ਖ਼ਾਲਸਾ ਰਾਜਧਾਨੀ ਕਿਲ੍ਹਾ ਲੋਹਗੜ੍ਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਖ਼ਾਲਸਾ ਰਾਜਧਾਨੀ ਲੋਹਗੜ੍ਹ ਦੁਨੀਆਂ ਦਾ ਸੱਭ ਤੋਂ ਵੱਡਾ ਕਿਲ੍ਹਾ ਹੈ

Khalsa capital fort Lohgarh


‘‘ਇਨ ਗਰੀਬ ਸਿੱਖਨ ਕਉ ਦੇਊਂ ਪਾਤਸ਼ਾਹੀ॥
ਯਾਦ ਕਰਹਿ ਹਮਰੀ ਗੁਰਿਆਈ॥’’

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਪਰੋਕਤ ਮਹਾਂਵਾਕ ਨੂੰ ਸਾਕਾਰ ਰੂਪ ਦਿਵਾਉਣ ਦਾ ਮੁੱਢ ਜਿਸ ਇਤਿਹਾਸਕ ਕਿਲੇ੍ਹ ਚੋਂ ਬਝਿਆ, ਉਸ ਕਿਲੇ੍ਹ ਦਾ ਨਾਂ ਇਤਿਹਾਸ ਵਿਚ ‘ਕਿਲ੍ਹਾ ਲੋਹਗੜ੍ਹ’ ਹੈ। ਬੇਸ਼ੱਕ ਇਸ ਕਿਲ੍ਹੇ ਨੇ ਖੰਡਰ ਹੋਏ ਪੰਜਾਬ ਭਾਰਤ ਦੇ ਥੇਹ ਉੱਤੇ ਮੁੜ ਸਵੈ-ਰਾਜ (ਖ਼ਾਲਸਾ ਰਾਜ) ਦਾ ਝੰਡਾ ਝੁਲਾਇਆ ਅਤੇ ਆਬਾਦ ਕੀਤਾ ਪਰ ਅਫ਼ਸੋਸ ਆਪ ਇਹ ਕਿਲ੍ਹਾ ਖੰਡਰਾਤ ਹੀ ਬਣਿਆ ਪਿਆ ਹੈ।
ਖੰਡਰੋਂ ਸੇ ਮਾਲੂਮ ਹੋਤਾ ਹੈ ਕਿਲ੍ਹਾ ਆਲੀਸ਼ਾਨ ਥਾ
ਫ਼ਾਰਸੀ ਗ੍ਰੰਥ ਇਬਰਤਨਾਮਾ ਅਨੁਸਾਰ: ਬੰਦਾ ਸਿੰਘ ਬਹਾਦਰ ਨੇ ਦੋ ਪਹਾੜਾਂ ਦੇ ਦਰਮਿਆਨ ਆਕਾਸ਼ ਦੇ ਦਬਦਬੇ ਵਾਲੇ ਕਿਲ੍ਹੇ, ਜਿਸ ਦੇ ਇਕ ਪਾਸੇ ਲੰਮਾ ਚੌੜਾ ਮੈਦਾਨ ਸੀ ਤੇ ਦੂਜੇ ਪਾਸੇ ਕਰੀਬੀਆਂ ਦੇ ਠਹਿਰਨ ਲਈ ਜਗ੍ਹਾ ਬਣਾਈ।
ਬੰਦਾ ਸਿੰਘ ਬਹਾਦਰ ਫ਼ਾਰਸੀ ਸਰੋਤ ਗ੍ਰੰਥ ਦੇ ਸੰਪਾਦਕ ਮੁਤਾਬਕ : ‘‘ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨਾਮੀ ਇਹ ਕਿਲ੍ਹਾ ਸ਼ਾਹਜਹਾਨ ਦੇ ਸਮੇਂ ਬਣੇ ਮੁਖ਼ਲਿਸਗੜ੍ਹ ਦੀ ਮੁਰੰਮਤ ਕਰ ਕੇ ਤਿਆਰ ਕੀਤਾ ਸੀ।’’

Khalsa capital fort Lohgarh

ਡਾ. ਗੰਡਾ ਸਿੰਘ ਅਨੁਸਾਰ :
ਰਾਜਸੀ ਤਾਕਤ ਬਣ ਜਾਣ ਨਾਲ ਬੰਦਾ ਸਿੰਘ ਨੇ ਮੁਖਲਿਸਗੜ੍ਹ ਦੇ ਕਿਲ੍ਹੇ ਨੂੰ ਅਪਣੀ ਰਾਜਧਾਨੀ ਥਾਪਿਆ ਅਤੇ ਇਸ ਨੂੰ ਅਪਣੀਆਂ ਅਗਲੀਆਂ ਮੁਹਿੰਮਾਂ ਲਈ ਆਧਾਰ ਕੇਂਦਰ ਬਣਾਇਆ। ਪ੍ਰੰਤੂ ਨਵੀਂ ਅਤੇ ਗਹਿਰੀ ਖੋਜ ਇਸ ਕਿਲ੍ਹੇ ਦੀ ਕਹਾਣੀ ਵਖਰੀ ਤਰ੍ਹਾਂ ਦਰਸਾਉਂਦੀ ਹੈ।
ਖ਼ਾਲਸਾ ਰਾਜਧਾਨੀ ਲੋਹਗੜ੍ਹ ਦੁਨੀਆਂ ਦਾ ਸੱਭ ਤੋਂ ਵੱਡਾ ਕਿਲ੍ਹਾ ਹੈ। ਖੋਜੀ ਤੇ ਲੇਖਕ ਗਗਨਦੀਪ ਸਿੰਘ ਦੀ ਡੀ.ਡੀ.ਪੀ.ਓ. ਯਮੁਨਾ ਨਗਰ ਅਤੇ ਗੁਰਵਿੰਦਰ ਸਿੰਘ ਚੇਅਰਮੈਨ ਲੋਹਗੜ੍ਹ ਟਰੱਸਟ ਮੁਤਾਬਕ ਸਿੱਖ ਰਾਜ ਦੀ (ਖ਼ਾਲਸਾ ਤਖ਼ਤ ਦੀ) ਰਾਜਧਾਨੀ ਕਿਲ੍ਹਾ ਲੋਹਗੜ੍ਹ ਕੋਈ 1710 ਈ. ਵਿਚ ਰਖਿਆ ਨਾਂ ਨਹੀਂ ਹੈ ਸਗੋਂ ਲੋਹਗੜ੍ਹ ਕਿਲ੍ਹੇ ਦੀ ਨੀਂਹ ਸਿੱਖ ਤਵਾਰੀਖ ਵਿਚ 1609 ਈ. ਵਿਚ ਰੱਖੀ ਗਈ ਸੀ। ਸੱਭ ਤੋਂ ਪਹਿਲਾਂ ਇਸੇ ਨਾਂ ਦਾ ਕਿਲ੍ਹਾ ਗੁਰੂ ਦਾ ਚੱਕ, ਚੱਕ ਰਾਮਦਾਸ (ਹੁਣ ਅੰਮ੍ਰਿਤਸਰ) ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ, ਜਿਥੇ ਅੱਜਕਲ ਗੁਰਦੁਆਰਾ ਲੋਹਗੜ੍ਹ ਸੁਸ਼ੋਭਤ ਹੈ। ਦੂਜਾ ਲੋਹਗੜ੍ਹ ਗੁਰੂ ਹਰਿਰਾਏ ਜੀ ਨੇ ਨਾਹਨ ਰਿਆਸਤ ਵਿਚ ਬਣਾਉਣਾ ਸ਼ੁਰੂ ਕੀਤਾ ਸੀ।

Guru Gobind Singh Ji

ਉਨ੍ਹਾਂ ਨੇ ਇਸ ਕਿਲੇ੍ਹ ਦੀ ਉਸਾਰੀ ਸੰਨ 1645 ਤੋਂ 1657 ਈ: ਦਰਮਿਆਨ ਕੀਤੀ ਸੀ। ਇਸ ਤੋਂ ਮਗਰੋਂ ਇਸ ਦੀ ਉਸਾਰੀ ਭਾਈ ਲੱਖੀ ਸ਼ਾਹ ਵਣਜਾਰੇ ਦੇ ਟਾਂਡੇ ਵਿਚ ਸ਼ਾਮਲ ਜਵਾਨਾਂ ਨੇ ਕੀਤੀ ਸੀ। ਸੰਨ 1685 ਤੋਂ 1688 ਈ. ਤਕ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਰਹੇ ਸਨ। ਗੁਰੂ ਸਾਹਿਬ ਜੀ ਵੀ ਇਸ ਦੀ ਉਸਾਰੀ ਦੀ ਨਿਗਰਾਨੀ ਕਰਦੇ ਰਹੇ ਸਨ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਵੀ ਇਕ ਕਿਲ੍ਹਾ ‘ਲੋਹਗੜ੍ਹ’ ਦੇ ਨਾਮ ਹੇਠ ਬਣਵਾਇਆ ਸੀ, ਉਸ ਵਿਚ ਇਕ ਹਥਿਆਰ ਬਣਵਾਉਣ ਦਾ ਕਾਰਖ਼ਾਨਾ ਵੀ ਲਗਾਇਆ ਗਿਆ ਸੀ ਜਿਸ ਵਿਚ ਸਿਕਲੀਗਰ, ਵਣਜਾਰੇ, ਰਾਜੂਪਤ ਸਿੱਖ ਹਥਿਆਰ ਬਣਾਇਆ ਕਰਦੇ ਸਨ। ਲੋਹਗੜ੍ਹ ਕਿਲ੍ਹੇ ਦੀ ਕਿਲ੍ਹਾਬੰਦੀ, ਬਹੁਤ ਵੱਡੇ ਰਕਬੇ ਵਿਚ ਮੁਗ਼ਲਾਂ ਦੀ ਬਹੁਤ ਵੱਡੀ ਫ਼ੌਜ ਦਾ ਟਾਕਰਾ ਕਰਨ ਲਈ ਅਤੇ ਸੁਰੱਖਿਆ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਇਸ ਦਾ ਖੇਤਰਫ਼ਲ 7200 ਏਕੜ ਅਤੇ ਘੇਰਾ 50 ਕਿਲੋਮੀਟਰ ਦੇ ਲਗਭਗ ਫੈਲਿਆ ਹੋਇਆ ਹੈ, ਜਿਹੜਾ ਨਾਹਨ ਦੀ ਪੁਰਾਣੀ ਰਿਆਸਤ ਦਾ ਹਿੱਸਾ ਸੀ ਤੇ ਹੁਣ ਹਿਮਾਚਲ ਦੇ ਸਿਰਮੌਰ ਜ਼ਿਲ੍ਹਾ ਅਤੇ ਹਰਿਆਣੇ ਦੇ ਯਮੁਨਾ ਨਗਰ ਜ਼ਿਲ੍ਹੇ ਵਿਚ ਸ਼ਾਮਲ ਹੈ। ਪੁਰਾਤਤਵ ਵਿਭਾਗ ਦੀ ਗਵਾਹੀ ਅਤੇ ਕਿਲ੍ਹਾ ਲੋਹਗੜ੍ਹ ਦੇ ਸਮੇਂ ਅਤੇ ਗਤੀ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਐਡੀ ਵੱਡੀ ਵਿਸ਼ਾਲ ਉਸਾਰੀ ਦੇ ਮੁਕੰਮਲ ਹੋਣ ’ਤੇ ਅਤੇ ਕਿਲ੍ਹਾ ਬੰਦੀਕਰਨ ’ਤੇ 70-80 ਸਾਲ ਲੱਗੇ ਹੋਣਗੇ।

Khalsa capital fort Lohgarh

ਕਿਲ੍ਹੇ ਦੀ ਪਛਮੀ ਵੱਖੀ ਸ਼ਿਵਾਲਿਕ ਦੀਆਂ ਅਤਿ ਨੀਵੀਆਂ ਧਰਾਤਲਾਂ ਵਿਚ ਦਾਬਰ ਹਿੱਲ ਦੇ ਵਿਚਕਾਰਲੇ ਹਿੱਸੇ ਨੂੰ ਜੰਗੀ ਮੈਦਾਨ ਵਜੋਂ ਚੁਣਿਆ ਹੋਇਆ ਸੀ। ਕਿਲ੍ਹੇ ਦਾ ਦਖਣੀ ਪਾਸਾ ਮੈਦਾਨੀ ਖੇਤਰ ਦੇ ਸਾਹਮਣੇ ਹੈ। ਕਿਲ੍ਹੇ ਦਾ ਪੂਰਬੀ ਹਿੱਸਾ ਪੂਰੀ ਤਰ੍ਹਾਂ ਜੰਗਲਾਂ ਨੇ ਢਕਿਆ ਹੋਇਆ ਹੈ। ਕਦੇ ਇਹ ਦੁਨੀਆਂ ਦਾ ਸੱਭ ਤੋਂ ਵੱਡਾ ਕਿਲ੍ਹਾ ਸੀ ਤੇ ਇਹ 200 ਦੇ ਕਰੀਬ ਪਹਾੜੀਆਂ ਜਿਹੜੀਆਂ ਛੋਟੀਆਂ ਵੱਡੀਆਂ ਹਨ, ਵਿਚ ਫੈਲਿਆ ਹੋਇਆ ਸੀ। ਇਸ ਦੀ ਕਿਲ੍ਹਾਬੰਦੀ ਮਜ਼ਬੂਤ ਫ਼ਸੀਲਾਂ, ਚੌੜੀਆਂ ਦੀਵਾਰਾਂ ਨਾਲ ਕੀਤੀ ਹੋਈ ਸੀ। ਇਹ ਵੀ ਕਮਾਲ ਹੈ ਕਿ ਇਹ ਕਿਲ੍ਹਾ ਗੁਰੂ ਸਾਹਿਬਾਂ ਦੀ ਅਗਵਾਈ ਹੇਠ ਲੱਖੀ ਰਾਏ ਵਣਜਾਰਾ ਆਦਿ ਨੇ ਆਮ ਲੋਕਾਂ ਰਾਹੀਂ ਬਣਵਾਇਆ ਸੀ ਨਾ ਕਿ ਕਿਸੇ ਬਾਦਸ਼ਾਹ ਨੇ।

Khalsa capital fort Lohgarh

ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਇਹ ਕਿਲ੍ਹਾ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਮੁਗ਼ਲ ਸਰਕਾਰ ਨਾਲ ਸਿੱਖਾਂ ਵਲੋਂ ਜ਼ਬਰਦਸਤ ਟੱਕਰ ਲੈਣ ਅਤੇ ਇਸ ਅਸਥਾਨ ਨੂੰ ਖ਼ਾਲਸਾ ਰਾਜਧਾਨੀ ਕਾਇਮ ਕਰਨ ਦੀ ਯੋਜਨਾ ਪਿਛਲੇ ਲੰਮੇ ਸਮੇਂ ਤੋਂ ਜਾਰੀ ਸੀ। ਸੋ ਨਾਂਦੇੜ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ‘ਹਲੇਮੀ ਰਾਜ’ ਨੂੰ ਕਾਇਮ ਕਰਨ ਹਿਤ ਬੰਦਾ ਸਿੰਘ ਬਹਾਦਰ ਨੂੰ ਸਿੱਖ ਰਾਜ ਦਾ ਯੋਗ ਜਰਨੈਲ ਸਥਾਪਤ ਕਰ ਕੇ ਪੰਜਾਬ ਵਲ ਤੋਰਿਆ ਅਤੇ ਜਦੋਂ ਬੰਦਾ ਸਿੰਘ ਬਹਾਦਰ ਨੇ ਸਮਾਣਾ, ਘੁੜਾਮ, ਸਨੌਰ, ਠਸਕਾ, ਮੀਰ ਜੀ, ਕੁੰਜਪੁਰਾ, ਸ਼ਾਹਬਾਦ, ਦਾਮਲਾ, ਮੁਸਤਫ਼ਾਬਾਦ, ਕਪੂਰੀ ਅਤੇ ਸਢੋਰਾ ਫ਼ਤਹਿ ਕਰ ਲਏ ਤਾਂ ਦਸੰਬਰ 1709 ਈ. ਵਿਚ ਲੋਹਗੜ੍ਹ ਨੂੰ ਖ਼ਾਲਸਾ ਰਾਜਧਾਨੀ ਬਣਾਇਆ ਤੇ ਐਲਾਨਿਆ। ਗੁਰੂ ਨਾਨਕ ਸਾਹਿਬ ਜੀ ਵਲੋਂ ਕੀਤੀ ਗਈ ਨਿਸ਼ਾਨਦੇਹੀ ਅਤੇ ਬਾਕੀ ਗੁਰੂ ਸਾਹਿਬਾਨ ਵਲੋਂ ਸਮੇਂ ਸਮੇਂ ’ਤੇ ਤਿਆਰ ਕੀਤਾ ਗਿਆ ਕਿਲ੍ਹਾ ਲੋਹਗੜ੍ਹ ਸ਼ਿਵਾਲਿਕ ਪਹਾੜੀਆਂ ਵਿਚ ਯਮੁਨਾ ਤੋਂ ਲੈ ਕੇ ਮਾਰਕੰਡੇ ਨਦੀ ਅਤੇ ਘੱਗਰ ਦਰਿਆ (ਪਿੰਜੌਰ) ਦੇ ਵਿਚਕਾਰ ਸਥਿਤ ਹੈ ਜੋ ਕਿ ਪੂਰੇ ਦਾ ਪੂਰਾ ਪੁਆਧ ਖੇਤਰ ਵਿਚ ਪੈਂਦਾ ਹੈ।

ਬੰਦਾ ਸਿੰਘ ਬਹਾਦਰ ਨੇ ਇਸੇ ਕਿਲ੍ਹੇ ਦੀਆਂ ਦੀਵਾਰਾਂ ਬੁਰਜ਼ ਅਤੇ ਪੱਕੇ ਮੋਰਚੇ ਬਣਾ ਕੇ ਇਸ ਨੂੰ ਵਧੇਰੇ ਮਹਿਫ਼ੂਜ਼ ਬਣਾ ਲਿਆ। ਇਸ ਕਿਲ੍ਹੇ ਵਿਚ ਖ਼ਜ਼ਾਨਾ, ਹਥਿਆਰ ਅਤੇ ਅਨਾਜ ਆਦਿ ਦੀ ਸੰਭਾਲ ਵਾਸਤੇ ਜ਼ਰੂਰਤ ਅਨੁਸਾਰ ਇੰਤਜ਼ਾਮ ਸਨ। ਇੰਝ ਹੀ ਉਨ੍ਹਾਂ ਫ਼ੌਜੀਆਂ, ਜਿਨ੍ਹਾਂ ਨਾਲ ਪ੍ਰਵਾਰ ਵੀ ਸਨ ਰਹਿਣ ਵਾਸਤੇ ਸ਼ਹਿਰ ਵਸਾਇਆ ਹੋਇਆ ਸੀ। ਇਸੇ ਕਿਲ੍ਹੇ ਵਿਚ ਸਥਾਪਤ ਖ਼ਾਲਸਾ ਰਾਜਧਾਨੀ ਸਰਕਾਰ-ਏ-ਖ਼ਾਲਸਾ ਵਲੋਂ ਖ਼ਾਲਸਾ ਰਾਜ ਦਾ ਸੋਨੇ ਦਾ ਸਿੱਕਾ ਜਾਰੀ ਕੀਤਾ ਗਿਆ ਸੀ। ਉਸ ਸਿੱਕੇ ’ਤੇ ਫ਼ਾਰਸੀ ਵਿਚ ਲਿਖਿਆ ਗਿਆ ਸੀ, ਜਿਸ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਸੀ : ‘‘ਦੋਹਾਂ ਜਹਾਨਾਂ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ ਹੈ। ਗੁਰੂ ਨਾਨਕ ਦੀ ਤੇਗ਼ ਹਰੇਕ ਦਾਤ ਬਖ਼ਸ਼ਦੀ ਹੈ, ਅਕਾਲ ਪੁਰਖ ਦੇ ਫ਼ਜ਼ਲ ਨਾਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਦੀ ਫ਼ਤਹਿ ਹੋਈ ਹੈ।’’

Baba Banda Singh Bahadur

ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ : ‘‘ਦੁਨੀਆਂ ਦੇ ਸਕੂਨ ਭਰੇ ਥਾਂ, ਜੰਨਤ ਵਰਗੇ ਸ਼ਹਿਰ, ਭਾਗਵਾਲੇ ਖ਼ਾਲਸਾ ਤਖ਼ਤ ਦੀ ਰਾਜਧਾਨੀ ਵਿਚੋਂ ਜਾਰੀ ਹੋਇਆ।’’
ਫ਼ਾਰਸੀ ਸ਼ਬਦ :
ਇਕ ਪਾਸੇ :
‘‘ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ਼ਿ ਨਾਨਕ ਸਾਹਿਬ ਅਸਤ।
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਂ ਫ਼ਜ਼ਲਿ ਸੱਚਾ ਸਾਹਿਬ ਅਸਤ।’’
ਦੂਜੇ ਪਾਸੇ :
ਜ਼ਰਬਿ ਅਮਾਨੁਲ ਦਹਿਰ ਮੁਸੱਵਰਤ ਸ਼ਹਿਰ
ਜ਼ੀਨਤ ਅਲ ਤਖ਼ਤ ਖ਼ਾਲਸਾ ਮੁਬਾਰਕ ਬਖ਼ਤ।’’
ਸਿੱਖ ਰਾਜ ਦੀ ਮੋਹਰ ਜਾਰੀ ਹੋਈ, ਜਿਸ ਵਿਚ ਲਿਖਿਆ ਸੀ -
‘‘ਦੇਗ਼ੋ ਤੇਗ਼ੋ ਫ਼ਤਹਿ-ਓ-ਨੁਸਰਤ ਬਦਿਰੰਗ।
ਯਾਫ਼ਤ ਅਜ਼ ਨਾਨਕ-ਗੁਰੂ ਗੋਬਿੰਦ ਸਿੰਘ।’’
ਭਾਵ ਦੇਗ਼ ਤੇਗ਼ ਅਤੇ ਫ਼ਤਹਿ ਬਿਨਾ ਕਿਸੇ ਦੇਰੀ ਤੋਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਸਲ ਹੋਈ।

14 ਜੂਨ 1710 ਈ. ਸਰਹੰਦ ਦੀ ਫ਼ਤਹਿ ਦੇ ਦਿਨ ਤੋਂ ਹੀ ਇਸ ਕਿਲ੍ਹੇ ਵਿਚ ਸਥਾਪਤ ਰਾਜਧਾਨੀ ਵਿਚੋਂ ਨਵਾਂ ਸੰਮਤ ਵੀ ਜਾਰੀ ਕੀਤਾ ਗਿਆ।
ਇਥੇ ਹੀ ਬੱਸ ਨਹੀਂ, ਖ਼ਾਲਸਾ ਰਾਜਧਾਨੀ ਕਿਲ੍ਹਾ ਲੋਹਗੜ੍ਹ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਿਛਲੇ ਲੰਮੇ ਸਮੇਂ ਤੋਂ ਜ਼ਮੀਨਾਂ ਵਾਹ ਰਹੇ ਕਿਸਾਨਾਂ ਨੂੰ ਮਾਲਕਾਨਾ ਹੱਕ ਦੇ ਕੇ ਸੱਭ ਤੋਂ ਪਹਿਲਾਂ ਕਾਨੂੰਨੀ ਮਾਨਤਾ ਦਿਤੀ। ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰੀ ਕਿਸੇ ਰਾਜੇ ਵਲੋਂ ਲੋਕ ਹਿਤੁ ਅਜਿਹਾ ਫ਼ੈਸਲਾ ਲਿਆ ਗਿਆ ਸੀ ਕਿ ਸਮਾਜ ਵਿਚ ਰਾਜਸੀ, ਸਮਾਜਕ ਅਤੇ ਆਰਥਕਤਾ ਦੇ ਆਧਾਰ ’ਤੇ ਸਭ ਮਨੁੱਖ ਬਰਾਬਰ ਹੋਣ। ਇਹ ਕੰਮ ਫਰਾਂਸ ਦੀ ਕਰਾਂਤੀ ਤੋਂ ਲਗਭਗ 70 ਸਾਲ ਪਹਿਲਾਂ ਹੋਇਆ ਸੀ, ਪਰ ਦੁਨੀਆਂ ਭਰ ਵਿਚ ਇਸ ਗੱਲ ਨੂੰ ਪ੍ਰਚਾਰਿਆ ਨਹੀਂ ਗਿਆ।

ਕਿਲ੍ਹਾ ਲੋਹਗੜ੍ਹ ’ਤੇ ਮੁਗ਼ਲਾਂ ਦਾ ਅਸਲ ਕਬਜ਼ਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਜੂਨ 1716 ਈ. ਤੋਂ ਮਗਰੋਂ ਹੀ ਹੋਇਆ ਸੀ ਜਦ ਉਨ੍ਹਾਂ ਨੇ ਇਸ ਕਿਲ੍ਹੇ ਨੂੰ ਢਾਹੁਣਾ ਸ਼ੁਰੂ ਕਰ ਦਿਤਾ ਸੀ। ਇਸ ਕਿਲੇ੍ਹ ਨੂੰ ਢਾਹੁਣ ਵਾਸਤੇ ਵੀ 20 ਸਾਲ ਤੋਂ ਵੱਧ ਸਮਾਂ ਲੱਗਾ ਸੀ।’’ ਸੋ ਪੁਆਧ ਖੇਤਰ ਦੇ ਲੋਕਾਂ ਨੂੰ ਇਸ ਗੱਲ ’ਤੇ ਵੀ ਮਾਣ ਹੈ ਕਿ ਸਦੀਆਂ ਤੋਂ ਕਾਇਮ ਮੁਗ਼ਲਾਂ ਦੀ ਗ਼ੁਲਾਮੀ ਤੋਂ ਆਜ਼ਾਦੀ ਲੈਣ ਦੀ ‘ਜੇਤੂ ਜੰਗ’ ਪੁਆਧ ਦੇ ਮੈਦਾਨ ਚਪੜਚਿੱੜੀ ਵਿਚ ਹੋਈ। ਸੂਬੇਦਾਰ ਵਜ਼ੀਰ ਖ਼ਾਨ ਮਾਰਿਆ ਗਿਆ। ਸਿੱਖ ਸਰਦਾਰਾਂ ਨੇ ਮੁਗ਼ਲਈ ਪ੍ਰਬੰਧ ਨੂੰ ਤਾਰ ਤਾਰ ਕਰ ਕੇ,  ਖ਼ਾਲਸਾਈ ਰਾਜ ਪ੍ਰਬੰਧ ਲਾਗੂ ਕੀਤਾ। ਦੂਜਾ ਖ਼ਾਲਸਾ ਰਾਜ ਦੀ ਪਹਿਲੀ ਰਾਜਧਾਨੀ ਪੁਆਧ ਖੇਤਰ ਦੇ ਕਿਲ੍ਹਾ ਲੋਹਗੜ੍ਹ ਵਿਚ ਸਥਾਪਤ ਹੋਣੀ ਹੋਰ ਵੀ ਪੁਆਧੀਆਂ ਲਈ ਗੌਰਵਸ਼ਾਲੀ ਹੈ।

ਰੂਬੀ ਬੁੱਕ ਸਟੋਰ, ਭੰਖਰਪੁਰ
ਮੋਬਾਈਲ : 9878161006
ਗਿ. ਪਰਮਜੀਤ ਸਿੰਘ ਭੰਖਰਪੁਰ