ਤਸਵੀਰ 'ਚੋਂ ਨਿਕਲੀ ਪਰੀ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕਹਿੰਦੇ ਹਨ ਚੀਨ ਦੇ ਕਿਸੇ ਪਿੰਡ ਵਿਚ ਇਕ ਗ਼ਰੀਬ ਚਰਵਾਹਾ ਰਹਿੰਦਾ ਸੀ

Angel Out of the picture

ਕਹਿੰਦੇ ਹਨ ਚੀਨ ਦੇ ਕਿਸੇ ਪਿੰਡ ਵਿਚ ਇਕ ਗ਼ਰੀਬ ਚਰਵਾਹਾ ਰਹਿੰਦਾ ਸੀ। ਉਸ ਦਾ ਨਾਂ ਹੂ ਮਿਨ ਸੀ। ਉਹ ਹਰ ਰੋਜ਼ ਅਪਣੀਆਂ ਭੇਡ-ਬਕਰੀਆਂ ਨੂੰ ਪਹਾੜ ਦੀਆਂ ਢਲਾਣਾਂ ਉਤੇ ਚਰਾਉਣ ਲਈ ਲੈ ਜਾਂਦਾ ਅਤੇ ਸੂਰਜ ਢਲੇ ਘਰ ਪਰਤ ਆਉਂਦਾ। ਉਹ ਬਿਲਕੁਲ ਇਕੱਲਾ ਸੀ। ਸਿਆਲ ਦੀ ਰੁੱਤੇ ਜਦੋਂ ਉਹ ਚੁੱਲ੍ਹੇ ਵਿਚ ਅੱਗ ਬਾਲ ਕੇ ਸੇਕਣ ਲਈ ਬੈਠਦਾ ਤਾਂ ਕਈ ਵਾਰ ਸੋਚਦਾ, ਕਿੰਨਾ ਚੰਗਾ ਹੁੰਦਾ ਕਿ ਉਸ ਦੀ ਵੀ ਪਤਨੀ ਹੁੰਦੀ, ਬਾਲ-ਬੱਚੇ ਹੁੰਦੇ, ਉਸ ਦੇ ਘਰ ਵਿਚ ਰੌਣਕ ਹੁੰਦੀ ਅਤੇ ਉਹ ਵੀ ਹੋਰ ਲੋਕਾਂ ਵਾਂਗ ਘਰ ਗ੍ਰਹਿਸਤੀ ਵਸਾ ਕੇ ਖ਼ੁਸ਼ੀ ਦੀ ਜ਼ਿੰਦਗੀ ਬਤੀਤ ਕਰ ਸਕਦਾ।

ਕਈ ਵਾਰ ਉਹ ਘਰ ਦੇ ਰਾਸ਼ਨ-ਪਾਣੀ ਅਤੇ ਹੋਰ ਜ਼ਰੂਰੀ ਚੀਜ਼ਾਂ ਵਾਸਤੇ ਆਸਪਾਸ ਦੇ ਪਿੰਡਾਂ ਵਿਚ ਜਾਂਦਾ ਅਤੇ ਲੋੜ ਦੀਆਂ ਵਸਤਾਂ ਖ਼ਰੀਦ ਕੇ ਫਿਰ ਅਪਣੇ ਪਿੰਡ ਪਰਤ ਆਉਂਦਾ। ਇਕ ਵਾਰੀ ਕਿਸੇ ਨਾਲ ਦੇ ਪਿੰਡ ਵਿਚ ਮੇਲਾ ਲੱਗਾ। ਦੂਰੋਂ ਦੂਰੋਂ ਲੋਕ ਚੀਜ਼ਾਂ ਵੇਚਣ ਅਤੇ ਖ਼ਰੀਦਣ ਲਈ ਉਥੇ ਆਏ। ਹੂ ਮਿਨ ਵੀ ਉਹ ਮੇਲਾ ਵੇਖਣ ਗਿਆ। ਉਸ ਨੇ ਇਕ ਦੁਕਾਨ ਵਿਚ ਕਪੜੇ ਉੱਤੇ ਬਣੀ ਹੋਈ ਤਸਵੀਰ ਵੇਖੀ। ਤਸਵੀਰ ਕਿਸੇ ਪਰੀਆਂ ਵਰਗੀ ਸ਼ਹਿਜ਼ਾਦੀ ਦੀ ਸੀ। ਏਨੀ ਸੁੰਦਰ ਕਿ ਹੂ ਮਿਨ ਨੇ ਕਦੇ ਸੁਪਨੇ ਵਿਚ ਵੀ ਅਜਿਹੀ ਸੁੰਦਰ ਸ਼ਹਿਜ਼ਾਦੀ ਨੂੰ ਨਹੀਂ ਸੀ ਵੇਖਿਆ।

ਉਸ ਨੂੰ ਉਹ ਤਸਵੀਰ ਬਹੁਤ ਚੰਗੀ ਲੱਗੀ। ਏਨੀ ਚੰਗੀ ਕਿ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਹ ਇਕ ਪਲ ਵੀ ਉਸ ਤਸਵੀਰ ਤੋਂ ਬਗ਼ੈਰ ਨਹੀਂ ਰਹਿ ਸਕੇਗਾ। ਉਸ ਨੇ ਦੁਕਾਨਦਾਰ ਕੋਲੋਂ ਉਸ ਤਸਵੀਰ ਦਾ ਮੁੱਲ ਪੁਛਿਆ ਅਤੇ ਵਰ੍ਹਿਆਂ ਦੇ ਜੋੜੇ ਹੋਏ ਪੈਸੇ ਦੇ ਕੇ ਉਹ ਤਸਵੀਰ ਖ਼ਰੀਦ ਲਈ। ਹੂ ਮਿਨ ਨੇ ਉਹ ਤਸਵੀਰ ਲਿਆ ਕੇ ਅਪਣੇ ਸੌਣ ਵਾਲੇ ਕਮਰੇ ਵਿਚ ਟੰਗ ਦਿਤੀ। ਹਰ ਰੋਜ਼ ਸਵੇਰੇ ਜਦੋਂ ਹੂ ਮਿਨ ਉਠਦਾ ਤਾਂ ਸੱਭ ਤੋਂ ਪਹਿਲਾਂ ਉਹ ਉਸ ਤਸਵੀਰ ਨੂੰ ਵੇਖਦਾ। ਰਾਤ ਸੌਣ ਲਗਦਾ ਤਾਂ ਉਹ ਫਿਰ ਤਸਵੀਰ ਨੂੰ ਵੇਖਦਾ।  (ਚੱਲਦਾ) 

ਸੰਪਰਕ : 88604-087970