ਸਹਿਬਾਂ ਕਿਹੜੀ ਪਦਮਨੀ, ਉਹ ਵੀ ਰੰਨਾਂ ਵਰਗੀ ਰੰਨ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਉਧਰ ਰਾਣੀ ਪਦਮਨੀ ਅਤੇ ਉਸ ਦੀਆਂ ਹੋਰ ਸਾਥਣਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਰਾਜਪੂਤਾਂ ਦੀ ਹਾਰ ਨਿਸ਼ਚਿਤ ਹੈ.........

SAHIBA

ਉਧਰ ਰਾਣੀ ਪਦਮਨੀ ਅਤੇ ਉਸ ਦੀਆਂ ਹੋਰ ਸਾਥਣਾਂ ਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਰਾਜਪੂਤਾਂ ਦੀ ਹਾਰ ਨਿਸ਼ਚਿਤ ਹੈ ਅਤੇ ਕਿਲ੍ਹੇ 'ਤੇ ਅਲਾਉਦੀਨ ਦਾ ਕਬਜ਼ਾ ਹੋਣ ਵਾਲਾ ਹੈ ਤਾਂ ਉਨ੍ਹਾਂ ਨੇ ਇਕ ਸਮੂਹਕ ਚਿਖ਼ਾ ਚਿਣੀ ਅਤੇ ਅਪਣੇ-ਆਪ ਨੂੰ ਜੌਹਰ ਦੀ ਪ੍ਰਥਾ ਅਨੁਸਾਰ ਸਤੀ ਹੋਣਾ ਮੁਨਾਸਬ ਸਮਝਿਆ। ਰਾਣੀ ਪਦਮਨੀ ਦਾ ਜ਼ਿਕਰ ਮਹਾਨ ਕੋਸ਼ ਵਿਚ ਭਾਈ ਕਾਹਨ ਸਿੰਘ ਨਾਭਾ ਨੇ ਵੀ ਕੀਤਾ ਹੈ।

ਉਪ੍ਰੋਕਤ ਕਹਾਣੀ ਤੋਂ ਬਾਅਦ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਇਹ ਇਤਰਾਜ਼ ਹੈ ਕਿ ਰਾਣੀ ਪਦਮਨੀ ਜਿਸ ਨੇ ਦੁਸ਼ਮਣ ਦੇ ਘਰੋਂ ਜਾ ਕੇ ਅਪਣੇ ਪਤੀ ਨੂੰ ਬੜੀ ਸੂਰਮਤਾਈ ਨਾਲ ਛੁਡਾ ਕੇ ਲਿਆਂਦਾ ਅਤੇ ਅੱਗੋਂ ਉਹ ਦੁਸ਼ਮਣ ਜੋ ਉਨ੍ਹਾਂ ਦੇ ਰਾਜ-ਭਾਗ ਦਾ ਤਾਂ ਦੁਸ਼ਮਣ ਸੀ ਹੀ ਸਗੋਂ ਉਸ ਦੀ ਸਰੀਰਕ ਸੁੰਦਰਤਾ ਕਰ ਕੇ ਉਹ ਉਸ ਨੂੰ ਅਪਣੇ ਹਰਮ ਦੀ ਰਾਣੀ ਬਣਾ ਕੇ ਉਸ ਦੇ ਕਿਰਦਾਰ ਨੂੰ ਡੇਗਣਾ ਚਾਹੁੰਦਾ ਸੀ। ਇਹੋ ਜਿਹੇ ਦੁਸ਼ਮਣ ਦੇ ਘਰੇ ਜਾ ਕੇ ਉਸ ਕੋਲੋਂ ਅਪਣੇ ਪਤੀ ਨੂੰ ਛੁਡਾ ਕੇ ਲਿਆਉਣਾ ਇਕ ਇਤਿਹਾਸਕ ਮਿਸਾਲ ਹੈ। ਇਕ ਔਰਤ ਵਲੋਂ ਅਪਣੇ ਪਤੀ ਲਈ ਕੀਤੀ ਲਾਮਿਸਾਲ ਕੁਰਬਾਨੀ ਇਤਿਹਾਸ ਵਿਚ ਬਹੁਤ ਘੱਟ ਔਰਤਾਂ ਦੇ ਹਿੱਸੇ ਆਈ ਹੈ।

ਸੋ ਰਾਣੀ ਪਦਮਨੀ ਇਕ ਬਹਾਦਰ, ਦਲੇਰ ਨਿਪੁੰਨ ਕੂਟਨੀਤਕ ਅਤੇ ਅਪਣੇ ਪਤੀ ਨਾਲ ਅਥਾਹ ਪ੍ਰੇਮ ਰੱਖਣ ਵਾਲੀ ਔਰਤ ਸੀ ਜਿਸ ਨੇ ਹੋਰ ਜ਼ਿੰਦਗੀ ਜਿਊਣ ਨਾਲੋਂ ਅਪਣੇ ਸਤ ਨੂੰ ਕਾਇਮ ਰਖਦਿਆਂ ਸਤੀ ਹੋਣ ਨੂੰ ਤਰਜੀਹ ਦਿਤੀ। ਪਰ ਅਫ਼ਸੋਸ ਕਿ ਸਾਡੇ ਕਿੱਸਾਕਾਰ ਜਾਂ ਗੀਤਕਾਰ ਰਾਣੀ ਪਦਮਨੀ ਨੂੰ ਇਕ ਸੁਣੱਖੀ ਔਰਤ ਵਜੋਂ ਹੀ ਪੇਸ਼ ਕਰਦੇ ਹਨ। ਸਾਡਾ ਇਤਰਾਜ਼ ਵੀ ਇਹੀ ਹੈ ਕਿ ਰਾਣੀ ਪਦਮਨੀ ਨਾ ਕੇਵਲ ਸੋਹਣੀ ਅਤੇ ਸੁਣੱਖੀ ਸੀ ਸਗੋਂ ਉਸ ਵਿਚ ਭਾਰਤੀ ਔਰਤਾਂ ਵਾਲੇ ਸੰਸਕਾਰ ਵੀ ਬੇਮਿਸਾਲ ਸਨ ਜਿਨ੍ਹਾਂ ਨੂੰ ਅਸੀ ਪੇਸ਼ ਹੀ ਨਹੀਂ ਕਰਦੇ। ਇਹ ਰਾਣੀ ਪਦਮਨੀ ਨਾਲ ਅਨਿਆਂ ਹੈ।

ਚਰਨਜੀਤ ਸਿੰਘ ਪੁੰਨੀ, ਪਿੰਡ ਤੇ ਡਾਕ: ਚੈਨਾ, ਤਹਿ. ਜੈਤੋ, ਫ਼ਰੀਦਕੋਟ।