ਪੰਜਾਬੀ ਲੋਕ ਗੀਤਾਂ ਵਿਚ ਕੁੜਮ-ਕੁੜਮਣੀ ਦਾ ਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪੰਜਾਬੀ ਸਮਾਜ ਵਿਚ ਬੱਚੇ ਦੇ ਜੰਮਣ ਤੋਂ ਲੈ ਕੇ ਮਰਨ ਤਕ ਅਨੇਕਾਂ ਹੀ ਰਿਸ਼ਤੇਦਾਰੀਆਂ ਹਨ। ਹਰ ਰਿਸ਼ਤੇਦਾਰੀ ਦੇ ਲੋਕ ਗੀਤ ਚਮਕਦੇ-ਦਮਕਦੇ ਹਨ।

Punjabi Folk Songs

ਪੰਜਾਬੀ ਸਮਾਜ ਵਿਚ ਬੱਚੇ ਦੇ ਜੰਮਣ ਤੋਂ ਲੈ ਕੇ ਮਰਨ ਤਕ ਅਨੇਕਾਂ ਹੀ ਰਿਸ਼ਤੇਦਾਰੀਆਂ ਹਨ। ਹਰ ਰਿਸ਼ਤੇਦਾਰੀ ਦੇ ਲੋਕ ਗੀਤ ਚਮਕਦੇ-ਦਮਕਦੇ ਹਨ। ਰਿਸ਼ਤੇਦਾਰੀਆਂ ਦਾ ਮੇਲ-ਮਿਲਾਪ, ਆਪਸੀ ਤਾਣਾ-ਬਾਣਾ, ਬੋਲਬਾਣੀ, ਬੈਠਣ-ਉੱਠਣ, ਤਾਅਨੇ-ਮਿਹਣੇ ਸਿਠਣੀਆਂ ਅਤੇ ਗ਼ਮੀ ਦੇ ਗੀਤਾਂ ਆਦਿ ਬੜੇ ਵਿਸ਼ਾਲ ਖੇਤਰ ਦੇ ਮਾਲਕ ਹਨ। ਸਾਰੀਆਂ ਰਿਸ਼ਤੇਦਾਰੀਆਂ ਦੇ ਮੇਲ-ਮਿਲਾਪ ਤੋਂ ਅਪਣੱਤ ਦੀ ਝਲਕ ਪੈਂਦੀ ਹੈ।

ਜਿਥੇ ਸਾਰੀਆਂ ਰਿਸ਼ਤੇਦਾਰੀਆਂ ਆਪੋ-ਅਪਣੀ ਥਾਂ ਰਖਦੀਆਂ ਹਨ ਉਥੇ ਪੰਜਾਬੀ ਲੋਕ ਗੀਤਾਂ ਵਿਚ ਕੁੜਮ ਤੇ ਕੁੜਮਣੀ ਦਾ ਸਥਾਨ ਬੜਾ ਅਹਿਮ ਥਾਂ ਰਖਦਾ ਹੈ। ਮੁੰਡੇ ਅਤੇ ਕੁੜੀ ਦੇ ਸੱਸ-ਸਹੁਰੇ ਨੂੰ ਕੁੜਮ-ਕੁੜਮਣੀ ਕਿਹਾ ਜਾਂਦਾ ਹੈ। ਕੁੜੀ ਵਾਲੇ ਮੁੰਡੇ ਦੇ ਮਾਂ-ਬਾਪ ਨੂੰ ਉੱਚਾ ਸਥਾਨ ਦਿੰਦੇ ਹਨ ਅਤੇ ਕੁੜੀ ਵਾਲੇ ਮਾਂ-ਬਾਪ ਮੁੰਡੇ ਦੇ ਮਾਂ-ਬਾਪ ਦੇ ਪੈਰੀਂ ਹੱਥ ਵੀ ਲਾਉਂਦੇ ਹਨ।

ਕਈ ਵਾਰੀ ਕੁੜਮਣੀ ਅਪਣੇ ਕੁੜਮ ਦੀ ਬੜੀ ਸਿਫ਼ਤ ਕਰਦੀ ਕਹਿੰਦੀ ਹੈ ਕਿ 'ਮੇਰਾ ਕੁੜਮ ਬੈਟਰੀ ਵਰਗਾ, ਗੈਸ ਬੁਝਾ ਦਿਉ ਨੀ।' ਪਹਿਲਾਂ ਪਿੰਡਾਂ ਵਿਚ ਰੌਸ਼ਨੀ ਲਈ ਗੈਸ ਹੁੰਦੇ ਸਨ ਤੇ ਚਾਨਣ ਕਰਦੇ ਸਨ। ਵਿਆਹ ਸ਼ਾਦੀ ਵਿਚ ਹਾਸੇ ਠੱਠੇ ਅੰਦਰ ਸਿਠਣੀਆਂ ਦਾ ਦੌਰ ਚਲ ਪੈਂਦਾ ਹੈ ਤਾਂ ਕੁੜਮਣੀ ਅਪਣੇ ਕੁੜਮ ਨੂੰ ਮਖੌਲ ਵਿਚ ਆਖ ਉਠਦੀ ਹੈ:
ਹੋਕਾ ਦੇ ਦਿਉ ਨੀ ਮੇਰਾ ਕੁੜਮ ਖਰਾਸੇ ਜੋਣਾ

ਪਹਿਲਾਂ ਪਿੰਡਾਂ ਵਿਚ ਆਟਾ ਚੱਕੀਆਂ ਦੀ ਥਾਂ ਖਰਾਸ ਹੁੰਦੇ ਸਨ ਜਿਸ ਨੂੰ ਗਾਧੀ ਵਿਚ ਦੋ ਬਲਦ ਜੁੜ ਕੇ ਖਿਚਦੇ ਸਨ ਅਤੇ ਚੱਕੀ ਵਾਂਗ ਖਰਾਸ ਵਾਲਾ ਆਟਾ ਪੀਂਹਦਾ ਹੁੰਦਾ ਸੀ। ਜਦੋਂ ਮੁੰਡੇ ਕੁੜੀ ਦਾ ਵਿਆਹ ਮੁਕਲਾਵਾ ਹੋ ਜਾਂਦਾ ਤਾਂ ਹਾਸੇ-ਠੱਠੇ ਦੇ ਮਾਹੌਲ ਵਿਚ ਵਿਚੋਲੇ ਦੀ ਝੰਡ ਕਰ ਦਿਤੀ ਜਾਂਦੀ ਸੀ:
ਕੁੜਮੋ ਕੁੜਮੀ ਸੌ ਵਾਰੀ,
ਵਿਚੋਲੇ ਦੇ ਢਿੱਡ ਵਿਚ ਲੱਤ ਮਾਰੀ।
ਜਾਂ
ਮੱਕੀ ਦਾ ਦਾਣਾ ਟਿੰਡ ਵਿਚ ਵੇ
ਵਿਚੋਲਾ ਨਹੀਂ ਛਡਣਾ ਪਿੰਡ ਵਿਚ ਵੇ।

ਅੱਗੇ ਵਰਤ ਵਰਤੇਵੇਂ ਦੀ ਗੱਲ ਚਲਦੀ ਰਹਿੰਦੀ ਤਾਂ ਹਾਸੇ-ਠੱਠੇ ਵਿਚ ਕਈ ਵਾਰੀ ਵਿਚੋਲਾ ਧੱਕੇ ਚੜ੍ਹ ਜਾਂਦਾ ਤਾਂ ਵਿਚੋਲੇ ਵਲ ਸਿਠਣੀ ਸੁੱਟੀ ਜਾਂਦੀ:
ਕੁੜਮੋ ਕੁੜਮੀ ਵਰਤਣਗੇ, ਵਿਚੋਲੇ ਬੈਠੇ ਤਰਸਣਗੇ।
ਤਾਂ ਕੋਲ ਬੈਠੀ ਗਵਾਂਢਣ ਨੂੰ ਵੀ ਤਾਅ ਆ ਜਾਂਦਾ ਤੇ ਉਹ ਵੀ ਅਪਣਾ ਦਾਅ ਲਾ ਜਾਂਦੀ ਤੇ ਕਹਿ ਉਠਦੀ:
ਕੁੜਮੋ ਕੁੜਮੀ ਇੱਕ ਗੱਲ ਜਿੱਧਰ ਆਖਾਂ ਉਧਰ ਚੱਲ।

ਕਈ ਵਾਰੀ ਸਹੁਰਾ ਪ੍ਰਵਾਰ ਲੜਕੀ ਨੂੰ ਕਿਸੇ ਗੱਲੋਂ ਤੰਗ ਪ੍ਰੇਸ਼ਾਨ ਕਰਦਾ ਤਾਂ ਲੜਕੀ ਅਪਣੇ ਪਿਤਾ ਨੂੰ ਅਪਣੀ ਦੁੱਖ ਭਰੀ ਵੇਦਨਾ ਕਹਿ ਦਿੰਦੀ ਕਿ:
ਜਾਂ ਬਾਪੂ ਮੈਂ ਮਰਜਾਂ ਜਾਂ ਮਰਜੇ ਕੁੜਮਣੀ ਤੇਰੀ।
ਕਦੀ ਕਿਸੇ ਸਾਥੀ ਨੂੰ ਅਪਣੀ ਸਾਥੀ ਦੀ ਕਾਰ, ਟਰੱਕ ਜਾਂ ਕੋਈ ਗੱਡੀ ਆਦਿ ਕਰਨੀ ਪੈਣੀ ਪੈ ਜਾਂਦੀ ਅਤੇ ਲੈਣ ਵਾਲੇ ਨੂੰ ਅਪਣੇ ਸਾਥੀ ਉਤੇ ਪੂਰਨ ਭਰੋਸਾ ਹੁੰਦਾ ਕਿ ਮੇਰਾ ਸਾਥੀ ਮੈਨੂੰ ਅਪਣੀ ਚੀਜ਼ ਘੱਟ ਕਿਰਾਏ 'ਤੇ ਦੇ ਦੇਵੇਗਾ ਪਰ ਅੱਗੋਂ ਦੇਣ ਵਾਲਾ ਪੂਰਾ ਰੇਟ ਮੰਗ ਲੈਂਦਾ ਕਿਰਾਇਆ ਮੰਗ ਲੈਂਦਾ ਤਾਂ ਲੈਣ ਵਾਲਾ ਆਖਦਾ:
ਜੇ ਟੱਟੂ ਹੀ ਕਰਨੈ ਤਾਂ ਕੁੜਮਾਂ ਦਾ ਹੀ ਕਰਨੈ?

 

ਵਿਆਹ-ਸ਼ਾਦੀ ਵੇਲੇ ਕਈ ਵਾਰੀ ਕੁੜਮ ਦਾ ਵੀ ਦਾਅ ਲੱਗ ਜਾਂਦਾ ਅਤੇ ਅਪਣੀ ਕੁੜਮਣੀ ਨੂੰ ਉਹ ਵੀ ਮਿੱਠਾ ਮਖੌਲ ਕਰਦਾ ਆਖਦਾ:
ਸੁਰਮਾ ਕੁੜਮਣੀ ਦਾ ਲਗਦੈ ਕਹਿਰ ਗੁਜ਼ਾਰੂ।
ਅਤੇ  ਕੁੜਮਣੀ ਮੁਸਕੜੀਏ ਹਸਦੀ ਅਪਣੇ ਆਹਰ ਵਿਚ ਲੱਗ ਜਾਂਦੀ। ਕੁੜਮਣੀ ਅਪਣੇ ਆਂਢੀਆਂ-ਗਵਾਂਢੀਆਂ ਕੋਲ ਅਪਣੇ ਸ਼ਰੀਫ਼ ਅਤੇ ਨਰਮ ਕੁੜਮ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਦੀ:
ਕੁੜਮ ਸ਼ਰੀਫ਼ ਦੀਆਂ ਸਿਫ਼ਤਾਂ ਕੁੜਮਣੀ ਕਰਦੀ।

ਸਾਨੂੰ ਆਸ ਰਖਣੀ ਚਾਹੀਦੀ ਹੈ ਕਿ ਇਹ ਅਹਿਮ ਅਤੇ ਨੇੜੇ ਦਾ ਰਿਸ਼ਤਾ ਪਹਿਲਾਂ ਵਾਂਗ ਅੱਜ ਵੀ ਘਰਾਂ ਵਿਚ ਪੰਜਾਬੀ ਲੋਕ ਗੀਤਾਂ ਵਿਚ, ਵਿਆਹ-ਸ਼ਾਦੀਆਂ ਵਿਚ, ਖ਼ੁਸ਼ੀਆ ਗ਼ਮੀਆਂ ਵਿਚ ਹਾਸਰਸ ਦਾ ਪਾਤਰ ਬਣ ਕੇ ਨਿਰੰਤਰ ਚਲਦਾ ਰਹੇ ਅਤੇ ਮੇਰੇ ਰੰਗਲੇ ਪੰਜਾਬ ਦੀ ਪੰਜਾਬੀ ਅਤੇ ਪੰਜਾਬੀਅਤ ਸਦਾ ਬਹਾਰਾਂ ਵੰਡਦੀ ਤੇ ਰਿਸ਼ਤਿਆਂ ਦੀ ਨੇੜਤਾ ਵਿਚ ਪਾਕ-ਮੁਹੱਬਤਾਂ ਬਣ ਕੇ ਸਦਾ ਖਿੜੀ ਰਹੇ ਤੇ ਮਹਿਕਾਂ ਬਿਖੇਰਦੀ ਰਹੇ।
ਜਸਵੰਤ ਸਿੰਘ ਅਸਮਾਨੀ
ਸੰਪਰਕ : 98720-67104