ਰਹਿਮਦਿਲ ਮੁਸਾਫ਼ਰ (ਭਾਗ ਦੂਜਾ)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਪਹਿਲਾਂ ਤਾਂ ਮੁੰਡਾ ਘਬਰਾ ਗਿਆ। ਕਿਤੇ ਇਹ ਕੁੜੀ ਕੋਈ ਡਾਇਣ ਜਾਂ ਚੁੜੈਲ ਨਾ ਹੋਵੇ.....

Merciful Traveler

(ਅੱਗੇ) 

ਪਹਿਲਾਂ ਤਾਂ ਮੁੰਡਾ ਘਬਰਾ ਗਿਆ। ਕਿਤੇ ਇਹ ਕੁੜੀ ਕੋਈ ਡਾਇਣ ਜਾਂ ਚੁੜੈਲ ਨਾ ਹੋਵੇ। ਕੀ ਪਤਾ ਜਾਦੂਗਰਨੀ ਹੋਵੇ? ਪਰ ਫਿਰ ਉਹ ਹੌਸਲਾ ਕਰ ਕੇ ਝੋਪੜੀ ਅੰਦਰ ਚਲਾ ਗਿਆ ਅਤੇ ਕੁੜੀ ਕੋਲੋਂ ਰੋਣ ਦਾ ਕਾਰਨ ਪੁਛਿਆ। ਕੁੜੀ ਮੋਟੇ ਮੋਟੇ ਅੱਥਰੂ ਡੇਗਦੀ ਮੁੰਡੇ ਦੇ ਗਲ ਲੱਗ ਗਈ ਅਤੇ ਰੋਂਦੇ ਰੋਂਦੇ ਕਹਿਣ ਲੱਗੀ, ''ਇਸ ਪਹਾੜੀ ਤੇ ਇਕ ਜ਼ਾਲਮ ਸ਼ੇਰ ਰਹਿੰਦਾ ਹੈ ਜਿਹੜਾ ਹੁਣ ਤਕ ਉਸ ਦੇ ਮਾਤਾ, ਪਿਤਾ, ਭੈਣ ਅਤੇ ਭਰਾ ਨੂੰ ਮਾਰ ਕੇ ਖਾ ਚੁੱਕਾ ਹੈ। ਅੱਜ ਰਾਤ ਉਸ ਸ਼ੇਰ ਹੱਥੋਂ ਮਰਨ ਦੀ ਉਸ ਦੀ ਵਾਰੀ ਹੈ ਅਤੇ ਹੁਣ ਉਹ ਅਪਣੇ ਮਰ ਚੁੱਕੇ ਮਾਂ-ਬਾਪ ਅਤੇ ਭੈਣ-ਭਰਾ ਦੀਆਂ ਹੱਡੀਆਂ ਕੋਲ ਬੈਠੀ ਰੋ ਰਹੀ ਹੈ। 

ਮੁੰਡੇ ਨੇ ਉਸ ਨੂੰ ਹੌਸਲਾ ਦਿਤਾ ਅਤੇ ਕਿਹਾ, ''ਹੁਣ ਤੈਨੂੰ ਰੋਣ ਦੀ ਜ਼ਰੂਰਤ ਨਹੀਂ। ਜਦੋਂ ਸ਼ੇਰ ਆਵੇਗਾ ਤਾਂ ਮੈਂ ਖ਼ੁਦ ਹੀ ਉਸ ਨਾਲ ਨਜਿੱਠ ਲਵਾਂਗਾ।'' ਉਸ ਕੁੜੀ ਦੀ ਦੁੱਖ ਭਰੀ ਕਹਾਣੀ ਸੁਣ ਕੇ ਲਗਦਾ ਸੀ ਜਿਵੇਂ ਮੁੰਡੇ ਨੂੰ ਸਫ਼ਰ ਦੀ ਥਕਾਨ ਭੁੱਲ ਗਈ ਹੋਵੇ ਅਤੇ ਉਸ ਨੂੰ ਰਾਤ ਆਰਾਮ ਕਰਨ ਦਾ ਚੇਤਾ ਵੀ ਨਾ ਰਿਹਾ ਹੋਵੇ। ਉਸ ਨੇ ਘੋੜੇ ਤੋਂ ਸਾਰੇ ਮੁਸਾਫ਼ਰਾਂ ਨੂੰ ਥੱਲੇ ਉਤਾਰਿਆ ਅਤੇ ਕਿਹਾ, ''ਮਿੱਤਰੋ, ਦਿਨ ਭਰ ਤੁਸੀ ਮੇਰੇ ਨਾਲ ਸਫ਼ਰ ਕਰਦੇ ਰਹੇ ਹੋ। ਹੁਣ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਅਤੇ ਅੱਜ ਦੀ ਰਾਤ ਤੁਹਾਨੂੰ ਵੀ ਮੇਰੇ ਨਾਲ ਜਾਗਣਾ ਪਵੇਗਾ।'' ਫਿਰ ਉਹ ਹਰ ਕਿਸੇ ਨੂੰ ਉਸ ਦਾ ਕੰਮ ਸਮਝਾ ਕੇ ਕਹਿਣ ਲੱਗਾ,

''ਜਦੋਂ ਸ਼ੇਰ ਆਵੇ ਤੁਸੀ ਅਪਣਾ ਅਪਣਾ ਕੰਮ ਸ਼ੁਰੂ ਕਰ ਦੇਣਾ। ਉਸ ਨੇ ਸਾਰਿਆਂ ਨੂੰ ਸ਼ੇਰ ਨੂੰ ਮਾਰਨ ਦੀ ਵਿਊਂਤ ਸਮਝਾ ਦਿਤੀ ਸੀ। ਇਸ ਮਗਰੋਂ ਮੁੰਡੇ ਨੇ ਕੁੜੀ ਨੂੰ ਕਿਹਾ, ''ਅੱਜ ਤੈਨੂੰ ਝੋਪੜੀ ਦਾ ਦਰਵਾਜ਼ਾ ਖੋਲ੍ਹਣ ਦੀ ਜ਼ਰੂਰਤ ਨਹੀਂ। ਤੂੰ ਅੰਦਰਲੇ ਕਮਰੇ ਵਿਚ ਆਰਾਮ ਨਾਲ ਬੈਠੀ ਰਹਿ। ਮੇਰੇ ਮਿੱਤਰ ਸਾਰਾ ਕੰਮ ਆਪ ਹੀ ਕਰ ਲੈਣਗੇ।''ਰਾਤ ਪਏ ਜਦੋਂ ਸ਼ੇਰ ਆਇਆ ਤਾਂ ਝੋਪੜੀ ਦਾ ਦਰਵਾਜ਼ਾ ਬੰਦ ਵੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕੁੜੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਦੋਂ ਅੰਦਰੋਂ ਕੋਈ ਆਵਾਜ਼ ਨਾ ਆਈ ਤਾਂ ਉਹ ਧੱਕਾ ਮਾਰ ਕੇ ਬੂਹਾ ਭੰਨ ਕੇ ਅੰਦਰ ਆ ਗਿਆ। ਸ਼ੇਰ ਨੂੰ ਅੰਦਰ ਆਇਆ ਵੇਖ ਕੇ ਕੁੜੀ ਫਿਰ ਰੋਣ ਲੱਗ ਪਈ। (ਚੱਲਦਾ) 

ਡਾ. ਹਰਬੰਸ ਸਿੰਘ ਚਾਵਲਾ
ਸੰਪਰਕ : 88604-08797