ਤਸਵੀਰ 'ਚੋਂ ਨਿਕਲੀ ਪਰੀ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਥੋੜ੍ਹੇ ਹੀ ਚਿਰ ਮਗਰੋਂ ਉਸ ਨੇ ਵੇਖਿਆ ਕਿ ਉਹੀ ਤਸਵੀਰ ਵਾਲੀ ਪਰੀ ਸ਼ਹਿਜ਼ਾਦੀ ਤਸਵੀਰ ਵਿਚੋਂ ਨਿਕਲ ਕੇ ਰਸੋਈ ਵਿਚ ਗਈ..............

Angel Out of the picture

ਥੋੜ੍ਹੇ ਹੀ ਚਿਰ ਮਗਰੋਂ ਉਸ ਨੇ ਵੇਖਿਆ ਕਿ ਉਹੀ ਤਸਵੀਰ ਵਾਲੀ ਪਰੀ ਸ਼ਹਿਜ਼ਾਦੀ ਤਸਵੀਰ ਵਿਚੋਂ ਨਿਕਲ ਕੇ ਰਸੋਈ ਵਿਚ ਗਈ ਅਤੇ ਜਾ ਕੇ ਉਸ ਲਈ ਖਾਣਾ ਬਣਾਉਣ ਲੱਗ ਪਈ। ਹੂ ਮਿਨ ਦੌੜਿਆ ਦੌੜਿਆ ਅੰਦਰ ਗਿਆ ਅਤੇ ਅੰਦਰ ਜਾ ਕੇ ਉਸ ਨੇ ਤਸਵੀਰ ਵਾਲਾ ਕਪੜਾ ਲਪੇਟ ਕੇ ਬੰਦ ਕਰ ਦਿਤਾ। ਇਹ ਵੇਖ ਕੇ ਤਸਵੀਰ ਵਾਲੀ ਪਰੀ ਸ਼ਹਿਜ਼ਾਦੀ ਰੋਣ ਲੱਗ ਪਈ ਅਤੇ ਕਹਿਣ ਲੱਗੀ ਕਿ ਹੁਣ ਉਹ ਤਸਵੀਰ ਵਿਚ ਵਾਪਸ ਕਿਵੇਂ ਜਾਵੇਗੀ? ਹੂ ਮਿਨ ਨੇ ਉਸ ਨੂੰ ਪਿਆਰ ਕੀਤਾ, ਚੁੱਪ ਕਰਵਾਇਆ ਅਤੇ ਦਸਿਆ ਕਿ ਉਹ ਉਸ ਨੂੰ ਅਪਣੇ ਘਰ ਵਿਚ ਵੇਖ ਕੇ ਕਿੰਨਾ ਖ਼ੁਸ਼ ਹੋਇਆ ਸੀ। ਹੁਣ ਉਹ ਉਸ ਤੋਂ ਬਗ਼ੈਰ ਇਕ ਪਲ ਵੀ ਜ਼ਿੰਦਾ ਨਹੀਂ ਰਹਿ ਸਕਦਾ।

ਪਰੀ ਸਹਿਜ਼ਾਦੀ ਨੇ ਹੂ ਮਿਨ ਦਾ ਪਿਆਰ ਵੇਖ ਕੇ ਉਸ ਨਾਲ ਵਿਆਹ ਕਰ ਲਿਆ ਅਤੇ ਉਸ ਦੇ ਘਰ ਹੀ ਰਹਿਣ ਲੱਗ ਪਈ। ਕਈ ਸਾਲ ਬੀਤ ਗਏ। ਉਨ੍ਹਾਂ ਦੇ ਬਾਲ-ਬੱਚੇ ਵੱਡੇ ਹੋ ਗਏ। ਬੱਚਿਆਂ ਦੇ ਵਿਆਹ ਹੋ ਗਏ। ਅੱਗੋਂ ਉਨ੍ਹਾਂ ਵਲ ਵੀ ਧੀਆਂ ਪੁੱਤਰ ਹੋ ਗਏ। ਹੂ ਮਿਨ ਦਾ ਘਰ ਖ਼ੁਸ਼ੀਆਂ ਨਾਲ ਭਰ ਗਿਆ। ਇਕ ਦਿਨ ਜਦੋਂ ਹੂ ਮਿਨ ਭੇਡਾਂ ਚਰਾ ਕੇ ਘਰ ਪਰਤਿਆ ਤਾਂ ਉਸ ਨੇ ਵੇਖਿਆ ਕਿ ਉਹ ਪਰੀ ਸ਼ਹਿਜ਼ਾਦੀ ਬੜੀ ਉਦਾਸ ਹੋ ਕੇ ਵਿਹੜੇ ਵਿਚ ਬੈਠੀ ਉਸ ਦੀ ਉਡੀਕ ਕਰ ਰਹੀ ਸੀ। ਹੂ ਮਿਨ ਨੇ ਉਸ ਕੋਲੋਂ ਉਦਾਸੀ ਦਾ ਕਾਰਨ ਜਾਣਨਾ ਚਾਹਿਆ। ਪਰੀ ਸ਼ਹਿਜ਼ਾਦੀ ਨੇ ਕਿਹਾ ਕਿ ਉਹ ਤਸਵੀਰ ਵਾਲਾ ਕਪੜਾ ਵੇਖਣਾ ਚਾਹੁੰਦੀ ਹੈ।

ਹੂ ਮਿਨ ਅਪਣੇ ਕਮਰੇ ਵਿਚ ਗਿਆ ਅਤੇ ਇਕ ਪੁਰਾਣੇ ਜਿਹੇ ਟਰੰਕ ਵਿਚੋਂ ਉਹ ਕਪੜਾ ਕੱਢ ਕੇ ਲੈ ਆਇਆ ਜਿਸ ਉਤੇ ਪਰੀ ਸ਼ਹਿਜ਼ਾਦੀ ਦੀ ਤਸਵੀਰ ਬਣੀ ਹੋਈ ਸੀ। ਪਰੀ ਸ਼ਹਿਜ਼ਾਦੀ ਨੇ ਹੂ ਮਿਨ ਨੂੰ ਉਹ ਕਪੜਾ ਖੋਲ੍ਹਣ ਲਈ ਕਿਹਾ। ਹੂ ਮਿਨ ਨੂੰ ਕੁੱਝ ਪਤਾ ਨਹੀਂ ਸੀ ਲੱਗ ਰਿਹਾ ਕਿ ਪਰੀ ਸ਼ਹਿਜ਼ਾਦੀ ਇਹ ਸੱਭ ਕਿਉਂ ਕਹਿ ਰਹੀ ਸੀ। ਉਹ ਬਹੁਤ ਭੋਲਾ ਸੀ। ਉਸ ਨੇ ਉਹ ਕਪੜਾ ਖੋਲ੍ਹ ਦਿਤਾ।

ਕਪੜਾ ਖੁਲ੍ਹਦਿਆਂ ਹੀ ਪਰੀ ਸ਼ਹਿਜ਼ਾਦੀ ਹੂ ਮਿਨ ਨੂੰ ਕਹਿਣ ਲੱਗੀ, ''ਹੂ ਮਿਨ ਤੂੰ ਜ਼ਿੰਦਗੀ ਵਿਚ ਜੋ ਚਾਹਿਆ ਮੈਂ ਤੈਨੂੰ ਦਿਤਾ ਹੈ। ਹੁਣ ਤੇਰੇ ਘਰ ਪੁੱਤਰ ਹਨ, ਧੀਆਂ ਹਨ, ਨੂੰਹਾਂ ਹਨ, ਸੱਭ ਕੁੱਝ ਹੈ। ਤੇ ਹੁਣ ਮੈਂ ਅਪਣੇ ਦੇਸ਼ ਵਾਪਸ ਪਰਤਣਾ ਚਾਹੁੰਦੀ ਹਾਂ।''ਇਹ ਕਹਿ ਕੇ ਪਰੀ ਸ਼ਹਿਜ਼ਾਦੀ ਫਿਰ ਤਸਵੀਰ ਵਿਚ ਅਲੋਪ ਹੋ ਗਈ। ਹੂ ਮਿਨ ਹੈਰਾਨ ਸੀ ਕਿ ਇਹ ਸੱਭ ਕੁੱਝ ਪਲੋ ਪਲੀ ਕਿਵੇਂ ਤੇ ਕਿਉਂ ਹੋ ਗਿਆ ਸੀ। ਜਦੋਂ ਤਕ ਹੂ ਮਿਨ ਜਿਊਂਦਾ ਰਿਹਾ ਉਹ ਉਸ ਤਸਵੀਰ ਅੱਗੇ ਹਰ ਰੋਜ਼ ਦੁੱਧ-ਚਾਵਲ ਦਾ ਕਟੋਰ ਭਰ ਕੇ ਰੱਖਦਾ ਰਿਹਾ, ਪਰ ਉਹ ਪਰੀ ਸ਼ਹਿਜ਼ਾਦੀ ਮੁੜ ਕੇ ਕਦੇ ਉਹਦੇ ਘਰ ਨਾ ਆਈ। (ਚੱਲਦਾ) 

ਸੰਪਰਕ : 88604-087970