ਸੰਗਲ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਪਿਛਲੇ ਦੋ ਮਹੀਨਿਆਂ ਵਿਚ ਉਹ ਮੈਨੂੰ ਕਈ ਵਾਰ ਆਖ ਚੁੱਕੀ ਸੀ, ''ਮੈਨੂੰ ਜਸਵੀਰ ਕੋਲੋਂ ਬੜਾ ਡਰ ਲਗਦੈ... ਤੁਸੀ ਪਲੀਜ਼ ਇਸ ਦਾ ਕੁੱਝ ਕਰੋ...।'' ਮੈਂ ਹਰ ਵਾਰ ਉਸ ਨੂੰ ਇਹ...

Chain

ਪਿਛਲੇ ਦੋ ਮਹੀਨਿਆਂ ਵਿਚ ਉਹ ਮੈਨੂੰ ਕਈ ਵਾਰ ਆਖ ਚੁੱਕੀ ਸੀ, ''ਮੈਨੂੰ ਜਸਵੀਰ ਕੋਲੋਂ ਬੜਾ ਡਰ ਲਗਦੈ... ਤੁਸੀ ਪਲੀਜ਼ ਇਸ ਦਾ ਕੁੱਝ ਕਰੋ...।'' ਮੈਂ ਹਰ ਵਾਰ ਉਸ ਨੂੰ ਇਹੋ ਜਵਾਬ ਦਿਤਾ ਸੀ, ''...ਇਹ ਵਿਚਾਰਾ ਤਾਂ ਪਹਿਲਾਂ ਹੀ ਕਰਮਾਂ ਦਾ ਮਾਰਿਆ ਪਿਐ, ਇਸ ਦੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਏ...। ਨਾ ਦਿਨ ਦਾ ਪਤਾ, ਨਾ ਰਾਤ ਦੀ ਖ਼ਬਰ... ਤੂੰ ਹੀ ਦੱਸ ਅਸੀ ਕੀ ਕਰੀਏ ਇਸ ਦਾ...?'' ਕੁੱਝ ਕਹਿੰਦੀ-ਕਹਿੰਦੀ ਉਹ ਰੁਕ ਜਾਂਦੀ ਤੇ ਫਿਰ ਕੁੱਝ ਦਿਨਾਂ ਲਈ ਗੱਲ ਆਈ-ਗਈ ਹੋ ਜਾਂਦੀ। ਅੱਜ ਸਵੇਰੇ ਉਸ ਨੇ ਫਿਰ ਤੋਂ ਜਸਵੀਰ ਵਾਲਾ ਕਿੱਸਾ ਸ਼ੁਰੂ ਕਰ ਦਿਤਾ ਤੇ ਬੋਲੀ, ''ਤੁਸੀ ਇਸ ਦਾ ਇਲਾਜ ਕਿਉਂ ਨਹੀਂ ਕਰਵਾਉਂਦੇ?''

''ਬਥੇਰਾ ਇਲਾਜ ਕਰਾ ਕੇ ਵੇਖ ਲਿਐ ਪਰ ਕੋਈ ਫ਼ਰਕ ਨਹੀਂ ਪਿਆ। ਅਸੀ ਤਾਂ ਦਿਲ ਤੇ ਪੱਥਰ ਰੱਖ ਕੇ ਇਸ ਵਿਚਾਰੇ ਨੂੰ ਬਿਜਲੀਆਂ ਵੀ ਲਗਵਾ ਕੇ ਵੇਖ ਲਈਆਂ ਪਰ ਡਾਢੀ ਹੋਣੀ ਅੱਗੇ ਸਾਡਾ ਕੋਈ ਵੱਸ ਨਹੀਂ ਚੱਲ ਸਕਿਆ...।'' ਮੈਂ ਬਹੁਤ ਹੀ ਮਾਯੂਸੀ ਨਾਲ ਕਿਹਾ। ''ਜੇ ਬੁਰਾ ਨਾ ਮਨਾਉ ਤਾਂ ਇਕ ਗੱਲ ਕਹਾਂ?'' ਉਸ ਨੇ ਅਪਣੀ ਬਾਂਹ 'ਚ ਪਾਇਆ ਚੂੜਾ ਠੀਕ ਕਰਦਿਆਂ ਕਿਹਾ। ''...ਹਾਂ ਦੱਸ।'' ਮੈਂ ਉਸ ਦੀਆਂ ਝੁਕੀਆਂ ਹੋਈਆਂ ਨਜ਼ਰਾਂ ਵਲ ਤਕਦਿਆਂ ਪੁਛਿਆ।

ਉਹ ਕਹਿਣ ਲੱਗੀ, ''ਮੈਨੂੰ ਨਾ ਜਸਵੀਰ ਤੋਂ ਬੜਾ ਡਰ ਲਗਦੈ...ਉਹ ਜਦ ਵੀ ਮੇਰੇ ਨੇੜਿਉਂ ਲੰਘਦੈ ਮੇਰਾ ਤਾਂ ਤ੍ਰਾਹ ਨਿਕਲ ਜਾਂਦੈ ਕਿ ਕਿਧਰੇ ਕੋਈ ਚੀਜ਼ ਹੀ ਮੇਰੇ ਉੱਪਰ ਨਾ ਸੁੱਟ ਦੇਵੇ...ਇਸ ਦੇ ਦਿਮਾਗ਼ ਦਾ ਕੀ ਪਤਾ, ਕਦੋਂ ਕੀ ਕਰ ਦੇਵੇ?'' ''...ਤੂੰ ਤਾਂ ਐਵੇਂ ਡਰੀ ਜਾਂਦੀ ਏਂ... ਮੇਰਾ ਵੀਰ ਕਮਲਾ ਜ਼ਰੂਰ ਏ ਪਰ ਅੱਜ ਤਕ ਉਸ ਨੇ ਨਾ ਕਿਸੇ ਨੂੰ ਮਾਰਿਆ ਏ ਤੇ ਨਾ ਹੀ ਕਿਸੇ ਨੂੰ ਨੁਕਸਾਨ ਪਹੁੰਚਾਇਆ ਏ...। ਉਸ ਵਿਚਾਰੇ ਨੂੰ ਤਾਂ ਪਿਆਰ ਦੇ, ਹਮਦਰਦੀ ਦੇ, ਦੋ ਬੋਲ ਬੋਲਣ ਵਾਲਾ ਬੰਦਾ ਚਾਹੀਦੈ। ਉਹ ਤਾਂ ਝੱਟ ਹੀ ਹਰ ਕਿਸੇ ਦਾ ਦੋਸਤ ਬਣ ਜਾਂਦੈ... ਤੂੰ ਤਾਂ ਐਂਵੇ ਹੀ ਅਪਣੇ ਮਨ ਵਿਚ ਭਰਮ ਪਾਲੀ ਬੈਠੀ ਏਂ...।'' ਮੈਂ ਉਸ ਨੂੰ ਸਮਝਾਉਂਦਿਆਂ ਕਿਹਾ। (ਚਲਦਾ)