ਦਿੱਲੀ ਪੁਲਿਸ ਦਾ ਸਿੱਖ ਪਿਉ-ਪੁੱਤਰ ਤੇ ਜ਼ੁਲਮ, ਮੋਦੀ ਸਰਕਾਰ ਦੇ ਮੱਥੇ ਉਤੇ ਕਲੰਕ

ਸਪੋਕਸਮੈਨ ਸਮਾਚਾਰ ਸੇਵਾ

ਵਿਸ਼ਵ ਭਰ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਇਕ ਵਾਰ ਫਿਰ ਅਪਣੇ ਅਣ-ਮਨੁੱਖੀ ਜ਼ੁਲਮ ਤੇ ਮਾਨਸਿਕਤਾ ਕਰ ਕੇ ਬਦਨਾਮ ਹੋਈ ਹੈ। ਇਸ ਦੀ ਪੁਲਿਸ ਦਾ ਔਰੰਗਜ਼ੇਬੀ ਚਿਹਰਾ....

Delhi Police Beats Up A Sikh Senior Citizen And Minor Boy

ਵਿਸ਼ਵ ਭਰ ਵਿਚ ਭਾਰਤ ਦੀ ਰਾਜਧਾਨੀ ਦਿੱਲੀ ਇਕ ਵਾਰ ਫਿਰ ਅਪਣੇ ਅਣ-ਮਨੁੱਖੀ ਜ਼ੁਲਮ ਤੇ ਮਾਨਸਿਕਤਾ ਕਰ ਕੇ ਬਦਨਾਮ ਹੋਈ ਹੈ। ਇਸ ਦੀ ਪੁਲਿਸ ਦਾ ਔਰੰਗਜ਼ੇਬੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋਇਆ ਹੈ। ਦਿੱਲੀ ਪੁਲਿਸ ਕਿਉਂਕਿ ਸਿੱਧੀ ਕੇਂਦਰੀ ਸ਼ਾਸਨ ਅਧੀਨ ਹੈ ਇਸ ਲਈ ਇਸ ਸਰਕਾਰ ਦੇ ਹੁਣੇ ਦੁਬਾਰਾ ਵੱਡੇ ਬਹੁਮੱਤ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਨ੍ਹਾਂ ਦੀ ਸਰਕਾਰ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੱਥੇ ਉਤੇ ਇਹ ਅਣ-ਮਨੁੱਖੀ ਤਸ਼ੱਦਦ ਭਰਪੂਰ ਘਟਨਾ ਇਕ ਬਦਨੁਮਾ ਦਾਗ਼ ਸਾਬਤ ਹੋਇਆ ਹੈ।

ਇਸ ਘਟਨਾ ਅਧੀਨ ਭਾਰਤ ਵਿਚ ਰਹਿੰਦੇ ਘੱਟ-ਗਿਣਤੀ ਸਿੱਖ ਭਾਈਚਾਰੇ ਨਾਲ ਸਬੰਧਿਤ ਇਕ ਟੈਂਪੂ ਚਲਾਉਣ ਵਾਲੇ ਕਿਰਤੀ ਗੁਰਸਿੱਖ ਤੇ ਉਸ ਦੇ ਪੁੱਤਰ ਤੋਂ ਮਹੀਨਾ ਮੰਗਣ ਵਾਲੀ ਪੁਲਿਸ ਉਨ੍ਹਾਂ ਦੀ ਏਨੀ ਬੇਰਹਿਮੀ ਨਾਲ ਕੁੱਟ-ਮਾਰ ਕਰਦੀ ਹੈ। ਸੈਂਕੜੇ ਲੋਕਾਂ ਦੀ ਆਵਾਜਾਈ ਤੇ ਅੱਖਾਂ ਸਾਹਮਣੇ ਪਿਸਤੌਲ ਦੇ ਬੱਟ, ਠੁੱਡੇ ਮਾਰਦੀ, ਡਾਂਗਾਂ ਨਾਲ ਛੱਲੀਆਂ ਵਾਂਗ ਕੁਟਦੀ, ਬਦਨਾਮ ਦਿੱਲੀ ਦੀਆਂ ਸੜਕਾਂ ਉਤੇ ਘਸੀਟਦੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਬਖ਼ਸ਼ੀ ਪਗੜੀ ਨੂੰ ਪੈਰਾਂ ਵਿਚ ਰੋਲਦੀ, ਥਾਣੇ ਲਿਜਾ ਕੇ ਫਿਰ ਉਨ੍ਹਾਂ ਪਿਉ-ਪੁੱਤਰ ਨੂੰ ਬਸਤੀਵਾਦੀ ਬ੍ਰਿਟਿਸ਼ਸ਼ਾਹੀ ਕੁਟਾਪਾ ਚਾੜ੍ਹਿਆ ਜਾਂਦਾ ਹੈ।

ਇਥੇ ਹੀ ਬਸ ਨਹੀਂ ਉਲਟਾ ਉਸ ਉਤੇ ਪੁਲਿਸ ਮੁਲਾਜ਼ਮਾਂ ਉਤੇ ਅਪਣੀ ਗਾਤਰੇ ਵਾਲੀ ਛੋਟੀ ਸ਼੍ਰੀਸਾਹਿਬ ਨਾਲ ਹਮਲਾ ਕਰਨ ਤੇ ਹੋਰ ਦੋਸ਼ਾਂ ਅਧੀਨ ਮੁਕੱਦਮਾ ਦਰਜ ਕੀਤਾ ਜਾਂਦਾ ਹੈ। ਹਰ ਭਾਰਤੀ ਨਾਲ 'ਮੰਨ ਕੀ ਬਾਤ' ਦਾ ਸੰਵਾਦ ਰਚਾਉਣ ਵਾਲਾ ਪ੍ਰਧਾਨ ਮੰਤਰੀ, ਸਰਕਾਰ ਤੇ ਗ੍ਰਹਿ ਮੰਤਰੀ ਮੂਕ ਦਰਸ਼ਕ ਬਣੇ ਹੋਏ ਹਨ, ਇਹ ਸਤਰਾਂ ਲਿਖਣ ਵੇਲੇ ਤਕ।  ਸਥਾਨਕ ਸਿੱਖ ਆਗੂਆਂ, ਆਮ ਆਦਮੀ ਪਾਰਟੀ, ਇਸ ਦੇ ਦਿੱਲੀ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਦਿ ਦੇ ਦਬਾਅ ਹੇਠ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ 10-12 ਹਮਲਾਵਰ ਪੁਲਿਸ ਮੁਲਾਜ਼ਮਾਂ ਵਿਚੋਂ ਤਿੰਨ ਨੂੰ ਮੁਅੱਤਲ ਕੀਤਾ ਜਾਂਦਾ ਹੈ। ਫਿਰ ਹੋਰ ਦਬਾਅ ਪੈਣ ਕਰ ਕੇ ਵੱਖ-ਵੱਖ ਮਾਮੂਲੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਂਦਾ ਹੈ।

ਲੇਖਕ ਕੈਨੇਡਾ ਦੇ ਓਂਟਾਰੀਉ ਸੂਬੇ ਵਿਚ ਰਹਿੰਦਾ ਹੈ। ਉਸ ਨੂੰ ਸੋਸ਼ਲ ਮੀਡੀਆ ਰਾਹੀਂ ਵਟਸਅੱਪ ਉਤੇ ਭਾਰਤ ਅੰਦਰ ਦੋ ਸਿੱਖਾਂ ਉਤੇ ਹਮਲਿਆਂ ਸਬੰਧੀ ਅਤੇ ਆਂਧਰਾ ਪ੍ਰਦੇਸ਼ ਅੰਦਰ ਭਾਜਪਾ ਆਗੂ ਦੇ ਪੁੱਤਰ ਤੋਂ ਪੁਲਿਸ ਸਬ-ਇੰਸਪੈਕਟਰ ਵਲੋਂ ਪੈਂਰੀ ਹੱਥ ਲਗਾ ਕੇ ਮਾਫ਼ੀ ਮੰਗਣ ਦੀ ਜਾਣਕਾਰੀ ਹਾਸਲ ਹੋਈ। ਸਿੱਖ ਘੱਟ ਗਿਣਤੀਆਂ ਨਾਲ ਸੰਬਧਤ ਦੋ ਸਿੱਖ ਪਿਉ-ਪੁੱਤਰ ਕਿਰਤੀਆਂ ਦਾ ਵੀਡੀਉ, ਇਕ ਨਾਮਵਰ ਰਾਸ਼ਟਰੀ ਹਿੰਦੀ ਅਖ਼ਬਾਰ ਵਿਚ ਕੰਮ ਕਰ ਰਿਹਾ ਪੱਤਰਕਾਰ ਭੇਜ ਰਿਹਾ ਹੈ। ਇਹ ਵੀਡੀਉ ਐਡਿਟ ਕੀਤਾ ਹੋਇਆ ਹੈ, ਜੋ ਵਿਸ਼ਵ ਅੰਦਰ ਪੁਲਿਸ ਦੀ ਦਰਿੰਦਗੀ ਦੇ ਤਾਂਡਵਨਾਚ ਨਾਲੋਂ ਭਿੰਨ ਹੈ।

ਇਸ ਵੀਡੀਉ ਹੇਠ ਅੰਗਰੇਜ਼ੀ ਵਿਚ ਕੈਪਸ਼ਨ ਦਿਤੇ ਗਏ ਹਨ। ਇਸ ਵਿਚ ਇਨ੍ਹਾਂ ਕਿਰਤੀ ਪਿਉ-ਪੁੱਤਰ ਨੂੰ ਅਪਰਾਧੀ ਉਵੇਂ ਹੀ ਦਰਸਾਇਆ ਹੈ, ਜਿਵੇਂ ਦੇਸ਼ ਦੀ ਵੰਡ ਵੇਲੇ 10 ਲੱਖ ਬੇਗੁਨਾਹ ਲੋਕਾਂ ਦੇ ਕਤਲ-ਏ-ਆਮ, ਕਰੋੜਾਂ ਲੋਕਾਂ ਦੇ ਉਜਾੜੇ, ਬਰਬਾਦੀ, ਧੀਆਂ, ਭੈਣਾਂ, ਮਾਵਾਂ ਦੀ ਬੇਇਜ਼ਤੀ ਤੋਂ ਬਾਅਦ ਜਦੋਂ ਸਿੱਖ ਘੱਟ-ਗਿਣਤੀ ਭਾਈਚਾਰਾ ਭਾਰਤ ਵਿਚ ਆ ਵਸਿਆ ਤਾਂ ਗ੍ਰਹਿ ਮੰਤਰਾਲੇ ਵਲੋਂ ਇਕ ਚਿੱਠੀ ਜਾਰੀ ਕਰ ਕੇ ਉਸ ਨੂੰ ਅਪਰਾਧੀ ਕਿਸਮ ਦਾ ਭਾਈਚਾਰਾ ਦਰਸਾ ਕੇ ਉਸ ਉਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ ਦਿਤੇ ਗਏ।

 

ਦੂਜਾ ਵੀਡੀਉ ਇਕ ਪ੍ਰਿੰਸੀਪਲ ਵਲੋਂ ਰਾਜਸਥਾਨ ਵਿਚ ਬੇਗੁਨਾਹ ਸਿੱਖਾਂ ਨੂੰ ਗੱਡੀਆਂ ਵਿਚੋਂ ਉਤਾਰ ਕੇ ਬੜੀ ਬੇਰਹਿਮੀ ਨਾਲ ਲੋਕਾਂ ਵਲੋਂ ਕੁੱਟਣ, ਜ਼ਖ਼ਮੀ ਤੇ ਬੇਹੋਸ਼ ਕਰਨ ਸਬੰਧੀ ਭੇਜਿਆ ਗਿਆ। ਤੀਜਾ ਵੀਡੀਉ ਇਕ ਅਕਾਲੀ ਆਗੂ ਨੇ ਭੇਜਿਆ ਹੈ ਜਿਸ ਵਿਚ ਆਂਧਰਾ ਪ੍ਰਦੇਸ਼ ਵਿਚ ਇਕ ਪੁਲਿਸ ਸਬ-ਇੰਸਪੈਕਟਰ ਵਲੋਂ ਇਕ ਭਾਜਪਾ ਆਗੂ ਦੇ ਪੁੱਤਰ ਦੀ ਗੱਡੀ ਚੈੱਕ ਕਰਨ ਲਈ ਰੋਕਣ ਦੇ ਦੋਸ਼ ਵਿਚ ਉਸ ਨਾਲ ਧੱਕਾ-ਮੁੱਕੀ ਤੇ ਗਾਲ੍ਹੀ ਗਲੋਚ ਕਰ ਕੇ ਉਸ ਦੇ ਪੈਰੀਂ ਹੱਥ ਲਗਾ ਕੇ ਮਾਫ਼ੀ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ। ਇਸ ਸਬੰਧੀ ਭਾਰਤੀ ਮੀਡੀਆ ਖ਼ਬਰ ਤਕ ਨਹੀਂ ਛਾਪਦਾ। ਸਾਰਾ ਇਲੈਕਟ੍ਰਾਨਿਕ ਮੀਡੀਆ ਗੁੰਮ ਗਿਆ ਲਗਦਾ ਹੈ। ਪੁਲਿਸ ਬਾਂਦੀ ਬਣੀ ਨਜ਼ਰ ਆਉਂਦੀ ਹੈ। ਅਜਿਹੇ ਸੈਂਕੜੇ ਮਾਮਲੇ ਰੋਜ਼ਾਨਾ ਵਾਪਰ ਰਹੇ ਹਨ, ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਦੇਸ਼ ਇਕ ਬਹੁਤ ਹੀ ਖ਼ਤਰਨਾਕ ਦਿਸ਼ਾ ਵਲ ਵੱਧ ਰਿਹਾ ਹੈ।

ਅਜੋਕੇ ਭਾਰਤ ਦੇ ਰਾਜਨੀਤਕ ਆਗੂ ਤੇ ਰਾਜਨੀਤਕ ਪਾਰਟੀਆਂ, ਬਹੁਗਿਣਤੀ ਸਮਾਜ ਤੇ ਪ੍ਰਸ਼ਾਸਨ ਨੂੰ ਇਹ ਸਮਝ ਹੀ ਨਹੀਂ ਆ ਰਹੀ ਕਿ ਅਜੋਕਾ ਦੇਸ਼ ਤੇ ਹਿੰਦੂ ਧਰਮ ਇਸ ਦੁਨੀਆਂ ਉਤੇ ਨਾ ਹੁੰਦਾ ਜੇਕਰ ਸਿੱਖਾਂ ਦੇ 9ਵੇਂ ਗੁਰੂ ਦਿੱਲੀ ਦੇ ਚਾਂਦਨੀ ਚੌਂਕ ਵਿਚ ਹਿੰਦੂ ਧਰਮ ਤੇ ਧਾਰਮਕ ਆਜ਼ਾਦੀ ਲਈ ਅਪਣਾ ਸੀਸ ਨਾ ਦਿੰਦੇ, ਦਸਮ ਗੁਰੂ ਸਰਬੰਸ ਨਾ ਵਾਰਦੇ ਤੇ ਖ਼ਾਲਸਾ ਪੰਥ ਦੀ ਸਾਜਨਾ ਕਰਦੇ। ਪਰ ਨਸਲਘਾਤੀ ਘਲੂਘਾਰਿਆਂ ਜਿਨ੍ਹਾਂ ਵਿਚ ਮੁਗ਼ਲਕਾਲੀ ਛੋਟਾ ਤੇ ਵੱਡਾ ਘਲੂਘਾਰਾ, ਦੇਸ਼ ਦੀ ਵੰਡ ਵੇਲੇ ਘਲੂਘਾਰਾ, ਜੂਨ '84 ਵਿਚ ਸਾਕਾ ਨੀਲਾ ਤਾਰਾ ਘਲੂਘਾਰਾ, ਨਵੰਬਰ '84 ਘਲੂਘਾਰਾ, ਪੰਜਾਬ ਪੁਲਿਸ ਵਲੋਂ 10-12 ਸਾਲ ਦੀ ਅਤਿਵਾਦੀ ਤ੍ਰਾਸਦੀ ਸਮੇਂ 30-35 ਹਜ਼ਾਰ ਸਿੱਖ ਨੌਜੁਆਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਕੀਤੀ ਨਸਲਕੁਸ਼ੀ ਆਦਿ ਦੇ ਬਾਵਜੂਦ ਹੁਣ ਸਰਕਾਰਾਂ ਕਿਉਂ ਨਹੀਂ ਸਿੱਖਾਂ ਪ੍ਰਤੀ ਅਪਣੀ ਨਸਲਘਾਤੀ ਮਾਨਸਿਕਤਾ ਬਦਲ ਰਹੀਆਂ?

ਨਵੰਬਰ '84 ਦੇ ਸਿੱਖ ਕਤਲ-ਏ-ਆਮ ਵਿਚ ਕਾਂਗਰਸ ਪਾਰਟੀ ਦੇ ਤਤਕਾਲੀ ਗ਼ੈਰ-ਸੰਵਿਧਾਨਕ ਤੌਰ ਉਤੇ ਬਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਕਾਂਗਰਸੀ ਕੇਂਦਰੀ ਮੰਤਰੀਆਂ, ਕੁੱਝ ਰਾਜਾਂ ਦੇ ਮੁੱਖ ਮੰਤਰੀਆਂ, ਦਿੱਲੀ ਦੇ ਉੱਪ ਰਾਜਪਾਲ, ਸਥਾਨਕ ਕਾਂਗਰਸ, ਭਾਜਪਾ ਤੇ ਹੋਰ ਪਾਰਟੀਆਂ ਦੇ ਸ਼ਾਮਲ ਆਗੂਆਂ, ਪੁਲਿਸ ਦੇ ਅਧਿਕਾਰੀਆਂ ਤੇ ਥਾਣਿਆਂ ਵਿਚ ਤਾਇਨਾਤ ਮੁਲਾਜ਼ਮਾਂ ਵਲੋਂ ਇਸ ਗੁਨਾਹ ਵਿਚ ਸ਼ਾਮਲ ਹੋਣ ਕਰ ਕੇ 'ਸਿੱਖ ਨਸਲਕੁਸ਼ੀ' ਜੁਰਮ ਹੇਠ ਕੇਸ ਚਲੇ ਹੁੰਦੇ ਤਾਂ ਅੱਜ ਬਹੁ-ਗਿਣਤੀ ਫ਼ਿਰਕੇ, ਆਗੂਆਂ, ਮੀਡੀਏ ਤੇ ਪੁਲਿਸ ਪ੍ਰਸ਼ਾਸਨ ਅੰਦਰ ਸਿੱਖ ਵਿਰੋਧੀ ਮਾਨਸਿਕਤਾ ਕਾਇਮ ਨਾ ਰਹਿੰਦੀ।

ਨਾ ਹੀ ਹੁਣ ਪੁਲਿਸ ਪ੍ਰਸ਼ਾਸਨ, ਬਹੁਗਿਣਤੀ ਭਾਈਚਾਰਾ, ਵੱਖ-ਵੱਖ ਰਾਜਾਂ ਵਿਚ ਵਸਦੀ ਬਹੁਗਿਣਤੀ ਜਿਵੇਂ ਗੁਜਰਾਤ ਅੰਦਰ ਸਿੱਖ ਪੰਜਾਬੀ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦਾ ਜਬਰ ਸਥਾਨਕ ਲੋਕਾਂ ਵਲੋਂ ਪੁਲਿਸ, ਸਿਵਲ ਪ੍ਰਸ਼ਾਸਨ ਦੀ ਮਿਲੀਭੁਗਤ ਰਾਹੀਂ, ਸਿੱਕਮ ਅੰਦਰ ਬੋਧੀ ਭਾਈਚਾਰੇ ਵਲੋਂ ਬਾਬਾ ਨਾਨਕ ਜੀ ਨਾਲ ਸਬੰਧਤ 'ਡਾਂਗਮਾਰ ਗੁਰਦਵਾਰਾ' ਖੋਹਣ, ਮੇਘਾਲਿਯਾ ਅੰਦਰ ਸ਼ਿਲਾਂਗ ਵਿਚ ਵਸਦੇ ਭਾਈਚਾਰੇ ਦੀ ਬਸਤੀ ਤੇ ਮਾਰਕੀਟ ਖੋਹਣ ਲਈ ਸਰਕਾਰ ਤੇ ਪ੍ਰਸ਼ਾਸਨ ਨਾਲ ਮਿਲ ਕੇ ਹਿੰਸਾ ਰਾਹੀਂ ਦਬਾਅ ਬਣਾਉਣਾ, ਵੱਖ-ਵੱਖ ਸੂਬਿਆਂ ਅੰਦਰ ਸਿੱਖਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਣ ਦੀਆਂ ਘਟਨਾਵਾਂ 'ਸਿੱਖ ਨਸਲਕੁਸ਼ੀ' ਦੀਆਂ ਘਟਨਾਵਾਂ ਹਨ। ਕੇਂਦਰ ਸਰਕਾਰ ਇਸ ਪ੍ਰਤੀ ਸੰਵਿਧਾਨਕ, ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕਰਨ ਤੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ ਸੱਤਾ ਦੇ ਟੁਕੜੇ ਲਈ ਭਾਜਪਾ ਨਾਲ ਭਾਈਵਾਲ ਪਾਈ ਬੈਠਾ ਅਕਾਲੀ ਦਲ ਤੇ ਇਸ ਦੇ ਕੇਂਦਰ ਤੇ ਪੰਜਾਬ ਵਿਚ ਨੁਮਾਇੰਦੇ।

ਇਸੇ ਤਰ੍ਹਾਂ  ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਤੇ ਭਾਰੂ ਇਕ ਪ੍ਰਵਾਰ ਕਾਰਨ ਇਹ ਸਿੱਖਾਂ ਦੀ ਦੇਸ਼ ਭਰ ਵਿਚ ਸੁਰੱਖਿਆ, ਮਾਣ-ਮਰਿਯਾਦਾ, ਆਨ-ਬਾਨ ਸ਼ਾਨ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਇਥੋਂ ਤਕ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਿਚ ਵੀ ਨਾਕਾਮ ਰਹੀ। ਜਿਸ ਮਨਜਿੰਦਰ ਸਿੰਘ ਸਿਰਸਾ ਨੂੰ ਇਨ੍ਹਾਂ ਕਾਰਜਾਂ ਦੇ ਹੱਲ ਲਈ ਅੱਗੇ ਕੀਤਾ ਹੋਇਆ ਹੈ, ਉਹ ਤਾਂ ਭਾਜਪਾ ਦਾ ਦਿੱਲੀ ਵਿਚ ਵਿਧਾਇਕ ਹੈ। ਉਸ ਤੋਂ ਕਿਸੇ ਤਰ੍ਹਾਂ ਦੀ ਆਸ ਰਖਣਾ ਬੇਕਾਰ ਹੈ। ਸਿਕੱਮ ਸਰਕਾਰ ਉਤੇ ਗੁਰਦਵਾਰਾ ਡਾਂਗਮਾਰ ਸਾਹਿਬ ਆਜ਼ਾਦ ਕਰਾਉਣ ਲਈ ਦਬਾਅ ਬਣਾਉਣ ਵਿਚ ਸਿੱਖ ਜਥੇਬੰਦੀਆਂ ਤੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨਾਕਾਮ ਰਹੀ ਹੈ। ਗੁਜਰਾਤ ਅੰਦਰ ਸਿੱਖ ਕਿਸਾਨ ਅਜੇ ਤਕ ਅਨਿਆਂ ਦਾ ਸ਼ਿਕਾਰ ਹਨ, ਸ਼ਿਲਾਂਗ ਵਿਚੋਂ ਵੀ ਸਥਾਨਕ ਲੋਕ, ਸਰਕਾਰ ਤੇ ਇਲਾਕਾਈ ਪ੍ਰਬਲਤਾ ਸਿੱਖਾਂ ਨੂੰ ਬਾਹਰ ਕੱਢਣ ਉਤੇ ਬਜ਼ਿੱਦ ਹਨ, ਦਿੱਲੀ, ਰਾਜਸਥਾਨ, ਜੰਮੂ-ਕਸ਼ਮੀਰ ਵਿਚ ਸਿੱਖ ਸਥਾਨਕ ਲੋਕਾਂ ਦੀਆਂ ਅੱਖਾਂ ਵਿਚ ਰੜਕਦੇ ਹਨ।

ਦੁਨੀਆਂ ਭਰ ਵਿਚ ਸੇਵਾ, ਸਿਮਰਨ, ਮਾਨਵ ਬਰਾਬਰੀ, ਨਿਆਸਰਿਆਂ ਦੇ ਆਸਰਾ ਬਣ ਰਹੇ ਸਿੱਖ ਭਾਰਤੀ ਬਹੁਗਿਣਤੀ, ਰਾਜਨੀਤੀਵਾਨਾਂ ਤੇ ਪ੍ਰਸ਼ਾਸਨ ਜਾਂ ਇਲਾਕਾਈ ਬਹੁਗਿਣਤੀਆਂ ਦੇ ਸੀਨੇ ਵਿਚ ਸੂਲ ਬਣ ਕੇ ਇਸ ਕਰ ਕੇ ਚੁਭਦੇ ਹਨ ਕਿ ਉਹ ਅਣਖ਼ ਨਾਲ ਜਿਊਣ ਦਾ ਡੀ.ਐਨ.ਏ. ਰਖਦੇ ਹਨ। ਉਨ੍ਹਾਂ ਦਾ ਪਹਿਰਾਵਾ, ਪੰਜ ਕਕਾਰ, ਕਿਰਤ ਸਭਿਆਚਾਰ ਭਾਰਤੀ ਭਾਈਚਾਰੇ ਨੂੰ ਪੱਚ ਨਹੀਂ ਰਿਹਾ। ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਵਲੋਂ ਦਿਤੀਆਂ 80 ਫ਼ੀ ਸਦੀ ਕੁਰਬਾਨੀਆਂ ਤੇ ਦੇਸ਼ ਦੀ ਰਾਖੀ ਲਈ ਮੂਹਰਲੀ ਕਤਾਰ ਵਿਚ ਹਮੇਸ਼ਾ ਖੜੇ ਰਹਿਣਾ ਇਨ੍ਹਾਂ ਨੂੰ ਰਾਸ ਨਹੀਂ ਆ ਰਿਹਾ।

ਦੇਸ਼ ਦਾ ਸੰਵਿਧਾਨ ਸਿੱਖ ਪੰਜ ਕਕਾਰਾਂ, ਸਵੈਰਾਖੀ ਲਈ ਸ਼੍ਰੀਸਾਹਿਬ ਦੀ ਵਰਤੋਂ ਦਾ ਅਧਿਕਾਰ ਦਿੰਦਾ ਹੈ। ਸੁਪਰੀਮ ਕੋਰਟ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰਾ-ਹਜ਼ੂਰ, ਜ਼ਾਹਿਰਾ ਜ਼ਰੂਰ ਗੁਰੂ ਵਜੋਂ ਮਾਨਤਾ ਦਿੰਦੀ ਹੈ। ਪੁਲਿਸ ਦੀ ਗੁੰਡਾਗਰਦੀ ਤੋਂ ਬਚਣ ਲਈ ਦਿੱਲੀ ਅੰਦਰ ਸਰਬਜੀਤ ਸਿੰਘ ਨੇ ਜੋ ਅਪਣੀ ਸ਼੍ਰੀਸਾਹਿਬ ਦੀ ਵਰਤੋਂ ਕੀਤੀ, ਉਹ ਸਹੀ ਹੈ। ਕੈਨੇਡਾ ਅੰਦਰ ਸਿੱਖ ਦੀ ਪੱਗ ਲਾਹੁਣ ਜਾਂ ਇਸ ਦੀ ਬੇਅਦਬੀ ਕਰਨ ਦੀ ਸਜ਼ਾ 10 ਸਾਲ ਕੈਦ ਹੈ। ਅੱਜ ਚਾਰ ਸਿੱਖ ਕੈਨੇਡਾ ਫ਼ੈਡਰਲ ਕੈਬਨਿਟ ਵਿਚ ਕੈਬਨਿਟ ਮੰਤਰੀ ਹਨ। ਇਥੋਂ ਦੀ ਪੁਲਿਸ ਕਾਨੂੰਨ ਅਨੁਸਾਰ ਕਾਰਵਾਈ ਕਰਨ ਲਈ ਮਸ਼ਹੂਰ ਹੈ। ਇਸ ਨੂੰ 'ਮਹੀਨਾ ਉਗਰਾਹੀ' ਦਾ ਕੋਈ ਪਤਾ ਹੀ ਨਹੀਂ। ਇਸ ਨੂੰ ਭ੍ਰਿਸ਼ਟਾਚਾਰ ਨਾਲ ਸਖ਼ਤ ਨਫ਼ਰਤ ਹੈ। ਸਿੱਖੀ, ਆਨ, ਬਾਨ, ਸ਼ਾਨ, ਪਗੜੀ ਕਿਵੇਂ ਬਨ੍ਹਦੇ ਹਨ, ਬਾਰੇ ਜਦੋਂ ਕੈਨੇਡੀਅਨ ਸਕੂਲ ਵਿਦਿਆਰਥੀ ਰਖਿਆ ਮੰਤਰੀ ਕਰਨਲ ਸ. ਹਰਜੀਤ ਸਿੰਘ ਸੱਜਣ ਨੂੰ ਪੁਛਦੇ ਹਨ ਤਾਂ ਉਹ ਕਲਾਸ ਵਿਚ ਉਨ੍ਹਾਂ ਨੂੰ ਪਗੜੀ ਬੰਨ੍ਹ ਕੇ ਜਾਣੂ ਕਰਵਾਉਂਦੇ ਹਨ।

'ਸਬਕਾ ਸਾਥ, ਸਬਕਾ ਵਿਕਾਸ' ਨਾਲ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੂੰ 'ਸਬਕਾ ਇਨਸਾਫ਼' ਜੋੜਦਿਆਂ ਨਾ ਸਿਰਫ਼ ਦਿੱਲੀ ਪੁਲਿਸ ਸਬੰਧਿਤ ਵਰਦੀਧਾਰੀ ਲੱਠਮਾਰਾਂ ਵਿਰੁਧ ਕਿਰਤੀ ਸਿੱਖ ਪਿਤਾ-ਪੁੱਤਰ ਤੇ ਇਰਾਦਾ ਕਤਲ ਤੇ ਸਿੱਖ ਨਸਲਕੁਸ਼ੀ ਦੇ ਇਰਾਦੇ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਕੇ ਤੇ ਡਿਸਮਿਸ ਕਰ ਕੇ ਇਨਸਾਫ਼ ਦੇਣਾ ਚਾਹੀਦਾ ਹੈ, ਸਗੋਂ ਉਨ੍ਹਾਂ ਦੀ ਧਾਰਮਕ ਮਾਨਸਿਕਤਾ ਅਤੇ ਸ੍ਰੀਰਕ ਯਾਤਰਾ ਲਈ ਢੁਕਵਾਂ ਮੁਆਵਜ਼ਾ ਦੇਣਾ ਚਾਹੀਦਾ ਹੈ। ਦਿੱਲੀ ਹਾਈਕੋਰਟ ਦੇ ਜਸਟਿਸ ਜਯੰਤ ਕੁਮਾਰ ਤੇ ਜਸਟਿਸ ਨਜ਼ਮੀ ਵਜ਼ੀਰੀ ਨੇ ਇਸ ਕੇਸ ਸਬੰਧੀ ਇਕ ਜਨਹਿਤ ਪਟੀਸ਼ਨ ਵਿਚ ਸ੍ਰੀ ਮੋਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ੀਸ਼ਾ ਵਿਖਾਉਂਦੇ ਸਾਫ਼ ਕਿਹਾ ਹੈ ਕਿ ''ਇਹ ਪੁਲਿਸ ਦੇ ਜ਼ੁਲਮ ਦੀ ਉਦਾਹਰਣ ਨਹੀਂ ਤਾਂ ਹੋਰ ਕੀ ਹੈ?

ਜਦ ਸਰਬਜੀਤ ਸਿੰਘ ਤੇ ਪੁੱਤਰ ਨੂੰ ਕਾਬੂ ਕਰ ਲਿਆ ਤਾਂ ਫਿਰ ਉਸ ਨੂੰ ਡੰਡਿਆਂ ਨਾਲ ਕੁੱਟਣ ਅਤੇ ਸੜਕ ਉਤੇ ਘਸੀਟਣ ਦੀ ਕੀ ਲੋੜ ਸੀ?'' ਅਜਿਹੀ ਰਾਜਨੀਤਕ, ਸਮਾਜਕ, ਪ੍ਰਸ਼ਾਸਨਿਕ ਵਿਵਸਥਾ ਨੂੰ ਉਸਾਰੂ ਤੇ ਕਾਨੂੰਨ ਦੇ ਰਾਜ ਦੀ ਦਿਸ਼ਾ ਦਿੰਦੇ ਮੋਦੀ ਸਰਕਾਰ ਨੂੰ ਦੇਸ਼ ਅੰਦਰ ਸਿੱਖ ਭਾਈਚਾਰੇ ਦੀ ਸੁਰੱਖਿਆ, ਆਨ, ਬਾਨ, ਸ਼ਾਨ ਤੇ ਅਣਖ਼ ਦੀ ਰਾਖੀ ਯਕੀਨੀ ਬਣਾਉਣੀ ਚਾਹੀਦੀ ਹੈ। ਅੱਜ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੀਆਂ ਨਜ਼ਰਾਂ ਮੋਦੀ ਸਰਕਾਰ ਉਤੇ ਟਿਕੀਆਂ ਹੋਈਆਂ ਹਨ।
- ਦਰਬਾਰਾ ਸਿੰਘ ਕਾਹਲੋਂ,    ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਸੰਪਰਕ : +343-889-2550