ਤਸਵੀਰ 'ਚੋਂ ਨਿਕਲੀ ਪਰੀ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਉਹ ਤਾਂ ਇਸ ਤਸਵੀਰ ਲਈ ਏਨਾ ਸ਼ੁਦਾਈ ਹੋ ਗਿਆ ਕਿ ਹਰ ਰੋਜ਼ ਨਾਸ਼ਤਾ ਕਰਨ ਤੋਂ ਪਹਿਲਾਂ ਉਹ ਦੁੱਧ ਚਾਵਲ ਦਾ ਭਰਿਆ ਕਟੋਰਾ ਲਿਆ ਕੇ ਉਸ ਤਸਵੀਰ ਦੇ ਅੱਗੇ ਰੱਖ ਦਿੰਦਾ............

Angel Out of the picture

ਉਹ ਤਾਂ ਇਸ ਤਸਵੀਰ ਲਈ ਏਨਾ ਸ਼ੁਦਾਈ ਹੋ ਗਿਆ ਕਿ ਹਰ ਰੋਜ਼ ਨਾਸ਼ਤਾ ਕਰਨ ਤੋਂ ਪਹਿਲਾਂ ਉਹ ਦੁੱਧ ਚਾਵਲ ਦਾ ਭਰਿਆ ਕਟੋਰਾ ਲਿਆ ਕੇ ਉਸ ਤਸਵੀਰ ਦੇ ਅੱਗੇ ਰੱਖ ਦਿੰਦਾ ਅਤੇ ਫਿਰ ਉਹੀ ਦੁੱਧ ਚਾਵਲ ਚੁੱਕ ਕੇ ਆਪ ਖਾ ਲੈਂਦਾ। ਜਦੋਂ ਕਦੇ ਭੇਡਾਂ ਚਾਰਦਿਆਂ ਉਸ ਨੂੰ ਦੇਰ ਹੋ ਜਾਂਦੀ ਤਾਂ ਹੂ ਮਿਨ ਨੂੰ ਲਗਦਾ ਜਿਵੇਂ ਘਰ ਵਿਚ ਉਸ ਦੀ ਕੋਈ ਉਡੀਕ ਕਰ ਰਿਹਾ ਹੈ। ਇਕ ਦਿਨ ਜਦੋਂ ਉਹ ਭੇਡਾਂ-ਬਕਰੀਆਂ ਚਰਾ ਕੇ ਘਰ ਪਰਤਿਆ ਤਾਂ ਕਮਰੇ ਵਿਚ ਪਏ ਹੋਏ ਮੇਜ਼ ਉਤੇ ਸਜਿਆ ਹੋਇਆ ਖਾਣਾ ਵੇਖ ਕੇ ਹੈਰਾਨ ਹੋ ਗਿਆ। ਘਰ ਸਾਫ਼-ਸੁਥਰਾ ਹੋਇਆ ਪਿਆ ਸੀ। ਰਸੋਈ ਦੇ ਭਾਂਡੇ ਮਾਂਜੇ, ਧੋਤੇ ਅਤੇ ਅਲਮਾਰੀ ਵਿਚ ਸਜਾਏ ਹੋਏ ਸਨ।

ਕੰਧਾਂ ਦੇ ਜਾਲੇ ਉਤਰੇ ਹੋਏ ਸਨ ਅਤੇ ਮੰਜੀ ਉਤੇ ਵਿਛੀਆਂ ਸਾਫ਼ ਚਾਦਰਾਂ ਵੇਖ ਕੇ ਹੂ ਮਿਨ ਖ਼ੁਸ਼ ਵੀ ਹੋਇਆ, ਹੈਰਾਨ ਵੀ ਅਤੇ ਉਹ ਡਰ ਵੀ ਗਿਆ। ਪਰ ਜਿਸ ਪਰੀ ਜਾਂ ਪ੍ਰੇਤ ਆਤਮਾ ਨੇ ਇਹ ਕੰਮ ਕੀਤਾ ਸੀ ਉਹ ਉਸ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਟੇਬਲ ਉਤੇ ਰਖਿਆ ਹੋਇਆ ਖਾਣਾ ਖਾ ਲਿਆ ਅਤੇ ਆਰਾਮ ਨਾਲ ਅਪਣੇ ਪਲੰਘ ਉਤੇ ਜਾ ਕੇ ਸੌਂ ਗਿਆ। ਸੁੱਤਿਆਂ ਸੁੱਤਿਆਂ ਉਸ ਨੂੰ ਲੱਗਾ ਜਿਵੇਂ ਕੋਈ ਉਸ ਦੇ ਪੈਰ ਦਬਾ ਰਿਹਾ ਹੈ ਅਤੇ ਜਿਵੇਂ ਅੱਜ ਕਿਸੇ ਨੇ ਉਸ ਦੀ ਉਮਰ ਭਰ ਦੀ ਥਕਾਵਟ ਲਾਹ ਦਿਤੀ ਹੈ।

ਹੁਣ ਹਰ ਰੋਜ਼ ਜਦੋਂ ਉਹ ਭੇਡਾਂ ਚਰਾ ਕੇ ਘਰ ਪਰਤਦਾ ਤਾਂ ਗਰਮ ਗਰਮ ਖਾਣਾ ਮੇਜ਼ ਉਤੇ ਲੱਗਾ ਹੁੰਦਾ। ਸਾਫ਼-ਸੁਥਰੀ ਚਾਦਰ ਪਲੰਘ ਉਤੇ ਵਿਛੀ ਹੁੰਦੀ। ਫ਼ਰਸ਼ ਸਾਫ਼ ਕੀਤੇ ਹੋਏ ਅਤੇ ਚੀਜ਼ਾਂ ਥਾਂ ਟਿਕਾਣੇ ਸਿਰ ਰੱਖੀਆਂ ਹੋਈਆਂ ਮਿਲਦੀਆਂ। ਹੂ ਮਿਨ ਦੇ ਅੰਦਰ ਹੀ ਅੰਦਰ ਇਕ ਅਜੀਬ ਤਰ੍ਹਾਂ ਦੀ ਖ਼ੁਸ਼ੀ ਜਨਮ ਲੈ ਰਹੀ ਸੀ। ਇਕ ਦਿਨ ਹੂ ਮਿਨ ਨੇ ਸੋਚਿਆ ਕਿ ਉਹ ਭੇਡਾਂ ਚਾਰਨ ਨਹੀਂ ਜਾਵੇਗਾ ਸਗੋਂ ਅਪਣੇ ਘਰ ਦੇ ਬਾਹਰ ਹੀ ਛਿਪ ਕੇ ਵੇਖੇਗਾ ਕਿ ਇਹ ਸਾਰਾ ਕੰਮ ਹਰ ਰੋਜ਼ ਕੌਣ ਕਰ ਜਾਂਦਾ ਹੈ। ਉਹ ਸਵੇਰੇ ਸਵੇਰੇ ਘਰੋਂ ਬਾਹਰ ਆ ਕੇ ਦੀਵਾਰ ਨਾਲ ਲੱਗ ਕੇ ਖਲੋ ਗਿਆ ਤੇ ਅਪਣੇ ਘਰ ਵਿਚ ਝਾਂਕਣ ਲੱਗ ਪਿਆ। (ਚੱਲਦਾ) 

ਸੰਪਰਕ : 88604-087970​