ਸ੍ਰੀਨਗਰ ਦੇ ਲਾਲ ਚੌਕ ਦੀ ਸ਼ਾਨ ਅੱਜ ਵੀ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਯਾਤਰਾ

ਬੇਸ਼ੱਕ ਸਮੇਂ ਦੇ ਚਲਦੇ ਚੱਕਰ ਅਨੁਸਾਰ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਇਲਾਕੇ ਲਾਲ ਚੌਕ ਅੰਦਰ ਹਰ ਪਾਸੇ ...

Srinagar lal Chowk

ਬੇਸ਼ੱਕ ਸਮੇਂ ਦੇ ਚਲਦੇ ਚੱਕਰ ਅਨੁਸਾਰ ਜੰਮੂ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਸ਼ਹਿਰ ਦੇ ਦਿਲ ਵਜੋਂ ਜਾਣੇ ਜਾਂਦੇ ਇਲਾਕੇ ਲਾਲ ਚੌਕ ਅੰਦਰ ਹਰ ਪਾਸੇ ਚਹਿਲ-ਪਹਿਲ ਵਾਲਾ ਮਾਹੌਲ, ਸ਼ਾਂਤੀ ਅਤੇ ਸਥਾਨਕ ਲੋਕਾਂ ਸਮੇਤ ਬਾਹਰੋਂ ਆਏ ਹੋਏ ਸੈਲਾਨੀਆਂ ਦੇ ਚਿਹਰਿਆਂ ਉਪਰ ਰੌਣਕ ਨਜ਼ਰ ਆਉਂਦੀ ਦਿਖਾਈ ਦਿੰਦੀ ਹੈ ਪਰ ਇਨ੍ਹਾਂ ਰੌਣਕ ਭਰਪੂਰ ਚਿਹਰਿਆਂ ਪਿਛੇ ਲੁਕਿਆ ਹੋਇਆ ਦਹਿਸ਼ਤ ਤੇ ਖ਼ੌਫ਼ ਦਾ ਮਾਹੌਲ ਅੱਜ ਵੀ ਕਾਇਮ ਹੈ। ਇਹ ਸਮੁੱਚਾ ਨਜ਼ਾਰਾ ਲੇਖਕ ਨੇ ਬੀਤੇ ਦਿਨੀਂ ਵਾਦੀ-ਏ-ਕਸ਼ਮੀਰ ਦੇ ਸ਼ਹਿਰ ਸ਼੍ਰੀਨਗਰ ਦੇ ਮੁੱਖ ਬਜ਼ਾਰ ਵਿਖੇ ਸਥਿਤ ਲਾਲ ਚੌਕ ਦੇ ਦੌਰੇ ਦੌਰਾਨ ਦੇਖਿਆ।

ਇਸ ਦੌਰਾਨ ਸ਼੍ਰੀਨਗਰ ਦੇ ਲਾਲ ਚੌਕ ਵਿਖੇ ਖ਼ਰੀਦੋ-ਫ਼ਰੋਖ਼ਤ ਕਰ ਰਹੇ ਕਸ਼ਮੀਰੀ ਲੋਕਾਂ ਤੇ ਬਾਹਰੋਂ ਆਏ ਹੋਏ ਸੈਲਾਨੀਆਂ ਨਾਲ ਉਚੇਚੇ ਤੌਰ ’ਤੇ ਗੱਲਬਾਤ ਕੀਤੀ ਤਾਂ ਇਕ ਪੱਖ ਵਿਸ਼ੇਸ਼ ਤੌਰ ’ਤੇ ਉਭਰ ਕੇ ਸਾਹਮਣੇ ਆਇਆ ਕਿ ਹਰ ਵਿਅਕਤੀ ਦਹਿਸ਼ਤਗਰਦੀ ਅਤੇ ਸੁਰੱਖਿਆ ਬਲਾਂ ਵਲੋਂ ਤਾਣੀਆਂ ਗਈਆਂ ਸੰਗੀਨਾਂ ਦੇ ਮਾਹੌਲ ਤੋਂ ਮੁਕਤੀ ਪ੍ਰਾਪਤ ਕਰ ਕੇ ਪੂਰੀ ਤਰ੍ਹਾਂ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ, ਖ਼ਾਸ ਕਰ ਕੇ ਕਸ਼ਮੀਰੀ ਲੜਕੀਆਂ ਤੇ ਔਰਤਾਂ ਕੱਟੜਪੰਥੀ ਜਥੇਬੰਦੀਆਂ ਵਲੋਂ ਲਗਾਈਆਂ ਗਈਆਂ ਵੱਖ-ਵੱਖ ਪਾਬੰਦੀਆਂ ਤੇ ਦਬਾਵਾਂ ਤੋਂ ਮੁਕਤ ਹੋ ਕੇ ਅਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਹੀਆਂ ਹਨ।

ਇਸ ਦੌਰਾਨ ਲਾਲ ਚੌਕ ਦੇ ਨੇੜੇ ਸਥਿਤ ਪਿਛਲੇ 40 ਸਾਲਾਂ ਤੋਂ ਡਰਾਈ ਫ਼ਰੂਟ ਦਾ ਕਾਰੋਬਾਰ ਕਰ ਰਹੇ ਦਿਲਬਾਗ ਸਿੰਘ ਨੇ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਦੀ ਵਿਚ ਚੱਲੀ ਦਹਿਸ਼ਤਗਰਦੀ ਦੀ ਹਨੇਰੀ ਨੇ ਉਨ੍ਹਾਂ ਦਾ ਕਾਰੋਬਾਰ ਪਿਛਲੇ ਅਰਸੇ ਦੌਰਾਨ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਪਰ ਹੁਣ ਹਾਲਾਤ ਬੜੀ ਤੇਜ਼ੀ ਨਾਲ ਬਦਲ ਚੁਕੇ ਹਨ ਅਤੇ ਸਾਡਾ ਕਾਰੋਬਾਰ ਮੁੜ ਲੀਹਾਂ ’ਤੇ ਆਉਣਾ ਸ਼ੁਰੂ ਹੋ ਗਿਆ ਹੈ, ਜੋ ਕਿ ਇਕ ਸੁਖਦ ਸੰਦੇਸ਼ ਹੈ। ਇਸੇ ਤਰ੍ਹਾਂ ਲਾਲ ਚੌਕ ਵਿਖੇ ਕਸ਼ਮੀਰੀ ਸ਼ਾਲਾਂ ਦਾ ਕਾਰੋਬਾਰ ਕਰ ਰਹੇ ਮੀਆਂ ਮਨਸੂਰ ਰਹਿਮਾਨ ਨੇ ਅਪਣੀ ਗੱਲਬਾਤ ਦੌਰਾਨ ਕਿਹਾ ਕਿ ਕਸ਼ਮੀਰ ਵਾਦੀ ਵਿਚ ਦਹਿਸ਼ਤਗਰਦੀ ਦਾ ਮਾਹੌਲ ਖ਼ਤਮ ਹੋਣ  ਨਾਲ ਵੱਡੀ ਗਿਣਤੀ ਵਿਚ ਸੈਲਾਨੀ ਕਸ਼ਮੀਰ ਵਾਦੀ ਵਿਚ ਪਹੁੰਚ ਰਹੇ ਹਨ।

ਜਿਸ ਨਾਲ ਸੂਬੇ ਦੀ ਲੀਹੋਂ ਲੱਥੀ ਆਰਥਕਤਾ ਮੁੜ ਪਟੜੀ ’ਤੇ ਪੈਂਦੀ ਹੋਈ ਨਜ਼ਰ ਆ ਰਹੀ ਹੈ। ਸ਼੍ਰੀ ਰਹਿਮਾਨ ਨੇ ਅਪਣੀ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਅਜੇ ਸਮੁੱਚੀ ਵਾਦੀ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਵਾਲਾ ਮਾਹੌਲ ਕਾਇਮ ਨਹੀਂ  ਪਰ ਫਿਰ ਵੀ ਅਸੀ ਬਦਲੇ ਹੋਏ ਹਾਲਾਤ ਤੋਂ ਖੁਸ਼ ਹਾਂ ਅਤੇ ਸਾਡੇ ਸ਼ਾਲਾਂ ਦੇ ਕਾਰੋਬਾਰ ਅੰਦਰ ਮੁੜ ਤੇਜ਼ੀ ਆ ਗਈ ਹੈ, ਜੋ ਕਿ ਇਕ ਚੰਗੇ ਸਮੇਂ ਦੀ ਸ਼ੁਰੂਆਤ ਹੈ। ਇਸ ਦੌਰਾਨ ਲਾਲ ਚੌਕ ਨਿਵਾਸੀ ਸ਼ੇਖ਼ ਮੁਹੰਮਦ ਅਲੀ ਨੇ ਕਿਹਾ ਕਿ ਲਾਲ ਚੌਕ ਦੇ ਇਲਾਕੇ ਨੂੰ ਕਿਸੇ ਵੇਲੇ ਦਹਿਸ਼ਤਗਰਦੀ ਤੇ ਖ਼ੌਫ਼ ਦਾ ਇਲਾਕਾ ਕਿਹਾ ਜਾਂਦਾ ਸੀ। ਪਰ ਅੱਜ ਹਾਲਾਤ ਪੂਰੀ ਤਰ੍ਹਾਂ ਬਦਲ ਗਏ ਹਨ ਅਤੇ ਹਰ ਪਾਸੇ ਸ਼ਾਂਤੀ ਤੇ ਅਮਨ ਵਾਲਾ ਮਾਹੌਲ ਨਜ਼ਰ ਆਉਂਦਾ ਹੈ।

ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਵਸਦੇ ਮੁਸਲਮਾਨ ਹਮੇਸ਼ਾ ਹੀ ਸ਼ਾਂਤੀ ਤੇ ਅਮਨ ਚਾਹੁੰਦੇ ਹਨ। ਪਰ ਸਮੇਂ ਦੀਆਂ ਸਰਕਾਰਾਂ ਵਲੋਂ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਨ ਹੀ ਪਿਛਲੇ ਅਰਸੇ ਦੌਰਾਨ ਮਾਹੌਲ ਖ਼ਰਾਬ ਹੋਇਆ ਹੈ ਅਤੇ ਸਾਡੇ ਕਾਰੋਬਾਰ ਨੂੰ ਵੀ ਜ਼ਬਰਦਸਤ ਨੁਕਸਾਨ ਉਠਾਉਣਾ ਪਿਆ ਹੈ। ਪਰ ਅੱਲ੍ਹਾ ਦਾ ਸ਼ੁੱਕਰ ਹੈ ਕਿ ਸਮੇਂ ਦੀ ਹਕੂਮਤ ਵਲੋਂ ਉਠਾਏ ਗਏ ਸਖ਼ਤ ਕਦਮਾਂ ਸਦਕਾ ਅੱਜ ਲਾਲ ਚੌਕ ਦੇ ਇਲਾਕੇ ਅੰਦਰ ਪੂਰੀ ਤਰ੍ਹਾਂ ਸ਼ਾਂਤੀ ਦਾ ਮਾਹੌਲ ਹੈ। ਲਾਲ ਚੌਕ ਵਿਖੇ ਮਨਿਆਰੀ ਦਾ ਕਾਰੋਬਾਰ ਕਰਨ ਵਾਲੇ ਸ਼੍ਰੀ ਖੇਮ ਚੰਦ ਨੇ ਅਪਣੀ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੇਲੇ ਲਾਲ ਚੌਕ ਦੇ ਇਲਾਕੇ ਅੰਦਰ ਪੂਰੀ ਤਰ੍ਹਾਂ ਦਹਿਸ਼ਤਗਰਦੀ ਵਾਲਾ ਮਾਹੌਲ ਹੁੰਦਾ ਸੀ ਅਤੇ ਦੁਕਾਨਾਂ ਕਈ-ਕਈ ਅਰਸਾ ਬੰਦ ਰਹਿੰਦੀਆਂ ਸਨ

ਜਿਸ ਕਾਰਨ ਸੈਲਾਨੀਆਂ ਦੀ ਆਮਦ ਨਾਂਹ ਦੇ ਬਰਾਬਰ ਹੋਣ ਕਰ ਕੇ ਅਸੀ ਅਪਣਾ ਕਾਰੋਬਾਰ ਸਮੇਟ ਕੇ ਜੰਮੂ ਚਲੇ ਗਏ ਸੀ। ਪਰ ਪਿਛਲੇ ਕੁੱਝ ਸਮੇਂ ਤੋਂ ਕੇਂਦਰ ਤੇ ਸੂਬਾ ਸਰਕਾਰ ਵਲੋਂ ਉਠਾਏ ਗਏ ਸਖ਼ਤ ਸੁਰੱਖਿਆ ਕਦਮਾਂ ਸਦਕਾ ਕਸ਼ਮੀਰ ਵਾਦੀ ਅੰਦਰ ਮੁੜ ਰੌਣਕ ਵੇਖਣ ਨੂੰ ਮਿਲ ਰਹੀ ਹੈ, ਜਿਸ ਦੇ ਮੱਦੇਨਜ਼ਰ ਅਸੀ ਮੁੜ ਅਪਣਾ ਕਾਰੋਬਾਰ ਕਰਨ ਲਈ ਵਾਪਸ ਆ ਗਏ ਹਾਂ ਪਰ ਸਾਡੇ ਮਨ ਅੰਦਰ ਇਹ ਖ਼ਿਆਲ ਵਾਰ-ਵਾਰ ਆਉਂਦਾ ਹੈ ਕਿ ਇਸ ਤਰ੍ਹਾਂ ਦਾ ਸ਼ਾਂਤੀ ਪੂਰਨ ਮਾਹੌਲ ਸਦਾ ਲਈ ਕਾਇਮ ਰਹੇਗਾ ਕਿ ਕੁੱਝ ਸਮੇਂ ਲਈ ਹੀ?

ਇਸੇ ਤਰ੍ਹਾਂ ਲੇਖਕ ਨੇ ਸਮੁੱਚੇ ਲਾਲ ਚੌਂਕ ਦਾ ਦੌਰਾ ਕਰਨ ਤੋਂ ਬਾਅਦ ਦੇਖਿਆ ਕਿ ਕਸ਼ਮੀਰ ਵਾਦੀ ਦੇ ਲੋਕ ਤੇ ਕਾਰੋਬਾਰੀ ਵਿਅਕਤੀ ਦਹਿਸ਼ਤਗਰਦੀ ਦੇ ਮਾਹੌਲ ਤੋਂ ਪੂਰੀ ਤਰ੍ਹਾਂ ਉਕਤਾ ਚੁੱਕੇ ਹਨ ਅਤੇ ਉਹ ਹਰ ਹਾਲਤ ਵਿਚ ਕਸ਼ਮੀਰ ਨੂੰ ਮੁੜ ਸਵਰਗ ਬਣਾਉਣਾ ਚਾਹੁੰਦੇ ਹਨ। ਪਰ ਦੇਖਣ ਵਾਲੀ ਗੱਲ ਹੁਣ ਇਹ ਹੈ ਕਿ ਕਸ਼ਮੀਰ ਵਾਦੀ ਵਿਚ ਵਸਦੇ ਲੋਕਾਂ ਖ਼ਾਸ ਕਰ ਕੇ ਘੱਟ ਗਿਣਤੀ ਕੌਮਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਤੇ ਉਨ੍ਹਾਂ ਦੇ ਭਵਿੱਖ ਨੂੰ ਸੁਧਾਰਨ ਵਿਚ ਕੇਂਦਰ ਅਤੇ ਰਾਜ ਸਰਕਾਰ (ਗਵਰਨਰੀ ਰਾਜ) ਅਪਣੀ ਕੀ ਭੂਮਿਕਾ ਨਿਭਾਉਂਦੀ ਹੈ?
-ਆਰ.ਐਸ.ਖਾਲਸਾ, ਸੰਪਰਕ : 084372-00728