ਰੇਲ ਵਿਭਾਗ ਨੇ ਟ੍ਰੇਨ ਸਬੰਧੀ ਦਿੱਤੀ ਜਾਣਕਾਰੀ, 15 ਅਪ੍ਰੈਲ ਤੋਂ 3 ਮਈ ਤਕ...
ਰੇਲ ਵਿਭਾਗ ਦੇ ਟਵਿੱਟਰ ਤੋਂ ਸਾਂਝੇ ਕੀਤੇ ਗਏ ਸੁਨੇਹੇ ਵਿਚ ਇਹ ਵੀ ਕਿਹਾ...
ਨਵੀਂ ਦਿੱਲੀ: ਦੇਸ਼ ਵਿਚ ਲਾਕਡਾਊਨ ਵਧਣ ਤੋਂ ਬਾਅਦ ਸਾਰੇ ਯਾਤਰੀ ਟ੍ਰੇਨਾਂ ਅਤੇ ਉਡਾਨ ਸੇਵਾਵਾਂ 3 ਮਈ ਤਕ ਬੰਦ ਕੀਤੀਆਂ ਗਈਆਂ ਹਨ। ਮੁੰਬਈ ਵਿਚ ਭੀੜ ਇਕੱਠੀ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਉਣ ਨੂੰ ਲੈ ਕੇ ਰੇਲਵੇ ਨੇ ਮੰਗਲਵਾਰ ਰਾਤ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਪੂਰੇ ਦੇਸ਼ ਵਿਚ 3 ਮਈ 2020 ਤਕ ਯਾਤਰੀ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਦੀ ਭੀੜ ਹਟਾਉਣ ਲਈ ਵਿਸ਼ੇਸ਼ ਟ੍ਰੇਨ ਚਲਾਉਣ ਦੀ ਕੋਈ ਯੋਜਨਾ ਨਹੀਂ ਹੈ।
ਰੇਲ ਵਿਭਾਗ ਦੇ ਟਵਿੱਟਰ ਤੋਂ ਸਾਂਝੇ ਕੀਤੇ ਗਏ ਸੁਨੇਹੇ ਵਿਚ ਇਹ ਵੀ ਕਿਹਾ ਗਿਆ ਕਿ ਇਸ ਸਬੰਧੀ ਗਲਤ ਜਾਣਕਾਰੀ ਨਾ ਫੈਲਣ ਦਿੱਤੀ ਜਾਵੇ। ਇਸ ਤੋਂ ਪਹਿਲਾਂ ਸੂਤਰਾਂ ਨੇ ਦਸਿਆ ਸੀ ਕਿ ਲਾਕਡਾਊਨ ਵਧਣ ਕਾਰਨ ਯਾਤਰੀ ਟ੍ਰੇਨਾਂ ਦੇ ਬੰਦ ਰਹਿਣ ਕਾਰਨ ਰੇਲਵੇ ਨੂੰ 15 ਅਪ੍ਰੈਲ ਅਤੇ 3 ਮਈ ਦੌਰਾਨ ਯਾਤਰਾ ਲਈ ਬੁੱਕ ਕੀਤੀਆਂ ਗਈਆਂ ਕਰੀਬ 39 ਲੱਖ ਟਿਕਟਾਂ ਰੱਦ ਕਰਨੀਆਂ ਪੈਣਗੀਆਂ।
ਦਰਅਸਲ ਰੇਲਵੇ ਨੇ 21 ਦਿਨ ਦੇ ਲਾਕਡਾਊਨ ਦੇ ਖਤਮ ਹੋਣ ਤੇ 14 ਅਪ੍ਰੈਲ ਤੋਂ ਬਾਅਦ ਟਿਕਟ ਬੁਕਿੰਗ ਦੀ ਆਗਿਆ ਦੇ ਦਿੱਤੀ ਸੀ। ਇਸ ਦੇ ਚਲਦੇ ਲੋਕਾਂ ਵੱਲੋਂ 39 ਲੱਖ ਟਿਕਟਾਂ ਬੁਕ ਕਰਵਾਈਆਂ ਗਈਆਂ ਸਨ। ਦੇਸ਼ ਵਿਚ ਰੋਜ਼ਾਨਾਂ ਲਗਭਗ ਦੋ ਕਰੋੜ ਲੋਕ 15,000 ਯਾਤਰੀ ਟ੍ਰੇਨਾਂ ਰਾਹੀਂ ਯਾਤਰਾ ਕਰਦੇ ਹਨ। ਨਗਰ ਹਵਾਬਾਜ਼ੀ ਵਿਭਾਗ ਨੇ ਵੀ ਕਿਹਾ ਕਿ ਸਾਰੇ ਅੰਤਰਰਾਸ਼ਟਰੀ ਅਤੇ ਘਰੇਲੂ ਵਪਾਰਕ ਯਾਤਰੀ ਉਡਾਨਾਂ 3 ਮਈ ਤਕ ਬੰਦ ਰਹਿਣਗੀਆਂ।
ਕੁੱਝ ਜਹਾਜ਼ ਕੰਪਨੀਆਂ ਨੇ ਬੁੱਧਵਾਰ ਤੋਂ ਉਡਾਨਾਂ ਸ਼ੁਰੂ ਹੋਣ ਦੀ ਉਮੀਦ ਕਾਰਨ ਟਿਕਟਾਂ ਦੀ ਬੁਕਿੰਗ ਕਰਵਾਈ ਸੀ। ਹਰ ਦਿਨ ਔਸਤਨ 50,000 ਲੋਕ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਰਾਹੀਂ ਯਾਤਰਾ ਕਰਦੇ ਹਨ। ਰੇਲਵੇ ਨੇ ਇਕ ਬਿਆਨ ਵਿਚ ਕਿਹਾ ਕਿ ਕੋਵਿਡ-19 ਕਾਰਨ ਕੀਤੇ ਗਏ ਲਾਕਡਾਊਨ ਦੇ ਮੱਦੇਨਜ਼ਰ ਜਾਰੀ ਨਿਯਮਾਂ ਮੁਤਾਬਕ ਭਾਰਤੀ ਰੇਲਵੇ ਦੀਆਂ ਸਾਰੀਆਂ ਰੇਲ ਸੇਵਾਵਾਂ 3 ਮਈ 2020 ਤਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਲੋੜੀਦਾਂ ਸਮਾਨ ਪਹੁੰਚਾਉਣ ਲਈ ਮਾਲ ਅਤੇ ਪਾਰਸਲ ਗੱਡੀਆਂ ਚੱਲਣਗੀਆਂ। ਬਿਆਨ ਵਿਚ ਕਿਹਾ ਗਿਆ ਕਿ ਅਗਲੇ ਹੁਕਮ ਤਕ ਕਿਸੇ ਪ੍ਰਕਾਰ ਦੀਆਂ ਟਿਕਟਾਂ ਦੀ ਬੁਕਿੰਗ ਨਹੀਂ ਕੀਤੀ ਜਾਵੇਗੀ ਅਤੇ ਪਹਿਲਾਂ ਬੁੱਕ ਕੀਤੀਆਂ ਜਾ ਚੁੱਕੀਆਂ ਟਿਕਟਾਂ ਨੂੰ ਰੱਦ ਕਰਨ ਦੀ ਆਨਲਾਈਨ ਸੁਵਿਧਾ ਜਾਰੀ ਰਹੇਗੀ।
ਬਿਆਨ ਵਿਚ ਕਿਹਾ ਗਿਆ ਹੈ ਕਿ ਰੱਦ ਕੀਤੀਆਂ ਗਈਆਂ ਰੇਲਗੱਡੀਆਂ ਲਈ ਪਹਿਲਾਂ ਤੋਂ ਹੀ ਰਾਖਵੀਆਂ ਟਿਕਟਾਂ ਦਾ ਪੂਰਾ ਰਿਫੰਡ ਮਿਲੇਗਾ। ਬਿਆਨ ਮੁਤਾਬਕ ਯੂਟੀਐਸ ਅਤੇ ਪੀਆਰਐਸ ਸਮੇਤ ਸਾਰੀਆਂ ਟਿੱਕਟ ਬੁਕਿੰਗ ਕਾਉਂਟਰਾਂ ਦੀਆਂ ਸੇਵਾਵਾਂ ਅਗਲੇ ਹੁਕਮ ਤਕ ਮੁਅੱਤਲ ਕੀਤੀਆਂ ਗਈਆਂ ਹਨ।
ਰੇਲਵੇ ਨੇ ਅੱਗੇ ਕਿਹਾ ਕਿ 3 ਮਈ ਤਕ ਰੱਦ ਕੀਤੀਆਂ ਗਈਆਂ ਟ੍ਰੇਨਾਂ ਦੀ ਆਨਲਾਈਨ ਟਿਕਟ ਲੈਣ ਵਾਲੇ ਲੋਕਾਂ ਦੇ ਪੈਸੇ ਅਪਣੇ-ਆਪ ਹੀ ਵਾਪਸ ਹੋ ਜਾਣਗੇ ਅਤੇ ਕਾਉਂਟਰ ਤੋਂ ਟਿਕਟ ਬੁੱਕ ਕਰਵਾਉਣ ਵਾਲੇ ਲੋਕ 31 ਜੁਲਾਈ ਤਕ ਅਪਣੇ ਪੈਸੇ ਵਾਪਸ ਲੈ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਇਕ ਟਵੀਟ ਕਰ ਕੇ ਕਿਹਾ ਕਿ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ 3 ਮਈ ਤਕ ਬੰਦ ਰਹਿਣਗੀਆਂ।
ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਸਿਆ ਕਿ ਲਾਕਡਾਊਨ ਵਧਣ ਦੇ ਕਈ ਕਾਰਨ ਸਨ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਉਹ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਤੇ ਪਾਬੰਦੀ ਹਟਾਉਣ ਤੇ ਵਿਚਾਰ ਕਰ ਸਕਦੇ ਹਨ। ਜਿਹੜੇ ਲੋਕਾਂ ਨੂੰ ਯਾਤਰਾ ਕਰਨ ਦੀ ਜ਼ਰੂਰਤ ਹੈ ਉਹ ਉਹਨਾਂ ਦੀ ਪਰੇਸ਼ਾਨੀ ਨੂੰ ਸਮਝਦੇ ਹਨ ਅਤੇ ਉਹਨਾਂ ਨੂੰ ਅਪੀਲ ਕਰਦੇ ਹਨ ਕਿ ਉਹ ਉਹਨਾਂ ਦਾ ਸਾਥ ਦੇਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।