ਰਹਿਮਦਿਲ ਮੁਸਾਫ਼ਰ (ਭਾਗ ਪਹਿਲਾ)

ਸਪੋਕਸਮੈਨ ਸਮਾਚਾਰ ਸੇਵਾ

ਬੜੇ ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਚੰਗੇ ਪ੍ਰਵਾਰ ਦਾ ਜਵਾਨ ਮੁੰਡਾ ਸਫ਼ਰ ਤੇ ਨਿਕਲਿਆ.....

Merciful Traveler

ਬੜੇ ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਚੰਗੇ ਪ੍ਰਵਾਰ ਦਾ ਜਵਾਨ ਮੁੰਡਾ ਸਫ਼ਰ ਤੇ ਨਿਕਲਿਆ। ਉਸ ਨੇ ਇਕ ਵਧੀਆ ਘੋੜਾ ਖ਼ਰੀਦਿਆ। ਉਸ ਉਤੇ ਕਾਠੀ ਪਾਈ। ਸੁਨਹਿਰੀ ਕਪੜੇ ਦੀ ਜੀਨ ਤੇ ਰੇਸ਼ਮੀ ਧਾਗੇ ਦੀਆਂ ਬਣੀਆਂ ਲਗਾਮਾਂ ਲਾਈਆਂ। ਰਾਹ ਦੇ ਸਫ਼ਰ ਵਾਸਤੇ ਖਾਣ-ਪੀਣ ਅਤੇ ਹੋਰ ਲੋੜ ਦੀਆਂ ਚੀਜ਼ਾਂ ਲੈ ਕੇ ਦੁਨੀਆਂ ਵੇਖਣ ਦੇ ਵਿਚਾਰ ਨਾਲ ਘਰੋਂ ਚੱਲ ਪਿਆ। ਉਹ ਪਿੰਡ ਤੋਂ ਬਾਹਰ ਨਿਕਲਿਆ ਹੀ ਸੀ ਕਿ ਇਕ ਮੱਖੀ ਮਿਲੀ ਜਿਸ ਦੇ ਵੱਡੇ ਵੱਡੇ ਖੰਭ ਇੰਜ ਲੱਗ ਰਹੇ ਸਨ ਜਿਵੇਂ ਕਿਸੇ ਤਿਤਲੀ ਦੇ ਹੋਣ। ਉਹ ਇਸ ਨੌਜਵਾਨ ਮੁਸਾਫ਼ਰ ਨੂੰ ਰੋਕ ਕੇ ਕਹਿਣ ਲੱਗੀ, ''ਮੈਂ ਉੱਡ ਕੇ ਬਹੁਤ ਥੱਕ ਚੁਕੀ ਹਾਂ।

ਜੇ ਤੂੰ ਮੈਨੂੰ ਅਪਣੇ ਘੋੜੇ ਉਤੇ ਬਿਠਾ ਲਵੇਂ ਤਾਂ ਸ਼ਾਇਦ ਮੈਂ ਕਦੇ ਤੇਰੇ ਕੰਮ ਆ ਸਕਾਂ।'' ਮੁੰਡਾ ਬਹੁਤ ਰਹਿਮਦਿਲ ਸੀ। ਉਸ ਨੇ ਮੱਖੀ ਨੂੰ ਅਪਣੇ ਪਿੱਛੇ ਬਿਠਾ ਲਿਆ ਅਤੇ ਫਿਰ ਸਫ਼ਰ ਸ਼ੁਰੂ ਕਰ ਦਿਤਾ। ਮੁੰਡਾ ਗੁਣਗੁਣਾਉਂਦਾ ਜਾ ਰਿਹਾ ਸੀ ਕਿ ਉਸ ਨੇ ਕੱਚੇ ਰਾਹ ਤੇ ਇਕ ਅੰਡਾ ਰਿੜ੍ਹਦਾ ਵੇਖਿਆ। ਅੰਡਾ ਮੁੰਡੇ ਨੂੰ ਰੋਕ ਕੇ ਕਹਿਣ ਲੱਗਾ ਕਿ ਉਹ ਤੁਰ ਤੁਰ ਕੇ ਥੱਕ ਗਿਆ ਹੈ। ਜੇ ਉਹ ਉਸ ਨੂੰ ਅਪਣੇ ਘੋੜੇ ਉਤੇ ਬੈਠਣ ਦੀ ਆਗਿਆ ਦੇ ਦੇਵੇ ਤਾਂ ਸ਼ਾਇਦ ਉਹ ਕਦੇ ਉਸ ਦੇ ਕੰਮ ਆ ਸਕੇ। ਮੁੰਡੇ ਨੇ ਘੋੜਾ ਰੋਕਿਆ ਅਤੇ ਅੰਡੇ ਨੂੰ ਅਪਣੇ ਪਿੱਛੇ ਬਿਠਾ ਲਿਆ। 

ਕਾਫ਼ੀ ਦੂਰ ਜਾਣ ਮਗਰੋਂ ਉਸ ਨੂੰ ਇਕ ਠੂਹਾਂ ਮਿਲਿਆ, ਜੋ ਇਕ ਝਾੜੀ ਨਾਲ ਢਾਸਣਾ ਲਾਈ ਔਖੇ ਔਖੇ ਸਾਹ ਲੈ ਰਿਹਾ ਸੀ। ਉਸ ਨੇ ਦੂਰੋਂ ਤੁਰੇ ਆਉਂਦੇ ਮੁਸਾਫ਼ਰ ਨੂੰ ਵੇਖ ਕੇ ਉਸ ਦਾ ਘੋੜਾ ਰੁਕਵਾ ਲਿਆ ਅਤੇ ਮੁੰਡੇ ਨੂੰ ਕਹਿਣ ਲੱਗਾ, ''ਮੈਂ ਤੁਰ ਤੁਰ ਕੇ ਬਹੁਤ ਥੱਕ ਚੁੱਕਾ ਹਾਂ, ਜੇ ਤੁਸੀ ਮੈਨੂੰ ਅਪਣੇ ਘੋੜੇ ਉਤੇ ਬਿਠਾ ਲਉ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। ਪਹਿਲਾਂ ਤਾਂ ਮੁੰਡਾ ਝਕਿਆ ਕਿ ਇਹ ਠੂਹਾਂ ਹੈ, ਕਿਤੇ ਉਸ ਨੂੰ ਡੰਗ ਹੀ ਨਾ ਮਾਰ ਦੇਵੇ। ਫਿਰ ਉਸ ਦਾ ਮਨ ਪਿਘਲ ਗਿਆ ਅਤੇ ਉਹ ਘੋੜੇ ਤੋਂ ਹੇਠਾਂ ਉਤਰ ਆਇਆ। ਉਸ ਨੇ ਇਕ ਪੱਤੇ ਨਾਲ ਠੂੰਹੇਂ ਨੂੰ ਚੁਕਿਆ ਅਤੇ ਕਾਠੀ ਦੇ ਪਿੱਛੇ ਬਿਠਾ ਲਿਆ। 

ਇਸੇ ਤਰ੍ਹਾਂ ਮੁੰਡੇ ਨੂੰ ਅੱਗੇ ਜਾ ਕੇ ਸਫ਼ਰ ਦੌਰਾਨ ਕਈ ਸਾਥੀ ਮਿਲ ਗਏ। ਹੁਣ ਉਸ ਨਾਲ ਮੱਖੀ, ਅੰਡੇ ਅਤੇ ਠੂਹੇਂ ਤੋਂ ਇਲਾਵਾ ਕੜਛੀ, ਸੂਆ, ਬੋਰੀ, ਰੱਸੀ ਅਤੇ ਮਸਾਲਾ ਰਗੜਨ ਵਾਲਾ ਪੱਥਰ ਅੱਠ ਜਣੇ ਸਨ ਜਿਹੜੇ ਸਫ਼ਰ ਕਰ ਰਹੇ ਸਨ। ਘੋੜਾ ਸਾਰਿਆਂ ਦੇ ਭਾਰ ਨਾਲ ਥਕਿਆ ਮਹਿਸੂਸ ਕਰ ਰਿਹਾ ਸੀ। ਉਹ ਮੁੰਡਾ ਵੀ ਦਿਨ ਭਰ ਦਾ ਸਫ਼ਰ ਕਰ ਕੇ ਥੱਕ ਚੁੱਕਾ ਸੀ ਅਤੇ ਹੁਣ ਆਰਾਮ ਕਰਨਾ ਚਾਹੁੰਦਾ ਸੀ। ਮੁੰਡੇ ਨੇ ਘੋੜੇ ਨੂੰ ਝੋਪੜੀ ਕੋਲ ਰੋਕਿਆ। ਜਦੋਂ ਉਸ ਨੇ ਅੰਦਰ ਝਾਕ ਕੇ ਵੇਖਿਆ ਤਾਂ ਇਕ ਖ਼ੂਬਸੂਰਤ ਕੁੜੀ ਇਧਰ-ਉਧਰ ਖਿਲਰੀਆਂ ਪਈਆਂ ਹੱਡੀਆਂ ਕੋਲ ਬੈਠੀ ਰੋਈ ਜਾ ਰਹੀ ਸੀ। ਲਗਦਾ ਸੀ ਉਹ ਹੱਡੀਆਂ ਮਰੇ ਹੋਏ ਬੰਦਿਆਂ ਦੀਆਂ ਸਨ। (ਚੱਲਦਾ)

ਡਾ. ਹਰਬੰਸ ਸਿੰਘ ਚਾਵਲਾ
ਸੰਪਰਕ : 88604-08797