ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਉਡਾਣਾਂ ਛੇਤੀ ਹੋ ਸਕਦੀਆਂ ਹਨ ਸੰਭਵ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਹਵਾਈ ਅੱਡਿਆਂ ਨੂੰ “ਗ੍ਰੀਨ ਜ਼ੋਨ” ਅਤੇ “ਰੈੱਡ ਜ਼ੋਨ” ਵਿਚ ਜਾਵੇਗਾ ਵੰਡਿਆ

Qantas

ਵੈਲਿੰਗਟਨ : ਅਪ੍ਰੈਲ ਦੇ ਮੱਧ ਤੋਂ ਆਸਟ੍ਰੇਲੀਆ ਨਾਲ ਵੱਖਰੀ ਕੁਆਰੰਟੀਨ ਮੁਕਤ ਯਾਤਰਾ ਦੀ ਸ਼ੁਰੂਆਤ ਕਰਨ ਬਾਰੇ ਨਿਊਜ਼ੀਲੈਂਡ ਸੋਮਵਾਰ ਨੂੰ ਫ਼ੈਸਲਾ ਲੈ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਵੇਲੇ ਇਕ ਪੇਪਰ ਬਾਰੇ ਐਨ.ਜੈਡ ਕੈਬਨਿਟ ਕਮੇਟੀ ਵਿਚ ਬੱਬਲ ਦੇ ਅੰਤਮ ਰੂਪ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਇਹ ਪੂਰਨ ਕੈਬਨਿਟ ਦੀ ਇਕ ਮੀਟਿੰਗ ਅਗਲੇ ਹਫ਼ਤੇ ਦੇ ਸ਼ੁਰੂ ਵਿਚ ਫ਼ੈਸਲਾ ਲੈ ਸਕਦੀ ਹੈ। ਇਸ ਫ਼ੈਸਲੇ ਦੇ ਅਗਲੇ ਹਫ਼ਤੇ ਆਉਣ ਦੀ ਆਸ ਹੈ। 

ਇਹ ਫ਼ੈਸਲਾ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਕੁਆਰੰਟੀਨ ਮੁਕਤ ਯਾਤਰਾ ਨੂੰ ਖੋਲ੍ਹ ਦੇਵੇਗਾ, ਜਦੋਂ ਕਿ ਬਾਕੀ ਦੇਸ਼ ਇਸ ਤਰ੍ਹਾਂ ਦੀ ਯਾਤਰਾ ਨੂੰ ਰੋਕਣ ਦਾ ਹੱਕ ਰੱਖਦੇ ਹਨ। ਹਵਾਈ ਅੱਡਿਆਂ ਨੂੰ “ਗ੍ਰੀਨ ਜ਼ੋਨ” ਅਤੇ “ਰੈੱਡ ਜ਼ੋਨ” ਵਿਚ ਵੰਡਿਆ ਜਾਵੇਗਾ। ਗ੍ਰੀਨ ਜ਼ੋਨ ਦੇ ਤਹਿਤ ਮੁਫ਼ਤ ਅਤੇ ਖੁੱਲ੍ਹੀ ਯਾਤਰਾ ਹੋਵੇਗੀ, ਜਦੋਂਕਿ ਰੈਡ ਜ਼ੋਨ ਦੁਨੀਆ ਦੇ ਹੋਰ ਸਥਾਨਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਪਾਰਗਮਨ ਜਾਂ ਕੁਆਰੰਟੀਨ ਹੋਣ ਲਈ ਹੋਣਗੇ।

ਨਿਊਜ਼ੀਲੈਂਡ ਦੇ ਕੋਵਿਡ-19 ਰਿਕਵਰੀ ਮੰਤਰੀ ਕ੍ਰਿਸ ਹਿਪਕਿਨਜ਼ ਨੇ ਭਲਕੇ ਸੰਸਦ ਨੂੰ ਦਸਿਆ ਕਿ ਆਕਲੈਂਡ ਹਵਾਈ ਅੱਡੇ ਨੂੰ ਬੱਬਲ ਲਈ ਤਿਆਰ ਹੋਣ ਲਈ 10 ਦਿਨਾਂ ਦੀ ਜ਼ਰੂਰਤ ਹੋਵੇਗੀ, ਜਦੋਂਕਿ ਏਅਰਲਾਈਨਾਂ ਨੇ ਸੰਕੇਤ ਦਿਤਾ ਹੈ ਕਿ ਉਨ੍ਹਾਂ ਨੂੰ ਤਿਆਰ ਹੋਣ ਅਤੇ ਉਡਾਨ ਭਰਨ ਲਈ ਤਿੰਨ ਹਫ਼ਤਿਆਂ ਦੀ ਜ਼ਰੂਰਤ ਪਵੇਗੀ।

ਨਿਊਜ਼ੀਲੈਂਡ ਦੇ ਦੂਸਰੇ ਹਵਾਈ ਅੱਡੇ ਜੋ ਬੱਬਲ ਪ੍ਰਬੰਧ ਵਿਚ ਹਿੱਸਾ ਲੈ ਸਕਦੇ ਹਨ ਉਹਨਾਂ ਵਿਚ ਵੈਲਿੰਗਟਨ, ਕ੍ਰਾਈਸਟਚਰਚ ਅਤੇ ਕਵੀਨਸਟਾਉਨ ਹਨ। ਨਿਊਜ਼ੀਲੈਂਡ ਸਰਕਾਰ ਇਸ ਤੱਥ ਤੋਂ ਵੀ ਖ਼ੁਸ਼ ਹੈ ਕਿ ਸਾਰੇ ਸਰਹੱਦੀ ਕਰਮਚਾਰੀਆਂ ਨੂੰ ਮਹੀਨੇ ਦੇ ਅੰਤ ਤਕ ਪੂਰੀ ਤਰਾਂ ਟੀਕਾ ਲਗਾ ਦਿਤਾ ਜਾਣਾ ਹੈ।