ਯੁੱਗ ਪਲਟਾਊ ਮਹਾਨ ਦਾਰਸ਼ਨਿਕ ਕਾਰਲ ਮਾਰਕਸ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਉਹਨਾਂ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸ ਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ।

Karl Marx

ਅੱਜ ਪੂਰੀ ਦੁਨੀਆਂ ਵਿਚ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦਾ ਨਾਂ ਬੜੇ ਅਦਬ ਨਾਲ ਲਿਆ ਜਾਂਦਾ ਹੈ ਬੇਸ਼ੱਕ ਕਈ ਵਾਰੀ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਕਾਰਲ ਮਾਰਕਸ ਬਹੁਤ ਹੀ ਗਿਆਨਵਾਨ, ਬੁਧੀਜੀਵੀ ਅਤੇ ਦੂਰਅੰਦੇਸੀ ਦੇ ਮਾਲਕ ਸਨ। ਉਹ ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ, ਦਾਰਸ਼ਨਿਕ ਅਤੇ ਇਨਕਲਾਬੀ ਕਮਿਊਨਿਸਟ ਵੀ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸ ਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ।

ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ’ਤੇ ਸਮਾਜਕ ਵਿਗਿਆਨ ਅਤੇ ਖਾਸ ਤੌਰ ’ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਉਤੇ ਡੂੰਘਾ ਅਸਰ ਪਾਇਆ ਸੀ। ਜਦੋਂ ਉਨ੍ਹਾਂ ਨੇ ਅਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਸਰਕਾਰਾਂ ਅਤੇ ਜਮਹੂਰੀਅਤ ਹੱਥੋਂ ਅਧਿਕਾਰਾ ਤੋਂ ਵੰਚਿਤ ਅਤੇ ਖੱਜਲ ਖੁਆਰ ਹੁੰਦੇ ਵੇਖਿਆ ਤਾਂ ਉਨ੍ਹਾਂ ਨੇ ਅਪਣੇ ਜੀਵਨ ਨੂੰ ਲੋਕਾਂ ਦੇ ਹਿਤਾਂ ਲਈ ਸੰਘਰਸ਼ਮਈ ਬਣਾਉਣ ਦਾ ਫ਼ੈਸਲਾ ਕਰ ਲਿਆ।

Karl Marx

ਕਾਰਲ ਮਾਰਕਸ ਦਾ ਜਨਮ 5 ਮਈ 1818 ਨੂੰ ਟਰਾਏਰ ਨਾਂ ਦੇ ਸ਼ਹਿਰ ਵਿਚ ਹੋਇਆ ਜੋ ਕਿ ਉਸ ਵਕਤ ਰਾਇਨਲੈਂਡ ਨਾਂ ਦੇ ਮੁਲਕ ਦਾ ਹਿੱਸਾ ਸੀ। ਮਾਰਕਸ ਦਾ ਖਾਨਦਾਨ ਯਹੂਦੀ ਸੀ ਜਿਸ ਨੇ ਉਸ ਵਕਤ ਦੇ ਯਹੂਦੀਆਂ ਖ਼ਿਲਾਫ਼ ਕਾਨੂੰਨਾਂ ਕਰ ਕੇ ਇਸਾਈਅਤ ਕਬੂਲ ਕਰ ਲਈ ਸੀ। ਕਾਰਲ ਮਾਰਕਸ ਦੇ ਬਚਪਨ ਬਾਰੇ ਬਹੁਤ ਘੱਟ ਜਾਣਕਾਰੀ ਮਿਲਦੀ ਹੈ। ਪ੍ਰਵਾਰ ਦੇ ਨੌਂ ਬੱਚਿਆਂ ਵਿਚੋਂ ਉਹ ਤੀਜਾ ਬੱਚਾ ਸੀ। 1819 ਵਿਚ ਉਸ ਦੇ ਵੱਡੇ ਭਾਈ ਮੋਰਿਜ ਦੀ ਮੌਤ ਹੋ ਗਈ ਅਤੇ ਉਹ ਹੁਣ ਸੱਭ ਤੋਂ ਵੱਡਾ ਪੁੱਤਰ ਬਣ ਗਿਆ।

ਮਾਰਕਸ ਪੜ੍ਹਨ ਵਿਚ ਹੁਸ਼ਿਆਰ ਸੀ ਅਤੇ ਉਸ ਨੇ ਕਾਨੂੰਨ ਦੀ ਪੜ੍ਹਾਈ ਬਾਨ ਅਤੇ ਬਰਲਿਨ ਨਾਂ ਦੇ ਸ਼ਹਿਰਾਂ ਵਿਚ ਕੀਤੀ। ਅਪਣੀ ਪੜ੍ਹਾਈ ਪੂਰੀ ਕਰਨ ਲਈ ਮਾਰਕਸ ਨੇ ਇਕ ਥੀਸਿਸ ਲਿਖਿਆ ਜਿਸ ਵਿਚ ਉਸ ਨੇ ਡੈਮੋਕ੍ਰੇਟਸ ਅਤੇ ਐਪੀਕੀਉਰਸ ਨਾਂ ਦੇ ਯੂਨਾਨੀ ਦਾਰਸ਼ਨਿਕਾਂ ਦੇ ਫ਼ਲਸਫ਼ਿਆਂ ਦੀ ਆਪਸ ਵਿਚ ਤੁਲਨਾ ਕੀਤੀ। 1841 ਵਿਚ ਅਪਣੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮਾਰਕਸ ਕਿਸੇ ਯੂਨੀਵਰਸਿਟੀ ਵਿਚ ਨੌਕਰੀ ਦੀ ਤਲਾਸ਼ ਵਿਚ ਸਨ ਪਰ ਉਹ ਇਸ ਵਕਤ ਤਕ ਕਈ ਇਨਕਲਾਬੀ ਵਿਚਾਰਾਂ ਵਾਲੇ ਚਿੰਤਕਾਂ ਦੀਆਂ ਟੋਲੀਆਂ ਵਿਚ ਸ਼ਾਮਲ ਹੋ ਚੁਕੇ ਸਨ।

Karl Marx

ਕਿਸੇ ਵੀ ਯੂਨੀਵਰਸਿਟੀ ਵਿਚ ਨੌਕਰੀ ਹਾਸਲ ਕਰਨਾ ਹੁਣ ਦੂਰ ਦੀ ਗੱਲ ਬਣ ਚੁੱਕਾ ਸੀ। ਪੜ੍ਹਾਈ ਪੂਰੀ ਕਰਨ ਮਗਰੋਂ ਉਸ ਨੇ ਚਾਹਿਆ ਕਿ ਉਹ ਅਪਣੇ ਆਪ ਨੂੰ ਗਿਆਨ ਖੇਤਰ ਲਈ ਵਕਫ਼ ਕਰ ਦੇਵੇ ਅਤੇ ਬੋਨ ਵਿਚ ਪ੍ਰੋਫ਼ੈਸਰ ਬਣ ਜਾਵੇ। ਕਾਰਲ ਮਾਰਕਸ ਦੀ ਆਰਥਕ ਅਤੇ ਸਮਾਜੀ ਮਸਲਿਆਂ ਪ੍ਰਤੀ ਭਰਪੂਰ ਲਗਨ ਨਾ ਸਿਰਫ਼ ਜਰਮਨੀ ਦੀ ਜਨਤਾ ਦੀ ਤਕਲੀਫ਼, ਬਦਹਾਲੀ ਅਤੇ ਮਹਿਰੂਮੀ ਵੇਖ ਕੇ ਜਾਗੀ ਸੀ ਬਲਕਿ ਨਿਹਾਇਤ ਵਿਕਸਤ ਸਰਮਾਏਦਾਰ ਮੁਲਕਾਂ, ਬਰਤਾਨੀਆ ਅਤੇ ਫਰਾਂਸ ਦੇ ਹਾਲਾਤ ਅਤੇ ਘਟਨਾਵਾਂ ਨਾਲ ਵੀ ਉਭਰੀ ਸੀ।

ਲਿਓਨਜ਼ ਦੇ ਮਜ਼ਦੂਰਾਂ ਦੀਆਂ 1831 ਅਤੇ 1834 ਦੀਆਂ ਹਲਚਲਾਂ, 1830 ਦੇ ਆਖ਼ਰ ਵਿਚ ਬਰਤਾਨੀਆ ਦੇ ਮਿਹਨਤਕਸ਼ਾਂ ਵਿਚ ਇਨਕਲਾਬੀ ਲਹਿਰ - ਇਨ੍ਹਾਂ ਸਭ ਨੇ 1842 ਵਿਚ ਅਪਣੇ ਸਿਖਰੀ ਨੁਕਤੇ ’ਤੇ ਪਹੁੰਚ ਕੇ ਸਿਆਸੀ ਚਰਿਤਰ ਅਪਣਾ ਲਿਆ। ਇਸ ਤਰ੍ਹਾਂ ਮਜ਼ਦੂਰਾਂ ਦੇ ਕੁੱਝ ਹੋਰ ਅਮਲੀ ਕਦਮ ਬਹੁਤ ਜ਼ਿਆਦਾ ਸਿਆਸੀ ਅਹਿਮੀਅਤ ਦੇ ਧਾਰਨੀ ਸਨ। ਰੀਨਸੇ ਜੇਤੁੰਗ (Rheinische Zeitung) ਨੇ ਮਾਰਕਸ ਨੂੰ ਸਿਆਸੀ ਰੂੜ੍ਹੀਵਾਦ ਅਤੇ ਜ਼ੁਲਮ ਦੇ ਖ਼ਿਲਾਫ਼ ਨਵੇਂ ਖ਼ਿਆਲਾਂ ਦਾ ਪ੍ਰਚਾਰ ਕਰਨ ਲਈ ਇਕ ਨਵਾਂ ਪਲੇਟਫ਼ਾਰਮ ਮੁਹਈਆ ਕਰ ਦਿਤਾ ਸੀ।

ਉਹ ਅਪ੍ਰੈਲ 1842 ਨੂੰ ਇਸ ਅਖ਼ਬਾਰ ਨਾਲ ਜੁੜ ਗਿਆ ਅਤੇ ਉਸੇ ਸਾਲ ਅਕਤੂਬਰ ਵਿਚ ਉਸ ਦਾ ਐਡੀਟਰ ਬਣ ਗਿਆ। ਮਾਰਕਸ ਦੀ ਸੰਪਾਦਕੀ ਹੇਠ ਰੀਨਸੇ ਜੇਤੁੰਗ ਦਾ ਇਨਕਲਾਬੀ ਜਮਹੂਰੀ ਰੁਝਾਨ ਹੋਰ ਜ਼ਿਆਦਾ ਸਪਸ਼ਟ ਹੋ ਗਿਆ। ਉਸ ਨੇ ਸਮਾਜੀ, ਸਿਆਸੀ ਅਤੇ ਰੂਹਾਨੀ ਹਕੂਮਤ ਦੇ ਹਰ ਜਬਰ ਖ਼ਿਲਾਫ਼ ਬੇਬਾਕ ਬਗਾਵਤ ਕਰ ਦਿਤੀ ਜੋ ਪਰਸ਼ੀਆ ਅਤੇ ਤਮਾਮ ਜਰਮਨੀ ਵਿਚ ਫੈਲ ਗਈ। ਮਾਰਕਸ ਨੇ ਇਕ ਸੱਚੇ ਜਮਹੂਰੀ ਇਨਕਲਾਬੀ ਦੀ ਤਰ੍ਹਾਂ ਅਪਣੇ ਲੇਖਾਂ ਵਿਚ ਜਨਤਾ ਦੀਆਂ ਆਰਥਕ ਗਰਜ਼ਾਂ ਦਾ ਪੱਖ ਪੂਰਿਆ।

ਅਖ਼ਬਾਰ ਦੇ ਤਜਰਬੇ ਨਾਲ ਮਾਰਕਸ ਨੂੰ ਮਜ਼ਦੂਰਾਂ ਦੀਆਂ ਹਾਲਤਾਂ ਅਤੇ ਜਰਮਨੀ ਦੀ ਸਿਆਸੀ ਜ਼ਿੰਦਗੀ ਦਾ ਭਰਪੂਰ ਗਿਆਨ ਹਾਸਲ ਹੋਇਆ। ਲੋਕਾਂ ਦੀਆਂ ਭਖਦੀਆਂ ਜ਼ਰੂਰਤਾਂ ਬਾਰੇ ਵੀ ਪਰਸ਼ੀਆ ਦੀ ਹਕੂਮਤ ਅਤੇ ਉਸ ਦੇ ਅਫ਼ਸਰਾਂ ਦੇ ਜ਼ਾਲਮ ਰਵਈਏ ਦੇ ਦਰਜ਼ਨਾਂ ਤੱਥ ਵੇਖਦੇ ਹੋਏ ਮਾਰਕਸ ਇਸ ਨਤੀਜੇ ਤੇ ਅੱਪੜਿਆ ਕਿ ਇਹ ਹਕੂਮਤ, ਇਸ ਦੇ ਅਫ਼ਸਰ ਅਤੇ ਉਸ ਦੇ ਕਾਨੂੰਨ, ਲੋਕਾਂ ਦੀਆਂ ਇੱਛਾਵਾਂ ਦੇ ਰਾਖੇ ਨਹੀਂ ਬਲਕਿ ਹੁਕਮਰਾਨਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਵਿਚ ਅਮੀਰ ਅਤੇ ਮੁਲਾਣੇ ਵੀ ਸ਼ਾਮਲ ਹਨ।

ਇਹ ਰੀਨਸੇ ਜੇਤੁੰਗ ਵਿਚ ਕੰਮ ਕਰਨ ਦਾ ਨਤੀਜਾ ਸੀ ਕਿ ਉਸ ਨੇ ਆਰਥਕਤਾ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿਤੀ। ਬਾਅਦ ਵਿਚ ਮਾਰਕਸ ਅਕਸਰ ਕਿਹਾ ਕਰਦਾ ਸੀ ਕਿ ਇਹ ‘‘ਲੱਕੜ ਚੋਰੀ ਦਾ ਕਾਨੂੰਨ ਪੜ੍ਹਨ ਅਤੇ ਮੋਜਲੇ ਦੇ ਕਿਸਾਨਾਂ ਦੇ ਹਾਲਾਤ ਦੀ ਘੋਖ ਕਰਨ ਦਾ ਨਤੀਜਾ ਸੀ ਜਿਸ ਨੇ ਉਸ ਨੂੰ ਖ਼ਾਲਸ ਰਾਜਨੀਤੀ ਨਾਲ ਆਰਥਕ ਸਬੰਧਾਂ ਦੀ ਤਰਫ਼ ਆਕਰਸ਼ਤ ਕੀਤਾ ਅਤੇ ਇਸ ਤਰ੍ਹਾਂ ਉਸ ਨੂੰ ਸੋਸ਼ਲਿਜ਼ਮ ਦੀ ਰਾਹ ਵਿਖਾਈ।

ਦਰਅਸਲ ਕਾਰਲ ਮਾਰਕਸ ਚਾਹੁੰਦੇ ਸਨ ਕਿ ਦੁਨੀਆਂ ਦੀ ਕਿਸੇ ਵੀ ਜਮਹੂਰੀਅਤ ਵਿਚ ਸਰਮਾਏਦਾਰੀ, ਪੂੰਜੀਵਾਦੀ ਅਤੇ ਅਫ਼ਸਰਸ਼ਾਹੀ ਵਲੋਂ ਆਮ ਲੋਕਾਂ ਦੀ ਲੁੱਟ ਖਸੁੱਟ ਨਾ ਹੋਵੇ। ਉਹ ਦੱਬੇ ਕੁਚਲੇ ਲੋਕਾਂ ਅਤੇ ਮਜ਼ਦੂਰ ਜਮਾਤ ਨੂੰ ਵੀ ਬਰਾਬਰ ਦੇ ਅਧਿਕਾਰ ਅਤੇ ਚੰਗੀ ਸਿਖਿਆ ਰਾਹੀਂ ਸਰਮਾਏਦਾਰੀ ਅਤੇ ਪੂੰਜੀਪਤੀਆਂ ਦੀ ਜਮਾਤ ਨਾਲ ਖੜਾ ਕਰ ਕੇ ਗ਼ਰੀਬੀ ਅਤੇ ਅਮੀਰੀ ਦਾ ਪਾੜਾ ਖ਼ਤਮ ਕਰਨਾ ਚਾਹੁੰਦੇ ਸਨ। ਅੰਤ ਦੁਨੀਆਂ ਦੇ ਮਹਾਨ ਦਾਰਸ਼ਨਿਕ ਕਾਰਲ ਮਾਰਕਸ ਦਬੇ ਕੁਚਲੇ, ਮਜ਼ਦੂਰ ਅਤੇ ਮਜਬੂਰ ਲੋਕਾਂ ਦੀ ਲੜਾਈ ਲੜਦੇ ਹੋਏ 14 ਮਾਰਚ 1883 ਨੂੰ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।

(ਰਿਟਾ: ਐਸ.ਡੀ.ਓ)
#16, ਏ ਫ਼ੋਕਲ ਪੁਆਇੰਟ ਰਾਜਪੁਰਾ