ਰਹਿਮਦਿਲ ਮੁਸਾਫ਼ਰ (ਭਾਗ ਤੀਜਾ)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਿਸ ਕਮਰੇ ਵਿਚ ਕੁੜੀ ਬੈਠੀ ਸੀ, ਸ਼ੇਰ ਉਸ ਪਾਸੇ ਵਲ ਵਧਿਆ। ਮੁੰਡੇ ਦੇ ਦੱਸੇ ਮੁਤਾਬਕ ਸੱਭ ਤੋਂ ਪਹਿਲਾਂ ਮੱਖੀ ਨੇ ਅਪਣਾ ਕੰਮ ਸ਼ੁਰੂ ਕੀਤਾ.......

Merciful Traveler

(ਅੱਗੇ)

ਜਿਸ ਕਮਰੇ ਵਿਚ ਕੁੜੀ ਬੈਠੀ ਸੀ, ਸ਼ੇਰ ਉਸ ਪਾਸੇ ਵਲ ਵਧਿਆ। ਮੁੰਡੇ ਦੇ ਦੱਸੇ ਮੁਤਾਬਕ ਸੱਭ ਤੋਂ ਪਹਿਲਾਂ ਮੱਖੀ ਨੇ ਅਪਣਾ ਕੰਮ ਸ਼ੁਰੂ ਕੀਤਾ। ਉਹ ਉਸ ਕਮਰੇ ਵਿਚ ਉਡਦੀ ਉਡਦੀ ਆਈ ਅਤੇ ਅਪਣੇ ਪਰਾਂ ਨਾਲ ਦੀਵਾ ਬੁਝਾ ਕੇ ਚਲੀ ਗਈ। ਹਨੇਰੇ ਵਿਚ ਸ਼ੇਰ ਨੂੰ ਦਿਸਣਾ ਬੰਦ ਹੋ ਗਿਆ। ਉਹ ਇਧਰ ਉਧਰ ਭਟਕਦਾ ਕੁੜੀ ਨੂੰ ਆਵਾਜ਼ਾਂ ਮਾਰਨ ਲੱਗ ਪਿਆ ਕਿ ਉਹ ਉਠ ਕੇ ਦੀਵਾ ਜਗਾਵੇ। ਉਹ ਜਾਣਦਾ ਸੀ ਕਿ ਉਹ ਹਨੇਰੇ ਵਿਚ ਉਸ ਨੂੰ ਵੇਖ ਨਹੀਂ ਸੀ ਸਕਦਾ। ਝੋਪੜੀ ਅੰਦਰ ਇਕ ਥਾਂ ਤੇ ਕੋਲੇ ਭੱਖ ਰਹੇ ਸਨ। ਕੁੜੀ ਅਜੇ ਵੀ ਅੰਦਰ ਬੈਠੀ ਰੋਈ ਜਾ ਰਹੀ ਸੀ।

ਸ਼ੇਰ ਖ਼ੁਦ ਹੀ ਭਖਦੇ ਕੋਲਿਆਂ ਕੋਲ ਗਿਆ ਅਤੇ ਫੂਕਾਂ ਮਾਰ ਕੇ ਉਨ੍ਹਾਂ ਤੋਂ ਅੱਗ ਬਾਲਣ ਦੀ ਕੋਸ਼ਿਸ਼ ਕਰਨ ਲੱਗਾ ਤਾਕਿ ਉਹ ਵੇਖ ਸਕੇ ਕਿ ਕੁੜੀ ਕਿੱਥੇ ਬੈਠੀ ਸੀ। ਜਦੋਂ ਉਸ ਨੇ ਝੁਕ ਕੇ ਫੂਕ ਮਾਰੀ ਤਾਂ ਕੋਲਿਆਂ ਥੱਲੇ ਦਬਿਆ ਅੰਡਾ ਫੱਟ ਗਿਆ। ਅੰਡੇ ਦੇ ਫਟਣ ਦੀ ਦੇਰ ਸੀ ਕਿ ਗਰਮ ਗਰਮ ਸੁਆਹ ਸ਼ੇਰ ਦੀਆਂ ਅੱਖਾਂ ਵਿਚ ਪੈ ਗਈ। ਗਰਮ ਗਰਮ ਰਾਖ ਦੇ ਡਿੱਗਣ ਕਰ ਕੇ ਸ਼ੇਰ ਦੀਆਂ ਅੱਖਾਂ ਵਿਚ ਐਨੀ ਜਲਣ ਸ਼ੁਰੂ ਹੋਈ ਕਿ ਉਸ ਨੂੰ ਦਿਸਣਾ ਬੰਦ ਹੋ ਗਿਆ। ਇਕ ਨੁੱਕਰ ਵਿਚ ਠੂਹਾਂ ਬੈਠਾ ਅਪਣੇ ਹਿੱਸੇ ਦੇ ਕੰਮ ਦੀ ਉਡੀਕ ਕਰ ਰਿਹਾ ਸੀ, ਜਿਵੇਂ ਕਿ ਮੁੰਡੇ ਨੇ ਸੱਭ ਨੂੰ ਸਮਝਾਇਆ ਸੀ।

ਉਹ ਕੰਧ ਤੋਂ ਹੇਠਾਂ ਉਤਰਿਆ ਅਤੇ ਅਪਣੇ ਤਿੱਖੇ ਦੰਦਾਂ ਨਾਲ ਸ਼ੇਰ ਦੀਆਂ ਅੱਖਾਂ ਕੱਢ ਦਿਤੀਆਂ। ਹੁਣ ਤਾਂ ਸ਼ੇਰ ਨੂੰ ਅਪਣੀ ਜਾਨ ਬਚਾਉਣ ਦੀ ਫ਼ਿਕਰ ਪੈ ਗਈ। ਅੱਖਾਂ ਨਿਕਲ ਜਾਣ ਕਾਰਨ ਉਹ ਅੰਨ੍ਹਾ ਹੋ ਗਿਆ ਸੀ। ਜ਼ਖ਼ਮ ਹੋ ਜਾਣ ਕਾਰਨ ਪੀੜ ਨਾਲ ਉਸ ਦਾ ਬੁਰਾ ਹਾਲ ਸੀ। ਉਹ ਉੱਚੀ ਉੱਚੀ ਆਵਾਜ਼ ਵਿਚ ਦਹਾੜਦਾ ਹੋਇਆ ਝੋਪੜੀ ਦੇ ਬੂਹੇ ਵਲ ਨਸਿਆ ਜਿਥੋਂ ਉਹ ਅੰਦਰ ਆਇਆ ਸੀ। ਸ਼ੇਰ ਨੂੰ ਨਸਦਾ ਵੇਖ ਕੇ ਕੜਛੀ ਨੇ ਅਪਣਾ ਕੰਮ ਸ਼ੁਰੂ ਕਰ ਦਿਤਾ। ਉਹ ਸ਼ੇਰ ਦੀ ਬੁਰੀ ਤਰ੍ਹਾਂ ਪਿਟਾਈ ਕਰਨ ਲੱਗੀ। ਸ਼ੇਰ ਕੜਛੀ ਦੀ ਮਾਰ ਤੋਂ ਬਚਦਾ ਬਚਾਉਂਦਾ ਦਰਵਾਜ਼ੇ ਤਕ ਪਹੁੰਚ ਗਿਆ। ਦਰਵਾਜ਼ੇ ਵਿਚ ਲੋਹੇ ਦਾ ਸੂਆ ਬੈਠਾ ਸੀ।

ਸ਼ੇਰ ਨੂੰ ਨੇੜੇ ਆਇਆ ਵੇਖ ਕੇ ਉਹ ਉਸ ਦੇ ਪੈਰਾਂ ਵਿਚ ਚੁੱਭਣ ਲੱਗ ਪਿਆ। ਸ਼ੇਰ ਦੇ ਪੈਰ ਲਹੂ ਲੁਹਾਨ ਹੋ ਗਏ ਅਤੇ ਉਸ ਲਈ ਇਕ ਕਦਮ ਪੁਟਣਾ ਵੀ ਔਖਾ ਹੋ ਗਿਆ। ਹੁਣ ਤਕ ਪੈਰਾਂ ਵਿਚ ਸੂਆ ਚੁੱਭ ਚੁੱਕਾ ਸੀ, ਸਿਰ ਉਤੇ ਕਛੜੀ ਦੀ ਮਾਰ ਪੈ ਰਹੀ ਸੀ, ਅੱਖਾਂ ਅੰਨ੍ਹੀਆਂ ਹੋ ਚੁੱਕੀਆਂ ਸਨ। ਹੁਣ ਸ਼ੇਰ ਦਾ ਪੈਰ ਫਿਸਲਿਆ ਅਤੇ ਉਹ ਬੂਹੇ ਵਿਚ ਹੀ ਡਿੱਗ ਪਿਆ। ਦਰਵਾਜ਼ੇ ਉਪਰ ਇਕ ਨੁੱਕਰ ਵਿਚ ਮਸਾਲਾ ਪੀਸਣ ਵਾਲਾ ਭਾਰਾ ਪੱਥਰ ਅਪਣਾ ਕੰਮ ਪੂਰਾ ਕਰਨ ਦੀ ਉਡੀਕ ਕਰ ਰਿਹਾ ਸੀ। ਜਦੋਂ ਸ਼ੇਰ ਬੂਹੇ ਵਿਚਕਾਰ ਡਿੱਗ ਪਿਆ ਤਾਂ ਪੱਥਰ ਏਨੇ ਜ਼ੋਰ ਦੀ ਸ਼ੇਰ ਦੀ ਖੋਪੜੀ ਉਤੇ ਡਿੱਗਾ ਕਿ ਸ਼ੇਰ ਦੀ ਖੋਪੜੀ ਦੇ ਟੁਕੜੇ ਟੁਕੜੇ ਹੋ ਗਏ।

ਸਿਰ ਫਿੱਸਣ ਦੀ ਦੇਰ ਸੀ ਕਿ ਸ਼ੇਰ ਤੜਪ ਤੜਪ ਕੇ ਝੋਪੜੀ ਵਿਚ ਹੀ ਮਰ ਗਿਆ। ਹੁਣ ਮੁੰਡੇ ਨੇ ਬੋਰੀ ਚੁਕੀ। ਮਰੇ ਹੋਏ ਸ਼ੇਰ ਨੂੰ ਬੋਰੀ ਵਿਚ ਪਾ ਕੇ ਉਸ ਦਾ ਰੱਸੀ ਨਾਲ ਮੂੰਹ ਬੰਨ੍ਹਿਆ ਅਤੇ ਵਗਦੀ ਨਦੀ ਵਿਚ ਜਾ ਕੇ ਰੋੜ੍ਹ ਆਇਆ। ਵਾਪਸ ਆ ਕੇ ਉਨ੍ਹਾਂ ਸਾਰਿਆਂ ਨੇ ਰਾਤ ਬੜੇ ਆਰਾਮ ਨਾਲ ਕੱਟੀ। ਮੁੰਡੇ ਨੂੰ ਉਹ ਕੁੜੀ ਏਨੀ ਖ਼ੂਬਸੂਰਤ ਲੱਗੀ ਕਿ ਉਹ ਉਸ ਨਾਲ ਵਿਆਹ ਕਰਵਾ ਕੇ ਘਰ ਪਰਤ ਆਇਆ।  (ਸਮਾਪਤ)

ਡਾ. ਹਰਬੰਸ ਸਿੰਘ ਚਾਵਲਾ
ਸੰਪਰਕ : 88604-08797