ਮਲੇਰਕੋਟਲਾ ਦਾ ਸ਼ਾਹੀ ਸ਼ਹਿਰ ਜਿਥੋਂ ਹੱਕ ਸੱਚ ਦੀ ਆਵਾਜ਼ ਗੂੰਜੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਮਲੇਰਕੋਟਲਾ ਦੇ ਨਵਾਬ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਿਰੁਧ ਦਿੱਲੀ ਦੇ ਹਾਕਮਾਂ ਨੂੰ ਇਤਿਹਾਸਕ ਚਿੱਠੀ ਲਿਖੀ

Royal city of Malerkotla

 

ਮਲੇਰਕੋਟਲਾ ਦੀ ਨਵਾਬੀ ਰਿਆਸਤ ਅਪਣੇ ਸ਼ਾਨਾਂਮੱਤੇ ਇਤਿਹਾਸ ਕਾਰਨ ਅਪਣੀ ਆਨ ਬਾਨ ਅਤੇ ਸ਼ਾਨ ਨਾਲ ਅੱਜ ਵੀ ਕਾਇਮ ਹੈ। ਇਸ ਰਿਆਸਤ ’ਤੇ ਕਿਰਾਰਡ ਅਨੁਸਾਰ 22 ਨਵਾਬਾਂ ਨੇ ਹਕੂਮਤ ਕੀਤੀ ਹੈ। ਇਸ ਤਾਰੀਖ਼ੀ ਰਿਆਸਤ ਦੀਆਂ ਇਤਿਹਾਸਕ ਅਤੇ ਧਾਰਮਕ ਯਾਦਾਂ ਕਰ ਕੇ ਇਸ ਨੂੰ  ਅੱਜ ਵੀ ਯਾਦ ਕੀਤਾ ਜਾਂਦਾ ਹੈ। ਰਿਕਾਰਡ ਅਨੁਸਾਰ ਮਲੇਰਕੋਟਲਾ ਦੀ ਨੀਂਹ 1454 ਈ. ਵਿਚ ਸ਼ੇਖ਼ ਸਦਰੁ-ਦੀਨ ਸਦਰਇ-ਜਹਾਂ ਜਿਨ੍ਹਾਂ ਦਾ ਜਨਮ 1434 ਈ. ਨੂੰ ਅਫ਼ਗ਼ਾਨਿਸਤਾਨ ਦੇ ਸਥਾਨ ਦਰਬੰਦ ਵਿਖੇ ਹੋਇਆ ਸੀ, ਦੇ ਕਰ ਕਮਲਾਂ ਨਾਲ਼ ਰੱਖੀ ਗਈ ਸੀ ਜੋ ਅਫ਼ਗ਼ਾਨਿਸਤਾਨ ਤੋਂ ਇੱਥੇ ਆ ਕੇ ਵਸੇ ਸਨ। ਇਹਨਾਂ ਨੂੰ 57 ਪਿੰਡ ਤਿੰਨ ਲੱਖ ਰੁਪਏ ਜਾਗੀਰ ਵਜੋਂ ਬਹਿਲੋਲ ਲੋਧੀ ਨੇ ਅਨਾਇਤ ਕੀਤੇ ਸਨ। ਇਨ੍ਹਾਂ ਦੀ ਸ਼ਾਦੀ ਵੀ ਬਹਿਲੋਲ ਲੋਧੀ ਦੀਆ ਤਿੰਨ ਬੇਟੀਆਂ ਵਿਚੋਂ ਇਕ ਬੇਟੀ ਨਾਲ ਹੋਈ ਸੀ। ਮਲੇਰਕੋਟਲਾ ਨੂੰ 1656 ਈ. ਵਿਚ ਬਾਯਜ਼ੀਦ ਖ਼ਾਂ ਨੇ ਨਵੇਂ ਸਿਰੇ ਤੋਂ ਤਾਮੀਰ ਕਰਵਾਇਆ ਸੀ ਜਿਸ ਨੂੰ ਅੱਜ ਕਲ ਟਾਊਨ ਆਫ਼ ਉਰਦੂ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਦੇ ਅਵਾਮ ਦੀ ਮਾਤਰ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਉਰਦੂ ਜ਼ੁਬਾਨ ਨੂੰ ਗਲੇ ਲਾਇਆ ਹੋਇਆ ਹੈ। 16ਵੀਂ ਸਦੀ ਤਕ ਪਹਿਲਾ ਨਾਂ ਕੋਟਲਾ ਮਾਲੇਰ ਸੀ ਪਰੰਤੂ ਬਾਯਜ਼ੀਦ ਖ਼ਾ (1600-1659) ਦੇ ਸਮੇਂ ਮਲੇਰਕੋਟਲਾ ’ਚ ਤਬਦੀਲ ਹੋ ਗਿਆ ਸੀ।

MALERKOTLA

ਮਲੇਰਕੋਟਲਾ ਨੂੰ ਰਿਆਸਤਾਂ ਵਿਚੋਂ 10ਵਾਂ ਦਰਜਾ ਹਾਸਲ ਸੀ। ਇਨ੍ਹਾਂ ਨਵਾਬਾਂ ਨੂੰ ਵਾਇਸਰਾਏ ਨਾਲ ਸਿੱਧੇ ਤੌਰ ’ਤੇ ਮਿਲਣ ਦਾ ਰੁਤਬਾ ਮਿਲਿਆ ਹੋਇਆ ਸੀ। ਇਸ ਰਿਆਸਤ ਦਾ 167 ਵਰਗ ਮੀਲ ਰਕਬਾ ਅਤੇ ਆਬਾਦੀ 71174, ਮਾਲੀਆ ਲਗਾਨ ਸਵਾ ਬਾਰਾਂ ਲੱਖ, ਫ਼ੌਜ ਇੰਪੀਰੀਅਲ, ਰਸਾਲੇ ਦੇ 54 ਜਵਾਨ, ਪਲਟਨ ਵਿਚ 600 ਜਵਾਨ, ਦੋ ਤੋਪਾਂ ਅਤੇ ਸਲਾਮੀ 11 ਤੋਪਾਂ ਦੀ ਹਾਸਲ ਸੀ। 2011 ਈ. ਦੀ ਮਰਦਮ ਸ਼ੁਮਾਰੀ ਅਨੁਸਾਰ ਮਲੇਰਕੋਟਲਾ ਦੀ ਆਬਾਦੀ 135330 ਦੱਸੀ ਗਈ ਹੈ। ਪੜ੍ਹੇ ਲਿਖੇ 70.35 ਅਤੇ ਮੁਸਲਿਮ ਆਬਾਦੀ 55 ਫ਼ੀ ਸਦੀ ਹੈ। ਮਲੇਰਕੋਟਲਾ ਦੀਆਂ ਸੀਮਾਵਾਂ ਲੁਧਿਆਣਾ, ਪਟਿਆਲਾ, ਬਰਨਾਲਾ ਨਾਲ ਮਿਲਦੀਆ ਹਨ। ਹਜ਼ਰਤ ਸ਼ੇਖ਼ ਸਦਰ-ਇ-ਜਹਾਂ ਨੂੰ ਰੱਬ ਨੇ ਤਿੰਨ ਪੁੱਤਰਾਂ ਦੀ ਦਾਤ ਨਾਲ ਬਖ਼ਸ਼ਿਆ ਸੀ। ਇਨ੍ਹਾਂ ਦੇ 13 ਰਮਜ਼ਾਨ 1515 ਈ. ਨੂੰ ਇੰਤਕਾਲ ਤੋਂ ਬਾਅਦ ਈਸਾ ਖ਼ਾਂ ਨਾਮੀਂ ਪੁੱਤਰ ਗੱਦੀ ’ਤੇ ਬੈਠਿਆ। ਸਮੇਂ ਦੀ ਕੇਂਦਰ ਸਰਕਾਰ ਨੇ ਇਨ੍ਹਾਂ ਨੂੰ ਅਮੀਰ-ਉਲ-ਉਮਰਾ ਅਤੇ ਸੈਫ਼-ਉਲ-ਮਲੂਕ ਦੀਆਂ ਉਪਾਧੀਆਂ ਨਾਲ ਨਵਾਜ਼ਿਆ ਗਿਆ ਸੀ।

ਇਸ ਤੋਂ ਇਲਾਵਾ ਕਾਦਰ ਆਬਾਦ ਅਤੇ ਨੌਗਾਉਂ ਦੇ ਇਲਾਕੇ ਵੀ ਅਤਾ ਕੀਤੇ ਗਏ ਸਨ। ਬਾਯਜ਼ੀਦ ਦੇ ਪੁੱਤਰ ਸਿਲਸਿਲੇ ਵਾਰ ਗੱਦੀ ’ਤੇ ਬੈਠੇ ਅਤੇ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿਚ ਵੀ ਸ਼ਾਮਲ ਹੋਏ ਸਨ। ਇਨ੍ਹਾਂ ਨੂੰ ਇਨਾਮ ਵਜੋਂ 70 ਪਿੰਡ ਮਿਲੇ। ਸ਼ੇਰਪੁਰ ਦਾ ਇਲਾਕਾ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਜਦੋਂ ਸ਼ੇਰ ਮੁਹੰਮਦ ਖ਼ਾਂ ਦਾ ਇੰਤਕਾਲ ਹੋਇਆ ਉਸ ਵੇਲੇ ਇਨ੍ਹਾਂ ਕੋਲ ਈਸੜੂ, ਜਰਗ (ਲੁਧਿਆਣਾ) ਰੋਪੜ, ਖ਼ਿਜ਼ਰ ਆਬਾਦ (ਅੰਬਾਲਾ) ਖੁਮਾਣੋਂ, ਪਾਇਲ, ਢਮੋਟ, ਸ਼ੇਰ ਪੁਰ, ਬਾਲੀਆਂ, ਨੌਗਾਉਂ (ਪਟਿਆਲਾ) ਅਮਲੋਹ, ਕਪੂਰਗੜ੍ਹ (ਨਾਭਾ) ਅਤੇ ਮਲੇਰਕੋਟਲਾ ਆਦਿ ਇਲਾਕੇ ਕਬਜ਼ੇ ਅਧੀਨ ਸਨ।


Sher Mohammad Khan

ਨਵਾਬ ਸ਼ੇਰ ਮੁਹੰਮਦ ਦੇ ਰਾਜ ਕਾਲ ਦਾ ਸੁਨਹਿਰਾ ਦੌਰ ਉਸ ਸਮੇਂ ਖ਼ਤਮ ਹੋਇਆ ਜਦੋਂ ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਦੋ ਮਾਸੂਮ ਅਤੇ ਬੇਕਸੂਰ ਬੱਚਿਆਂ ਨੂੰ ਸਰਹਿੰਦ ਦੀਆਂ ਦੀਵਾਰਾਂ ਵਿਚ ਜ਼ਿੰਦਾ ਚਿਣਵਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਨਵਾਬ ਸ਼ੇਰ ਮੁਹੰੰਮਦ ਖ਼ਾਂ ਨੇ ਸੂਬਾ ਸਰਹਿੰਦ ਦੀ ਭਰੀ ਕਚਹਿਰੀ ਵਿਚ ‘ਹਾਅ ਦਾ ਨਾਅਰਾ’ ਮਾਰਿਆ ਅਤੇ ਸਮੇਂ ਦੀ ਸਰਕਾਰ ਨੂੰ ਅਹਿਸਾਸ ਕਰਵਾਇਆ ਕਿ ਇਹ ਕੰਮ ਗ਼ੈਰ ਇਸਲਾਮੀ ਅਤੇ ਗ਼ੈਰ ਇਨਸਾਨੀ ਹੈ। ਇਹੋ ਨਹੀਂ ਬਲਕਿ ਕੇਂਦਰ ਸਰਕਾਰ ਨੂੰ ਪੁਰਜ਼ੋਰ ਸਿਫ਼ਾਰਿਸ਼ ਸਹਿਤ ਫ਼ਾਰਸੀ ਵਿਚ ਖ਼ਤ ਲਿਖਿਆ:
“ਆਲੀ ਜਾਹ! ਕੀ ਸੂਬੇਦਾਰ ਸਰਹਿੰਦ ਨੂੰ ਹਰ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਸ ਦੇ ਮਾਸੂਮ ਬੱਚਿਆਂ ਨੂੰ ਦੇ ਦੇਵੇ, ਕੇਵਲ ਇਸ ਲਈ ਕਿ ਉਹ ਉਨ੍ਹਾਂ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਦੇਵੇ, ਏਥੋਂ ਤੀਕ ਕਿ ਉਹ ਅਪਣੀ ਜਾਨ ਤੋਂ ਹੱਥ ਧੋ ਬੈਠਣ?’’
ਅੱਗੇ ਲਿਖਦੇ ਹਨ ਕਿ:-
“ਜ਼ਿੱਲੇ ਸੁਬਹਾਨੀ! ਇਹ ਗ਼ੈਰ-ਇਸਲਾਮੀ ਅਤੇ ਗ਼ੈਰ-ਇਨਸਾਨੀ ਕਦਮ ਕਿਤੇ ਆਲਮ ਪਨਾਹ ਦੇ ਜਾਹੋ ਜਲਾਲ, ਸ਼ਾਨੋ-ਸ਼ੌਕਤ, ਇੱਜ਼ਤ-ੳ-ਵੱਕਾਰ, ਇਨਸਾਫ਼ ਅਤੇ ਸੱਚਾਈ ਉੱਤੇ ਹਮੇਸ਼ਾ ਲਈ ਅਮਿੱਟ ਧੱਬਾ ਨਾ ਬਣ ਜਾਵੇ। ਉਂਜ ਵੀ ਇਸ ਕਿਸਮ ਦੀ ਸਜ਼ਾ ਅਤੇ ਅਜ਼ੀਮਤ ਤੁਹਾਡੀ ਹਕੂਮਤ ਦੇ ਕਾਨੰੂੰਨ, ਹੱਕ ਅਤੇ ਇਨਸਾਫ਼ ਦੇ ਬਿਲਕੁਲ ਉਲਟ ਹੈ”।  

Sahibzade

ਨਵਾਬ ਸ਼ੇਰ ਮੂਹੰੰਮਦ ਖ਼ਾਂ ਨਾਂ ਦੇ ਹੀ ਸ਼ੇਰ ਨਹੀਂ ਬਲਕਿ ਕੰਮ ਦੇ ਵੀ ਸ਼ੇਰ ਸਨ। ਨਵਾਬ ਸ਼ੇਰ ਮੁਹੰਮਦ ਖ਼ਾਂ ਦੇ ਅੱਠ ਪੁੱਤਰ ਸਨ। ਇਨ੍ਹਾਂ ਵਿਚੋਂ ਗ਼ੁਲਾਮ ਹੁਸੈਨ ਸੱਭ ਤੋਂ ਛੋਟਾ ਸੀ। ਸ਼ਹਿਰ ਦੀ ਜਾਮਾ ਮਸਜਿਦ ਨੂੰ ਨਵਾਬ ਸ਼ੇਰ ਮੁਹੰਮਦ ਖ਼ਾਨ ਅਤੇ ਪਿੱਛੋਂ ਸਿਕੰਦਰ ਅਲੀ ਖ਼ਾਨ ਨੇ ਤਾਮੀਰ ਕਰਵਾਇਆ ਸੀ। ਸਰਹਿੰਦੀ ਗੇਟ ਦੇ ਨਜ਼ਦੀਕ ਸ਼ਾਹੀ ਮਕਬਰੇ (ਸਮਾਧਾਂ) ਜੋ ਸੰਗਮਰਮਰ ਦੇ ਬਣੇ ਅਤੇ ਸੁੰਦਰ ਮੀਨਾਕਾਰੀ ਲਈ ਮਸ਼ਹੂਰ ਹਨ, ਇੱਥੇ ਹੀ ਨਵਾਬ ਸ਼ੇਰ ਮੁਹੰਮਦ ਦਾ ਮਕਬਰਾ ਵੀ ਹੈ। ਨਵਾਬ ਸ਼ੇਰ ਮੁਹੰਮਦ ਖ਼ਾਂ ਦੇ ਪਿਤਾ ਜੀ 1712 ਈ. ’ਚ ਮਰਨ ਉਪਰੰਤ ਇਨ੍ਹਾਂ ਨੂੰ ਮਲੇਰਕੋਟਲਾ ਦਾ ਨਵਾਬ ਥਾਪਿਆ ਗਿਆ। ਮੁਨਸ਼ੀ ਦੀਨ ਮੁਹੰਮਦ ਅਨੁਸਾਰ ਸ਼ਹਿਰ ਦੀ ਹਿਫ਼ਾਜ਼ਤ ਲਈ ਡੇਢ ਗਜ਼ ਚੌੜੀ ਫ਼ਸੀਲ (ਮੋਟੀ ਕੰੰਧ) ਬਣਾਉਣ ਲਈ ਇਨ੍ਹਾਂ ਨੇ ਹੀ ਕਿਹਾ ਸੀ ਜੋ ਬਾਅਦ ਵਿਚ ਜਮਾਲ ਖ਼ਾਂ ਨੇ ਮੁਕੰਮਲ ਕਰਵਾਈ ਸੀ। ਪੰਜ ਗਰਾਈਂ ਪਿੰਡ ਗ਼ੁਲਾਮ ਹੁਸੈਨ ਖ਼ਾਂ ਨੇ ਜਾਗੀਰ ਵਜੋਂ ਅਪਣੇ ਕੋਲ ਰੱਖਿਆ ਸੀ। ਜਮਾਲ ਖ਼ਾਂ ਮਲੇਰਕੋਟਲਾ ਦੇ ਬਹੁਤ ਪ੍ਰਭਾਵਸ਼ਾਲੀ ਨਵਾਬ ਸਿੱਧ ਹੋਏ ਸਨ। ਸ਼ਹਿਰ ਦੇ ਉੁਤਰ ਵਲ ਇਕ ਨਵੀਂ ਫ਼ਸੀਲ ਬੰਦ ਬਸਤੀ ਜਿਸ ਦੇ ਅੱਲਗ ਅਲੱਗ ਮੁਹੱਲੇ ਜਿਵੇਂ ਜੇਲਖਾਨਾ ਅਤੇ ਕੋਤਵਾਲੀ ਸਰਕਾਰੀ ਕੰਮ ਲਈ ਤਾਮੀਰ ਕਰਵਾਈ ਸੀ ਤੇ ਇਸ ਦਾ ਦਾ ਨਾਂ ਜਮਾਲਪੁਰਾ ਰਖਿਆ ਗਿਆ। ਇਹ 1755 ਈ. ਵਿਚ ਇਕ ਜੰਗ ਦੌਰਾਨ ਮਾਰੇ ਗਏ ਸਨ। 1762 ਈ. ਵਿਚ ਇਨ੍ਹਾਂ ਦਾ ਪੁੱਤਰ ਭੀਖਮ ਖ਼ਾਂ ਨਵਾਬ ਬਣਿਆ। ਇਹ ਮਲੇਰਕੋਟਲਾ ਦੇ ਪਹਿਲੇ ਨਵਾਬ ਸਨ ਜਿਨ੍ਹਾਂ ਨੂੰ ਅਹਿਮਦ ਸ਼ਾਹ ਵਲੋਂ ਅਪਣਾ ਸਿੱਕਾ ਜਾਰੀ ਕਰਨ ਦੀ ਇਜਾਜ਼ਤ ਦਿਤੀ ਗਈ ਸੀ।

ਭੀਖਮ ਖ਼ਾਂ ਦੇ ਮਰਨ ਉਪਰੰਤ ਸ਼ਹਿਰ ਦੀ ਵਾਗਡੋਰ ਇਨ੍ਹਾਂ ਦੇ ਪੁੱਤਰ ਬਹਾਦੁਰ ਖ਼ਾਂ ਨੂੰ ਸੌਂਪ ਦਿਤੀ ਗਈ ਜੋ 1766 ਈ. ਰਾਜਾ ਪਟਿਆਲਾ ਨਾਲ ਝੱਲ ਸਥਾਨ ’ਤੇ ਲੜਦਿਆਂ ਮਾਰਿਆ ਗਿਆ। ਇਸ ਤੋਂ ਬਾਅਦ ਗੱਦੀ ’ਤੇ ਉਮਰ ਖ਼ਾਂ ਨੂੰ ਬਿਠਾਇਆ ਗਿਆ। 1780 ਈ. ਵਿਚ ਜਮਾਲ ਖ਼ਾਂ ਦੇ ਪੁੱਤਰ ਅਸਦ ਉਲਾਹ ਖ਼ਾਂ ਨੂੰ ਨਵਾਬੀ ਕਾਰਜ ਭਾਰ ਸੰਭਾਲਣਾ ਪਿਆ। ਇਨ੍ਹਾਂ ਦਾ ਦੌਰ ਕਠਿਨਾਈਆਂ ਅਤੇ ਪ੍ਰੇਸ਼ਾਨੀਆਂ ਭਰਿਆ ਗੁਜ਼ਰਿਆ ਸੀ। 1810 ਈ. ਵਿਚ ਅਤਾਉੱਲਾਹ ਵੀ ਫ਼ੌਤ ਹੋ ਗਏ। 1809 ਈ. ਵਿਚ ਗੱਦੀ ਸਾਂਭਣ ਦਾ ਫ਼ੈਸਲਾ ਵਜ਼ੀਰ ਖ਼ਾਂ ਦੇ ਹੱਕ ਵਿਚ ਹੋਇਆ ਸੀ। ਹੁਣ ਇਸ ਰਿਆਸਤ ਦਾ ਕੰਟਰੋਲ ਅੰਗ੍ਰੇਜ਼ਾਂ ਕੋਲ ਚਲਿਆ ਗਿਆ ਸੀ। ਵਜ਼ੀਰ ਖ਼ਾਂ ਨੇ ਅੰਗ੍ਰੇਜ਼ ਸਰਕਾਰ ਨਾਲ ਨੇੜਤਾ ਵਧਾਈ ਤਾਂ ਜੋ ਰਿਆਸਤ ਨੂੰ ਸੁਖਾਵੇਂ ਢੰਗ ਨਾਲ ਚਲਾਇਆ ਜਾ ਸਕੇ। ਇਨ੍ਹਾਂ ਨਾਲ ਵੀ ਉਮਰ ਨੇ ਵਫ਼ਾ ਨਾ ਕੀਤੀ। ਆਖ਼ਿਰ 1821 ਈ. ਵਿਚ ਇਸ ਦੁਨੀਆਂ ਤੋਂ ਟੁਰ ਗਏ। 1821 ਈ. ਵਿਚ ਅਮੀਰ ਅਲੀ ਖ਼ਾਂ ਨਵਾਬ ਮਲੇਰਕੋਟਲਾ ਬਣਾਏ ਗਏ। ਇਨ੍ਹਾਂ ਦੀ ਬੇ-ਮਿਸਾਲ ਸੇਵਾ ਨੂੰ ਵੇਖਦਿਆਂ ਅੰਗ੍ਰੇਜ਼ ਸਰਕਾਰ ਨੇ “ਨਵਾਬ” ਅਤੇ “ਹਿਜ਼ ਹਾਈਨੈਸ” ਦੇ ਖ਼ਿਤਾਬ ਨਾਲ ਨਵਾਜ਼ਿਆ ਗਿਆ। ਨਵਾਬ ਮਹਿਬੂਬ ਅਲੀ ਖ਼ਾਂ ਦੇ ਦੌਰ ਵਿਚ 1857 ਈ. ਦਾ ਗ਼ਦਰ ਹੋਇਆ। ਇਸੇ ਦੌਰਾਨ ਇਹ ਵੀ ਇਸ ਜਹਾਨ ਤੋਂ ਟੁਰ ਗਏ। ਇਨ੍ਹਾਂ ਤੋਂ ਬਾਅਦ ਸਿਕੰਦਰ ਅਲੀ ਖ਼ਾਂ ਰਿਆਸਤ ਮਲੇਰਕੋਟਲਾ ਦੇ ਨਵਾਬ ਬਣੇ।

ਇਨ੍ਹਾਂ ਦੇ ਰਾਜਕਾਲ ’ਚ ਡੀ. ਸੀ. ਲੁਧਿਆਣਾ ਇਥੇ ਆਏ ਅਤੇ ਮਲੇਰਕੋਟਲਾ ਲੁਧਿਆਣਾ ਰੋਡ ਤਾਮੀਰ ਕਰਵਾਈ ਗਈ। ਸ਼ਹਿਰ ਦੀ ਵੱਡੀ ਅਤੇ ਛੋਟੀ ਈਦਗਾਹ ਦੀ ਤਾਮੀਰ ਵੀ ਇਨ੍ਹਾਂ ਨੇ ਕਰਵਾਈ ਸੀ। ਜਾਮਾ ਮਸਜਿਦ ਨੂੰ ਮੁਕੰਮਲ ਇਹਨਾਂ ਨੇ ਹੀ ਕਰਵਾਇਆ ਸੀ। 1871 ਈ. ਵਿਚ ਨਵਾਬ ਸਿਕੰਦਰ ਅਲੀ ਖ਼ਾਂ ਦੇ ਮਰਨ ਤੋਂ ਪਹਿਲਾਂ ਦਿਲਾਵਰ ਅਲੀ ਖ਼ਾਂ ਪੁੱਤਰ ਇਬਰਾਹੀਮ ਅਲੀ ਖ਼ਾਂ ਨੂੰ ਉਤਰਾਧਿਕਾਰੀ ਥਾਪਿਆ ਗਿਆ। 1903 ਈ. ਵਿਚ ਇਬਰਾਹੀਮ ਅਲੀ ਖ਼ਾਂ ਦੇ ਦੂਜੇ ਪੁੱਤਰ ਅਹਿਮਦ ਅਲੀ ਖ਼ਾਂ ਨੂੰ ਰਿਆਸਤ ਦਾ ਨਵਾਬ ਬਣਾਇਆ ਗਿਆ। 1908 ਈ. ਵਿਚ ਇਬਰਾਹੀਮ ਅਲੀ ਖ਼ਾਂ ਦਾ ਇੰਤਕਾਲ ਹੋ ਗਿਆ ਸੀ ਜਿਸ ਕਾਰਨ ਨਵਾਬ ਅਹਿਮਦ ਅਲੀ ਖ਼ਾਂ ਨੂੰ ਪੂਰਨ ਤੌਰ ’ਤੇ ਨਵਾਬੀ ਦੇ ਅਧਿਕਾਰ ਮਿਲ ਗਏ ਸਨ। ਅੰਗ੍ਰੇਜ਼ਾਂ ਵਲੋਂ ਇਨ੍ਹਾਂ ਨੂੰ ਕੇ. ਸੀ. ਐਸ. ਆਈ. (ਨਾਈਟ ਕਮਾਂਡਰ ਆਫ਼ ਦਾ ਮੋਸਟ ਐਗਜ਼ਾਲਟਡ ਆਰਡਰ ਆਫ) ਸਟੇਟ ਆਫ਼ ਇੰਡੀਆ ਅਤੇ ਕੇ. ਸੀ. ਆਈ. ਈ. (ਨਾਈਟ ਕਮਾਂਡਰ ਆਫ਼ ਦਾ (ਮੋਸਟ ਐਮੀਨੈਂਟ ਆਰਡਰ ਆਫ਼ ਦਾ) ਇੰਡੀਅਨ ਐਮਪਾਇਰ) ਜਿਹੀਆਂ ਅਨੇਕ ਪਦਵੀਆਂ ਦਿਤੀਆਂ ਗਈਆਂ ਸਨ। ਰਿਆਸਤ ਦੇ ਸਿੱਕੇ ’ਤੇ ਅਪਣਾ ਨਾਂ ਲਿਖਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਇਨ੍ਹਾਂ ਨੇ ਸ਼ਹਿਰ ਦੀ ਉੱਨਤੀ ਅਤੇ ਇੰਡਸਟਰੀ ਵੱਲ ਖ਼ਾਸ ਧਿਆਨ ਦਿਤਾ ਸੀ। ਪੁਲਿਸ ਅਤੇ ਕਚਹਿਰੀ ਦੇ ਨਿਜ਼ਾਮ ਨੂੰ ਨਵੀਨ ਢੰਗ ਨਾਲ ਨਜਿਠਿਆ ਗਿਆ।

Malerkotla

ਮੁਬਾਰਕ ਮੰਜ਼ਿਲ ਜਿਸ ਨੂੰ ਸਮੇਂ ਦੇ ਸਿਰਕੱਢ ਨਕਸ਼ਾ ਨਵੀਸ ਰਾਹੀਂ ਮੁਕੰਮਲ ਕਰਵਾਇਆ ਅਤੇ ਮੋਤੀ ਬਜ਼ਾਰ, ਲਾਲ ਬਜ਼ਾਰ, ਸਦਰ ਬਜ਼ਾਰ, ਸਰਕਾਰੀ ਸਕੂਲ, ਦਿੱਲੀ ਗੇਟ ਅਤੇ ਸਰਕਾਰੀ ਕਾਲਜ ਮਲੇਰਕੋਟਲਾ ਆਦਿ ਮਨਮੋਹਣੀਆਂ ਬਿਲਡਿੰਗਾਂ ਇਨ੍ਹਾਂ ਨੇ ਹੀ ਤਾਮੀਰ ਕਰਵਾਈਆਂ ਸਨ ਜਿਨ੍ਹਾਂ ਨੂੰ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ। 1915 ਈ. ਵਿਚ ਅੰਗਰੇਜ਼ਾਂ ਵਲੋਂ ਮਲੇਰਕੋਟਲਾ ਨੂੰ ਸਟੇਟ ਆਫ਼ ਇੰਡੀਆ ਦਾ ਦਰਜਾ ਦੇ ਦਿਤਾ ਗਿਆ ਸੀ। 1947 ਈ. ਦੀ ਮੰਦਭਾਗੀ ਘਟਨਾ ਨੇ ਨਵਾਬ ਮਲੇਰਕੋਟਲਾ ਅਤੇ ਇੱਥੇ ਵਸਦੀ ਜਨਤਾ ’ਤੇ ਗਹਿਰਾ ਪ੍ਰਭਾਵ ਛਡਿਆ। ਇੱਥੇ ਇਹ ਗੱਲ ਕਾਬਿਲ-ਏ-ਜ਼ਿਕਰ ਹੈ ਕਿ ਪੂਰੇ ਪੰਜਾਬ ਨੂੰ ਫ਼ਿਰਕੂ ਦੰਗਿਆਂ ਨੇ ਅਪਣੀ ਲਪੇਟ ’ਚ ਲੈ ਲਿਆ ਸੀ ਪਰੰਤੂ ਸਰ ਜ਼ਮੀਨ-ਏ-ਮਲੇਰਕੋਟਲਾ ਅਮਨ ਸ਼ਾਂਤੀ ਦਾ ਗਹਿਵਾਰਾ ਬਣੀ ਰਹੀ। ਇਸ ਦਾ ਕਾਰਨ ਨਵਾਬ ਮਲੇਰਕੋਟਲਾ ਵਲੋਂ ਛੋਟੇ ਸਾਹਿਬਜ਼ਾਦਿਆਂ ਲਈ ਮਾਰਿਆ ਹਾਅ ਦਾ ਨਾਅਰਾ ਵੀ ਹੈ। ਨਵਾਬ ਮਲੇਰਕੋਟਲਾ ਇਸ ਅਸਹਿ ਦੁੱਖ ਨੂੰ ਨਾ ਸਹਾਰਦੇ ਹੋਏ ਇੰਤਕਾਲ ਕਰ ਗਏ। ਇਸ ਪਿੱਛੋਂ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਜੋ ਯੂਰਪ ਤੋਂ ਪੜ੍ਹ ਕੇ ਆਏ ਸਨ, ਨਵਾਬ ਬਣੇ। ਹਾਲਾਤ ਖ਼ਰਾਬ ਹੋ ਗਏ। ਰਿਆਸਤਾਂ ਟੁੱਟ ਗਈਆਂ ਸਨ। ਇਨ੍ਹਾਂ ਨੇ ਸਮਝਦਾਰੀ ਕੀਤੀ ਅਤੇ ਅਪਣੇ ਸਾਰੇ ਨਵਾਬੀ ਅਧਿਕਾਰ ਤਿਆਗ ਦਿਤੇ। 20 ਅਗੱਸਤ 1948 ਈ. ਨੂੰ ਰਿਆਸਤ ਦਾ ਸਾਰਾ ਨਿਜ਼ਾਮ ਪੈਪਸੂ ਦੇ ਅਧੀਨ ਆ ਗਿਆ ਸੀ। 1952 ਅਤੇ 1954 ਈ. ਵਿਚ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਨੂੰ ਚੋਣਾਂ ’ਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਇਨ੍ਹਾਂ ਤੋਂ ਬਾਅਦ ਬੇਗ਼ਮ ਯੁਸੂਫ਼ ਜ਼ਮਾਂ ਅਤੇ ਸਾਜਿਦਾ ਬੇਗ਼ਮ ਸਾਹਿਬਾ ਮਲੇਰਕੋਟਲਾ ਦੀਆਂ ਐਮ.ਐਲ.ਏ. ਬਣੀਆਂ ਸਨ। ਨਵਾਬ ਇਫ਼ਤਿਖ਼ਾਰ ਖ਼ਾਂ ਅੰਤ 20 ਨਵੰਬਰ 1982 ਈ. ਨੂੰ ਇਹ ਸ਼ੇਰਵਾਨੀ ਖ਼ਾਨਦਾਨ ਦਾ ਚਮਕਦਾ ਚਿਰਾਗ਼ ਹਮੇਸ਼ਾ ਲਈ ਬੁੱਝ ਗਿਆ।

ਡਾ. ਇਕਬਾਲ ਨੇ ਕਿਹਾ ਸੀ:-
ਹੁਏ ਨਾਮਵਰ ਬੇ ਨਿਸ਼ਾਂ ਕੈਸੇ ਕੈਸੇ
ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ
ਹੁਣ ਬੇਗ਼ਮ ਮੁਨੱਵਰ-ਉਨ-ਨਿਸਾ ਉਮਰ ਦੀ ਇਕ ਕੀਮਤੀ ਸਦੀ ਬੀਤ ਚੁੱਕੀ ਹੈ ਅਤੇ ਮੁਬਾਰਕ ਮੰਜ਼ਿਲ ਵਿਖੇ ਰਹਿ ਰਹੀ ਹੈ। ਮਲੇਰਕੋਟਲਾ ’ਚ ਜਨਾਬ ਗੁਰਨਾਮ ਸਿੰਘ ਜੋ ਲਾਅ ਗਰੇਜੂਏਟ ਸਨ ਨੂੰ ਪਹਿਲਾ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਸੀ। ਅਬਦੁਲ ਗ਼ਫ਼ੂਰ ਨੇ ਨਾਭਾ, ਸੰਗਰੂਰ ਅਤੇ ਬਠਿੰਡਾ ਵਿਖੇ ਬਤੌਰ ਮੈਜਿਸਟ੍ਰੇਟ ਸੇਵਾ ਨਿਭਾਈ। ਇਥੇ ਪਰਜਾ ਪੱਤ ਲਹਿਰ ਦੀ ਵੀ ਅਹਿਮ ਭੂਮਿਕਾ ਰਹੀ ਹੈ। ਇੱਥੇ ਦੀਆਂ ਤਾਰੀਖ਼ੀ ਇਮਾਰਤਾਂ ਵਿਚੋਂ ਮੋਤੀ ਬਾਜ਼ਾਰ ਜੋ 100 ਗਜ਼ ਲੰਮਾ ਅਤੇ 30 ਫੁੱਟ ਚੌੜਾ ਜਿਸ ਦੀ ਨੀਂਹ 1901 ਈ. ਵਿਚ ਨਵਾਬ ਅਹਿਮਦ ਅਲੀ ਖ਼ਾਨ ਨੇ ਰੱਖੀ ਅਤੇ 1903 ਈ. ’ਚ ਮੁਕੰਮਲ ਹੋਇਆ ਜੋ ਜੈਪੁਰ ਦੇ ਖ਼ੂਬਸੂਰਤ ਵੱਖਰੀ ਤਰਜ਼ ਤੇ ਵੱਡੀਆਂ ਇੱਟਾਂ ਨਾਲ ਬਣਵਾਇਆ ਗਿਆ ਸੀ। ਦਰਵਾਜ਼ੇ ਅਤੇ ਸਦਰ ਦਰਵਾਜ਼ੇ ਮੁਗ਼ਲ ਅੰਦਾਜ਼ ਦੀਆਂ ਮਹਿਰਾਬਾਂ ਖ਼ੂਬਸੂਰਤੀ ਵਿਚ ਇਜ਼ਾਫ਼ਾ ਕਰਦੀਆਂ ਹਨ।

ਦੁਕਾਨ ਸਾਹਮਣੇ ਦੁਕਾਨ ਅਤੇ ਪੌੜੀ ਸਾਹਮਣੇ ਪੌੜੀ ਬਣਾਈ ਗਈ ਹੈ। ਇਸ ਅਮੀਰ ਵਿਰਾਸਤ ਨੂੰ ਸਾਂਭਣ ਦੀ ਜ਼ਰੂਰਤ ਹੈ। ਇਹ ਲਾਲ ਬਜ਼ਾਰ, ਸਦਰ ਬਜ਼ਾਰ, ਲੋਹਾ ਬਜ਼ਾਰ, ਬਾਂਸ ਬਜ਼ਾਰ ਨਾਲ ਮਿਲਦਾ ਹੈ। ਇੱਥੇ ਸੱਟਾ ਬਜ਼ਾਰ ਵੀ ਹੈ। ਇਸ ਸ਼ਹਿਰ ਦੇ ਸੱਤ ਦਰਵਾਜ਼ੇ ਜਿਵੇਂ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ, ਸਰਹਿੰਦੀ ਗੇਟ, ਮੰਡੀ ਗੇਟ, ਮਾਲੇਰੀ ਗੇਟ, ਢਾਬੀ ਗੇਟ ਹਨ। ਕਿਲਾ ਰਹਿਮਤ ਗੜ੍ਹ, ਜਾਮਾ ਮਸਜਿਦ, ਈਦ ਗਾਹ, ਦੀਵਾਨ ਖ਼ਾਨਾ ਸ਼ੀਸ਼ ਮਹਿਲ ਜੋ ਸਿਕੰਦਰ ਅਲੀ ਖ਼ਾਂ ਨੇ 1857 ਈ. ’ਚ ਸਾਰਾ ਕੱਚ ਨਾਲ ਬਣਵਾਇਆ ਸੀ, ਮੁਬਾਰਕ ਮੰਜ਼ਿਲ ਦਾ ਨਿਰਮਾਣ ਇਸ ਦੀ ਸੁਹੱਪਣਤਾ, ਸ਼ੀਸ਼ਿਆਂ ਦੀਆਂ ਖਿੜਕੀਆਂ, ਖੁੱਲ੍ਹੇ ਦਰਵਾਜ਼ੇ, ਖੁੱਲੇ੍ਹ ਹਵਾਦਾਰ ਕਮਰੇ, ਬੇਗ਼ਮਾਂ ਲਈ ਬਾਲਕੋਨੀਆਂ ਅਤੇ ਆਲੇ ਦੁਆਲੇ ਦੇ ਫਲ ਅਤੇ ਫੁੱਲਦਾਰ ਦਰਖ਼ਤਾਂ ਨੇ ਮੁਬਾਰਕ ਮੰਜ਼ਿਲ ਵਿਚ ਹੋਰ ਵਾਧਾ ਕੀਤਾ ਹੋਇਆ ਹੈ। ਦਰਗਾਹ ਬਾਬਾ ਸ਼ੇਖ਼ ਸਦਰ-ਉਦ-ਦੀਨ ਆਦਿ ਵੀ ਮਸ਼ਹੂਰ ਇਮਾਰਤਾਂ ਵਿਚੋਂ ਇਕ ਹੈ।