ਕੋਰੋਨਾ: ਸਾਊੁਦੀ ਨੇ ਭਾਰਤ ਸਮੇਤ ਲਾਲ ਸੂਚੀ ’ਚ ਸ਼ਾਮਲ ਦੇਸ਼ਾਂ ’ਤੇ ਲਗਾਈ ਤਿੰਨ ਸਾਲ ਦੀ ਯਾਤਰਾ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

‘‘ਜੋ ਲੋਕ ਯਾਤਰਾ ਪਾਬੰਦੀ ਦਾ ਉਲੰਘਣ ਕਰਨਗੇ, ਉਨ੍ਹਾਂ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ।

Flights

ਦੁਬਈ : ਸਾਊਦੀ ਅਰਬ ਨੇ ਭਾਰਤ ਸਮੇਤ ਅਪਣੀ ਕੋਵਿਡ-19 ‘ਲਾਲ ਸੂਚੀ’ ਵਿਚ ਸ਼ਾਮਲ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ’ਤੇ ਤਿੰਨ ਸਾਲ ਲਈ ਯਾਤਰਾ ਪਾਬੰਦੀ ਅਤੇ ਭਾਰੀ ਜੁਰਮਾਨੇ ਲਗਾਉਣ ਦਾ ਐਲਾਨ ਕੀਤਾ ਹੈ। ਗਲਫ਼ ਨਿਊਜ਼ ਨੇ ਮੰਗਲਵਾਰ ਨੂੰ ਸਾਊਦੀ ਪ੍ਰੈੱਸ ਏਜੰਸੀ ਦੀ ਇਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਕਿਹਾ,‘‘ਪਾਬੰਦੀਸ਼ੁਦਾ ਦੇਸ਼ਾਂ ਦੀ ਯਾਤਰਾ ਬੇਸ਼ਕ ਕੋਵਿਡ-19 ਨਾਲ ਜੁੜੀਆਂ ਯਾਤਰਾ ਪਾਬੰਦੀਆਂ ਅਤੇ ਸਾਊਦੀ ਅਰਬ ਦੇ ਨਵੇਂ ਨਿਰਦੇਸ਼ਾਂ ਦਾ ਉਲੰਘਣ ਹੈ।’’

 ਐਸਪੀਏ ਦੀ ਖ਼ਬਰ ਵਿਚ ਕਿਹਾ ਗਿਆ ਹੈ ਕਿ ਸਾਊਦੀ ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਹਾਲ ਹੀ ਵਿਚ ਗ਼ੈਰ ਯਾਤਰਾ ਸੂਚੀ ਵਿਚ ਪਾਏ ਗਏ ਦੇਸ਼ਾਂ ਦੀ ਯਾਤਰਾ ਵਿਰੁਧ ਸਾਊਦੀ ਨਾਗਰਿਕਾਂ ਨੂੰ ਚਿਤਾਵਨੀ ਦਿਤੀ ਹੈ, ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਕੋਵਿਡ ਦੇ ਮਾਮਲਿਆਂ ਅਤੇ ਇਸ ਦੇ ਰੂਪਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।

ਲਾਲ ਸੂਚੀ ਵਿਚ ਸੰਯੁਕਤ ਅਰਬ ਅਮੀਰਾਤ, ਲੀਬੀਆ, ਸੀਰੀਆ, ਲੈਬਨਾਨ, ਯਮਨ, ਇਰਾਕ, ਤੁਰਕੀ, ਅਰਮੀਨੀਆ, ਇਥੋਪੀਆ, ਸੋਮਾਲੀਆ, ਕਾਂਗੋ, ਅਫ਼ਗ਼ਾਨਿਸਤਾਨ, ਵੈਨਜੁਏਲਾ, ਬੇਲਾਰੂਸ, ਭਾਰਤ ਅਤੇ ਵੀਅਤਨਾਮ ਦੇ ਨਾਮ ਸ਼ਾਮਲ ਹਨ। ਐਸਪੀਏ ਨੇ ਸੂਤਰਾਂ ਦੇ ਹਵਾਲੇ ਨਾਲ ਦਸਿਆ ਕਿ ਅਧਿਕਾਰੀਆਂ ਵਲੋਂ ਜਾਰੀ ਨਿਰਦੇਸ਼ਾਂ ਦਾ ਉਲੰਘਣ ਕਰਦੇ ਹੋਏ ਨਾਗਰਿਕਾਂ ਦੇ ਪਾਬੰਦੀਸ਼ੁਦਾ ਦੇਸ਼ਾਂ ਦੀ ਯਾਤਰਾ ਕਰਨ ਦੀ ਸੂਚਨਾ ਹੈ।

ਸੂਤਰਾਂ ਨੇ ਕਿਹਾ,‘‘ਜੋ ਲੋਕ ਯਾਤਰਾ ਪਾਬੰਦੀ ਦਾ ਉਲੰਘਣ ਕਰਨਗੇ, ਉਨ੍ਹਾਂ ਨੂੰ ਇਸ ਦੇ ਲਈ ਜਵਾਬਦੇਹ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ’ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਜੋ ਲੋਕ ਨਿਰਦੇਸ਼ਾਂ ਦਾ ਉਲੰਘਣ ਕਰਨ ਵਿਚ ਸ਼ਾਮਲ ਹਨ, ਉਨ੍ਹਾਂ ’ਤੇ ਤਿੰਨ ਸਾਲ ਲਈ ਵਿਦੇਸ਼ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿਤੀ ਜਾਵੇਗੀ।’’