋ 279 ਈ: ਵਿਚ ਪੰਜਾਬ ਦਾ ਰਾਜਾ ਬਣਿਆ, ਨੇ ਦੱਖਣੀ ਰਾਜਧਾਨੀ ਵਜੋਂ ਬਣਾਇਆ। ਉਦੋਂ ਇਸ ਦਾ ਨਾਂ ਬਿਕਰਮਗੜ੍ਹ ਸੀ। ਕੁੱਝ ਇਤਿਹਾਸਕਾਰ ਇਸ ਦਾ ਮੁੱਢ ਰਾਜਾ ਬਿਨੈਪਾਲ ਨੇ ਬੰਨਿ੍ਹਆ ਦਸਦੇ ਹਨ। ਪੰਦਰਾਂ ਏਕੜ ਵਿਚ ਬਣੇ ਇਸ ਕਿਲ੍ਹੇ ਦੀ ਉਚਾਈ ਇਕ ਸੌ ਅਠਾਰਾਂ ਫੁੱਟ ਹੈ ਅਤੇ ਇਸ ਦੇ ਦੁਆਲੇ ਛੱਤੀ ਬੁਰਜ ਹਨ। ਪੁਰਾਣੇ ਸਮੇਂ ਕਿਲ੍ਹੇ ਦੇ ਦੁਆਲੇ ਪੱਚੀ ਫੁੱਟ ਡੂੰਘੀ ਅਤੇ ਚਾਲੀ ਫ਼ੁੱਟ ਚੌੜੀ ਖਾਈ ਸੀ ਜਿਸ ਨੂੰ ਨਾਲ ਲਗਦੀਆਂ ਨਦੀਆਂ ਦੇ ਪਾਣੀ ਨਾਲ ਭਰਿਆ ਜਾਂਦਾ ਸੀ।

ਦਸਿਆ ਜਾਂਦਾ ਹੈ ਕਿ 1045 ਈ: ਵਿਚ ਰਾਜਾ ਵਿਜੈ ਰਾਏ ਦੇ ਰਾਜ ਸਮੇਂ ਮਹਿਮੂਦ ਗਜ਼ਨਵੀ ਨੇ ਇਸ ਉੱਤੇ ਕਬਜ਼ਾ ਕੀਤਾ ਸੀ। 1190-91 ਈ: ਵਿਚ ਕਿਲ੍ਹੇ ਤੇ ਮੰਗਲ ਰਾਉ ਦੇ ਕਬਜ਼ੇ ਦੌਰਾਨ ਮੁਹੰਮਦ ਗੌਰੀ ਨੇ ਕਬਜ਼ਾ ਕੀਤਾ ਜਿਸ ਪਾਸੋਂ ਪਿ੍ਰਥਵੀ ਰਾਜ ਚੌਹਾਨ ਨੇ ਕਬਜ਼ਾ ਕਰ ਕੇ ਅਪਣੇ ਭਰਾ ਭੱਟਾ ਰਾਉ ਨੂੰ ਗਵਰਨਰ ਬਣਾਇਆ। ਚੌਹਾਨ ਦੇ ਹਾਰ ਜਾਣ ਤੇ 1192 ਈ: ਵਿਚ ਗੌਰੀ ਦਾ ਮੁਕੰਮਲ ਕਬਜ਼ਾ ਹੋ ਗਿਆ ਜਿਸ ਦੀ ਮੌਤ ਹੋਣ ਦੇ ਬਾਅਦ ਸਿੰਧ ਦੇ ਕਬਾਚਾ ਦੇ ਹੱਥ ਵਿਚ ਚਲਾ ਗਿਆ। ਰਜ਼ੀਆ ਸੁਲਤਾਨਾ ਬੇਗ਼ਮ 1236 ਈ: ਵਿਚ ਤਖ਼ਤ ’ਤੇ ਬੈਠੀ ਜਿਸ ਰਾਹੀਂ ਅਪਣੇ ਆਸ਼ਕ ਯਾਕੂਤ ਨੂੰ ਫ਼ੌਜਾਂ ਦਾ ਮੋਹਰੀ ਬਣਾ ਦਿਤੇ ਜਾਣ ਕਾਰਨ ਗੁੱਸੇ ਵਜੋਂ ਤੁਰਕ ਅਮੀਰਾਂ ਨੇ ਉਸ ਨੂੰ 1239 ਵਿਚ ਮਾਰ ਕੇ ਰਜ਼ੀਆ ਨੂੰ ਕੈਦ ਕਰ ਲਿਆ।

ਅੱਗੋਂ ਰਜ਼ੀਆ ਨੇ ਗਵਰਨਰ ਅਲਤੂਨੀਆਂ ਨਾਲ ਨਿਕਾਹ ਕਰ ਕੇ ਦਿੱਲੀ ਦੇ ਤਖ਼ਤ ’ਤੇ ਹਮਲਾ ਕੀਤਾ ਪਰ 1240 ਨੂੰ ਅਪਣੇ ਹੀ ਭਰਾ ਸ਼ਾਹ ਬਹਿਰਾਮ ਰਾਹੀਂ ਕੈਥਲ ਨੇੜੇ ਮਾਰੇ ਗਏ। ਫਿਰ 1253 ਈ: ਵਿਚ ਨਾਸਰ ਉਦ ਦੀਨ ਨੇ ਕਬਜ਼ਾ ਕਰ ਕੇ ਸ਼ੇਰ ਖਾਂ ਨੂੰ ਗਵਰਨਰ ਬਣਾਇਆ। ਫਿਰ ਕੁਝ ਅਰਸਾ ਅਰਮਾਨ ਖਾਂ ਵੀ ਗਵਰਨਰ ਬਣਿਆ ਪਰ 1254 ਵਿਚ ਫਿਰ ਸ਼ੇਰ ਖਾਂ ਬਣ ਗਿਆ। ਸੰਨ 1267 ਵਿਚ ਸਾਹਿਬਜ਼ਾਦਾ ਸੁਲਤਾਨ ਮੁਹੰਮਦ ਨੂੰ ਗਵਰਨਰ ਬਣਾਇਆ ਜੋ 1285 ਤਕ ਰਿਹਾ। ਇਸ ਤੋਂ ਬਾਅਦ 1290 ਤੋਂ 1421 ਤਕ ਬਲਵਾਨ ਖ਼ਾਨਦਾਨ ਤੁਰਕਾਂ ਖਿਲਜੀ ਤੁਗਲਕ ਖਾਨਦਾਨਾਂ ਦੇ ਬਾਦਸ਼ਾਹਾਂ ਅਤੇ ਸਈਅਦ ਸੁਲਤਾਨਾਂ ਅਧੀਨ ਰਿਹਾ। 1421 ਤੋਂ ਸ਼ੇਖ ਸਲੀਮ ਵੀ ਬਠਿੰਡਾ ਦਾ ਗਵਰਨਰ ਰਿਹਾ ਪਰ 1430 ਵਿਚ ਗ਼ੁਲਾਮ ਵੰਸ਼ ਦਾ ਫ਼ੌਲਾਦ ਤੁਰਕ ਬਾਚਾ ਕਾਬਜ਼ ਹੋ ਗਿਆ।

ਬਠਿੰਡੇ ਦਾ ਇਤਿਹਾਸਕ ਕਿਲ੍ਹਾ ਜਿਸ ਵਿਚਲਾ ਗੁਰਦੁਆਰਾ ਅੱਜ ਬਠਿੰਡੇ ਦੀ ਜਾਨ ਬਣ ਗਿਆ ਹੈ

ਇਸ ਤੋਂ ਬਾਅਦ ਕਈ ਕਿਲ੍ਹੇਦਾਰ ਬਣੇ ਤੇ ਬਦਲੇ। ਸੰਨ 1526 ਤੋਂ 1540 ਤਕ ਬਾਬਰ, 1540 ਤੋਂ 1555 ਤਕ ਅਫ਼ਗਾਨ ਦੇ ਸੂਰੀ ਬਾਦਸ਼ਾਹ ਅਤੇ 1556 ਤੋਂ 1706 ਤਕ ਤੈਮੂਰ ਬਾਦਸ਼ਾਹ ਅਧੀਨ ਰਿਹਾ। ਬਹੁਤ ਵੱਡੇ ਇਤਿਹਾਸ ਨੂੰ ਸਿਰਜਣ ਵਾਲਾ ਇਹ ਕਿਲ੍ਹਾ ਉਸ ਦਿਨ ਤੋਂ ਤੀਰਥ ਬਣ ਗਿਆ ਜਦ ਇਸ ਕਿਲ੍ਹੇ ਵਿਚ 22 ਜੂਨ 1706 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਪਾਵਨ ਚਰਨ ਪਾ ਕੇ ਇਕ ਹਫ਼ਤਾ ਨਿਵਾਸ ਕੀਤਾ। ਇਹ ਕਿਲ੍ਹਾ 1753 ਅਤੇ ਫਿਰ 1771 ਵਿਚ ਬਾਬਾ ਆਲਾ ਸਿੰਘ ਪਟਿਆਲਾ ਦੇ ਅਧੀਨ ਵੀ ਰਿਹਾ। ਇਸ ਦਰਮਿਆਨ ਸਾਬੋ ਗਿਆਨ ਦੇ ਸਰਦਾਰ ਜੋਧ ਸਿੰਘ ਨੇ ਵੀ ਜਬਰੀ ਕਬਜ਼ਾ ਰੱਖਿਆ। 

ਮਹਾਰਾਜਾ ਕਰਮ ਸਿੰਘ ਨੇ 1843 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਵਾ ਕੇ ਕਿਲ੍ਹੇ ਦਾ ਨਾਂ ਗੋਬਿੰਦਗੜ੍ਹ ਰਖਿਆ। ਕਿਲ੍ਹੇ ਦੇ ਅੰਦਰ ਉਹ ਪੁਰਾਣਾ ਜੰਡ ਵੀ ਮੌਜੂਦ ਹੈ ਜਿਸ ਨਾਲ ਗੁਰੂ ਸਾਹਿਬ ਨੇ ਅਪਣਾ ਘੋੜਾ ਬੰਨਿ੍ਹਆ ਸੀ। ਬਠਿੰਡੇ ਦਾ ਇਹ ਕਿਲ੍ਹਾ ਬਠਿੰਡੇ ਦੀ ਆਧਾਰਸ਼ਿਲਾ ਹੈ, ਬਠਿੰਡੇ ਦੇ ਪ੍ਰਾਣ ਹਨ, ਬਠਿੰਡੇ ਦੀ ਆਤਮਾ ਹੈ। ਬਠਿੰਡੇ ਦਾ ਮਾਣ ਸਤਿਕਾਰ ਕਿਲ੍ਹੇ ਨਾਲ ਹੈ। ਇਹ ਕਿਲ੍ਹਾ ਪੰਜਾਬ ਦਾ ਮੁਕਟ ਹੈ। ਕਿਲ੍ਹੇ ਦੀਆਂ ਅਨੇਕਾਂ ਵਿਸ਼ੇਸ਼ਤਾਵਾਂ ਕਾਰਨ ਇਹ ਹਮੇਸ਼ਾਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ।

ਕਿਲ੍ਹੇ ਦੇ ਅੰਦਰ ਪਈਆਂ ਤੋਪਾਂ ਜਿਹੜੀਆਂ ਕਿ 16ਵੀਂ ਸਦੀ ਵਿਚ ਬਾਬਰ ਦੇ ਸਮੇਂ ਇੱਥੇ ਲਿਆਂਦੀਆਂ ਗਈਆਂ ਵੀ ਖਿੱਚ ਦਾ ਕੇਂਦਰ ਹਨ। ਇਸ ਕਿਲ੍ਹੇ ਦੀ ਉਚਾਈ ਬਹੁਤ ਜਿਆਦਾ ਹੈ, ਜੇਕਰ ਰਾਤ ਸਮੇਂ ਇਸ ਦੇ ਸਿਖਰ ਤੇ ਚੜ੍ਹ ਕੇ ਸ਼ਹਿਰ ਦਾ ਨਜ਼ਾਰਾ ਦੇਖੀਏ ਤਾਂ ਇੰਜ ਜਾਪਦਾ ਹੈ ਕਿ ਬਠਿੰਡੇ ਦੀ ਹਰ ਰਾਤ ਦੀਵਾਲੀ ਦੀ ਰਾਤ ਹੈ। ਇਹ ਕਿਲ੍ਹਾ ਵੀਹ ਅਗੱਸਤ 1948 ਤਕ ਰਿਆਸਤ ਪਟਿਆਲਾ ਦਾ ਹਿੱਸਾ ਰਿਹਾ ਅਤੇ ਅੱਜ ਕੇਂਦਰ ਦੇ ਪੁਰਾਤੱਤਵ ਵਿਭਾਗ ਪਾਸ ਹੈ। ਕਿਲ੍ਹੇ ਦੇ ਦੋ ਬੁਰਜ 1958 ਅਤੇ ਗੁਰਦੁਆਰਾ ਸਾਹਿਬ ਵਾਲਾ ਹਿੱਸਾ 1928 ਵਿਚ ਢਹਿ ਗਏ ਸੀ

ਜਿਸ ਕਾਰਨ ਗੁਰਦੁਆਰਾ ਸਾਹਿਬ ਨੂੰ ਢੁਕਵੇਂ ਉੱਚੇ ਥਾਂ ਤੇ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਕਿਲ੍ਹੇ ਦੇ ਪ੍ਰਵੇਸ਼ ਦੁਆਰ ਤੇ ਸੌ ਸੌ ਕਿੱਲਾਂ ਵਾਲੇ ਦੋ ਮਜ਼ਬੂਤ ਦਰਵਾਜ਼ੇ ਹਨ ਜਿਹੜੇ ਹਾਥੀਆਂ ਰਾਹੀਂ ਵੀ ਨਹੀਂ ਸੀ ਟੁਟਦੇ। ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਬੰਦੀਖਾਨਾ ਅਤੇ ਪਹਿਰੇਦਾਰਾਂ ਲਈ ਆਹਮੋ ਸਾਹਮਣੇ ਕਮਰੇ ਬਣੇ ਹੋਏ ਹਨ। ਦਰਵਾਜ਼ੇ ਦੇ ਨਾਲ ਸੰਮਨ ਬੁਰਜ ਹੈ ਜਿੱਥੇ ਬੇਗ਼ਮ ਰਜ਼ੀਆ ਸੁਲਤਾਨਾ ਨੂੰ ਬੰਦੀ ਬਣਾ ਕੇ ਰਖਿਆ ਗਿਆ ਸੀ। ਕਿਲ੍ਹੇ ਅੰਦਰ ਹਨੂੰਮਾਨਗੜ੍ਹ ਤਕ ਸੁਰੰਗ ਜਾਣ ਦੀ ਕਹਾਣੀ ਵੀ ਪ੍ਰਚਲਿਤ ਹੈ ਪਰ ਅੱਜ ਤਕ ਇਸ ਦਾ ਕੋਈ ਵਜੂਦ ਨਹੀਂ ਮਿਲਦਾ।

ਕੁੱਝ ਬਜ਼ੁਰਗ ਹਾਜੀ ਰਤਨ ਜਾਣ ਵਾਲੀ ਸੁਰੰਗ ਦਾ ਵੀ ਜ਼ਿਕਰ ਕਰਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਕਿਲ੍ਹੇ ਦੀ ਹਾਲਤ ਖ਼ਸਤਾ ਹੈ ਪਰ ਕਿਲੇ ਦੇ ਕੱੁਝ ਹਿੱਸਿਆਂ ਦੀ ਮੁਰੰਮਤ ਵੀ ਕੀਤੀ ਗਈ ਹੈ। ਉਂਜ ਅੱਜਕੱਲ ਦੇਖਣ ਵਿਚ ਆਇਆ ਹੈ ਕਿ ਕਿਲ੍ਹੇ ਦੀ ਰਿਪੇਅਰ ਲਈ ਕਿਤੇ ਨਾ ਕਿਤੇ ਕਰੰਡੀ ਖੜਕਦੀ ਰਹਿੰਦੀ ਹੈ ਪਰ ਫਿਰ ਵੀ ਇਕ ਮਹਾਨ ਇਤਿਹਾਸ ਸਾਂਭੀ ਬੈਠੇ ਇਸ ਕਿਲ੍ਹੇ ਦੀ ਸਾਂਭ ਸੰਭਾਲ ਲਈ ਪੰਜਾਬ ਅਤੇ ਭਾਰਤ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।

ਪਿੰਡ ਤੇ ਡਾਕ ਸਿਵੀਆਂ, ਬਠਿੰਡਾ   , ਹਰਮੀਤ ਸਿਵੀਆਂ
ਮੋ. 8054757806