ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤ ਪੰਜੋਖੜਾ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਪਿੰਡ ਪੰਜੋਖੜਾ ਵਿਖੇ ਅੱਜਕਲ ਸ਼ਾਨਦਾਰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਸੁਸ਼ੋਭਿਤ ਹੈ ਤੇ ਸ੍ਰੀ ਦਰਬਾਰ ਸਾਹਿਬ ਦੇ ਹੇਠਾਂ ਭੋਰਾ ਸਾਹਿਬ ’ਚ ਪੁਰਾਤਨ ਥੜਾ ਸਾਹਿਬ ਹੈ

Gurudwara Sri Panjokhra Sahib


ਸਿੱਖ ਇਤਿਹਾਸ ਦੀ ਇਹ ਅਦੁੱਤੀ ਵਿਲੱਖਣਤਾ ਹੈ ਕਿ ਜਿੱਥੇ ਕਿਤੇ ਵੀ ਕਿਸੇ ਗੁਰੂ ਸਾਹਿਬਾਨ ਦੇ ਚਰਨ ਪਏ, ਉਸ ਧਰਤੀ ਨੂੰ ਭਾਗ ਲੱਗ ਗਏ ਅਤੇ ਉਸ ਥਾਂ ਦਾ ਇਤਿਹਾਸ ਅਮਰ ਹੋ ਗਿਆ। ਅਜਿਹਾ ਹੀ ਪ੍ਰਤੱਖ ਹੈ ਸ੍ਰੀ ਪੰਜੋਖੜਾ ਸਾਹਿਬ ਦੀ ਧਰਤ ਉਤੇ ਜਿੱਥੇ ਅਠਵੇਂ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਅਪਣੇ ਚਰਨ ਪਾਏ ਅਤੇ ਇਕ ਬਚਿੱਤਰ ਲੀਲਾ ਰੱਚ ਕੇ ਸੰਸਾਰ ਨੂੰ ਨਵੀਂ ਸੇਧ ਦਿਤੀ। ਸ੍ਰੀ ਪੰਜੋਖੜਾ ਸਾਹਿਬ ਦੀ ਇਹ ਧਰਤੀ ਅੰਬਾਲਾ ਸ਼ਹਿਰ ਤੋਂ ਨਰਾਇਣਗੜ੍ਹ ਨੂੰ ਜਾਣ ਵਾਲੀ ਸੜਕ ਤੇ ਅੰਬਾਲਾ ਤੋਂ 4-5 ਕਿਲੋਮੀਟਰ ਦੀ ਦੂਰੀ ’ਤੇ ਹੈ।

Kiratpur Sahib

ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ 23 ਜੁਲਾਈ 1656 ਈ: ਨੂੰ ਜ਼ਿਲ੍ਹਾ ਰੋਪੜ ਦੇ ਕੀਰਤਪੁਰ ਸਾਹਿਬ ਦੇ ਇਤਿਹਾਸਕ ਨਗਰ ’ਚ ਹੋਇਆ (ਜੋ ਇਸ ਸਾਲ 22 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ)। ਇਹ ਸਥਾਨ ਅਨੰਦਪੁਰ ਸਾਹਿਬ ਤੋਂ 15 ਕਿਲੋਮੀਟਰ ਦੀ ਦੂਰੀ ’ਤੇ ਹੈ। ਆਪ ਜੀ ਦੇ ਪਿਤਾ ਸਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਇ ਜੀ ਸਨ ਅਤੇ ਮਾਤਾ ਜੀ ਦਾ ਨਾਂ ਮਾਤਾ ਕ੍ਰਿਸ਼ਨ ਕੌਰ ਜੀ ਸੀ। ਆਪ ਜੀ ਬਚਪਨ ਤੋਂ ਹੀ ਯੋਗਤਾ ਭਰਪੂਰ ਸਨ ਤੇ ਆਪ ਜੀ ਦੀ ਯੋਗਤਾ ਨੂੰ ਮੁੱਖ ਰਖਦੇ ਹੋਏ ਹੀ ਆਪ ਜੀ ਦੇ ਗੁਰੂ ਪਿਤਾ ਜੀ ਨੇ ਆਪ ਨੂੰ 6 ਅਕਤੂਬਰ 1661 ਈ: ’ਚ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿਤੀ ਸੀ।  ਉਸ ਸਮੇਂ ਆਪ ਜੀ ਦੀ ਉਮਰ ਕੇਵਲ ਪੰਜ ਸਾਲ ਦੀ ਸੀ। ਆਪ ਜੀ ਨੂੰ ਗੁਰੂ ਗੱਦੀ ਮਿਲਣ ਤੇ ਆਪ ਜੀ ਦੇ ਵੱਡੇ ਭਰਾ ਬਾਬਾ ਰਾਮ ਰਾਇ ਨੇ ਗੱਦੀ ਲਈ ਦਿੱਲੀ ਵਿਖੇ ਬਾਦਸ਼ਾਹ ਔਰੰਗਜ਼ੇਬ ਨੂੰ ਮਦਦ ਲਈ ਕਿਹਾ। ਪਰ ਔਰੰਗਜ਼ੇਬ ਨੇ ਉਨ੍ਹਾਂ ਨੂੰ ਮਦਦ ਤੋਂ ਜਵਾਬ ਦੇ ਦਿਤਾ ਅਤੇ ਸ੍ਰੀ ਰਾਮ ਰਾਏ ਜੀ ਨੂੰ ਸੱਤ ਪਿੰਡਾਂ ਦੀ ਜਗੀਰ ਜੋ ਅੱਜਕਲ ਵਸੇ ਦੇਹਰਾਦੂਨ ਵਿਖੇ ਹੈ, ਦੇ ਕੇ ਉਨ੍ਹਾਂ ਨੂੰ ਸ਼ਾਂਤ ਰੱਖਣ ਦਾ ਯਤਨ ਕੀਤਾ।

Gurudwara Sri Panjokhra Sahib

ਜਦੋਂ ਗੁਰੂ ਹਰਿ ਕ੍ਰਿਸ਼ਨ ਜੀ ਏਨੀ ਛੋਟੀ ਉਮਰ ’ਚ ਸਿੱਖਾਂ ਦੀ ਯੋਗ ਅਗਵਾਈ ਕਰਨ ਲੱਗੇ ਤਾਂ ਮੌਕੇ ਦੇ ਬ੍ਰਾਹਮਣਾਂ ਅਤੇ ਦੂਜੇ ਕੱਟੜਵਾਦੀ ਧਰਮੀਆਂ ’ਚ ਉਨ੍ਹਾਂ ਪ੍ਰਤੀ ਭਰਮ ਹੋਣ ਲੱਗੇ ਕਿ ਇਕ ਛੋਟਾ ਬੱਚਾ, ਏਨਾ ਵੱਡਾ ਗੁਰੂ ਕਿਵੇਂ ਹੋ ਸਕਦਾ ਹੈ? ਪਰ ਉਹ ਸਤਵੇਂ ਗੁਰੂ ਜੀ ਦੇ ਕਹੇ ਸ਼ਬਦ ‘‘ਗੁਰੂ ਜੋਤ ਹੈ, ਕੋਈ ਸਰੀਰ ਨਹੀਂ’’ ਬਾਰੇ ਨਹੀਂ ਸੀ ਜਾਣਦੇ। ਉਹ ਗੁਰੂ ਜੀ ਦੀ ਸ਼ਕਤੀ ਨੂੰ ਪ੍ਰਖਣ ਲਈ ਕੋਝੀਆਂ ਚਾਲਾਂ ਚਲਦੇ। ਇਕ ਵਾਰ ਇਕ ਕੋਹੜੀ ਨੂੰ ਅਰਾਮ ਪਾਉਣ ਲਈ ਗੁਰੂ ਜੀ ਪਾਸ ਭੇਜ ਦਿਤਾ। ਗੁਰੂ ਜੀ ਨੇ ਉਸ ਕੋਹੜੀ ਨੂੰ ਅਪਣਾ ਰੁਮਾਲ ਦਿਤਾ ਤੇ ਸਾਰੇ ਪਿੰਡੇ ਉਤੇ ਫੇਰਨ ਲਈ ਕਿਹਾ। ਜਦੋਂ ਕੋਹੜੀ ਅਜਿਹਾ ਕਰਦਾ ਰਿਹਾ ਤਾਂ ਉਸ ਦਾ ਰੋਗ ਦੂਰ ਹੋ ਗਿਆ ਤੇ ਉਹ ਬਹੁਤ ਸ਼ਰਮਿੰਦੇ ਹੋਏ। ਹੁਣ ਲੋਕ ਗੁਰੂ ਜੀ ਦੇ ਦਵਾਖ਼ਾਨੇ ਤੋਂ ਦਵਾਈਆਂ ਲੈਣ ਲਈ ਤੇ ਅੱਠਵੇਂ ਪਾਤਸ਼ਾਹ ਦੇ ਦਰਸ਼ਨਾਂ ਲਈ ਵੱਡੀ ਗਿਣਤੀ ’ਚ ਆਉਣ ਲੱਗੇ।

Guru Sri Harkrishan Sahib Ji,

ਸੰਨ 1662 ਈ: ਵਿਚ ਔਰੰਗਜੇਬ ਜਦੋਂ ਬੀਮਾਰ ਹੋ ਗਿਆ ਤਾਂ ਉਸ ਨੇ ਵੀ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਫਿਰ ਉਸ ਨੇ 19 ਜਨਵਰੀ 1664 ਈ: ਨੂੰ ਰਾਜਾ ਜੈ ਸਿੰਘ ਨੂੰ ਗੁਰੂ ਜੀ ਨੂੰ ਕੀਰਤਪੁਰ ਸਾਹਿਬ ਤੋਂ ਦਿੱਲੀ ਲਿਆਉਣ ਲਈ ਕਿਹਾ ਪਰ ਰਾਜਾ ਜੈ ਸਿੰਘ ਗੁਰੂ ਘਰ ਦਾ ਚੰਗਾ ਸ਼ਰਧਾਲੂ ਸੀ, ਉਸ ਨੇ ਬੜੇ ਹੀ ਸਤਿਕਾਰ ਨਾਲ ਗੁਰੂ ਜੀ ਨੂੰ ਦਿੱਲੀ ਲਿਆਉਣ ਲਈ ਅਪਣੇ ਦੀਵਾਨ ਪਰਸ ਰਾਮ ਨੂੰ ਪੰਜਾਹ ਘੋੜ ਸਵਾਰ ਦੇ ਕੇ ਗੁਰੂ ਜੀ ਨੂੰ ਲਿਆਉਣ ਲਈ ਭੇਜਿਆ। ਤਾਂ ਪਰਸ ਰਾਮ ਨੇ ਕੀਰਤਪੁਰ ਪਹੁੰਚ ਕੇ ਰਾਜਾ ਜੈ ਸਿੰਘ ਦੀ ਉਨ੍ਹਾਂ ਨੂੰ ਮਿਲਣ ਦੀ ਇੱਛਾ ਬਾਰੇ ਦਸਿਆ ਤਾਂ ਗੁਰੂ ਜੀ ਬੇਨਤੀ ਪ੍ਰਵਾਨ ਕਰਦੇ ਹੋਏ ਦਿੱਲੀ ਲਈ ਤਿਆਰ ਹੋ ਗਏ। ਪਰ ਉਨ੍ਹਾਂ ਦਸਿਆ ਕਿ ਗੁਰੂ ਪਿਤਾ ਦਾ ਹੁਕਮ ਹੈ ਕਿ ਉਹ ਜ਼ਾਲਮ ਰਾਜਾ ਔਰੰਗਜ਼ੇਬ ਦੇ ਮੱਥੇ ਨਹੀਂ ਲਗਣਗੇ। ਇਸ ਤਰ੍ਹਾਂ ਗੁਰੂ ਜੀ ਨੇ ਬਸੰਤ ਵਾਲੇ ਦਿਨ 2200 ਸ਼ਸਤਰਧਾਰੀ ਘੋੜ ਸਵਾਰਾਂ ਨਾਲ ਦਿੱਲੀ ਵਲ ਚਾਲੇ ਪਾ ਦਿਤੇ।

ਉਨ੍ਹਾਂ ਨੇ ਅਪਣਾ ਇਕ ਪੜਾਅ ਅੰਬਾਲੇ ਪਾਸ ਪੰਜੋਖੜਾ ਸਾਹਿਬ ਵਿਖੇ ਕੀਤਾ ਤਾਂ ਇਕ ਹੰਕਾਰੀ ਪੰਡਿਤ ਨੇ ਗੁਰੂ ਜੀ ਦੀ ਕਾਬਲੀਅਤ ’ਤੇ ਸ਼ੱਕ ਕਰਦੇ ਹੋਏ ਕਿਹਾ, ‘‘ਜੇ ਇਨ੍ਹਾਂ ਦਾ ਨਾਂ ਵੀ ਕ੍ਰਿਸ਼ਨ ਹੈ ਤਾਂ ਗੀਤਾ ਦੇ ਕਿਸੇ ਸਲੋਕ ਦੇ ਅਰਥਾਂ ਦਾ ਵਿਖਿਆਨ ਕਰ ਕੇ ਦੱਸਣ।’’ ਤਾਂ ਗੁਰੂ ਜੀ ਨੇ ਕਿਹਾ ਕਿ ਉਹ ਪਿੰਡ ’ਚੋਂ ਕਿਸੇ ਵਿਅਕਤੀ ਨੂੰ ਲੈ ਆਵੇ। ਤਾਂ ਪੰਡਿਤ ਜਾਣ-ਬੁਝ ਕੇ ਇਕ ਅਨਪੜ੍ਹ ਸਾਧਾਰਣ ਜਿਹੇ ਜੋ ਚੰਗੀ ਤਰ੍ਹਾਂ ਬੋਲ ਵੀ ਨਹੀਂ ਸੀ ਸਕਦਾ, ਵਿਅਕਤੀ ਨੂੰ ਲੈ ਆਇਆ। ਇਸ ਵਿਅਕਤੀ ਦਾ ਨਾਂ ਛੱਜੂ ਝਿਊਰ ਸੀ। ਗੁਰੂ ਹਰਿ ਕ੍ਰਿਸ਼ਨ ਜੀ ਦੀ ਬਖ਼ਸ਼ਿਸ਼ ਸਦਕਾ, ਉਸ ਨੇ ਗੀਤਾ ਦੇ ਸਲੋਕਾਂ ਦਾ ਚੰਗੀ ਤਰ੍ਹਾਂ ਵਿਖਿਆਨ ਕਰ ਕੇ ਸਭ ਨੂੰ ਹੈਰਾਨ ਕਰ ਦਿਤਾ। ਹੁਣ ਉਹ ਪੰਡਿਤ ਵੀ ਗੁਰੂ ਜੀ ਦੀ ਸ਼ਕਤੀ ਨੂੰ ਸਮਝ ਗਿਆ ਤੇ ਉਨ੍ਹਾਂ ਦਾ ਸਿੱਖ ਬਣ ਗਿਆ।

Gurudwara Sri Panjokhra Sahib

ਦਿੱਲੀ ਪਹੁੰਚ ਕੇ ਰਾਜਾਂ ਜੈ ਸਿੰਘ ਦੇ ਬੰਗਲੇ ਵਿਖੇ ਜਿੱਥੇ ਅੱਜਕਲ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ, ਡੇਰੇ ਲਗਾਏ। ਇੱਥੇ ਰਹਿੰਦੇ ਸਮੇਂ ਔਰੰਗਜ਼ੇਬ ਨੇ ਕਈ ਵਾਰ ਦਰਸ਼ਨ ਕਰਨ ਦੀ ਚੇਸ਼ਟਾ ਕੀਤੀ ਪਰ ਗੁਰੂ ਜੀ ਉਸ ਨੂੰ ਨਹੀਂ ਮਿਲੇ। ਔਰੰਗਜ਼ੇਬ ਨੇ ਗੁਰੂ ਜੀ ਦੀ ਲਿਆਕਤ ਪਰਖਣ ਲਈ ਰਾਜਾ ਜੈ ਸਿੰਘ ਦੀ ਪਟਰਾਣੀ ਨੂੰ ਦਾਸੀ ਦੇ ਰੂਪ ’ਚ ਗੁਰੂ ਜੀ ਪਾਸ ਭੇਜਿਆ ਪਰ ਗੁਰੂ ਜੀ ਨੇ ਉਸ ਨੂੰ ਪਛਾਣ ਲਿਆ ਤਾਂ ਰਾਣੀ ਬਹੁਤ ਸ਼ਰਮਿੰਦਾ ਹੋਈ। ਫਿਰ ਔਰੰਗਜ਼ੇਬ ਨੇ ਗੁਰੂ ਜੀ ਦੇ ਹਾਣੀ ਅਪਣੇ ਸ਼ਹਿਜ਼ਾਦੇ ਮੁਅੱਜ਼ਮ ਸ਼ਾਹ ਨੂੰ ਗੁਰੂ ਜੀ ਪਾਸ ਭੇਜਿਆ। ਗੁਰੂ ਜੀ ਨੇ ਉਸ ਨੂੰ ਬਾਗ਼ ’ਚੋਂ ਬੇ-ਰੁੱਤੇ ਮੇਵੇ ਖੁਆ ਕੇ ਉਸ ਦਾ ਭਰਮ ਦੂਰ ਕੀਤਾ ਤਾਂ ਉਸ ਨੇ ਔਰੰਗਜ਼ੇਬ ਪਾਸ ਜਾ ਕੇ ਗੁਰੂ ਜੀ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹ ਦਿਤੇ ਪਰ ਉਹ ਵੀ ਗੁਰੂ ਜੀ ਨੂੰ ਔਰੰਗਜ਼ੇਬ ਨਾਲ ਮਿਲਾਉਣ ’ਚ ਅਸਫਲ ਰਿਹਾ।

Gurdwara Bangla Sahib

ਹੁਣ ਦਿੱਲੀ ’ਚ ਰਹਿੰਦੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੀਨ-ਦੁਖੀਆਂ ਦੀ ਸੇਵਾ ’ਚ ਲੱਗ ਗਏ। ਹਜ਼ਾਰਾਂ ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਆਉਂਦੇ ਤੇ ਸਦਾ ਉਥੇ ਲੰਗਰ ਚਲਦੇ ਰਹਿੰਦੇ। ਇੱਥੇ ਹੀ ਗੁਰੂ ਤੇਗ਼ ਬਹਾਦਰ ਜੀ ਅੱਠਵੇਂ ਗੁਰੂ ਜੀ ਦੇ ਦਰਸ਼ਨਾਂ ਲਈ ਆਏ ਜੋ ਬਾਅਦ ’ਚ 21 ਮਾਰਚ 1664 ਈ: ਨੂੰ ਦਿੱਲੀ ਤੋਂ ਬਕਾਲੇ ਚਲੇ ਗਏ। ਉਨ੍ਹਾਂ ਦਿਨਾਂ ’ਚ ਦਿੱਲੀ ਵਿਚ ਚੇਚਕ ਦਾ ਭਿਆਨਕ ਰੋਗ ਫੈਲ ਗਿਆ ਤੇ ਗੁਰੂ ਜੀ ਰੋਗੀਆਂ ਦੀ ਸੇਵਾ ’ਚ ਲੱਗ ਗਏ। ਬਹੁਤ ਸਾਰੇ ਮਰੀਜ਼ ਗੁਰੂ ਜੀ ਦੇ ਦਰਸ਼ਨਾਂ ਨਾਲ ਹੀ ਠੀਕ ਹੋਣ ਲੱਗੇ ਪਰ ਇਸ ਬੀਮਾਰੀ ਨੇ ਗੁਰੂ ਜੀ ’ਤੇ ਵੀ ਅਪਣਾ ਅਸਰ ਦਿਖਾਇਆ ਅਤੇ 25 ਮਾਰਚ 1664 ਈ: ਨੂੰ ਉਨ੍ਹਾਂ ਨੂੰ ਬੁਖ਼ਾਰ ਹੋਣ ਲੱਗਾ ਤਾਂ ਦੂਜੇ ਪਾਸੇ ਉਨ੍ਹਾਂ ਦਾ ਅਟੱਲ ਫ਼ੈਸਲਾ ਸੀ ਕਿ ਔਰੰਗਜ਼ੇਬ ਨੂੰ ਅਪਣੇ ਮੱਥੇ ਨਹੀਂ ਲੱਗਣ ਦੇਣਾ ਤਾਂ ਉਨ੍ਹਾਂ ਦੇਖਿਆ ਕਿ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਆ ਗਿਆ ਹੈ, ਇਸ ਲਈ ਉਨ੍ਹਾਂ ਦੀਵਾਨ ਦੁਰਗਾ ਮੱਲ ਨੂੰ ਇਕ ਥਾਲ ’ਚ ਇਕ ਨਾਰੀਅਲ ਅਤੇ ਪੰਜ ਪੈਸੇ ਰੱਖ ਕੇ ਲਿਆਉਣ ਲਈ ਕਿਹਾ।

Gurudwara Bangla Sahib

ਜਦੋਂ ਦੀਵਾਨ ਦੁਰਗਾ ਮਲ ਇਹ ਚੀਜ਼ਾਂ ਲੈ ਕੇ ਆਏ ਤਾਂ ਉਨ੍ਹਾਂ ਨੇ ਨਮਸਕਾਰ ਕਰ ਕੇ ਅੰਤਮ ਦੋ ਬੋਲ ਬੋਲੇ, ‘‘ਬਾਬਾ- ਬਕਾਲੇ’’ ਜਿਸ ਦਾ ਸਾਫ਼ ਅਰਥ ਸੀ ਕਿ ਉਨ੍ਹਾਂ ਬਾਅਦ ਗੁਰੂ-ਗੱਦੀ ਦੇ ਮਾਲਕ ਬਾਬਾ ਬਕਾਲੇ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਹੋਣਗੇ। ਇਸ ਤਰ੍ਹਾਂ ਉਨ੍ਹਾਂ ਦੇ ਅੰਤਮ ਸਾਹਾਂ ਤਕ ਬਾਦਸ਼ਾਹ ਔਰੰਗਜ਼ੇਬ ਉਨ੍ਹਾਂ ਦੇ ਦਰਸ਼ਨ ਨਹੀਂ ਕਰ ਸਕਿਆ। ਇਸ ਪ੍ਰਕਾਰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਛੋਟੀ ਉਮਰ ’ਚ ਹੀ ਸਿੱਖੀ ਦੀਆਂ ਮਹਾਨ ਕਦਰਾਂ-ਕੀਮਤਾਂ ਨੂੰ ਉਚੇਰੀਆਂ-ਛੋਹਾਂ ਦੇ ਗਏ। ਪਿੰਡ ਪੰਜੋਖੜਾ ਵਿਖੇ ਅੱਜਕਲ ਸ਼ਾਨਦਾਰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਸੁਸ਼ੋਭਿਤ ਹੈ ਤੇ ਸ੍ਰੀ ਦਰਬਾਰ ਸਾਹਿਬ ਦੇ ਹੇਠਾਂ ਭੋਰਾ ਸਾਹਿਬ ’ਚ ਪੁਰਾਤਨ ਥੜਾ ਸਾਹਿਬ ਹੈ ਜਿਸ ’ਤੇ ਬੈਠ ਕੇ ਗੁਰੂ ਜੀ ਨੇ ਛੱਜੂ ਝਿਊਰ ਪਾਸੋ ਗੀਤਾ ਦੇ ਸਲੋਕਾਂ ਦੇ ਵਿਖਿਆਨ ਕਰਵਾਏ ਸਨ, ਬਹੁਤ ਹੀ ਸੰਭਾਲ ਵਿਚ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾਂ ਇਸ ਥੜਾ ਸਾਹਿਬ ਦੇ ਵੀ ਦਰਸ਼ਨ ਕਰਦੀਆਂ ਹਨ। ਹਰ ਰੋਜ਼ ਹਜ਼ਾਰਾਂ ਸੰਗਤਾਂ ਇਸ ਸਥਾਨ ਦੇ ਦਰਸ਼ਨਾਂ ਲਈ ਆਉਂਦੀਆਂ ਹਨ ਤੇ ਗੁਰੂ ਘਰ ਤੋਂ ਖ਼ੁਸ਼ੀਆਂ ਪ੍ਰਾਪਤ ਕਰਦੀਆਂ ਹਨ। ਗੁਰੂ ਦੇ ਲੰਗਰ ਅਤੁੱਟ ਵਰਤਦੇ ਰਹਿੰਦੇ ਹਨ।

ਬਹਾਦਰ ਸਿੰਘ ਗੋਸਲ
ਮੋਬਾ : 9876452223