ਬਾਗਾਂ ਨਰਸਰੀਆਂ, ਕਲਾ, ਸਾਹਿਤ ਅਤੇ ਵਪਾਰ ਦਾ ਸੰਗਮ ਮਲੇਰਕੋਟਲਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਬਹੁਤ ਮਿਹਨਤ ਅਤੇ ਮੁਸ਼ੱਕਤ ਨਾਲ ਬਣੀਆਂ ਇਹ ਸੁੰਦਰ ਇਮਾਰਤਾਂ ਸਰਕਾਰ ਅਤੇ ਅਵਾਮ ਦੀ ਬੇਧਿਆਨੀ ਕਰ ਕੇ ਖੰਡਰ ਬਣਨ ਲਈ ਤਿਆਰ ਹਨ।

Malerkotla

(ਪਿਛਲੇ ਐਤਵਾਰ ਦਾ ਬਾਕੀ)
ਪੁਰਾਣਾ ਕਿਲ੍ਹਾ ਰਹਿਮਤ ਗੜ੍ਹ ਜੋ ਨਵਾਬ ਰਹਿਮਤ ਅਲੀ ਖ਼ਾਨ ਨੇ 1850 ਈ. ਵਿਚ ਪੱਕੀਆਂ ਇੱਟਾਂ ਨਾਲ ਖੁੱਲ੍ਹਾ ਡੁੱਲਾ ਤਾਮੀਰ ਕਰਵਾਇਆ ਸੀ ਜਿਸ ਦੇ ਵੱਡੇ ਵੱਡੇ ਦਰਵਾਜ਼ੇ ਅਤੇ ਮੋਟੀ ਚਾਰ ਦੀਵਾਰੀ ਵਿਚ ਕਚਹਿਰੀ ਅਤੇ ਸ਼ਾਹੀ ਮਹਿਲ ਮੌਜੂਦ ਸੀ। 1901 ਈ. ਵਿਚ ਲੁਧਿਆਣਾ ਮਾਲੇਰ ਕੋਟਲਾ ਰੇਲਵੇ ਲਾਈਨ ਵਿਛਾਈ ਗਈ। ਸ਼ਹਿਰ ਦੁਆਲੇ ਬਣੀ ਡੇਢ ਗਜ਼ ਚੌੜੀ ਫ਼ਸੀਲ 1657 ਈ. ’ਚ ਬਾਯਜ਼ੀਦ ਖ਼ਾਂ ਨੇ ਬਣਵਾਈ ਸੀ। ਬਹੁਤ ਮਿਹਨਤ ਅਤੇ ਮੁਸ਼ੱਕਤ ਨਾਲ ਬਣੀਆਂ ਇਹ ਸੁੰਦਰ ਇਮਾਰਤਾਂ ਸਰਕਾਰ ਅਤੇ ਅਵਾਮ ਦੀ ਬੇਧਿਆਨੀ ਕਰ ਕੇ ਖੰਡਰ ਬਣਨ ਲਈ ਤਿਆਰ ਹਨ।

ਗੁਰੂਦੁਆਰਾ ਹਾਅ ਦਾ ਨਾਅਰਾ, ਗੁਰੂਦੁਆਰਾ ਸ਼ਹੀਦਾਂ ਜਿਸ ਨੂੰ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਨੇ 25 ਵਿਘੇ ਜ਼ਮੀਨ ਦਾਨ ਕੀਤੀ ਅਤੇ ਕਾਲੀ ਮਾਤਾ ਮੰਦਿਰ, ਡੇਰਾ ਬਾਬਾ ਆਤਮਾ ਰਾਮ, ਜੈਨ ਸਮਾਰਕ ਜਿਸ ਨੂੰ 1840 ਈ. ਜੈਨ ਧਰਮ ਦੇ ਮਹਾਨ ਸੰਤ ਸ੍ਰੀ ਰੱਤੀ ਰਾਮ ਮਹਾਰਾਜ ਜੀ ਦੀ ਸਮਾਧ ਲਈ ਨਵਾਬ ਸੂਬਾ ਖ਼ਾਨ ਨੇ ਵੱਡਮੁੱਲਾ ਯੋਗਦਾਨ ਪਾ ਕੇ ਤਾਮੀਰ ਕਰਵਾਇਆ ਸੀ ਇਹ ਧਾਰਮਕ ਇਮਾਰਤਾਂ ਗੰਗਾ ਜਮਨੀ ਤਹਿਜ਼ੀਬ ਦੀਆਂ ਬੇਹਤਰੀਨ ਮਿਸਾਲਾਂ ਪੇਸ਼ ਕਰਦੀਆਂ ਹਨ।
ਮਾਲੇਰ ਕੋਟਲਾ ਆਪਸੀ ਸਦਭਾਵਨਾ, ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਦੀ ਜਿਊਂਦੀ ਜਾਗਦੀ ਤਸਵੀਰ ਹੈ।

Nawab Iftikhar Ali Khan

ਇੱਥੇ ਦੇ ਅਵਾਮ 70% ਖੇਤੀਬਾੜੀ ਨਾਲ ਸਬੰਧ ਰਖਦੇ ਹਨ। ਮੁਸਲਿਮ ਬਹੁ ਗਿਣਤੀ ਵਾਲੇ ਪਿੰਡ ਭੈਣੀ ਕੰਬੋਆਂ, ਬਿੰਜੋਕੀ ਖ਼ੁਰਦ, ਹੈਦਰ ਨਗਰ, ਸਦਰ ਆਬਾਦ, ਦਲੇਲ ਗੜ੍ਹ, ਦੁਗਣੀ, ਬਰਕਤ ਪੁਰਾ, ਮਹਿਬੂਬ ਪੁਰਾ, ਦਹਿਲੀਜ਼ ਕਲਾਂ, ਢੱਡੇ ਵਾੜਾ (ਇਲਤਿਫਾਤ ਪੁਰਾ), ਸ਼ੇਰਵਾਨੀ ਕੋਟ ਆਦਿ ਹਨ। ਲੱਸਣ ਮੇਥੀ ਤੋਂ ਇਲਾਵਾ, ਹਰੀਆਂ ਅਤੇ ਤਾਜ਼ੀਆਂ ਸਬਜ਼ੀਆਂ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਨੂੰ ਸਪਲਾਈ ਕੀਤੀਆਂ ਜਾਂਦੀਆਂ ਹਨ। ਮਰਦ ਅਤੇ ਔਰਤਾਂ ਬਹੁਤ ਮਿਹਨਤੀ ਹਨ। ਪਾਣੀ ਦਾ ਪੱਧਰ ਨੀਵਾਂ ਹੋਣ ਕਰ ਕੇ ਇੱਥੇ ਦੇ ਕਿਸਾਨ ਬਹੁਤ ਫ਼ਿਕਰਮੰਦ ਹਨ। ਸਬਜ਼ੀਆਂ ਦਾ ਘਰ ਹੋਣ ਦੇ ਵਾਬਜੂਦ ਕਿਸੇ ਪ੍ਰਾਸੈਸਿੰਗ ਅਤੇ ਐਕਸਪੋਰਟ ਯੂਨਿਟ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ।

19ਵੀਂ ਸਦੀ ਵਿਚ ਇੱਥੇ ਕਿਲ੍ਹਾ ਰਹਿਮਤਗੜ੍ਹ ਵਿਖੇ ਕਾਗ਼ਜ਼ ਬਨਾਉਣ ਦਾ ਕਾਰਖ਼ਾਨਾ ਸੀ। ਗੰਗਾ ਰਾਮ ਕਾਟਨ ਮਿੱਲ ਪ੍ਰਸਿੱਧ ਰਹੀ ਹੈ। ਇੱਥੇ ਤਸਲੇ ਕਹੀਆਂ, ਖੁਰਪੇ, ਤਵੇ, ਕੜਾਹੀਆਂ, ਬੈਜ ਬਣਾਉਣ ਦਾ ਕੰਮ ਹੁੰਦਾ ਹੈ। ਫੌਜ, ਪੁਲਿਸ, ਬੀ.ਐਸ.ਐਫ ਦੇ ਨੌਜਵਾਨਾਂ ਦੇ ਮੋਢਿਆਂ ਅਤੇ ਸੀਨਿਆਂ ’ਤੇ ਲੱਗਣ ਵਾਲੀਆਂ ਸੌਹਣੀਆਂ ਫੀਤੀਆਂ ਤੇ ਬੈਜ ਇਥੋਂ ਹੀ ਬਣ ਕੇ ਜਾਂਦੇ ਹਨ। ਨੈਸ਼ਨਲ ਗਾਰਡ ਆਫ਼ ਕੁਵੈਤ, ਤਿ੍ਰਣੀਦਾਦ, ਕੀਨੀਆ, ਹਾਂਗਕਾਂਗ ਅਤੇ ਬਿ੍ਰਟਿਸ਼ ਪੁਲਿਸ ਦੇ ਬੈਜ ਵੀ ਇੱਥੇ ਹੀ ਬਣਦੇ ਹਨ। ਲਹਿੰਗਿਆਂ ਅਤੇ ਜ਼ਨਾਨਾ ਸੂਟਾਂ ਦੀ ਕਢਾਈ, ਦੇਸੀ ਜੁੱਤੀ, ਪੰਜਾਬੀ ਜੁੱਤੀ ਅਤੇ ਜਲਸਾ ਵੀ ਮਸ਼ਹੂਰ ਹੈ।

ਇੱਥੇ ਸਾਈਕਲ ਪਾਰਟਸ ਦੇ 325 ਯੂਨਿਟ ਕਾਇਮ ਹੋਣ ਕਰ ਕੇ ਦੇਸ਼ ਭਰ ਵਿਚੋਂ ਪਹਿਲਾ ਸਥਾਨ ਹਾਸਲ ਹੈ। ਸਲਾਈ ਮਸ਼ੀਨਾਂ ਦੇ 18 ਯੂਨਿਟ, ਹਾਰਡ ਵੇਅਰ ਦੇ 90 ਯਨਿਟ, ਗਰੀਸ ਕੱਪ, ਨਟ ਬੋਲਟ, ਡੋਰ ਸਪਰਿੰਗ, ਅਰਲ, ਕਬਜ਼ੇ, ਖੂੰਟੀ, ਕਾਂਡੀ ਤੇਸੀ, ਚਿਟਖਣੀ, ਕੈਂਚੀ, ਡੋਰ ਸਟਾਪਰ, ਬਾਲਟੀਆਂ, ਕੜਾਹੇ, ਖੁਰਚਣੇ, ਗਿਲ ਮਾਲੇ (ਗਰ ਮਾਲੇ) ਲੋਹੇ ਦੀਆਂ ਅਲਮਾਰੀਆਂ, ਗੇਟ ਆਦਿ ਦੇ 80 ਯੂਨਿਟ ਮੌਜੂਦ ਹਨ। ਚਿੱਲ ਰੋਲ ਪ੍ਰੋਡਕਸ਼ਨ ਵਿਚ ਭਾਰਤ ਚੋਂ ਪਹਿਲੇ ਸਥਾਨ ’ਤੇ ਹੈ। ਬੈਡਮਿੰਟਨ, ਟੈਨਿਸ ਦਾ ਸਮਾਨ ਬਣਾਉਣ ਦੀਆ 16 ਯੂਨਿਟਾਂ ਅਤੇ 5 ਫ਼ਰਨਸ਼ਾਂ ਹਨ। ਸਟਾਰ ਇੰਪੈਕਟ ਦੇ ਸਸਤੇ ਅਤੇ ਮਜ਼ਬੂਤ ਸ਼ੂਜ਼ ਦੁਨੀਆਂ ਭਰ ਵਿਚ ਮਸ਼ਹੂਰ ਹਨ। ਐਗਰੀਕਲਚਰ ਟੂਲਜ਼, ਟੈਕਸਟਾਇਲ ਅਤੇ ਸਪਿਨਿੰਗ  ਦੇ ਖੇਤਰ ਵਿਚ ਵੀ ਕਿਸੇ ਤੋਂ ਘੱਟ ਨਹੀਂ ਹੈ।

ਜਰੀਬਾਂ 55 ਫੁੱਟ, 47 ਫੁੱਟ 6 ਇੰਚ, 82 ਫੁੱਟ 6 ਇੰਚ ਹਰੇਕ ਪ੍ਰਕਾਰ ਜਰੀਬ ਅਤੇ ਪੈਮਾਣੇ ਵਖੋ ਵਖਰੇ ਡਿਜ਼ਾਇਨਾਂ ਅਤੇ ਮਾਪਾਂ ਜਿਵੇਂ 12 ਇੰਚ, 10 ਇੰਚ, ਅਤੇ 6 ਇੰਚ ਅਤੇ ਮੁਰੱਬਾ ਆਕਾਰ ਦੇ ਪੈਮਾਨੇ ਬਣਾਉੇਣ ਵਿਚ ਪੰਜਾਬ ਚੋਂ ਪਹਿਲਾ ਸਥਾਨ ਪ੍ਰਾਪਤ ਹੈ। ਜੁੱਤੀਆਂ ਅਤੇ ਕਢਾਈ ਦੇ ਕਾਰੀਗਰ ਇੱਥੋਂ ਹੀ ਮਿਲ ਸਕਦੇ ਹਨ। ਗੱਡੀਆਂ ਨੂੰ ਲਾਉਣ ਵਾਲੇ ਸਜਾਵਟੀ ਪਿੱਤਲ ਦੇ ਫੁੱਲ ਅਤੇ ਸੋਨੇ ਦੇ ਸੱਗੀ ਫੁੱਲ ਇੱਥੇ ਹੀ ਬਣਦੇ ਹਨ। ਇਸੇ ਕਰ ਕੇ ਇਥੇ ਆਰਟ ਗੈਲਰੀ ਦਾ ਨਿਰਮਾਣ ਜ਼ਰੂਰੀ ਹੈ ਤਾਂ ਜੋ ਪੁਸ਼ਤਾਂ ਤੋਂ ਚਲੀ ਆ ਰਹੀ ਇਸ ਨਿਰਮਾਣ ਕਲਾ ਦੇ ਨਮੂਨਿਆਂ ਨੂੰ ਸਾਂਭਿਆ ਜਾ ਸਕੇ। ਇੱਥੇ ਕਈ ਸ਼ਹਿਦ ਫਾਰਮ, ਮੁਰਗ਼ੀ ਫਾਰਮ, ਡੇਅਰੀ ਫਾਰਮ ਅਤੇ ਫਿੱਸ਼ ਫਾਰਮ ਮੌਜੂਦ ਹਨ। ਇਥੇ ਦਾ ਕੋਰਮਾ, ਜ਼ਰਦਾ ਅਤੇ ਪਲਾਉ ਵੀ ਮਸ਼ਹੂਰ ਹੈ।

ਹਾਜੀ ਰਹਿਮਤ ਅਲੀ ਕੱਵਾਲ, ਮੁਹੰਮਦ ਰਫ਼ੀਕ ਚਿਸ਼ਤੀ ਮੁਬਾਰਕਪੁਰ ਚੂੰਘਾਂ ਵਾਲੇ, ਹਾਜੀ ਕਰਾਮਤ ਅਲੀ ਆਦਿ ਨੇ ਕੱਵਾਲੀ ਦੇ ਮੈਦਾਨ ਵਿਚ ਨਾਮਨਾ ਖਟਿਆ ਹੈ।
ਇਥੇ ਦੇ ਲੋਕਾਂ ਦੇ ਗੋਤ ਜੌੜੇ, ਥਿੰਦ, ਜੋਸ਼, ਨੰਦਨ, ਸਿਆਮੇ, ਲੌਰੇ, ਰਾਵਤ, ਰਾਜਪੂਤ, ਅਨਸਾਰੀ, ਸ਼ੇਰਵਾਨੀ, ਭੱਟੀ, ਕੁਰੈਸ਼ੀ, ਰਾਜੇ, ਸੈਫ਼ੀ, ਚੌਹਾਨ, ਕਸ਼ਪ, ਰਾਣਾ, ਹੰਸ, ਫੁਲ, ਮੌਜੀ, ਧਾਂਜੂ, ਮਹਿਰੋਕ, ਕੌੜੇ, ਮੋਮੀ ਆਦਿ ਹਨ। ਜ਼ਾਤਾ ਵਿਚੋਂ ਕੰਬੋਜ, ਤੇਲੀ, ਲੁਹਾਰ, ਜੁਲਾਹੇ, ਮੋਚੀ, ਨਾਈ, ਕਸਾਈ, ਪੇਂਜੇ, ਘੁਮਿਆਰ, ਹਰੀਜਨ, ਪੰਡਿਤ, ਵੈਦ, ਬਾਣੀਏ, ਸ਼ੂਦਰ, ਮੀਰਾਸੀ, ਝਿਊਰ, ਗੁੱਜਰ, ਅਰਾਈਂ, ਬਾਜ਼ੀਗਰ, ਬੈਰਾਗੀ, ਧੋਬੀ, ਗਵਾਲੇ, ਰਾਏ ਸਿੱਖ, ਸਿੱਧੂ, ਵੰਜਾਰੇ, ਸੈਣੀ, ਚਾਰਜ, ਅਗਰਵਾਲ, ਗੋਇਲ, ਬਾਂਸਲ, ਕਾਂਸਲ, ਗਰਗ, ਗੁਪਤਾ, ਸਿੰਗਲਾ, ਚੋਪੜਾ, ਅਰੋੜਾ, ਸ਼ਾਹੀ, ਪੁਰੀ, ਜ਼ਖਮੀ ਆਦਿ ਹਨ। 

ਇੱਥੇ ਦੀਆਂ ਸੜਕਾਂ ਮਾਲ ਰੋਡ (ਠੰਢੀ ਸੜਕ) ਰੇਲਵੇ ਰੋਡ, ਸ਼ਹੀਦ ਅਬਦੁਲ ਹਮੀਦ ਰੋਡ, ਸਿਨੇਮਾ ਰੋਡ, ਈਦ ਗਾਹ ਰੋਡ, ਜਰਗ ਰੋਡ, ਲੁਧਿਆਣਾ ਬਾਈ ਪਾਸ ਰੋਡ, ਕਰਬਲਾ ਰੋਡ, ਰਾਏ ਕੋਟ ਰੋਡ, ਧੂਰੀ ਰੋਡ, ਕਾਲਜ ਰੋਡ, ਕੁਟੀ ਰੋਡ, ਸ਼ੀਸ਼ ਮਹਿਲ ਰੋਡ, ਜਾਮਾ ਮਸਜਿਦ ਰੋਡ, ਮਿਲਖ ਰੋਡ, ਲੋਹਾ ਬਜ਼ਾਰ ਰੋਡ, ਮਦੇਵੀ ਰੋਡ, ਇਮਾਮ ਗੜ੍ਹ ਰੋਡ, ਮਾਨਾਂ ਰੋਡ, ਸ਼ੇਖ ਮਲੀਹ ਰੋਡ ਆਦਿ। ਮੁਹੱਲੇ ਇਸ ਪ੍ਰਕਾਰ ਹਨ ਡੇਕਾਂ ਵਾਲਾ, ਇਮਲੀ ਵਾਲਾ, ਸਾਦੇ ਵਾਲਾ, ਛੋਟਾ ਅਤੇ ਵੱਡਾ ਖਾਰਾ, ਚਾਰਜਾਂ, ਪੱਥਰਾਂ ਵਾਲਾ, ਸ਼ਹਿਜ਼ਾਦ ਪੁਰਾ, ਪੱਕਾ ਅਤੇ ਕੱਚਾ ਦਰਵਾਜ਼ਾ ਜਮਾਲ ਪੁਰਾ, ਤਪਾ, ਕਮਾਨ ਗਰਾਂ, ਜ਼ਰਕੋਬਾਂ, ਨਅਲਬੰਦਾਂ, ਮਕਬਰਿਆਂ, ਇਸਲਾਮ ਆਬਾਦ, ਇਸਲਾਮ ਗੰਜ, ਬਾਗ਼ ਵਾਲਾ, ਬਾਲੂ ਬਸਤੀ, ਮੋਚੀਆਂ ਵਾਲਾ, ਪਾਂਡੀਆਂ, ਲੋਹਾਰਾਂ, ਵੈਦਾਂ, ਚੋਰ ਮਾਰਾਂ, ਇਲਿਆਸ ਖ਼ਾਨ, ਸ਼ੇਖ਼ਾਂ, ਸ਼ਾਹ ਫਾਜ਼ਿਲ, ਚੌਧਰੀਆਂ, ਪੂਰੀਆਂ, ਅਰੋੜਾ, ਲੋਹਟੀਆਂ, ਕੱਚਾ ਕੋਟ, ਇਫਤਿਖ਼ਾਰ ਗੰਜ

 ਭੁਮਸੀ, ਚੋਹਟਾ, ਛੱਤਾ, ਗੁੱਜਰਾਂ, ਗ਼ਰੀਬ ਨਗਰੀ, ਜੁਲਾਹਾ ਮੰਡੀ, ਸਲੀਮ ਬਸਤੀ, ਕਾਲੂ ਬਸਤੀ, ਮਦੀਨਾ ਬਸਤੀ, ਹਾਂਡਾ ਬਸਤੀ, ਫੈਸਲ ਆਬਾਦ, ਚਾਂਦ ਕਾਲੋਨੀ, ਨਵਾਬ ਕਾਲੋਨੀ, ਸੈਮ ਸੰਗ ਕਾਲੋਨੀ, ਗੁਰਲੇਖ ਕਾਲੋਨੀ, ਨਰਿੰਦਰਾ ਕਾਲੋਨੀ, ਕਿ੍ਰਸ਼ਨਾ ਕਾਲੋਨੀ, ਜੁਝਾਰ ਨਗਰ ਕਾਲੋਨੀ, ਸ੍ਰੀ ਰਾਮ ਨਗਰ ਕਾਲੋਨੀ, ਪੈਰਾਡਾਇਜ਼ ਕਾਲੋਨੀ, ਅਬੂ ਬਕਰ ਕਾਲੋਨੀ, ਨਿਸ਼ਾਤ ਕਾਲੋਨੀ, ਡਿਫੈਂਸ ਕਾਲੋਨੀ, ਅਗਰ ਨਗਰ ਕਾਲੋਨੀ, ਅਲ-ਫਲਾਹ ਕਾਲੋਨੀ, ਮਾਡਲ ਟਾਊਨ ਕਾਲੋਨੀ, ਰੋਜ਼ ਐਵਨਿਊ ਆਦਿ। ਚੌਕਾਂ ਵਿਚੋਂ ਜਿਵੇਂ ਸੱਟਾ ਚੌਕ, ਫਵਾਰਾ ਚੌਕ, ਗਰੇਵਾਲ ਚੌਕ, ਕਲਬ ਚੌਕ, ਅਫਗ਼ਾਨ ਚੌਕ, ਟਰਕ ਯੂਨੀਅਨ ਚੌਕ, ਛੋਟਾ ਚੌਕ, ਮਾਨਾ ਚੌਕ, 786 ਚੌਕ, ਜੰਨਤ ਗਲੀ, ਛੱਤੀ ਗਲੀ ਆਦਿ ਹਨ।

ਇੱਥੇ ਘਰਾਂ ਨੂੰ ਖ਼ੁਸ਼ਗਵਾਰ ਬਣਾਉਣ ਲਈ ਨਰਸਰੀਆਂ ਦਾ ਅਹਿਮ ਰੋਲ ਹੈ ਜਿਵੇਂ ਨਿਊ ਇੰਡੀਆ ਨਰਸਰੀ ਫਾਰਮ, ਭਾਰਤ ਨਰਸਰੀ, ਨਿਊ ਜਨਤਾ ਨਰਸਰੀ, ਗੋਲਡਨ ਨਰਸਰੀ, ਕਿਸਾਨ ਨਰਸਰੀ, ਪੈਰਾਡਾਈਜ਼ ਨਰਸਰੀ, ਜਨਤਾ ਨਰਸਰੀ, ਨਿਊ ਭਾਰਤ ਨਰਸਰੀ, ਇੰਡੀਅਨ ਸੀਡਜ਼ ਐਂਡ ਨਰਸਰੀਆਂ ਹਨ ਜਿਥੇ ਹਰ ਪ੍ਰਕਾਰ ਦੇ ਫਲਦਾਰ ਅਤੇ ਫਲਾਂ ਵਾਲੇ ਇੰਡੀਅਨ ਅਤੇ ਗ਼ੈਰ ਇੰਡੀਅਨ ਬੂਟੇ ਮਿਲਦੇ ਹਨ। ਮਸ਼ਹੂਰ ਵਿਦਿਅਕ ਇਦਾਰਿਆਂ ਵਿਚੋਂ ਇਸਲਾਮੀਆਂ ਸੀ. ਸੈ. ਸਕੂਲ, ਐਸ. ਡੀ. ਪੀ. ਪੀ. ਹਾਈ ਸਕੂਲ, ਜੈਨ ਹਾਈ ਸਕੂਲ, ਸਰਕਾਰੀ ਹਾਈ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਤੋਂ ਇਲਾਵਾ ਅਲ ਫ਼ਲਾਹ ਸੀ. ਸੈ. ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਸੀ. ਸੈ. ਸਕੂਲ, ਸੀਤਾ ਗ੍ਰਾਮਰ ਸੀ. ਸੈ. ਸਕੂਲ, ਇਸਲਾਮੀਆਂ ਸੀ. ਸੈ. ਸਕੂਲ ਕਿਲਾ ਰਹਿਮਤ ਗੜ੍ਹ, ਦਾ ਟਾਊਨ ਸਕੂਲ, ਸਰਕਾਰੀ ਕਾਲਜ, ਕੇ. ਐਮ. ਆਰ. ਡੀ. ਜੈਨ ਕਾਲਜ

 ਇਸਲਾਮੀਆ ਗਰਲਜ਼ ਕਾਲਜ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ਼ ਪੰਜਾਬੀ ਯੂਨੀਵਰਸਿਟੀ, ਪੰਜਾਬ ਉਰਦੂ ਅਕਾਦਮੀ ਆਦਿ ਅਪਣੀ ਇਲਮੀ ਹੋਂਦ ਦਾ ਇਜ਼ਹਾਰ ਕਰ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਰਸ਼ੀਦ ਬ੍ਰਾਦਰਜ਼ ਜੋ ਰੈਕਟ ਬਣਾਉਣ ਵਿਚ ਵਿਸ਼ਵ ਭਰ ’ਚ ਪ੍ਰਸਿੱਧ ਹਨ। ਸਟਾਰ ਇੰਪੈਕਟ ਜਿਨ੍ਹਾਂ ਨੇ ਪਾਇਦਾਰ ਸ਼ੂਜ਼ ਬਣਾਏ, ਕੇ. ਐਸ. ਇੰਡਸਟ੍ਰੀਜ਼ ਅਤੇ ਦਸਮੇਸ਼ ਇੰਡਸਟਰੀਜ਼ ਨੇ ਕੰਬਾਇਨਾਂ ਅਤੇ ਐਗਰੀਕਲਚਰ ਟੂਲਜ਼ ਦੀਆਂ ਬੇਸ਼ੁਮਾਰ ਆਇਟਮਾਂ ਬਣਾ ਪੰਜਾਬ ਭਰ ਨਹੀਂ ਬਲਕਿ ਵਿਸ਼ਵ ਪੱਧਰ ’ਤੇ ਮਾਲੇਰ ਕੋਟਲੇ ਦਾ ਨਾਂ ਰੌਸ਼ਨ ਕੀਤਾ ਹੈ ਜੋ ਮਾਲੇਰ ਕੋਟਲੇ ਵਾਲਿਆਂ ਲਈ ਬਹੁਤ ਫ਼ਖ਼ਰ ਦੀ ਗੱਲ ਹੈ।

ਉਰਦੂ ਸਾਹਿਤ ਨੂੰ ਪ੍ਰਫੁੱਲਤ ਕਰਨ ਲਈ ਬਸ਼ੀਰ ਹਸਨ ਬਸ਼ੀਰ, ਕਮਾਲ-ਉਦ-ਦੀਨ ਕਮਾਲ, ਮਨਜ਼ੂਰ ਹਸਨ ਨਾਮੀ, ਭਗਵਾਨ ਦਾਸ ਸ਼ੁਅਲਾ, ਨਵਾਬ ਜ਼ੁਲਫਿਕਾਰ ਅਲੀ ਖ਼ਾਨ ਦੀ ਅਲਾਮਾ ਇਕਬਾਲ ਬਾਰੇ ਲਿਖੀ ਕਿਤਾਬ ‘ਵਾਇਸ ਆਫ਼ ਦਾ ਈਸਟ’ ਸਾਹਿਤਕ ਰੁਚੀ ਦੀ ਨਿਸ਼ਾਨਦੇਹੀ ਕਰਦੀ ਹੈ। 20 ਵੀਂ ਸਦੀ ਦੇ ਉਘੇ ਸ਼ਾਇਰ ਜਲਾਲ ਮਿਰਜ਼ਾ ਖ਼ਾਨੀ, ਸ਼ੇਖ ਬਸ਼ੀਰ ਹਸਨ ਬਸ਼ੀਰ ਤੋਂ ਇਲਾਵਾ ਡਾ. ਨਰੇਸ਼, ਪ੍ਰੇਮ ਵਾਰਬਰਟਨੀ, ਉਰਦੂ ਹਿੰਦੀ ਮਸ਼ਹੂਰ ਸ਼ਾਇਰ ਸ਼ੰਕਰ ਮੁਬਾਰਕਪੁਰੀ, ਡਾ. ਅਸਲਮ ਹਬੀਬ, ਖ਼ਾਲਿਦ ਕਿਫ਼ਾਇਤ ਆਦਿ ਨੇ ਉਰਦੂ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅੱਗੇ ਚਲਦਿਆਂ ਪ੍ਰੋ. ਜਗਦੀਸ਼ ਕੌਸ਼ਲ, ਪ੍ਰੋ. ਮਹਿਮੂਦ ਆਲਮ, ਅਨਵਾਰ ਆਜ਼ਰ, ਜ਼ਫ਼ਰ ਅਹਿਮਦ, ਡਾ. ਸਲੀਮ ਜ਼ੁਬੈਰੀ ਆਦਿ ਨੇ ਗ਼ਜ਼ਲ ਗੋਈ ਦੇ ਵਗਦੇ ਦਰਿਆ ਨੂੰ ਹੋਰ ਤਵਾਨਾਈ ਅਤਾ ਕੀਤੀ। ਪੰਜਾਬੀ ਸ਼ਾਇਰਾਂ ਵਿਚ ਕਰਤਾਰ ਸਿੰਘ ਪੰਛੀ, ਨੂਰ ਮੁਹੰਮਦ ਨੂਰ, ਧਰਮ ਚੰਦ ਬਾਤਿਸ਼ ਆਦਿ ਦੀ ਸ਼ਾਇਰੀ ਹਰ ਪੱਖੋਂ ਕਾਬਿਲ-ਇ-ਤਾਰੀਫ਼ ਰਹੀ ਹੈ। ਡਾ. ਰੂਬੀਨਾ ਸ਼ਬਨਮ ਇਸਤਰੀ ਜਗਤ ਦੀ ਨਿਵੇਕਲੀ  ਉਰਦੂ ਪੰਜਾਬੀ ਸ਼ਾਇਰਾ ਹੈ ਜਿਸ ਨੇ ਸਾਹਿਤ ਦੇ ਨਾਲ ਨਾਲ ਤਨਕੀਦ-ਤਹਿਕੀਕ ਵਿਚ ਵੀ ਕੰਮ ਕੀਤਾ ਹੈ।

1940 ਈ. ਵਿਚ ਬਜ਼ਮ-ਏ-ਤਰੱਕੀ-ਏ-ਅਦਬ ਵਜੂਦ ’ਚ ਆਈ। ਡਾ. ਨਰੇਸ਼ ਨੇ 1965 ਈ. ’ਚ ਅੰਜੁਮਨ-ਏ-ਪੰਜਾਬ ਕਾਇਮ ਕੀਤੀ। ਬਜ਼ਮ-ਏ-ਕਮਾਲ, ਇਲਮੀ ਮਜਲਿਸ, ਮਜਲਿਸ-ਏ-ਇਲਮ-ੳ-ਅਦਬ, ਹਮ ਅਸਰ ਪੰਜਾਬ, ਅਲ ਕਲਮ, ਅਫ਼ਸਾਨਾ ਕਲਬ, ਮਕਤਬਾ ਗੁਲਜ਼ਾਰ-ਏ-ਇਸਮਾਈਲ, ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼, ਜਾਮੀਆ ਦਾਰ-ਉਸ-ਸਲਾਮ, ਨੰਦਨ ਪਬਲੀਕੇਸ਼ਨਜ਼, ਇਕਰਾ ਪਬਲੀਕੇਸ਼ਨਜ਼ ਤੋਂ ਇਲਾਵਾ ਬਰਾੜ ਐਂਡ ਸੰਨਜ਼ ਆਦਿ ਸਾਹਿਤ ਦੇ ਖੇਤਰ ’ਚ ਪ੍ਰਸਿੱਧ ਵਿਦਿਅਕ ਅੰਜੁਮਨਾਂ ਹਨ। ਇਥੇ ਸ਼ਹਿਰ ਵਿਚ ਨਸ਼ਾ ਪੱਤਾ, ਲੜਾਈ ਝਗੜਾ, ਮਾਰ ਕੁਟਾਈ, ਜੂਆ ਸੱਟਾ ਜ਼ੋਰਾਂ ’ਤੇ ਹੈ। ਅਜਿਹੀ ਹਾਲਤ ’ਚ ਜਨਤਾ ਦੇ ਸਿਰ ਤੇ ਨਰਮੀ ਦਾ ਹੱਥ ਰੱਖਣ ਵਾਲੇ ਸਿਆਸੀ ਅਤੇ ਮਜ਼ਹਬੀ ਰਹਿਨੁਮਾ ਮੌਜੂਦ ਹਨ। 

ਇਸ ਤੋਂ ਪਹਿਲਾਂ ਵੋਟਾਂ ਲੈ ਕੇ ਕਿਸੇ ਵੱਡੇ ਸ਼ਹਿਰ ਵਿਚ ਜ਼ਿੰਦਗੀ ਗੁਜ਼ਾਰਨਾ ਸਿਆਸੀ ਲੀਡਰਾਂ ਦਾ ਵਤੀਰਾ ਰਿਹਾ ਹੈ। ਸ਼ਹਿਰ ਦੀ ਨੋਕ ਪਲਕ ਦਰੁਸਤ ਕਰਨ ਵਿਚ ਮਰਹੂਮ ਸਾਜਿਦਾ ਬੇਗਮ, ਮਰਹੂਮ ਅਨਵਾਰ ਅਹਿਮਦ ਖ਼ਾਂ, ਮਰਹੂਮ ਨੁਸਰਤ ਅਲੀ ਖ਼ਾਂ ਅਤੇ ਚੌਧਰੀ ਅਬਦੁਲ ਗ਼ੱਫ਼ਾਰ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਡਾ. ਜਮੀਲ-ਉਰ-ਰਹਿਮਾਨ ਵੀ ਮਾਲੇਰ ਕੋਟਲਾ ਦੀ ਤਰੱਕੀ ਅਤੇ ਪ੍ਰਫੁੱਲਤਾ ਲਈ ਦਿਨ ਰਾਤ ਫ਼ਿਕਰਮੰਦ ਹਨ। ਨੌਜਵਾਨਾਂ ਵਿਚ ਕਾਬਲੀਅਤ ਬਹੁਤ ਹੈ ਪਰੰਤੂ ਰਹਿਨੁਮਾਈ ਦੀ ਘਾਟ ਹੈ। ਖੇਡ ਦੇ ਹਰ ਈਵੈਂਟ ’ਚ ਇਥੇ ਦੇ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਤਕ ਖੇਡ ਚੁੱਕੇ ਹਨ। ਇਥੇ ਇੰਜੀਂਨੀਅਰਾਂ, ਡਾਕਟਰਾਂ, ਪ੍ਰੋਫ਼ੈਸਰਾਂ, ਸਾਹਿਤਕਾਰਾਂ, ਪੱਤਰਕਾਰਾਂ, ਸ਼ਾਇਰਾਂ ਦੀ ਘਾਟ ਨਹੀਂ। ਇਹ ਸਾਰੇ ਅਪਣੀ ਕਾਬਲੀਅਤ ਦੀ ਬਿਨਾਅ ’ਤੇ ਵੱਖ ਵੱਖ ਵਿਭਾਗਾਂ ਵਿਚ ਸੇਵਾਵਾਂ ਨਿਭਾ ਰਹੇ ਹਨ। ਅੰਤ ਵਿਚ ਮੇਰੀ ਦੁਆ ਹੈ ਕਿ ਇਹ ਅਮਨ ਸ਼ਾਂਤੀ, ਪਿਆਰ ਮੁਹੱਬਤ, ਆਪਸੀ ਭਾਈਚਾਰੇ ਦਾ ਸ਼ਹਿਰ ਹਮੇਸ਼ਾ ਵਧਦਾ ਫੁੱਲਦਾ ਰਹੇ। ਸ਼ਾਇਰ ਲਿਖਦਾ ਹੈ:-
ਫਲਾ ਫੂਲਾ ਰਹੇ ਯਾ ਰੱਬ ਯੇ ਚਮਨ ਮੇਰੀ ਉਮੀਦੋਂ ਕਾ,
ਜਿਗਰ ਕਾ ਖ਼ੂਨ ਦੇ ਦੇ ਕਰ ਯੇ ਬੂਟੇ ਮੈਂ ਨੇ ਪਾਲੇ ਹੈਂ।