ਸਿੱਕਮ ਪ੍ਰਾਂਤ ਦਾ ਅਦਭੁਤ ਨਜ਼ਾਰਾ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਮੈਂ ਅਪਣਾ ਸਫ਼ਰ ਸੁੰਦਰ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਤੋਂ ਆਰੰਭ ਕੀਤਾ। ਚੰਡੀਗੜ੍ਹ ਤੋਂ ਗੰਗਟੋਕ (ਸਿੱਕਮ) ਪੁੱਜਣ ਲਈ ਦਿੱਲੀ ਤੋਂ ਬਾਗਡੋਗਰਾ ਹਵਾਈ ਜਹਾਜ਼ ...

Sikkim

ਮੈਂ ਅਪਣਾ ਸਫ਼ਰ ਸੁੰਦਰ ਸ਼ਹਿਰ ਵਜੋਂ ਜਾਣੇ ਜਾਂਦੇ ਚੰਡੀਗੜ੍ਹ ਤੋਂ ਆਰੰਭ ਕੀਤਾ। ਚੰਡੀਗੜ੍ਹ ਤੋਂ ਗੰਗਟੋਕ (ਸਿੱਕਮ) ਪੁੱਜਣ ਲਈ ਦਿੱਲੀ ਤੋਂ ਬਾਗਡੋਗਰਾ ਹਵਾਈ ਜਹਾਜ਼ ਰਾਹੀਂ ਜਾ ਸਕਦੇ ਹਾਂ ਜਾਂ ਫਿਰ ਰੇਲ ਦੇ ਸਫ਼ਰ ਰਾਹੀਂ ਨਿਊ ਜਲਪਾਈਗੁੜੀ ਜਾਂ ਸਿਲੀਗੁੜੀ ਜਾਣਾ ਪੈਂਦਾ ਹੈ। ਇਹ ਤਕਰੀਬਨ 12 ਘੰਟੇ ਦਾ ਸਫ਼ਰ ਹੈ। ਜਹਾਜ਼ ਰਾਹੀਂ ਅੱਧੇ ਘੰਟੇ ਵਿਚ ਬਾਗਡੋਗਰਾ ਹਵਾਈ ਅੱਡੇ 'ਤੇ ਪੁੱਜ ਸਕਦੇ ਹਾਂ। ਅੱਗੋਂ ਟੈਕਸੀਆਂ ਰਾਹੀਂ ਗੰਗਟੋਕ ਜਾਈਦਾ ਹੈ ਜੋ ਤਕਰੀਬਨ ਚਾਰ ਘੰਟੇ ਦਾ ਸਫ਼ਰ ਹੈ। ਜੇ ਨਿਊ ਜਲਪਾਈਗੁੜੀ ਤੋਂ ਦਾਰਜਲਿੰਗ ਜਾਣਾ ਹੋਵੇ ਤਾਂ ਇਹ 72 ਕਿਲੋਮੀਟਰ ਦਾ ਰਸਤਾ ਹੈ। ਇਥੋਂ ਵੀ ਟੈਕਸੀ ਰਾਹੀਂ ਗੰਗਟੋਕ ਪੁੱਜ ਸਕਦੇ ਹਾਂ।

ਇਥੇ ਕਾਲਕਾ-ਸ਼ਿਮਲਾ ਵਾਂਗ ਛੋਟੀ ਗੱਡੀ ਦਾਰਜਲਿੰਗ ਤੋਂ ਕਰਸੌਂਗ ਵਲ ਚਲਦੀ ਹੈ। ਰਸਤੇ ਵਿਚ ਸਿਮਾਨਾ ਬਾਰਡਰ ਹੈ। ਇਥੋਂ ਨੇਪਾਲ ਦੀ ਹੱਦ ਸ਼ੁਰੂ ਹੁੰਦੀ ਹੈ। ਨਾਲ ਹੀ ਨੇਪਾਲ ਦੀ ਪਸ਼ੂਪਤੀ ਮਾਰਕੀਟ ਹੈ ਪ੍ਰੰਤੂ ਇਸ ਥਾਂ ਲਈ ਮਨਜ਼ੂਰੀ ਲੈਣੀ ਪੈਂਦੀ ਹੈ ਜੋ ਅਪਣਾ ਪਹਿਚਾਣ ਪੱਤਰ ਦਿਖਾ ਕੇ ਮਿਲ ਜਾਂਦੀ ਹੈ। ਗੰਗਟੋਕ ਭਾਰਤੀ ਕੇਂਦਰੀ ਰਿਆਸਤ ਸਿੱਕਮ ਦੀ ਰਾਜਧਾਨੀ ਹੈ। ਇਸ ਦੀ ਸਮੁੰਦਰ ਤਲ ਤੋਂ ਉਚਾਈ 5480 ਫੁੱਟ ਹੈ। ਇਥੇ ਸਾਰਾ ਸਾਲ ਇਕੋ ਜਿਹਾ ਸੁਖਾਵਾਂ ਮੌਸਮ ਹੀ ਰਹਿੰਦਾ ਹੈ। ਗੰਗਟੋਕ ਉਤਰ-ਪੂਰਬੀ ਭਾਰਤ ਦਾ ਮੁੱਖ ਟੂਰਿਸਟ ਸਥਾਨ ਹੈ। ਇਸ ਦੇ ਚਾਰ ਜ਼ਿਲ੍ਹੇ ਅਤੇ ਨੌਂ ਉਪ-ਤਹਿਸੀਲਾਂ ਹਨ।

ਇਸ ਦਾ ਖੇਤਰਫਲ 7096 ਵਰਗ ਕਿ.ਮੀ. ਹੈ। ਦਾਰਜਲਿੰਗ ਤੋਂ ਗੰਗਟੋਕ ਦੀ ਦੂਰੀ 92 ਕਿ.ਮੀ. ਹੈ। ਘੂੰਮ ਤੋਂ ਗੰਗਟੋਕ ਨੂੰ ਰਸਤਾ ਜਾਂਦਾ ਹੈ। ਨਿਊ ਜਲਪਾਈਗੁੜੀ ਤੋਂ ਸਿੱਧਾ ਫ਼ਾਸਲਾ 125 ਕਿ.ਮੀ. ਹੈ। ਗੰਗਟੋਕ ਤੋਂ ਤੀਸਤਾ ਦਰਿਆ ਤਕ ਜੋ ਨਾਲ ਨਾਲ ਚਲਦਾ ਹੈ, ਨਿਵਾਣ ਹੈ। ਗੰਗਟੋਕ ਦਾ ਆਖ਼ਰੀ ਰਾਜਾ ਭੂਟਾਨੀ ਅਤੇ ਬੋਧੀ ਸੀ। ਉਸ ਨੇ ਬੋਧੀਆਂ ਲਈ ਰਾਖਵੇਂ ਕਾਨੂੰਨ ਬਣਾਏ। ਇਥੋਂ ਦੇ ਨਾਗਰਿਕਾਂ ਨੂੰ ਹੀ ਪੱਕੇ ਤੌਰ 'ਤੇ ਰਹਿਣ ਦੇ ਹੱਕ ਪ੍ਰਾਪਤ ਹਨ।

ਕੋਈ ਵੀ ਬਾਹਰੋਂ ਆ ਕੇ ਇਥੇ ਜ਼ਮੀਨ ਨਹੀਂ ਖ਼ਰੀਦ ਸਕਦਾ। ਸਿੱਕਮ ਟੂਰਿਜ਼ਮ ਵਿਭਾਗ ਵਲੋਂ ਪੰਜ ਸੀਟਾਂ ਵਾਲੇ ਹੈਲੀਕਾਪਟਰ ਰਾਹੀਂ ਯਾਤਰੂਆਂ ਨੂੰ ਸੈਰ ਕਰਾਈ ਜਾਂਦੀ ਹੈ। ਸਿੱਕਮ ਜੋ ਬੰਗਾਲ ਵਿਚ ਹੈ, ਆਸਾਮ, ਨੇਪਾਲ, ਭੂਟਾਨ, ਚੀਨ ਦੀਆਂ ਹੱਦਾਂ ਨਾਲ ਖਹਿੰਦਾ ਚਾਰੇ ਪਾਸਿਆਂ ਤੋਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਇਸ ਦੇ ਪਰਬਤਾਂ ਦੀ ਗਿਣਤੀ ਸੰਸਾਰ ਦੇ ਤੀਸਰੇ ਉੱਚੇ ਪਰਬਤਾਂ ਵਿਚ ਹੁੰਦੀ ਹੈ।