ਸੋਨੇ ਚਾਂਦੀ ਦੇ ਮੰਦਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਸਾਡੇ ਧਰਮ ਅਸਥਾਨਾਂ ਦੀ ਧਨ ਸੰਪਤੀ ਸਦੀਆਂ ਤੋਂ ਦੁਨੀਆਂ ਨੂੰ ਲੁਭਾਉਂਦੀ ਰਹੀ ਹੈ।

Padmanabhaswamy Temple

 

ਮੰਦਰਾਂ ਦੀ ਧਨ ਸੰਪਤੀ ਅਤੇ ਚਮਕਦਮਕ ਦੀ ਚਰਚਾ ਸਾਡੇ ਦੇਸ਼ ਵਿਚ ਹਮੇਸ਼ਾ ਬਣੀ ਰਹਿੰਦੀ ਹੈ। ਸਾਡੇ ਧਰਮ ਅਸਥਾਨਾਂ ਦੀ ਧਨ ਸੰਪਤੀ ਸਦੀਆਂ ਤੋਂ ਦੁਨੀਆਂ ਨੂੰ ਲੁਭਾਉਂਦੀ ਰਹੀ ਹੈ। ਬੀਤੇ ਵਿਚ ਇਨ੍ਹਾਂ ਸਥਾਨਾਂ ਉੱਤੇ ਆਈ ਮੁਸੀਬਤ ਦੇ ਬਾਵਜੂਦ ਇਨ੍ਹਾਂ ਦੀ ਸ਼ਾਨੋਸ਼ੋਕਤ ਵਿਚ ਕੋਈ ਕਮੀ ਨਹੀਂ ਆਈ, ਉਲਟੇ ਇਨ੍ਹਾਂ ਵਿਚ ਧਨ ਦੌਲਤ ਅਤੇ ਆਕਰਸ਼ਣ ਵਧਦਾ ਹੀ ਗਿਆ ਹੈ। ਚਰਚਾ ਹੈ ਕਿ ਵਾਰਾਣਸੀ ਦੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਖ਼ਜ਼ਾਨੇ ਵਿਚ ਪਿਆ ਸੋਨਾ ਹੁਣ ਮੰਦਰ ਦੇ ਬੁਰਜਾਂ ਉੱਤੇ ਮੜਿ੍ਹਆ ਜਾਵੇਗਾ। ਮੰਦਰ ਦੇ ਮੁੱਖ ਸਿਖਰ ਵਿਚ ਤਬਦੀਲੀ ਕਰ ਕੇ ਇਸ ਨੂੰ ਹੋਰ ਆਕਰਸ਼ਕ ਬਣਾਇਆ ਜਾਵੇਗਾ। ਇਸ ਦੇ ਨਾਲ ਹੋਰ ਸਾਰੇ ਸਿਖਰ ਵੀ ਸੋਨੇ ਨਾਲ ਲੱਦੇ ਜਾਣਗੇ ਤਾਂ ਜੋ ਉਹ ਹੋਰ ਸ਼ਾਨਦਾਰ ਦਿਖਾਈ ਦੇਣ।

 

ਇਸ ਚਮਕ ਨੂੰ ਵਧਾਉਣ ਲਈ ਲਗਭਗ 6 ਕੁਇੰਟਲ ਸੋਨਾ ਲਗਾਇਆ ਜਾਵੇਗਾ। 5 ਕੁਇੰਟਲ ਚਾਂਦੀ ਨਾਲ ਮੰਦਰ ਦੇ ਸਾਰੇ ਦਰਵਾਜ਼ੇ ਮੜੇ੍ਹ ਜਾਣਗੇ। ਇਹ ਸੋਨਾ-ਚਾਂਦੀ ਮੰਦਰ ਨੂੰ ਚੜ੍ਹਾਵੇ ਦੇ ਤੌਰ ਉੱਤੇ ਮਿਲਿਆ ਹੋਇਆ ਹੈ। ਮੰਦਰ ਦੀ ਸੁਰੱਖਿਆ ਲਈ ਹਕੂਮਤ 150 ਸੁਰੱਖਿਆ ਕਰਮੀ ਵੀ ਲਗਾਵੇਗੀ। ਮੰਦਰ ਵਿਚ ਦਰਸ਼ਨਾਂ ਦੇ ਲਈ ਦੱਖਣ ਭਾਰਤ ਤੋਂ ਲੱਖਾਂ ਲੋਕ ਹਰ ਮਹੀਨੇ ਵਾਰਾਣਸੀ ਆਉਂਦੇ ਹਨ। ਸ਼ਾਇਦ ਇਸੇ ਲਈ ਮੰਦਰ ਦੀ ਆਮਦਨ ਵਿਚ ਹਰ ਸਾਲਾ ਮੋਟਾ ਵਾਧਾ ਹੁੰਦਾ ਹੈ। ਇਸੇ ਤਰ੍ਹਾਂ ਬਿਹਾਰ ਦੇ ਹਾਜੀਪੁਰ ਦੇ ਨੇੜੇ ਕੰਬੋਡੀਆ ਦੇ 12ਵੀ ਸਦੀ ਦੇ ਅੰਕੋਰਵਾਟ ਵਰਗਾ ਵਿਸ਼ਾਲ ਰਾਮ ਮੰਦਰ ਬਣਾਏ ਜਾਣ ਦੀ ਸਕੀਮ ਹੈ। 360 ਫੁੱਟ ਲੰਮਾ ਅਤੇ ਏਨਾ ਹੀ ਚੌੜਾ ਇਹ ਮੰਦਰ ਲਗਭਗ 100 ਕਰੋੜ ਦੀ ਲਾਗਤ ਨਾਲ ਬਣੇਗਾ।

 

ਇਸ ਤਰ੍ਹਾਂ ਦੀਆਂ ਉਸਾਰੀਆਂ ਅਤੇ ਤਬਦੀਲੀਆਂ ਤੋਂ ਸਾਨੂੰ ਕੀ ਮਿਲੇਗਾ? ਦੁਨੀਆਂ ਅੱਜ ਨਵੀਆਂ-ਨਵੀਆਂ ਵਿਗਿਆਨਕ ਖੋਜਾਂ, ਯੰਤਰਾਂ ਦੇ ਨਿਰਮਾਣ ਵਿਚ ਜੁਟੀ ਹੈ ਅਤੇ ਅਸੀਂ ਪਿਛਲੀਆਂ ਸਦੀਆਂ ਵਲ ਨੂੰ ਜਾ ਰਹੇ ਹਾਂ।ਪਿਛਲੇ ਦਿਨੀਂ ਕੇਰਲ ਦੇ ਪਦਮਨਾਭ ਸਵਾਮੀ ਮੰਦਰ ਦੇ ਤਹਿਖ਼ਾਨਿਆਂ ਤੋਂ ਮਿਲੇ ਬੇਸ਼ੁਮਾਰ ਖ਼ਜ਼ਾਨੇ      ਦੀ ਮਲਕੀਅਤ ਉੱਤੇ ਬਹਿਸ ਹਾਲੇ ਕਾਇਮ ਹੈ। ਸਤਿਆ ਸਾਈਂ ਬਾਬੇ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਟਰੱਸਟ ਵਿਚ ਜਮ੍ਹਾਂ ਅਰਬਾਂ ਦੀ ਸੰਪਤੀ ਦਾ ਝਗੜਾ ਵੀ ਲੋਕ ਭੁੱਲੇ ਨਹੀਂ ਅਜੇ।

ਭਾਰਤ ਦੇ ਮੰਦਰ ਅਪਣੀ ਬੇਸ਼ੁਮਾਰ ਸੰਪਤੀ ਲਈ ਸਮੁੱਚੀ ਦੁਨੀਆਂ ਵਿਚ ਮਸ਼ਹੂਰ ਰਹੇ ਹਨ। ਵਿਦੇਸ਼ੀ ਸਾਡੇ ਧਰਮ ਅਸਥਾਨਾਂ ਦੀ ਧਨ ਦੌਲਤ ਅਤੇ ਸ਼ਾਨੋ-ਸ਼ੌਕਤ ਦੇਖ ਕੇ ਹੈਰਾਨ ਹੀ ਨਹੀਂ ਹੁੰਦੇ ਰਹੇ ਸਗੋਂ ਇਹ ਧਰਮ ਅਸਥਾਨ ਅਪਣੇ ਧਨ-ਸੰਪਤੀ ਨਾਲ ਵਿਦੇਸ਼ੀ ਲੁਟੇਰਿਆਂ, ਹਮਲਾਵਰਾਂ ਨੂੰ ਲੁੱਟਮਾਰ ਲਈ ਸੱਦਾ ਵੀ ਦੇਂਦੇ ਰਹੇ। ਅਰਬੀ ਹਮਲਾਵਰਾਂ ਨੇ ਸਾਡੇ ਮੰਦਰਾਂ ਨੂੰ ਜੀ ਭਰ ਕੇ ਲੁਟਿਆ। ਅਸੀਂ ਤਾਕਤ ਨਾਲ ਮੁਕਾਬਲਾ ਕਰਨ ਦੀ ਬਜਾਏ ਧਾਰਮਕ ਟੋਟਕਿਆਂ ਨਾਲ ਦੁਸ਼ਮਣਾਂ ਨੂੰ ਹਰਾਉਣ ਦੀ ਉਮੀਦ ਵਿਚ ਬੈਠੇ ਰਹਿ ਗਏ। ਮਹਿਮੂਦ ਗ਼ਜ਼ਨਵੀ ਨੇ ਸੋਮਨਾਥ ਮੰਦਰ 6 ਵਾਰ ਲੁਟਿਆ। ਦੱਖਣ ਦੇ ਮੰਦਰ  ਲੁੱਟੇ ਗਏ। ਇਥੋਂ ਤਕ ਕਿ ਲੁਟੇਰਿਆਂ ਤੇ ਬਾਹਰੀ ਸ਼ਾਸਕਾਂ ਨੂੰ ਮੰਦਰ ਦੇ ਪ੍ਰਬੰਧਕ ਹਫ਼ਤਾ (ਹਰ ਹਫ਼ਤੇ ਦਿਤਾ ਜਾਣ ਵਾਲਾ ਪੈਸਾ) ਦੇਂਦੇ ਰਹੇ। 

ਅਸੀਂ ਫਿਰ ਵੀ ਉਸ ਈਸ਼ਵਰ ਦੇ ਨਾਂ ਉੱਤੇ ਵੱਡੀ ਮਾਤਰਾ ਵਿਚ ਸੋਨਾ, ਚਾਂਦੀ, ਜਵਾਹਰਾਤ, ਨਕਦੀ ਚੜ੍ਹਾਈ ਜਾਂਦੇ ਰਹੇ ਜੋ ਅਪਣੇ ਘਰ ਤਕ ਦੀ ਰਖਿਆ ਨਹੀਂ ਕਰ ਸਕਿਆ। ਮੰਦਰਾਂ ਵਿਚ ਲੁੱਟ ਦੇ ਇਤਿਹਾਸ ਤੋਂ ਸਬਕ ਨਹੀਂ ਲਿਆ ਤੇ ਭੀੜ ਵੱਧਦੀ ਰਹੀ, ਮੰਦਰਾਂ ਦੇ ਖ਼ਜ਼ਾਨੇ ਭਰਦੇ ਰਹੇ। ਸਿਲਸਿਲਾ ਹੁਣ ਤਕ ਜਾਰੀ ਹੈ। 
ਸੁਆਦ ਵਾਲੀ ਗੱਲ ਇਹ ਹੈ ਕਿ ਕਾਸ਼ੀ ਦੇ ਵਿਸ਼ਵਨਾਥ ਮੰਦਰ ਦੀ ਰਖਿਆ ਲਈ ਹਕੂਮਤ ਨੂੰ ਸੁਰਖਿਆ ਕਰਮੀ ਲਗਾਉਣੇ ਪੈ ਰਹੇ ਹਨ। ਸ਼ਾਇਦ ਭਗਵਾਨ ਆਪ ਅਪਣੇ ਘਰ ਦੀ ਰਖਿਆ ਨਹੀਂ ਕਰ ਸਕਦੇ ਹਨ। ਭਗਤਾਂ ਦੀ ਕਿਵੇਂ ਹੋਵੇਗੀ?

ਦੇਸ਼ ਦੇ ਧਰਮ ਅਸਥਾਨ ਸੋਨੇ ਦੀਆਂ ਖਾਣਾਂ ਹਨ। ਸਾਰੇ ਭਾਰਤ ਦੀ ਜ਼ਮੀਨ ਵਿਚ ਜਿੰਨਾ ਸੋਨੇ ਦਾ ਭੰਡਾਰ ਹੈ ਉਸ ਤੋਂ ਕਿਤੇ ਜ਼ਿਆਦਾ ਸੋਨਾ ਧਰਮ ਅਸਥਾਨਾਂ ਵਿਚ ਭਰਿਆ ਪਿਆ ਹੈ। ਇਸ ਧਨ ਦੀ ਦੇਸ਼ ਲਈ ਕੋਈ ਵਰਤੋਂ ਨਹੀਂ ਹੈ। ਇਹ ਚੋਰੀ ਵਿਚ ਚਲਿਆ ਜਾਂਦਾ ਹੈ ਜਾਂ ਮੰਦਰਾਂ ਦੇ ਪੰਡੇ ਮਿਲ ਕੇ ਵੰਡ ਲੈਂਦੇ ਹਨ। ਤਦੇ ਵੱਡੇ ਮੰਦਰਾਂ ਦੇ ਪੰਡੇ ਕੁਟੀਆ ਦੀ ਥਾਂ ਸ਼ਾਨਦਾਰ ਆਲੀਸ਼ਾਨ ਮਹੱਲਨੁਮਾ ਕੋਠੀਆਂ ਵਿਚ ਰਹਿੰਦੇ ਹਨ, ਏਅਰਕੰਡੀਸ਼ੰਡ ਗੱਡੀਆਂ ਵਿਚ ਘੁੰਮਦੇ ਹਨ। ਉਨ੍ਹਾਂ ਦਾ ਖਾਣ ਪਾਨ, ਰਹਿਣ-ਸਹਿਣ ਰਾਜਸੀ ਠਾਠ-ਬਾਠ ਤੋਂ ਘੱਟ ਨਹੀਂ ਹੁੰਦਾ।

ਧਰਮ ਨੂੰ ਅਜਿਹੇ ਉਦਯੋਗ  ਦਾ ਰੂਪ ਦੇ ਦਿਤਾ ਗਿਆ ਹੈ ਜਿਸ ਵਿਚ ਉਤਪਾਦਨ ਤੋਂ ਬਿਨਾ ਹੀ ਮੋਟੀ ਆਮਦਨੀ ਹੁੰਦੀ ਹੈ। ਇਹ ਧਨ ਜਮ੍ਹਾਂ ਕਰਾਉਣ ਵਿਚ ਸਰਕਾਰਾਂ ਪੂਰੀ ਮਦਦ ਕਰਦੀਆਂ ਹਨ। ਲੋਕ ਧਰਮ ਅਸਥਾਨਾਂ ਵਿਚ ਦਾਨ ਕਿਉਂ ਦੇਂਦੇ ਹਨ? ਇਸ ਲਈ ਕਿ ਉਨ੍ਹਾਂ ਲਈ ਮੋਕਸ਼ ਜਾਂ ਮੁਕਤੀ ਦਾ ਰਸਤਾ ਆਸਾਨ ਹੋ ਜਾਵੇ ਤੇ ਸਵਰਗ ਦੀ ਸੀਟ ਪੱਕੀ ਹੋਵੇ। ਸਰਕਾਰ ਨੂੰ ਵੀ ਲੋਕਾਂ ਦੇ ਮੋਕਸ਼ ਦੀ ਏਨੀ ਫ਼ਿਕਰ ਰਹਿੰਦੀ ਹੈ ਕਿ ਧਰਮ ਦੇ ਦਾਨ ਉੱਤੇ ਆਮਦਨੀ ਟੈਕਸ ਦੀ ਛੋਟ ਦੇਂਦੀ ਹੈ। ਇਸ ਝੂਠ, ਬੇਈਮਾਨੀ ਨੂੰ ਰਾਜ ਦਾ ਆਸਰਾ ਵੀ ਮਿਲਿਆ ਹੋਇਆ ਹੈ।

ਧਰਮ ਕਾਲੇ ਧਨ ਨੂੰ ਸਫ਼ੇਦ ਬਣਾਉਣ ਦਾ ਬਹੁਤ ਵੱਡਾ ਜ਼ਰੀਆ ਹੈ। ਰਾਮਦੇਵ ਵਿਦੇਸ਼ਾਂ ਵਿਚ ਜਮ੍ਹਾਂ ਕਾਲੇ ਧਨ ਉਤੇ ਹੋ-ਹੱਲਾ ਮਚਾਉਂਦੇ ਹਨ, ਧਰਮ ਅਸਥਾਨਾਂ ਵਿਚ ਕਿੰਨਾ ਕਾਲਾ ਧਨ ਜਮ੍ਹਾਂ ਹੈ, ਉਸ ਉੱਤੇ ਨਹੀਂ ਬੋਲਦੇ। ਇਹ ਤੈਅ ਹੈ ਕਿ ਦੇਸ਼ ਦਾ ਜਿੰਨਾ ਕਾਲਾ ਧਨ ਵਿਦੇਸ਼ਾਂ ਵਿਚ ਜਮ੍ਹਾਂ ਹੈ, ਉਸ ਤੋਂ ਕਈ ਗੁਣਾਂ ਵਧ ਧਰਮ ਅਸਥਾਨਾਂ ਵਿਚ ਭਰਿਆ ਪਿਆ ਹੈ। ਵਿਦੇਸ਼ਾਂ ਵਿਚ ਵੀ ਦੇਸ਼ ਦਾ ਹੀ ਕਾਲਾ ਧਨ ਭੇਜਿਆ ਜਾਂਦਾ ਹੈ। ਦੇਸ਼ ਦੇ ਅੰਦਰ ਧਰਮ ਅਸਥਾਨਾਂ ਵਿਚ ਤਾਂ ਦੁਨੀਆਂ ਭਰ ਦਾ ਧਨ ਆ-ਆ ਕੇ ਇਕੱਠਾ ਹੋ ਰਿਹਾ ਹੈ। ਸਵਾਲ ਇਹ ਹੈ ਕਿ ਮੰਦਰਾਂ ਨੂੰ ਸੋਨੇ ਨਾਲ ਮੜ੍ਹਾ ਦੇਣ ਨਾਲ ਕੀ ਦੇਸ਼ ਦੀਆਂ ਸਮਸਿਆਵਾਂ ਹੱਲ ਹੋ ਜਾਣਗੀਆਂ?

ਸੱਚ ਤਾਂ ਇਹ ਹੈ ਕਿ ਮੰਦਰਾਂ ਨੂੰ ਹੋਰ ਆਕਰਸ਼ਕ ਦਿਲਖਿੱਚਵੇਂ ਇਸ ਲਈ ਬਣਾਇਆ ਜਾਂਦਾ ਹੈ ਤਾਂ ਜੋ ਧਰਮ ਦੇ ਗਾਹਕਾਂ ਨੂੰ ਵਧਾਇਆ ਜਾ ਸਕੇ। ਗਾਹਕ ਵਧਣਗੇ ਤਾਂ ਨਿਸ਼ਚਤ ਹੀ ਖ਼ਜ਼ਾਨੇ ਵਿਚ ਵੀ ਵਾਧਾ ਹੋਵੇਗਾ। ਇਹ ਖ਼ਜ਼ਾਨਾ ਆਖ਼ਰ ਝਗੜੇ ਦੀ ਜੜ੍ਹ ਹੀ ਬਣਦਾ ਹੈ। ਸੱਤਿਆ ਸਾਈਂ ਬਾਬੇ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਸ਼ੁਮਾਰ ਸੰਪਤੀ, ਪਦਮਨਾਭ ਸਵਾਮੀ ਮੰਦਰ ਦੇ ਖ਼ਜ਼ਾਨੇ ਕੀ ਜਨਤਾ ਦੇ ਕਿਸੇ ਕੰਮ ਦੇ ਹਨ?