ਸਹਿਬਾਂ ਕਿਹੜੀ ਪਦਮਨੀ, ਉਹ ਵੀ ਰੰਨਾਂ ਵਰਗੀ ਰੰਨ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਮੇਵਾੜ ਦੀ ਰਾਜਧਾਨੀ ਚਿਤੌੜ ਸੀ ਅਤੇ ਉਥੋਂ ਦਾ ਰਾਜਾ ਰਤਨ ਸਿੰਘ ਸੀ........

SAHIBA

ਮੇਵਾੜ ਦੀ ਰਾਜਧਾਨੀ ਚਿਤੌੜ ਸੀ ਅਤੇ ਉਥੋਂ ਦਾ ਰਾਜਾ ਰਤਨ ਸਿੰਘ ਸੀ। ਕਿਹਾ ਜਾਂਦਾ ਹੈ ਕਿ ਰਾਜੇ ਰਤਨ ਸਿੰਘ ਦੀ ਪਤਨੀ ਰਾਣੀ ਪਦਮਨੀ ਬਹੁਤ ਸੁੰਦਰ ਇਸਤਰੀ ਸੀ ਅਤੇ ਇਸ (ਰਾਣੀ ਪਦਮਨੀ) ਦੀ ਖ਼ੂਬਸੂਰਤੀ ਬਾਰੇ ਅਲਾਉਦੀਨ ਨੇ ਸੁਣ ਰਖਿਆ ਸੀ ਅਤੇ ਸੁਲਤਾਨ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਪ੍ਰਚੱਲਤ ਗਾਥਾ ਅਨੁਸਾਰ ਸੁਲਤਾਨ ਅਲਾਉੱਦੀਨ ਨੇ ਕਿਲ੍ਹੇ ਵਿਚ ਇਕ ਸ਼ੀਸ਼ੇ ਰਾਹੀਂ ਰਾਣੀ ਪਦਮਨੀ ਦੇ ਦੀਦਾਰ ਕੀਤੇ। ਜਦ ਅਲਾਉਦੀਨ ਵਾਪਸ ਅਪਣੇ ਫ਼ੌਜੀ ਕੈਂਪ ਜਾਣ ਲਗਿਆ ਤਾਂ ਰਾਜਾ ਰਤਨ ਸਿੰਘ ਉਸ ਨੂੰ ਕਿਲ੍ਹੇ ਦੇ ਬਾਹਰਲੇ ਦਰਵਾਜ਼ੇ ਤਕ, ਉਸ ਦੇ ਮਾਣ ਵਿਚ, ਛੱਡਣ ਆਇਆ ਤਾਂ ਸੁਲਤਾਨ ਨੇ ਥੋਖੇ ਨਾਲ ਉਸ ਨੂੰ ਕੈਦ ਕਰ ਲਿਆ।

ਹੁਣ ਰਾਣੀ ਨੂੰ ਸੁਲਤਾਨ ਨੇ ਸੁਨੇਹਾ ਘਲਿਆ ਕਿ ਜੇ ਉਹ (ਰਾਣੀ ਪਦਮਨੀ) ਉਸ ਦੇ ਹਰਮ (ਜਿਥੇ ਸੁਲਤਾਨ ਦੀਆਂ ਰਾਣੀਆਂ ਰਹਿੰਦੀਆਂ ਹਨ) ਦਾ ਸ਼ਿੰਗਾਰ ਬਣਨਾ ਸਵੀਕਾਰ ਕਰ ਲਵੇ ਤਾਂ ਉਸ ਦੇ ਪਤੀ ਨੂੰ ਛੱਡ ਦਿਤਾ ਜਾਵੇਗਾ। ਰਾਣੀ ਨੂੰ ਇਸ ਧੋਖਾਧੜੀ 'ਤੇ ਬਹੁਤ ਗੁੱਸਾ ਆਇਆ ਪਰ ਉਸ ਨੇ ਸੰਜਮ ਤੋਂ ਕੰਮ ਲੈਂਦਿਆਂ ਇਕ ਚਾਲ ਚਲੀ। ਉਸ ਨੇ ਸੁਲਤਾਨ ਨੂੰ ਇਹ ਸੁਨੇਹਾ ਭੇਜ ਦਿਤਾ ਕਿ ਉਹ ਅਪਣੀਆਂ ਦਾਸੀਆਂ ਸਮੇਤ ਸ਼ਾਮ ਨੂੰ ਕੈਂਪ ਵਿਚ ਆ ਰਹੀ ਹੈ। ਦੂਜੇ ਪਾਸੇ ਰਾਣੀ ਗੁਪਤ ਰੂਪ ਨਾਲ 700 ਚੋਟੀ ਦੇ ਰਾਜਪੂਤ ਸੈਨਿਕਾਂ ਨੂੰ ਔਰਤਾਂ ਵਾਲੇ ਕਪੜੇ ਪੁਆ ਕੇ ਅਤੇ ਸ਼ਸਤਰਧਾਰੀ ਕਰ ਕੇ ਸ਼ਾਮ ਦੇ ਸਮੇਂ ਸੁਲਤਾਨ ਦੇ ਕੈਂਪ ਵਿਚ ਚਲੀ ਗਈ।

ਜਿਉਂ ਹੀ ਰਾਣੀ ਅਤੇ ਰਾਜਪੂਤ ਸੈਨਿਕ ਜਿਨ੍ਹਾਂ ਨੇ ਔਰਤਾਂ ਵਾਲੇ ਕਪੜੇ ਪਾਏ ਹੋਏ ਸਨ, ਸੁਲਤਾਨ ਦੇ ਕੈਂਪ ਵਿਚ ਪਹੁੰਚੇ ਤਾਂ ਉਨ੍ਹਾਂ ਮੁਸਲਮਾਨ ਸੈਨਿਕਾਂ ਉਤੇ ਹੱਲਾ ਬੋਲ ਦਿਤਾ। ਸੁਲਤਾਨ ਦੇ ਸੈਨਿਕਾਂ ਦਾ ਬਹੁਤ ਭਾਰੀ ਜਾਨੀ ਨੁਕਸਾਨ ਹੋਇਆ। ਰਾਜਾ ਰਤਨ ਸਿੰਘ ਨੂੰ ਸੁਲਤਾਨ ਦੇ ਚੁੰਗਲ ਵਿਚੋਂ ਛੁਡਾ ਲਿਆਂਦਾ ਗਿਆ। ਇਸ ਘਟਨਾ ਤੋਂ ਸੁਲਤਾਨ ਬਹੁਤ ਕ੍ਰੋਧਿਤ ਹੋਇਆ। ਉਸ ਨੇ ਚਿਤੌੜ ਦੇ ਕਿਲ੍ਹੇ 'ਤੇ ਧਾਵਾ ਬੋਲ ਦਿਤਾ। ਰਾਜਪੂਤ ਪੰਜ ਮਹੀਨੇ ਬਹੁਤ ਬਹਾਦਰੀ ਨਾਲ ਲੜੇ। ਅਖ਼ੀਰ ਸੁਲਤਾਨ ਦੀ ਲੱਖਾਂ ਸੈਨਿਕਾਂ ਦੀ ਗਿਣਤੀ ਅਤੇ ਬੇਸ਼ੁਮਾਰ ਲੜਾਈ ਦੇ ਸਾਧਨਾਂ ਦੇ ਸਾਹਮਣੇ ਰਾਜਪੂਤ ਬੇਵੱਸ ਹੋ ਗਏ। (ਚਲਦਾ)

ਚਰਨਜੀਤ ਸਿੰਘ ਪੁੰਨੀ, ਪਿੰਡ ਤੇ ਡਾਕ: ਚੈਨਾ, ਤਹਿ. ਜੈਤੋ, ਫ਼ਰੀਦਕੋਟ।