ਸਾਗਰ ਦੀਆਂ ਛੱਲਾਂ ਤੇ ਸੁੰਦਰ ਨਜ਼ਾਰੇ ਖ਼ੂਬਸੂਰਤ ਗੋਆ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਗੋਆ ਸੂਬੇ ਦਾ ਸਮੁੰਦਰੀ ਇਲਾਕਾ ਕੁਲ ਮਿਲਾ ਕੇ ਕੋਈ 125 ਕਿਲੋਮੀਟਰ ਤਕ ਫੈਲਿਆ ਹੋਇਆ ਹੈ

goa

ਗੋਆ ਭਾਰਤ ਦਾ ਅਤਿਅੰਤ ਖ਼ੂਬਸੂਰਤ ਸੂਬਾ ਹੈ। ਭਾਰਤ ਦੇ ਨਕਸ਼ੇ ਅਤੇ ਭੂਗੋਲਿਕ ਸਥਿਤੀ ਮੁਤਾਬਕ ਗੋਆ ਭਾਰਤ ਦੇ ਪੱਛਮੀ ਤਟ ’ਤੇ ਸਥਿਤ ਹੈ। ਅਪਣੇ ਆਪ ਵਿਚ ਭਾਰਤੀ ਕਲਾਵਾਂ, ਪਰੰਪਰਾਵਾਂ ਅਤੇ ਵੇਖਣਯੋਗ ਅਦਭੁਤ ਨਜ਼ਾਰਿਆਂ ਦੀ ਸੁੰਦਰਤਾ ਨਾਲ ਭਰਪੂਰ ਗੋਆ ਸ਼ੁਰੂ ਤੋਂ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ। ਇਤਿਹਾਸਕ ਦ੍ਰਿਸ਼ਟੀ ਤੋਂ ਸੰਸਾਰ ਦੇ ਪ੍ਰਾਚੀਨ ਕਬੀਲਿਆਂ ਵਿਚੋਂ ਇਕ ਕਬੀਲੇ ਮੁਤਾਬਕ ਇਸ ਨੂੰ ਪਹਿਲਾਂ ‘ਗੋਅਮ’ ਕਿਹਾ ਜਾਂਦਾ ਸੀ। ਉਸ ਕਬੀਲੇ ਦੇ ਲੋਕਾਂ ਨੂੰ ‘ਮੁੰਦਾਰਿਸ’ ਕਹਿੰਦੇ ਸਨ। ਗੋਆ ਨੂੰ ਸਮੇਂ ਸਮੇਂ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ। ਆਰੀਆ ਲੋਕ ਇਸ ਨੂੰ ‘ਗੋਲਡਨ ਗੋਆ’, ਪਰਲ ਆਫ਼ ਦਾ ਓਰੀਐਂਟ ਜਾਂ ‘ਰੋਮ ਆਫ਼ ਦਾ ਇਸਟੇ’ ਅਤੇ ਇਸ ਦੇ ਨਾਲ ਕਈ ਹੋਰ ਨਾਵਾਂ ਨਾਲ ਗੋਆ ਦੀ ਖ਼ੂਬਸੂਰਤੀ ਦੀ ਉਪਮਾ ਕਰਦੇ ਸਨ।

ਗੋਆ ਵਿਚ ਪਹਿਲਾਂ ਪੁਰਤਗਾਲੀਆਂ ਦਾ ਰਾਜ ਸੀ ਅਤੇ 19 ਦਸੰਬਰ 1961 ਨੂੰ ਗੋਆ ਸੂਬਾ ਹੋਂਦ ਵਿਚ ਆਇਆ। ਗੋਆ ਲਗਭਗ 451 ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਆਜ਼ਾਦ ਹੋਇਆ। ਵਰਤਮਾਨ ਸਮੇਂ ਵਿਚ ਇਥੇ ਹਰ ਧਰਮ, ਜਾਤ, ਨਸਲ, ਵਰਣ ਅਤੇ ਕਈ ਹੋਰ ਸੂÎਬਆਂ ਅਤੇ ਦੇਸ਼ਾਂ ਤੋਂ ਆਏ ਹੋਏ ਲੋਕਾਂ ਦਾ ਖ਼ੂਬਸੂਰਤ ਮਿਸ਼ਰਣ-ਸੰਗ੍ਰਹਿ ਹੈ। ਗੋਆ ਦੀ ਖ਼ੂਬਸੂਰਤੀ ਬਾਰੇ ਪੂਰੇ ਵਿਸ਼ਵ ਵਿਚ ਕਈ ਕਹਾਣੀਆਂ ਪ੍ਰਚਲਿਤ ਹਨ ਅਤੇ ਅੱਜਕਲ੍ਹ ਜਿਹੜੇ ਵੀ ਸੈਲਾਨੀ ਇਥੇ ਆਉਂਦੇ ਹਨ ਉਹ ਗੋਆ ਦੀ ਅੰਦਰੂਨੀ ਖ਼ੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ ਕਿਉਂਕਿ ਖ਼ਾਸ ਕਰ ਕੇ ਗੋਆ ਦਾ ਸਮੁੰਦਰੀ ਇਲਾਕਾ ਜਾਂ ਉਹ ਇਲਾਕਾ ਜਿਥੇ ਜਿਥੇ ਸਾਗਰੀ ਤਟ ਜਾਂ ਕਈ ਖ਼ੂਬਸੂਰਤ ਬੀਚ ਹਨ, ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਦੇ ਹਨ। ਗੋਆ ਸੂਬੇ ਦਾ ਸਮੁੰਦਰੀ ਇਲਾਕਾ ਕੁਲ ਮਿਲਾ ਕੇ ਕੋਈ 125 ਕਿਲੋਮੀਟਰ ਤਕ ਫੈਲਿਆ ਹੋਇਆ ਹੈ, ਜਿਸ ਵਿਚ 83 ਕਿਲੋਮੀਟਰ ਲੰਮੇ ਖ਼ੂਬਸੂਰਤ ਵੱਖ ਵੱਖ ਬੀਚ ਹਨ।

ਇਸ ਤੋਂ ਇਲਾਵਾ ਗੋਆ ਵਿਚ ਇਨ੍ਹਾਂ ਬੀਚਾਂ ਉਪਰ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਪਾਣੀ ਵਿਚ ਕਈ ਤਰ੍ਹਾਂ ਦੇ ਚਲਣ ਵਾਲੇ ਝੂਲੇ (ਪੰਘੂੜੇ), ਆਰਾਮ ਘਰ, ਡਾਲਫ਼ਿਨ ਮੱਛੀਆਂ ਦੇ ਨਜ਼ਾਰੇ, ਲਾਜਵਾਬ ਸਵਾਦਿਸ਼ਟ ਵਿਅੰਜਨ, ਕਈ ਪ੍ਰਾਚੀਨ ਕਿਲ੍ਹੇ, ਵਿਸ਼ਵ ਪ੍ਰਸਿੰਧ ਮੰਦਰ, ਪ੍ਰਾਚੀਨ ਆਕਰਸ਼ਕ ਉੱਚੇ ਉੱਚੇ ਚਰਚ, ਪ੍ਰਾਚੀਨਤਾ ਦੀ ਯਾਦ ਦਿਵਾਉਂਦੇ ਮਕਬਰੇ, ਉਫਨ ਦਾ ਸਾਗਰ (ਠਾਠਾਂ ਮਾਰਦਾ ਸਾਗਰ), ਦਿਲ ਲੁਭਾਣੇ ਰੁੱਖ, ਉੱਚੇ ਉੱਚੇ ਛਤਰੀਦਾਰ, ਝਾਲਰਦਾਰ ਨਾਰੀਅਲ ਦੇ ਰੁੱਖ ਅਤਿ ਸੁੰਦਰ ਦ੍ਰਿਸ਼ ਬਣਾਉਣ ਵਿਚ ਵਿਸ਼ੇਸ਼ ਸੁਪਾਰੀ ਦੇ ਰੁੱਖਾਂ ਦੀਆਂ ਸੁੰਦਰ ਕਤਾਰਾਂ ਅੰਬਰ ਨਾਲ ਸਰਗੋਸ਼ੀਆਂ ਕਰਦੀਆਂ ਹਨ।

ਸਾਗਰ ਦੇ ਤਟ ’ਤੇ ਲੋਕ ਇਕ ਸ਼ਾਂਤੀ ਭਰੇ ਅਤੇ ਸੁਖਦ ਵਾਤਾਵਰਣ ਵਿਚ ਅਧਿਆਤਮਕ ਹੋ ਜਾਂਦੇ ਹਨ। ਇਥੇ ਮਨੁੱਖੀ ਸੁੰਦਰਤਾ ਅਤੇ ਕੁਦਰਤੀ ਸੁੰਦਰਤਾ ਆਪਸ ਵਿਚ ਮਿਲ ਕੇ ਇਕ ਤਰ੍ਹਾਂ ਸਵਰਗ ਦੇ ਦੁਆਰ ਖੋਲ੍ਹ ਦਿੰਦੀ ਹੈ। ਇਕ ਵਾਰ ਤਾਂ ਸਰੀਰਕ ਅਤੇ ਮਾਨਸਕ ਆਨੰਦ ਦਾ ਜਾਦੂ ਲਹਿਰਾ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਸੁੰਦਰ ਪੰਛੀ ਅਪਣੀਆਂ ਮੰਤਰ ਮੁਗਧ ਆਵਾਜ਼ਾਂ ਨਾਲ ਅਨੰਦ ਵਿਭੋਰਤਾ ਦਾ ਅਹਿਸਾਸ ਛਡਦੇ ਹਨ। ਇਹ ਤਾਂ ਹੈ ਗੋਆ ਦਾ ਭੂਗੋਲਿਕ ਸਵਰਗ। ਗੋਆ ਵਿਖੇ ਹਰ ਸਾਲ ਅਨੇਕਾਂ ਹੀ ਮੇਲੇ, ਦਿਨ ਅਤੇ ਤਿਉਹਾਰ ਧੂਮਧਾਮ ਅਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ। ਵਿਸ਼ਵ ਭਾਰਤੀ ਫ਼ਿਲਮ ਮਹਾਂਉਤਸਵ ਵੀ ਇਥੇ ਹੀ ਮਨਾਇਆ ਜਾਂਦਾ ਹੈ। ਸਪਤਾਹਿਕ ਬਾਜ਼ਾਰ, ਨੁਮਾਇਸ਼ਾਂ, ਛੋਟੇ ਛੋਟੇ ਖੇਤਰੀ ਤਿਉਹਾਰ ਆਦਿ ਵੀ ਮਨਾਏ ਜਾਂਦੇ ਹਨ।

ਗੋਆ ਵਿਚ ਅੱਜ ਵੀ ਪੁਰਤਗਾਲੀ ਪਰੰਪਰਾਵਾਂ ਦੇ ਅੰਸ਼ ਸਾਫ਼ ਸਾਫ਼ ਵਿਖਾਈ ਦਿੰਦੇ ਹਨ। ਗੋਆ ਦੇ ਲੋਕ ਖਾਣ-ਪੀਣ, ਤਿਉਹਾਰ ਮਨਾਉਣ ਵਾਲੇ, ਪਰੰਪਰਾਵਾਂ ਨਾਲ ਜੁੜੇ, ਸੰਗੀਤ ਨੂੰ ਹਿਰਦੇ ’ਚੋਂ ਪ੍ਰੇਮ ਕਰਨ ਵਾਲੇ, ਨ੍ਰਿਤ ਅਤੇ ਸਭਿਆਚਾਰ ਦੇ ਮਾਹੌਲ ਵਿਚ ਰਚੇ ਮਿਚੇ ਨਜ਼ਰ ਆਉਂਦੇ ਹਨ। ਗੋਆ ਦੇ ਲੋਕ ਅਪਣੇ ਖ਼ੁਸ਼ਗਵਾਰ ਵਾਤਾਵਰਣ ਅਤੇ ਅਮੀਰ ਸੰਸਕ੍ਰਿਤੀ ’ਤੇ ਮਾਣ ਮਹਿਸੂਸ ਕਰਦੇ ਹਨ। ਅੱਜ ਵੀ ਗੋਆ ਭਾਰਤ ਦੇ ਹੋਰ ਸੈਰ ਸਪਾਟੇ ਦੇ ਸਥਾਨਾਂ ਨਾਲੋਂ ਜ਼ਿਆਦਾ, ਹਰ ਸਾਲ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਗੋਆ ਦੀ ਰਾਜਧਾਨੀ ‘ਪਣਜੀ’ ਹੈ। ਇਹ ਉੱਤਰ ਅਤੇ ਦੱਖਣ ਦੋ ਭਾਗਾਂ ਵਿਚ ਵੰਡੀ ਹੋਈ ਹੈ। ਪਣਜੀ ਮਾਂਡਵੀ ਨਦੀ ਦੇ ਕਿਨਾਰੇ ਸਥਿਤ ਹੈ। ਇਥੋਂ ਦੇ ਹਰੇ ਭਰੇ ਪਹਾੜਾਂ ਦੀ ਸੁੰਦਰਤਾ ਵੇਖਣ ਵਾਲੀ ਹੈ। ਠੰਢੀਆਂ ਠਾਰ ਹਵਾਵਾਂ, ਸੂਰਜ ਦੀਆਂ ਕਿਰਨਾਂ ਦਾ ਸ਼ੁੱਧ ਇਸ਼ਨਾਨ, ਇਹੋ ਤਾਂ ਜੰਨਤ ਹੈ।

ਇਥੇ ਕਈ ਸਥਾਨ ਵੇਖਣਯੋਗ ਹਨ ਜਿਸ ਤਰ੍ਹਾਂ ਮੋਰ, ਮੋਗਾਂਵ, ਬੰਦਰਗਾਹ, ਇਥੇ ਜੁਆਰੀ ਨਦੀ ਦੇ ਕਲ-ਕਲ ਕਰਦੇ ਸੁੰਦਰ ਦ੍ਰਿਸ਼, ਇਹ ਇਕ ਵਪਾਰਕ ਕੇਂਦਰ ਹੈ। ਮਪੂਸਾ : ਇਹ ਸਥਾਨ ਸਪਤਾਹਿਕ ਮਾਰਕੀਟ ਲਈ ਪ੍ਰਸਿਧ ਹੈ। ਇਥੇ ਤਰ੍ਹਾਂ ਤਰ੍ਹਾਂ ਦੇ ਗਹਿਣੇ, ਕਪੜੇ, ਫੁੱਲ ਆਦਿ ਸਮਾਨ ਖਰੀਦਿਆ ਜਾਂਦਾ ਹੈ। ਅਗੋੜਾ ਬੀਚ, ਬੈਸੀਲਿਕਾ ਆਫ਼ ਵਾਗ ਜੀਸਸ ਚਰਚ ਵਿਚ ਸੈਂਟ ਫ਼ਰਾਂਸਿਸ ਜ਼ੇਵੀਅਰਸ ਦਾ ਮ੍ਰਿਤਕ ਸਰੀਰ ਤਾਬੂਤ ਵਿਚ ਰਖਿਆ ਹੋਇਆ ਹੈ। ਸੈਂਟ ਕੈਥੀਡਰਲ ਚਰਚ : ਇਹ ਸੱਭ ਤੋਂ ਵੱਡੀ ਚਰਚ ਹੈ। ਇਥੇ ਪੰਜ ਘੜਿਆਲ (ਘੰਟੇ) ਹਨ ਪਰ ਸੁਨਹਿਰਾ ਘੰਟਾ ਵਿਸ਼ਵ ਦੇ ਸਾਰੇ ਘੰਟਿਆਂ ਨਾਲੋਂ ਸ੍ਰੇਸ਼ਟ ਹੈ। ਸ਼ਾਂਤਾ ਮੋਨਿਕਾ ਕਲੋਈਸਟਰ ਚਰਚ, ਲੇਡੀ ਆਫ਼ ਦਾ ਮਾਊਂਟ, ਸੈਂਟ ਆਰ ਸਟਾਈਨ ਟਾਵਰ ਵੀ ਬਹੁਤ ਪ੍ਰਸਿੱਧ ਹੈ। ਇਥੇ ਅਨੇਕਾਂ ਪ੍ਰਸਿੱਧ ਮੰਦਰ ਵੀ ਹਨ।

ਗੋਆ ਨਵਵਿਆਹੇ ਜੋੜਿਆਂ ਦੀ ਯਾਦਗਾਰੀ ਭੂਮੀ ਹੈ। ਹਰ ਸਾਲ ਹਜ਼ਾਰਾਂ ਹੀ ਜੋੜੇ ਇਥੇ ਅਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਕੇ ਹਜ਼ਾਰਾਂ ਸੁੰਦਰ ਦ੍ਰਿਸ਼ ਅਪਣੇ ਮਨ-ਮਸਤਕ ਵਿਚ ਕੈਦ ਕਰ ਕੇ ਲੈ ਜਾਂਦੇ ਹਨ, ਜਿਨ੍ਹਾਂ ਦੀ ਨੀਂਹ ਉਪਰ ਉਮਰ ਦੇ ਚੰਗੇ ਸੋਹਣੇ ਪਲ ਸੰਵਰਦੇ ਰਹਿੰਦੇ ਹਨ। ਗੋਆ ਵਿਖੇ ਅਕਤੂਬਰ ਤੋਂ ਮਾਰਚ ਤਕ ਦਾ ਮੌਸਮ ਮਨਮੋਹਕ ਹੁੰਦਾ ਹੈ। ਗਰਮੀ ਦੇ ਮੌਸਮ ਵਿਚ ਇਥੇ ਚਿਹਰੇ ਦਾ ਰੰਗ ਸਾਂਵਲਾ ਹੋਣ ਲਗ ਜਾਂਦਾ ਹੈ। ਗੋਆ ਆਉਣ ਲਈ ਹਵਾਈ ਮਾਰਗ ਰਾਹੀਂ ਦਿੱਲੀ, ਪੁਣੇ, ਹੈਦਰਾਬਾਦ, ਕੋਚੀ, ਮੁੰਬਈ, ਬੈਂਗਲੂਰੂ ਤੋਂ ਆਇਆ ਜਾ ਸਕਦਾ ਹੈ। ਇਨ੍ਹਾਂ ਸ਼ਹਿਰਾਂ ਵਿਚ ਯਾਤਰਾ ਪੈਕਜ ਪ੍ਰਣਾਲੀ ਦਾ ਵੀ ਪ੍ਰਬੰਧ ਹੁੰਦਾ ਹੈ, ਜਿਸ ਵਿਚ ਏਅਰ ਟਿਕਟ ਤੋਂ ਲੈ ਕੇ ਵਾਪਸੀ ਅਤੇ ਹੋਟਲ, ਟੈਕਸੀ, ਖਾਣ ਪੀਣ ਅਤੇ ਦਿਨਾਂ ਦਾ ਪ੍ਰਬੰਧ ਹੁੰਦਾ ਹੈ। ਤੁਸੀ ਵੀ ਗੋਆ ਦੇ ਸੁੰਦਰ ਨਜ਼ਾਰਿਆਂ ਦਾ ਅਨੰਦ ਲੈਣ ਲਈ ਅਤੇ ਗੋਆ ਦੇ ਬੀਚਾਂ ਦੀ ਧੁੱਪ ਸੇਕਣ ਅਤੇ ਸੂਰਜ ਦੀਆਂ ਕਿਰਨਾਂ ਦਾ ਇਸ਼ਨਾਨ ਕਰਨ ਲਈ ਇਥੇ ਜ਼ਰੂਰ ਆਉ।

(ਸੰਪਰਕ : 98156-25409)