literature : ਸਾਹਿਤ ਤੇ ਧਰਮ ਦੇ ਖੇਤਰ ਵਿਚ ਉਘਾ ਨਾਂ ਪ੍ਰਿੰ: ਬਲਵੀਰ ਸਿੰਘ ਸਨੇਹੀ
ਬਲਵੀਰ ਸਿੰਘ ‘ਸਨੇਹੀ’ ਨੇ ਸਰਕਾਰੀ ਸਕੂਲ ਨਥੇਹਾ ਤੋਂ 1980 ਵਿਚ ਦਸਵੀਂ ਜਮਾਤ ਫ਼ਸਟ ਡਵੀਜ਼ਨ ਵਿਚ ਪਾਸ ਕੀਤੀ
Balveer Singh Snehi literature : ਸਾਹਿਤ ਦੇ ਖੇਤਰ ਵਿਚ ਬਹੁਤ ਸਾਰੀਆਂ ਰੂਹਾਂ ਉੱਤਰੀਆਂ ਹਨ। ਕਈ ਸ਼ਖ਼ਸੀਅਤਾਂ ਨੂੰ ਸਮੇਂ ਦੇ ਗੇੜ ਨੇ ਕਲਮ ਚੁਕਾਈ, ਕਈ ਸਮਾਜਕ ਲਹਿਰਾਂ ਦੀ ਪੈਦਾਇਸ਼ ਹਨ, ਕਈ ਸੁਸਾਇਟੀਆਂ ਦੀਆਂ ਮਹਿਫ਼ਲਾਂ ਵਿਚੋਂ ਇਸ ਖੇਤਰ ਵਿਚ ਆਏ, ਕਈਆਂ ਨੂੰ ਕਿਸੇ ਚੋਟ ਨੇ ਜਨਮ ਦਿਤਾ ਅਤੇ ਕਈਆਂ ਨੂੰ ਵਿਰਸੇ ਵਿਚੋਂ ਹੀ ਮਿਲੀ ਕਲਮ ਦੀ ਦਾਤ। ਵਿਰਸੇ ਵਿਚੋਂ ਮਿਲੀ ਕੋਈ ਦਾਤ ਸੋਨੇ ’ਤੇ ਸੁਹਾਗਾ ਹੁੰਦੀ ਹੈ ਜੋ ਟਾਵੇਂ-ਟਾਵੇਂ ਮਨੁੱਖ ਦੇ ਹਿੱਸੇ ਆਉਂਦੀ ਹੈ। ਇਸ ਲੜੀ ਵਿਚ ਸਾਹਿਤਕ ਖੇਤਰ ਵਿਚ ਇਕ ਨਾਂ ਚਮਕਦਾ ਹੈ ਜਿਸ ਨੂੰ ਵਿਰਸੇ ਵਿਚੋਂ ਕਲਮ ਦੀ ਦਾਤ ਮਿਲੀ ਹੈ, ਉਹ ਹਨ ਪ੍ਰਿੰ: ਬਲਵੀਰ ਸਿੰਘ ‘ਸਨੇਹੀ’।
ਬਲਵੀਰ ਸਿੰਘ ‘ਸਨੇਹੀ’ ਦਾ ਜਨਮ ਮਿਤੀ 1 ਫ਼ਰਵਰੀ, 1962 ਨੂੰ ਮਾਤਾ ਗੁਰਦੇਵ ਕੌਰ ਦੇ ਪੇਟੋਂ, ਪਿਤਾ ਬਚਨ ਸਿੰਘ ਦੇ ਘਰ, ਇਤਿਹਾਸਕ ਨਗਰ ਫੂਲ ਟਾਊਨ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਜੀ ਆਯੁਰਵੈਦਿਕ ਵਿਭਾਗ ਵਿਚ ਪਿੰਡ ਨਥੇਹਾ ਵਿਖੇ ਨੌਕਰੀ ਕਰਦੇ ਸਨ। ਇਸ ਕਰ ਕੇ 20-8-1970 ਨੂੰ ਉਨ੍ਹਾਂ ਪਿੰਡ ਨਥੇਹਾ ਹੀ ਅਪਣੀ ਰਿਹਾਇਸ਼ ਕਰ ਲਈ। ਅਜਕਲ ਉਹ ਪਿੰਡ ਨਥੇਹਾ, ਜ਼ਿਲ੍ਹਾ ਬਠਿੰਡਾ ਹੀ ਰਹਿ ਰਹੇ ਹਨ। ‘ਸਨੇਹੀ’ ਮਾਪਿਆਂ ਦੀ ਇਕੋ-ਇਕ ਔਲਾਦ ਹੈ। ‘ਸਨੇਹੀ’ ਦਾ ਵਿਆਹ ਨਵੰਬਰ, 1985 ਵਿਚ ਸ੍ਰੀਮਤੀ ਕਰਮਜੀਤ ਕੌਰ ਨਾਲ ਹੋਇਆ। ਇਸ ਜੋੜੇ ਦੇ ਘਰ ਚਾਰ ਬੱਚੇ ਪੈਦਾ ਹੋਏ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ ਬੇਟੇ ਸੁਖਵੰਤ ਸਿੰਘ ‘ਸਨੇਹੀ’ ਤੇ ਖ਼ੁਸ਼ਵੰਤ ਸਿੰਘ ‘ਸਨੇਹੀ’, ਬੇਟੀਆਂ ਜਗਵਿੰਦਰ ਕੌਰ, ਪਰਵਿੰਦਰ ਕੌਰ ਹਨ।
ਬਲਵੀਰ ਸਿੰਘ ‘ਸਨੇਹੀ’ ਨੇ ਸਰਕਾਰੀ ਸਕੂਲ ਨਥੇਹਾ ਤੋਂ 1980 ਵਿਚ ਦਸਵੀਂ ਜਮਾਤ ਫ਼ਸਟ ਡਵੀਜ਼ਨ ਵਿਚ ਪਾਸ ਕੀਤੀ। ਸੰਨ 1982-83 ਵਿਚ ਆਈ. ਟੀ. ਆਈ ਸਟੈਨੋਗਰਾਫ਼ੀ ਪੰਜਾਬੀ, ਬਠਿੰਡਾ ਤੋਂ ਤੇ ਸੰਨ 1989 ਵਿਚ ਗਿਆਨੀ ਕੀਤੀ ਅਤੇ ਐਮ.ਏ. ਪੰਜਾਬੀ, ਹਿਸਟਰੀ ਅਤੇ ਪੁਲਿਟੀਕਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਤੇ ਉਨ੍ਹਾਂ ਅਧਿਆਪਕ ਵਰਗੇ ਕਿਤੇ ਨੂੰ ਚੁਣ ਕੇ ਹਜ਼ਾਰਾਂ ਬੱਚਿਆਂ ਨੂੰ ਸਿਖਿਆ ਦਿਤੀ। ‘ਸਨੇਹੀ’ ਨੇ ਛੇਵੀਂ ਜਮਾਤ ਵਿਚ ਪੜ੍ਹਦਿਆਂ ਹੀ ਸੰਤ ਬਾਬਾ ਭਗਤ ਸਿੰਘ ਪਾਸੋਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬਾਣੀ ਦੀ ਸਿਖਿਆ ਲਈ। ਗੁਰਦੁਆਰਾ ਬੁੰਗਾ ਮਸਤੂਆਣਾ ਸਾਹਿਬ, ਤਲਵੰਡੀ ਸਾਬੋ ਵਿਖੇ, ਭਾਈ ਰਾਗੀ ਰਜਿੰਦਰ ਸਿੰਘ ਤੋਂ ਕੀਰਤਨ ਸਿੱਖਣ ਦੀ ਦਾਤ ਪ੍ਰਾਪਤ ਕੀਤੀ।
ਪ੍ਰਿੰਸੀਪਲ ਬਲਵੀਰ ਸਿੰਘ ‘ਸਨੇਹੀ’ ਇਕ ਵੱਡੀ ਸੰਸਥਾ ਦਾ ਨਾਂ ਹੈ। ਉਹ ਇਕੋ ਵੇਲੇ ਕਥਾ ਵਾਚਕ, ਸਾਹਿਤਕਾਰ, ਸਮਾਜ ਸੇਵਕ, ਸਟੇਜ ਸੰਚਾਲਕ, ਬੁਲਾਰਾ ਕਈ ਕਲਾਵਾਂ ਦਾ ਸੁਮੇਲ ਹੈ। ਉਨ੍ਹਾਂ ਦੇ ਪਿਤਾ ਬਚਨ ਸਿੰਘ ਪੰਜਾਬੀ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ। ਇਸ ਕਰ ਕੇ ਉਨ੍ਹਾਂ ਦਾ ਪ੍ਰਭਾਵ ‘ਸਨੇਹੀ’ ਤੇ ਪੈਣਾ ਸੁਭਾਵਕ ਸੀ ਜਿਸ ਕਰ ਕੇ ਉਨ੍ਹਾਂ ਨੂੰ ਬਚਪਨ ਵਿਚ ਹੀ ਸਾਹਿਤ ਦੀ ਚੇਟਕ ਲੱਗ ਗਈ ਸੀ। ਪੰਜਵੀਂ ਜਮਾਤ ਵਿਚ ਪੜ੍ਹਦਿਆਂ ਹਰ ਸਨਿਚਰਵਾਰ ਨੂੰ ਬਾਲ-ਸਭਾ ਵਿਚ ਹਾਜ਼ਰੀ ਭਰਦਾ ਰਹਿੰਦਾ। ਅਪਣੇ ਪਿਤਾ ਦੀਆਂ ਲਿਖੀਆਂ ਕਵਿਤਾਵਾਂ ਬੋਲਣ ਦਾ ਮੌਕਾ ਮਿਲਦਾ ਰਹਿੰਦਾ।
ਸਕੂਲ ਵਿਚ ਪੜ੍ਹਦਿਆਂ ਮਾ: ਮੱਘਰ ਸਿੰਘ ਦੀ ਹੱਲਾਸ਼ੇਰੀ ਨੇ ਵੀ ਉਨ੍ਹਾਂ ਨੂੰ ਹੌਂਸਲਾ ਦਿਤਾ। ਪੜ੍ਹਨ ਦਾ ਸ਼ੌਕ ਇਨਸਾਨ ਨੂੰ ਕਿਤਾਬੀ ਕੀੜਾ ਬਣਾ ਦਿੰਦਾ ਹੈ। ‘ਸਨੇਹੀ’ ਕੋਲ ਜਦ ਦੁਆਨੀ-ਚੁਆਨੀ ਆ ਜਾਂਦੀ ਤਾਂ ਉਹ ਬਾਬਾ ਭੂਰਾ ਸਿੰਘ ਪਰਜਾਪਤ ਦੀ ਦੁਕਾਨ ਤੋਂ ਗੀਤਾਂ ਵਾਲੇ ਚਿੱਠੇ ਖ਼ਰੀਦਦਾ ਤੇ ਘਰ ਲਿਆ ਕੇ, ਮਿੱਟੀ ਦੇ ਤੇਲ ਦੇ ਦੀਵੇ ਦੀ ਰੋਸ਼ਨੀ ਵਿਚ ਪੜ੍ਹਦਾ, ਬਿਜਲੀ ਉਦੋਂ ਆਈ ਨਹੀਂ ਸੀ। ਜਦ ‘ਸਨੇਹੀ’ ਨੇ ਪਹਿਲੇ ਸਨਿਚਰਵਾਰ ਦੀ ਬਾਲ-ਸਭਾ ਵਿਚ ਅਪਣਾ ਲਿਖਿਆ ਗੀਤ ਗਾਇਆ ਤਾਂ ਇਨਾਮ ਵਿਚ ਪੀਲੇ ਰੰਗ ਦੀ ਨਹਾਉਣ ਵਾਲੀ ਸਾਬਣ, ਦੋ ਕਾਪੀਆਂ, ਇਕ ਪੈੱਨ ਇਨਾਮ ਵਿਚ ਮਿਲਿਆ। ਇਥੋਂ ਹੀ ਸ਼ੁਰੂ ਹੋਇਆ ਇਨ੍ਹਾਂ ਦਾ ਸਾਹਿਤਕ ਸਫ਼ਰ।
ਪ੍ਰਿੰ: ਬਲਵੀਰ ਸਿੰਘ ‘ਸਨੇਹੀ’ ਨੇ ਦਸਵੀਂ ਜਮਾਤ ਪਾਸ ਕਰਨ ਤੋਂ ਪਹਿਲਾ ਦਾਜ-ਦਹੇਜ ਬਾਰੇ ਇਕ ਨਾਵਲ (ਉਚੀਆਂ ਲਾਟਾਂ) ਲਿਖ ਦਿਤਾ ਸੀ।
ਕਾਲਜ ਪੜ੍ਹਦੇ ਸਮੇਂ ‘ਸਨੇਹੀ’ ਦੇ ਲਿਖੇ ਗੀਤ ਦਰਸ਼ਨ ਜੋਗਾ ਤੇ ਹੋਰ ਸਾਥੀ ਗਾਉਂਦੇ ਰਹਿੰਦੇ ਸਨ। ਉਨ੍ਹਾਂ ਨੇੇ ਕਦੇ ਲੱਚਰ ਜਾ ਅਸਭਿਆ ਰਚਨਾ ਨਹੀਂ ਲਿਖੀ। ‘ਸਨੇਹੀ’ ਨੂੰ ਛੋਟੀ ਉਮਰੇ ਗਿਆਨੀ ਸੰਤ ਸਿੰਘ ਮਸਕੀਨ, ਭਾਈ ਜਸਵੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਸੰਗਤ ਕਰਨੀ ਵੀ ਨਸੀਬ ਹੋਈ ਅਤੇ ਉਨ੍ਹਾਂ ਨੇ ਚਾਨਣ ਗੋਬਿੰਦਪੁਰੀ, ਉਲਫਤ ਬਾਜਵਾ, ਮਾ: ਗੁਰਮੀਤ ਚਮਕ, ਡੀ. ਆਰ ਧਵਨ, ਗੁਰਦਿਆਲ ਰੋਸ਼ਨ, ਜਨਾਬ ਜਨਕ ਰਾਜ ਜਨਕ ਵਰਗੀਆਂ ਸ਼ਖ਼ਸੀਅਤਾਂ ਦਾ ਪ੍ਰਭਾਵ ਵੀ ਕਬੂਲਿਆ ਅਤੇ ਉਸਤਾਦ ਜਨਾਬ ਦੀਪਕ ਸਾਹਿਬ ਨੂੰ 1981 ਵਿਚ ਧਾਰਿਆ। ਕਰਮਜੀਤ ਪੁਰੀ ਭਗਤਾ ਭਾਈਕਾ, ਸੰਦੀਪਦੀਪ, ਗੁਰਵਿੰਦਰ ਖ਼ੁਸ਼ੀਪੁਰ ਵਰਗੀਆਂ ਸ਼ਖ਼ਸੀਅਤਾਂ ਉਨ੍ਹਾਂ ਦੇ ਸਾਗਿਰਦ ਹਨ। ਸਾਬਕਾ ਡੀ. ਆਈ. ਜੀ ਹਰਿੰਦਰ ਸਿੰਘ ਚਾਹਲ ਨੂੰ ਉਹ ਅਪਣਾ ਆਦਰਸ਼ ਮੰਨਦੇ ਹਨ ਜਿਨ੍ਹਾਂ ਨੇ ਸਮੇਂ-ਸਮੇਂ ’ਤੇ ਉਨ੍ਹਾਂ ਦੀ ਹਰ ਮੋੜ ਤੇ ਅਗਵਾਈ ਕੀਤੀ।
ਪ੍ਰਿੰ: ਬਲਵੀਰ ਸਿੰਘ ‘ਸਨੇਹੀ’ ਦੀਆਂ ਪੁਸਤਕਾਂ: ‘ਸੰਗਤ ਸਾਹਿਬ’ ਉਦਾਸੀ ਮਤ ਦੇ ਮਹਾਂਪੁਰਸ਼ ਭਾਈ ਫੇਰੂ ਜੀ ਬਾਰੇ, ‘ਵਿਰਲਾਪ’ (ਗ਼ਜ਼ਲ ਸੰਗ੍ਰਹਿ), ‘ਉੱਚੀਆਂ ਲਾਟਾਂ’ (ਨਾਵਲ) ਤੇ ਸੰਪਾਦਨਾ:-‘ਪੰਜਾਬ ਰੋਇਆ’ ਆਦਿ’। ਸਾਹਿਤਕ ਸਮੁੰਦਰ ਵਿਚ ਤਾਰੀਆਂ ਲਾਉਣ ਵਾਲੇ ‘ਸਨੇਹੀ’ ਦੀਆਂ ਗ਼ਜ਼ਲਾਂ ਪਿੰਗਲ ਅਤੇ ਅਰੂਜ ਮੁਤਾਬਕ ਵਜ਼ਨ ਬਹਿਰ ਦੇ ਪੱਖੋਂ ਵੀ ਸਾਹਿਤਕ ਕਸਵੱਟੀ ਤੇ ਖਰਾ ਉਤਰਦੀਆਂ ਹਨ। ਕੱੁਝ ਬਲਵੀਰ ਸਿੰਘ ‘ਸਨੇਹੀ’ ਦੀਆਂ ਗ਼ਜ਼ਲਾਂ ਦੇ ਸ਼ੇਅਰ ਇਸ ਪ੍ਰਕਾਰ ਹਨ।
ਘੁੱਗ ਵਸਦਾ ਪੰਜਾਬ, ਸੱਖਣਾ ਹੋਇਆ ਦਿਸਦਾ ਹੈ,
ਜਾਪ ਰਿਹਾ ਸ਼ਮਸ਼ਾਨ ਦੋਸਤੋ, ਸਾਰੇ ਕਹਿੰਦੇ ਨੇ।
ਅੱਗ ਨਾਲ ਤਾਂ ਅੱਗ ਬੁਝਾਈ ਜਾਂਦੀ ਨਈ ਯਾਰੋਂ,
ਰਿਸ਼ੀ, ਮੁਨੀ, ਵਿਦਵਾਨ ਦੋਸਤੋ ਸਾਰੇ ਕਹਿੰਦੇ ਨੇ।
ਬਲਵੀਰ ਸਿੰਘ ‘ਸਨੇਹੀ’ ਨੂੰ ਮਿਲੇ ਮਾਣ-ਸਨਮਾਨ, ਇਨਾਮ ਇਸ ਪ੍ਰਕਾਰ ਹਨ। ਉਨ੍ਹਾਂ ਨੂੰ ਸਤੰਬਰ 2003 ਵਿਚ ਬਾਬਾ ਫ਼ਰੀਦ ਲੋਕ ਸੇਵਾ ਇੰਟਰਨੈਸ਼ਨਲ ਸਾਈਟੇਸ਼ਨ ਦੁਸ਼ਾਲਾ ਅਤੇ 10 ਹਜ਼ਾਰ ਰੁਪਏ ਸਨਮਾਨ ਦਿਤਾ ਗਿਆ। ਸ਼ੇਰੇ ਪੰਜਾਬ ਇੰਟਰਨੈਸ਼ਨਲ ਐਵਾਰਡ, ਅਹਿਮਦਰਜ਼ਾ ਸ਼ਾਹ ਇੰਟਰਨੈਸ਼ਨ ਐਵਾਰਡ, ਭਾਈ ਕਾਨ੍ਹ ਸਿੰਘ ਨਾਭਾ ਸ਼੍ਰੋਮਣੀ ਐਵਾਰਡ ਅਤੇ ਹੋਰ ਅਨੇਕਾਂ ਸੰਸਥਾਵਾਂ, ਸਾਹਿਤ ਸਭਾਵਾਂ ਅਤੇ ਕਲੱਬਾਂ ਵਲੋਂ ਸਨਮਾਨ ਝੋਲੀ ਪੈ ਚੁੱਕੇ ਹਨ। ਬਲਵੀਰ ਸਿੰਘ ‘ਸਨੇਹੀ’ ਗੁਰੂ ਕਾਸ਼ੀ ਸਾਹਿਤ ਅਕਾਦਮੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ (ਬਠਿੰਡਾ) ਦੇ ਚੇਅਰਮੈਨ ਦੇ ਅਹੁਦੇ ਤੇ ਬਿਰਾਜਮਾਨ ਹਨ। ਅਸੀਂ ਕਾਮਨਾ ਕਰਦੇ ਹਾਂ ਕਿ ਮਾਂ-ਬੋਲੀ ਦਾ ਇਹ ਲਾਲ ਸਾਹਿਤਕ ਤੇ ਧਾਰਮਕ ਖੇਤਰਾਂ ਵਿਚ ਹੋਰ ਲੰਬੀਆਂ ਪੁਲਾਘਾਂ ਭਰੇ ਤੇ ਪੂਰੇ 100 ਸਾਲ ਦੀ ਉਮਰ ਤਕ ਚਾਨਣ ਵੰਡਦਾ ਰਹੇ।
-ਦਰਸ਼ਨ ਸਿੰਘ ਪ੍ਰੀਤੀਮਾਨ, ਪਿੰਡ ਤੇ ਡਾਕ ਘਰ ਰਾਮਪੁਰਾ
ਤਹਿਸੀਲ ਰਾਮਪੁਰਾ ਫੂਲ। 97792-97682