ਕਾਜਾ ਦਾ ਸਫਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਕਾਜ਼ਾ ਵਿਸ਼ਾਲ ਹਿਮਾਲਿਆ ਵਿਚ ਵਸਿਆ ਬਹੁਤ ਖ਼ੁਸ਼ਕ ਤੇ ਠੰਢਾ ਇਲਾਕਾ ਹੈ।

Cajas

ਗਰਮੀਆਂ ਦਾ ਆਗ਼ਾਜ਼ ਹੁੰਦਿਆਂ ਹੀ ਭਾਰਤ ਦੇ ਵੱਖ ਵੱਖ ਹਿੱਸਿਆਂ ਤੋਂ ਲੋਕ ਪਹਾੜਾਂ ਵਲ ਘੁੰਮਣ ਦਾ ਪ੍ਰੋਗਰਾਮ ਬਣਾਉਣ ਲਗਦੇ ਹਨ। ਜੰਮੂ-ਕਸ਼ਮੀਰ ਵਲ ਹਾਲਾਤ ਖ਼ਰਾਬ ਹੋਣ ਕਾਰਨ ਇਹ ਰੁਝਾਨ ਹਿਮਾਚਲ ਵਲ ਜ਼ਿਆਦਾ ਵਧ ਗਿਆ ਹੈ। ਇਸ ਪ੍ਰਾਂਤ ਦੀਆਂ ਕਈ ਥਾਵਾਂ ਦਾ ਰਸਤਾ ਗਰਮੀਆਂ ਦੇ ਕੁੱਝ ਮਹੀਨੇ ਹੀ ਖੁਲ੍ਹਦਾ ਹੈ ਅਤੇ ਬਾਕੀ ਸਾਰਾ ਸਾਲ ਬਰਫ਼ ਕਾਰਨ ਬੰਦ ਹੀ ਰਹਿੰਦਾ ਹੈ।

ਕੁੱਝ ਸਾਲ ਪਹਿਲਾਂ ਅਸੀ ਵੀ ਜੂਨ ਦੇ ਮਹੀਨੇ ਮਨਾਲੀ ਜਾਣ ਦਾ ਪ੍ਰੋਗਰਾਮ ਬਣਾਇਆ। ਮਨਾਲੀ ’ਚ ਸੈਲਾਨੀਆਂ ਦੀ ਕਾਫ਼ੀ ਭੀੜ ਲੱਗੀ ਹੋੲਂ ਸੀ। ਅਗਲੀ ਸਵੇਰ ਅਸੀ ਮਨਾਲੀ ਤੋਂ ਅੱਗੇ ਰੋਹਤਾਂਗ ਜੋ ਕਿ ਲਗਭਗ 60 ਕਿਲੋਮੀਟਰ ਦੂਰੀ ਤੇ ਹੈ, ਪਹੁੰਚੇ। ਅਸੀ ਸਵੇਰੇ ਜਲਦੀ ਇਸ ਕਾਰਨ ਨਿਕਲ ਪਏ ਕਿਉਂਕਿ 10-11 ਵਜੇ ਤੋਂ ਬਾਅਦ ਉਸ ਸੜਕ ਤੇ ਜਾਮ ਲਗਣੇ ਸ਼ੁਰੂ ਹੋ ਜਾਂਦੇ ਹਨ। ਜਦੋਂ ਅਸੀ ਰੋਹਤਾਂਗ ਪਹੁੰਚੇ ਤਾਂ ਉਥੇ ਵੀ ਸੈਲਾਨੀਆਂ ਦੀ ਕਾਫ਼ੀ ਭੀੜ ਸੀ।

ਕੁੱਝ ਦੇਰ ਉਥੇ ਰੁਕਣ ਤੋਂ ਬਾਅਦ ਅਸੀ ਉਸ ਤੋਂ ਵੀ ਅੱਗੇ ‘ਕਾਜ਼ਾ’ ਵਲ ਜਾਣ ਬਾਰੇ ਸੋਚਿਆ। ਕਾਜ਼ਾ ਮਨਾਲੀ ਤੋਂ ਕੋਈ 200 ਕਿਲੋਮੀਟਰ ਦੀ ਦੂਰੀ ’ਤੇ ਹੈ। ਪਰ ਸਾਨੂੰ ਕਾਜ਼ਾ ਦੇ ਰਸਤਿਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਅਸੀ ਤਕਰੀਬਨ 25 ਕੁ ਕਿਲੋਮੀਟਰ ਸਫ਼ਰ ਤੈਅ ਕਰਨ ਤੋਂ ਬਾਅਦ ‘ਕੋਕਸਰ’ ਨਾਮੀ ਛੋਟੇ ਜਿਹੇ ਕਸਬੇ ਵਿਚ ਪਹੁੰਚ ਗਏ। ਅਸੀ ਉਥੇ ਦੁਪਹਿਰ ਦਾ ਖਾਣਾ ਖਾਧਾ ਅਤੇ ਉਥੋਂ ਦੇ ਲੋਕਾਂ ਤੋਂ ਕਾਜ਼ਾ ਬਾਰੇ ਜਾਣਕਾਰੀ ਲਈ। ਸਾਨੂੰ ਪਤਾ ਲੱਗਾ ਕਿ ਇਸ ਵੇਲੇ ਕਾਜ਼ਾ ਜਾਣ ਦੇ ਰਸਤੇ ਖੁਲ੍ਹੇ ਹਨ ਪਰ ਨਾਲ ਇਹ ਵੀ ਜਾਣਕਾਰੀ ਮਿਲੀ ਕਿ ਮਨਾਲੀ ਤੋਂ ਕਾਜ਼ਾ ਦੇ ਰਸਤੇ ਵਿਚ ਕੋਈ ਵੀ ਪਟਰੌਲ ਪੰਪ ਨਹੀਂ ਹੈ।

ਜੋ ਵੀ ਇਸ ਸਫ਼ਰ ਲਈ ਨਿਕਲਦਾ ਹੈ ਉਹ ਅਪਣਾ ਪਟਰੌਲ ਦਾ ਪ੍ਰਬੰਧ ਨਾਲ ਕਰ ਕੇ ਹੀ ਚਲਦਾ ਹੈ। ਸਾਡੇ ਕੋਲ ਵਾਧੂ ਪਟਰੌਲ ਰੱਖਣ ਦਾ ਕੋਈ ਪ੍ਰਬੰਧ ਨਹੀਂ ਸੀ। ਪਰ ਸਾਡੇ ਵਿਚ ਕਾਜ਼ਾ ਨੂੰ ਵੇਖਣ ਦਾ ਉਤਸ਼ਾਹਤ ਸੀ ਤੇ ਅਸੀ ਰੱਬ ਦੇ ਆਸਰੇ ਕਾਜ਼ਾ ਦਾ ਸਫ਼ਰ ਸ਼ੁਰੂ ਕਰ ਦਿਤਾ। ਕਾਜ਼ਾ ਵਿਸ਼ਾਲ ਹਿਮਾਲਿਆ ਵਿਚ ਵਸਿਆ ਬਹੁਤ ਖ਼ੁਸ਼ਕ ਤੇ ਠੰਢਾ ਇਲਾਕਾ ਹੈ। ਇਹ ਸਪਿਤੀ ਦਰਿਆ ਦੇ ਕਿਨਾਰੇ ਵਸਿਆ ਹੋਇਆ ਹੈ ਤੇ ਸਮੁੰਦਰ ਤਲ ਤੋਂ 3650 ਮੀਟਰ ਦੀ ਉੱਚਾਈ ’ਤੇ ਸਥਿਤ ਹੈ। ਸਾਨੂੰ ਇਹ ਸਫ਼ਰ ਕੁਦਰਤੀ ਸੁੰਦਰਤਾ ਭਰਪੂਰ ਜਾਪ ਰਿਹਾ ਸੀ।

ਇਸ ਰਸਤੇ ਵਿਚ ਵਾਹਨਾਂ ਦਾ ਆਉਣ ਜਾਣ ਬਹੁਤ ਹੀ ਘੱਟ ਵੇਖਣ ਨੂੰ ਮਿਲ ਰਿਹਾ ਸੀ। ਜਾਣਕਾਰੀ ਅਨੁਸਾਰ ਇਸ ਰਸਤੇ ਸਾਰੇ ਦਿਨ ਵਿਚ ਸਿਰਫ਼ ਇਕ ਬਸ ਲੰਘਦੀ ਹੈ, ਬਾਕੀ ਹੋਰ ਸਮਾਨ ਪਹੁੰਚਾਉਣ ਵਾਲੇ ਟਰੱਕ ਜਾਂ ਸਾਡੇ ਵਰਗੇ ਸੈਲਾਨੀ ਹੀ ਮਿਲਦੇ ਹਨ। ਅਜੇ ਅਸੀ ਪੰਜ ਕੁ ਕਿਲੋਮੀਟਰ ਦਾ ਸਫ਼ਰ ਹੀ ਤੈਅ ਕੀਤਾ ਸੀ ਕਿ ਸਾਨੂੰ ਅੱਗੋਂ ਇਕ ਗੱਡੀ ਆਉਂਦੀ ਵਿਖਾਈ ਦਿਤੀ, ਜੋ ਇਸ ਰੋਡ ਤੇ ਕਾਜ਼ਾ ਵਲੋਂ ਵਾਪਸ ਆਉਂਦੀ ਪਹਿਲੀ ਗੱਡੀ ਸੀ।

ਗੱਡੀ ਵੇਖਦਿਆਂ ਹੀ ਮੇਰੇ ਪਤੀ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਗੱਡੀ ਰੁਕ ਗਈ। ਅਸੀ ਦੂਜੀ ਗੱਡੀ ਵਿਚ ਬੈਠੇ ਬੰਦਿਆਂ ਤੋਂ ਪਟਰੌਲ ਬਾਰੇ ਪੁਛਿਆ। ਸਾਡੀ ਕਿਸਮਤ ਚੰਗੀ ਸੀ ਕਿ ਉਨ੍ਹਾਂ ਕੋਲ ਪੰਜ ਲੀਟਰ ਵਾਧੂ ਪਟਰੌਲ ਸੀ ਜੋ ਉਨ੍ਹਾਂ ਨੇ ਸਾਨੂੰ ਦੇ ਦਿਤਾ। ਉਸ ਵੇਲੇ ਪਟਰੌਲ ਮਿਲਣ ਕਾਰਨ ਸਾਨੂੰ ਇੰਜ ਜਾਪ ਰਿਹਾ ਸੀ ਜਿਵੇਂ ਰੇਗਿਸਤਾਨ ਵਿਚ ਕਿਸੇ ਨੂੰ ਪੀਣ ਲਈ ਪਾਣੀ ਦੀ ਭਰੀ ਬੋਤਲ ਮਿਲ ਗਈ ਹੋਵੇ। ਅਸੀ ਫਿਰ ਤੋਂ ਬੜੇ ਉਤਸ਼ਾਹ ਨਾਲ ਅਗਲਾ ਸਫ਼ਰ ਸ਼ੁਰੂ ਕਰ ਦਿਤਾ। ਰਸਤੇ ਵਿਚ ਮਿਲਟਰੀ ਸਟੇਸ਼ਨ ਤੇ ਕਿਸੇ ਜਗ੍ਹਾ ਚਰਵਾਹਾਂ ਦੇ ਟੈਂਟ ਲੱਗੇ ਵਿਖਾਈ ਦੇ ਰਹੇ ਸਨ।

ਕੱਚੇ, ਪਥਰੀਲੇ ਰਸਤੇ ਅਤੇ ਸੜਕ ਦੇ ਇਕ ਪਾਸੇ ਡੂੰਘੀ ਖਾਈ। ਦੋ ਤਿੰਨ ਘੰਟਿਆਂ ਦਾ ਸਫ਼ਰ ਕਰਨ ਤੋਂ ਬਾਅਦ ਸਾਨੂੰ ਇਕ ਥਾਂ ਸੜਕ ਕਿਨਾਰੇ ਇਕ ਇਮਾਰਤ ਵਿਖਾਈ ਦਿਤੀ। ਇਹ ਛੋਟੇ ਦਰੇ ਦਾ ਰੈਸਟ ਹਾਊਸ ਸੀ। ਸ਼ਾਮ ਦਾ ਵੇਲਾ ਹੋ ਗਿਆ ਤੇ ਥੋੜ੍ਹੀ ਦੇਰ ਬਾਅਦ ਹਨ੍ਹੇਰਾ ਵੀ ਪੈਣ ਵਾਲਾ ਸੀ। ਇਸ ਲਈ ਅਸੀ ਉਥੇ ਹੀ ਰੁਕਣਾ ਮੁਨਾਸਬ ਸਮਝਿਆ। ਉਥੇ ਆਸ ਪਾਸ ਹੋਰ ਕੋਈ ਵਸੋਂ ਨਹੀਂ ਸੀ।

ਹਰ ਪਾਸੇ ਅਸਮਾਨ ਨਾਲ ਗੱਲਾਂ ਕਰਦੇ ਉੱਚੇ ਉੱਚੇ ਪਥਰੀਲੇ ਪਹਾੜ। ਰੈਸਟ ਹਾਊਸ ਕਰਮਚਾਰੀ ਡਿਊਟੀ ਤੇ ਤੈਨਾਤ ਸੀ। ਉਸ ਨੇ ਪੂਰੀ ਪੜਤਾਲ ਕਰਨ ਤੋਂ ਬਾਅਦ ਸਾਡੇ ਰਹਿਣ ਦਾ ਪ੍ਰਬੰਧ ਕਰ ਦਿਤਾ। ਇਸ ਥਾਂ ਬਿਜਲੀ ਤੇ ਪਾਣੀ ਦੀ ਸਪਲਾਈ ਨਹੀਂ ਸੀ। ਪਾਣੀ ਨਜ਼ਦੀਕ ਵਗਦੇ ਝਰਨੇ ਤੋਂ ਲਿਆਂਦਾ ਜਾਂਦਾ ਸੀ। ਥੋੜੀ ਦੇਰ ਤਕ ਰਾਤ ਵੀ ਹੋ ਗਈ। ਉਥੇ ਬਿਲਕੁਲ ਸ਼ਾਂਤ ਮਾਹੌਲ ਸੀ।

ਥੋੜੀ ਦੇਰ ਬਾਅਦ ਟੀਨ ਦੀ ਛੱਤ ਤੇ ਪਹਾੜਾਂ ਤੋਂ ਪੱਥਰ ਆ ਡਿਗਿਆ ਤੇ ਉਸ ਦੀ ਉੱਚੀ ਅਵਾਜ਼ ਆਸ ਪਾਸ ਗੂੰਜ ਪਈ। ਸਵੇਰ ਹੋਣ ਤੇ ਚੌਕੀਦਾਰ ਨੇ ਸਾਡੇ ਲਈ ਗਰਮ ਪਾਣੀ ਦਾ ਪ੍ਰਬੰਧ ਕੀਤਾ ਕਿਉਂਕਿ ਠੰਢ ਕਾਰਨ ਬਾਲਟੀਆਂ ਦਾ ਪਾਣੀ ਵੀ ਉਪਰੋਂ ਜੰਮ ਗਿਆ ਸੀ। ਕੁੱਝ ਸਮੇਂ ਬਾਅਦ ਚਾਹ ਬਣ ਕੇ ਆ ਗਈ, ਜਿਸ ਦੀ ਸਾਨੂੰ ਬਹੁਤ ਲੋੜ ਮਹਿਸੂਸ ਹੋ ਰਹੀ ਸੀ। ਅਸੀ ਤਿਆਰ ਹੋਏ ਅਤੇ ਕਾਜ਼ਾ ਵਲ ਦਾ ਸਫ਼ਰ ਸ਼ੁਰੂ ਕੀਤਾ। ਉਸ ਸੜਕ ਤੇ ਸਵੇਰੇ ਸਵੇਰੇ ਸਾਡੀ ਕਾਰ ਕਾਜ਼ਾ ਵਲ ਜਾਣ ਵਾਲਾ ਸੱਭ ਤੋਂ ਪਹਿਲਾ ਵਾਹਨ ਸੀ ਤੇ ਸੜਕ ਤੇ ਜੰਮੀ ਬਰਫ਼ ਤੋਂ ਲੰਘਦਿਆਂ ਅੱਗੇ ਵਧਣਾ ਸਾਨੂੰ ਬਹੁਤ ਰੋਮਾਂਚਿਤ ਲਗ ਰਿਹਾ ਸੀ।

ਕੁੱਝ ਕਿਲੋਮੀਟਰ ਅੱਗੇ ਸੜਕ ਦੇ ਦੋਵੇਂ ਪਾਸੇ ਵੱਡੇ ਵੱਡੇ ਗਲੇਸ਼ੀਅਰ ਆਏ। ਇਸ ਰਸਤੇ ਤੇ ਅੱਗੇ ਵਧਦੀ ਕਾਰ ਸੁਪਨਮਈ ਦੁਨੀਆਂ ਵਿਚ ਵਿਚਰਦੀ ਪ੍ਰਤੀਤ ਹੋ ਰਹੀ ਸੀ। ਵਿਸ਼ਾਲ ਹਿਮਾਲਿਆ ਦੀ ਇਹ ਸੁੰਦਰਤਾ ਹਮੇਸ਼ਾ ਯਾਦ ਰੱਖਣ ਵਾਲੀ ਸੀ। ਕੁੱਝ ਦੂਰ ਅੱਗੇ ਜਲਾਂਗ, ਕਰਚਮ ਅਤੇ ਫੇਰ ਬਾਤਾਲ। ਬਾਤਾਲ ਇਸ ਵਿਰਾਨ ਅਤੇ ਖ਼ੁਸ਼ਕ ਇਲਾਕੇ ਵਿਚ ਇਕ ਨਖ਼ਲਿਸਤਾਨ ਪ੍ਰਤੀਤ ਹੋ ਰਿਹਾ ਸੀ ਕਿਉਂਕਿ ਇਥੇ ਖਾਣ ਪੀਣ ਦਾ ਪ੍ਰਬੰਧ ਸੀ ਜਿਥੇ ਹਰ ਯਾਤਰੀ ਰੁਕ ਕੇ ਫਿਰ ਅੱਗੇ ਜਾਂਦਾ ਸੀ। ਅਸੀ ਵੀ ਇਥੇ ਰੁਕੇ ਤੇ ਢਾਬੇ ਤੇ ਕੁੱਝ ਦੇਰ ਬੈਠ ਕੇ ਨਾਸ਼ਤਾ ਕੀਤਾ।

ਕੁੱਝ ਟਰੱਕ ਡਰਾਈਵਰ ਵੀ ਸਮਾਨ ਦੀ ਢੋਆ ਢੁਆਈ ਕਰਦੇ ਉਸ ਢਾਬੇ ਤੇ ਖਾਣ ਪੀਣ ਲਈ ਰੁਕੇ। ਉਨ੍ਹਾਂ ਦੇ ਦਸਣ ਮੁਤਾਬਕ ਕਾਜ਼ਾ ਦਾ ਅਗਲਾ ਰਸਤਾ ਇੰਨਾ ਖ਼ਰਾਬ ਹੈ ਕਿ ਟਰੱਕ ਦੇ ਤਾਂ ਬੁਰੇ ਹਾਲ ਹੋਣੇ ਹੀ ਹਨ ਬਲਕਿ ਅੰਦਰ ਬੈਠਿਆਂ ਸਾਡੀਆਂ ਆਂਦਰਾਂ-ਬੋਟੀਆਂ ਵੀ ਹਿਲ ਜਾਂਦੀਆਂ ਹਨ। ਸਾਡਾ ਅਗਲਾ ਪੜਾਅ ਕੁੰਜਮ ਪਾਸ ਨੂੰ ਪਾਰ ਕਰਨਾ ਸੀ। ਇਹ ਪਾਸ ਪਾਰ ਕਰਦਿਆਂ ਰਸਤਾ ਕਾਫ਼ੀ ਖ਼ਤਰਨਾਕ ਮਹਿਸੂਸ ਹੋ ਰਿਹਾ ਸੀ। ਇਸ ਪਾਸ ਤੋਂ ਕੋਈ 9 ਕੁ ਕਿਲੋਮੀਟਰ ਖੱਬੇ ਹੱਥ ‘ਚੰਦਰਤਾਲ ਝੀਲ’ ਦਾ ਇਲਾਕਾ ਸ਼ੁਰੂ ਹੁੰਦਾ ਹੈ। ਇਸ ਝੀਲ ਦੀ ਸੁੰਦਰਤਾ ਵੇਖਣ ਲਈ ਜ਼ਿਆਦਾਤਰ ਵਿਦੇਸ਼ੀ ਸੈਲਾਨੀ ਆਉਂਦੇ ਹਨ।

ਕੁੰਜਮ ਪਾਸ ਨੂੰ ਪਾਰ ਕਰਨ ਲਈ ਬਹੁਤ ਟੱਕਰ ਵਾਲੀ ਚੜ੍ਹਾਈ ਦਾ ਰਸਤਾ ਹੈ। ਚੜ੍ਹਾਈ ਸਮੇਂ ਅਚਾਨਕ ਹੀ ਬਰਫ਼ ਤੋਂ ਤਿਲਕ ਕੇ ਕਾਰ ਅੱਗੇ ਇਕ ਚਟਾਨ ਵਿਚ ਵੱਜੀ ਤੇ ਨੁਕੀਲੀ ਚਟਾਨ ਨੇ ਸਾਡੀ ਕਾਰ ਦਾ ਟਾਇਰ ਫਾੜ ਦਿਤਾ। ਅਸੀ ਅਪਣੀ ਕਾਰ ਦਾ ਟਾਇਰ ਬਦਲਿਆ ਅਤੇ ਅਗਲਾ ਸਫ਼ਰ ਸ਼ੁਰੂ ਕਰ ਦਿਤਾ। ਅਸੀ ਪੁਲਿਸ ਚੌਕੀ ‘ਲੌਮਾਰ’ ਪਹੁੰਚੇ, ਜਿਥੇ ਸਾਰੇ ਸੈਲਾਨੀਆਂ ਦੀ ਪੂਰੀ ਤਰ੍ਹਾਂ ਪੁਛ ਪੜਤਾਲ ਕੀਤੀ ਜਾਂਦੀ ਹੈ। 

ਇਸ ਤੋਂ ਅੱਗੇ ਅਸੀ ਜਿਵੇਂ ਜਿਵੇਂ ਕਾਜ਼ਾ ਵਲ ਵਧ ਰਹੇ ਸੀ, ਖ਼ੁਸ਼ਕ ਇਲਾਕੇ ਵਧ ਰਹੇ ਸਨ। ਕਾਜ਼ਾ ਕਾਫ਼ੀ ਵੱਡੇ ਇਲਾਕੇ ਵਿਚ ਫੈਲਿਆ ਹੋਇਆ ਹੈ। ਦਿਨ ਦਾ ਤਾਪਮਾਨ ਗਰਮੀ ਵਧਾ ਦਿੰਦਾ ਹੈ ਪ੍ਰੰਤੂ ਰਾਤਾਂ ਬਹੁਤ ਠੰਢੀਆਂ ਹੋ ਜਾਂਦੀਆਂ ਹਨ। ਕਾਜ਼ਾ ਹੈਡਕੁਆਟਰ ਤੇ ਜ਼ਿਲ੍ਹਾ ਹੋਣ ਕਾਰਨ ਇਥੇ ਹਰ ਤਰ੍ਹਾਂ ਦੀ ਸੁਖ ਸਹੂਲਤ ਮੌਜੂਦ ਹੈ। ਇਥੇ ਰਹਿਣ ਲਈ ਬਹੁਤ ਵਧੀਆ ਹੋਟਲਾਂ ਦੀ ਭਰਮਾਰ ਹੈ ਤੇ ਸਾਡਾ ਅਸਾਨੀ ਨਾਲ ਇਥੇ ਰਹਿਣ ਦਾ ਚੰਗਾ ਪ੍ਰਬੰਧ ਹੋ ਗਿਆ। ਕਮਰੇ ਦੀ ਬਾਲਕੋਨੀ ਤੋਂ ਆਲੇ ਦੁਆਲੇ ਦੇ ਪਹਾੜਾਂ ਦਾ ਨਜ਼ਾਰਾ ਬਹੁਤ ਹੀ ਮਨਮੋਹਕ ਲਗ ਰਿਹਾ ਸੀ।

ਸਾਨੂੰ ਉਸ ਹੋਟਲ ਤੋਂ ਪਤਾ ਲਗਿਆ ਕਿ ਸਾਡਾ ਸਫ਼ਰ ਮਨਾਲੀ ਤੋਂ ਕਾਜ਼ਾ ਤੇ ਵਾਪਸੀ ਕਾਜ਼ਾ ਤੋਂ ਸ਼ਿਮਲਾ ਹੈ ਤੇ ਇਸ ਰੂਟ ਨੂੰ ‘ਗੋਲਡਨ ਰੂਟ’ ਦਾ ਨਾਂ ਦਿਤਾ ਗਿਆ ਹੈ। ਅਗਲੀ ਸਵੇਰ ਅਸੀ ਕਾਜ਼ਾ ਘੁੰਮਣ ਦੀਆਂ ਤਿਆਰੀਆਂ ਕਰ ਰਹੇ ਸੀ। ਇਥੇ ਕਾਫ਼ੀ ਵਿਦੇਸ਼ੀ ਸੈਲਾਨੀ ਵੀ ਘੁੰਮਦੇ ਨਜ਼ਰ ਆਏ। ਕਾਜ਼ਾ ਵਿਖੇ ਜ਼ਿਆਦਾ ਤਿਬਤੀ ਲੋਕਾਂ ਦੀ ਵਸੋਂ ਹੈ। ਤਬਤੀ ਵਸਤਾਂ ਨਾਲ ਭਰੇ ਬਾਜ਼ਾਰ ਕਾਜ਼ਾ ਦੀ ਪਛਾਣ ਵਿਚ ਤਿਬਤੀ ਰੰਗ ਭਰਦੇ ਹਨ।

ਕਾਜ਼ਾ ਤੋਂ ਕੋਈ 18 ਕਿਲੋਮੀਟਰ ਦੂਰੀ ਤੇ ‘ਕਿਬਰ’ ਨਾਮੀ ਪਿੰਡ ਹੈ। ਇਸ ਪਿੰਡ ਨੂੰ ਦੁਨੀਆਂ ਦਾ ਸੱਭ ਤੋਂ ਉੱਚਾਈ ਵਾਲਾ ਪਿੰਡ ਹੋਣ ਦਾ ਮਾਣ ਹਾਸਲ ਹੈ। ਇਹ ਪਿੰਡ ਲਗਭਗ ਸਮੁੰਦਰ ਤਲ ਤੋਂ 4270 ਮੀਟਰ ਦੀ ਉੱਚਾਈ ਤੇ ਹੈ। ਇਥੇ ਸਰਕਾਰੀ ਹਸਪਤਾਲ, ਡਾਕਖਾਨਾ, ਸਕੂਲ ਆਦਿ ਵੀ ਹਨ। ਕੁੱਝ ਦਿਨ ਅਸੀ ਇਥੇ ਰਹਿ ਕੇ ਕੁਦਰਤੀ ਸੁੰਦਰਤਾ ਨੂੰ ਮਾਣਿਆ ਅਤੇ ਮਿੱਠੀਆਂ ਯਾਦਾਂ ਸੰਜੋਅ ਕੇ ਅਸੀ ਅਪਣਾ ਪੰਜਾਬ ਵਲ ਵਾਪਸੀ ਦਾ ਸਫ਼ਰ ਸ਼ੁਰੂ ਕਰ ਦਿਤਾ।