ਬਾਬੇ ਨਾਨਕ ਦੀ ਬਿਹਾਰ ਯਾਤਰਾ ਦੀ ਮਹੱਤਤਾ

ਸਪੋਕਸਮੈਨ ਸਮਾਚਾਰ ਸੇਵਾ

ਦੁਨੀਆਂ ਭਰ ਤੋਂ ਯਾਤਰੀ ਸਮੇਂ ਸਮੇਂ ਤੇ ਭਾਰਤ ਵਲ ਵਹੀਰਾਂ ਘੱਤੀ ਆਉਂਦੇ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਇਥੋਂ ਦੇ ਦਰਬਾਰਾਂ ਵਿਚ ਰਲਗੱਡ ਹੋਏ ਅਪਣੇ ਸੁਆਮੀਆਂ ਦੇ...

Shri Guru Nanak Dev Ji

ਦੁਨੀਆਂ ਭਰ ਤੋਂ ਯਾਤਰੀ ਸਮੇਂ ਸਮੇਂ ਤੇ ਭਾਰਤ ਵਲ ਵਹੀਰਾਂ ਘੱਤੀ ਆਉਂਦੇ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਇਥੋਂ ਦੇ ਦਰਬਾਰਾਂ ਵਿਚ ਰਲਗੱਡ ਹੋਏ ਅਪਣੇ ਸੁਆਮੀਆਂ ਦੇ ਸੋਹਿਲੇ ਗਾਉਂਦੇ ਰਹੇ। ਕੁੱਝ ਕੁ ਕਿਸੇ ਖ਼ਾਸ ਖਿੱਤੇ ਦੇ ਪਾਂਧੀ ਬਣੇ, ਜੋ ਡਿੱਠਾ ਸਮੇਟ ਕੇ ਵਤਨ ਪਰਤਦੇ ਰਹੇ। ਇਹ ਗੱਲ ਵਖਰੀ ਹੈ ਕਿ ਸਾਡੇ ਅਪਣੇ ਹੀ ਮੁਲਕ ਦੇ ਅਖੌਤੀ ਧਰਮ ਦੇ ਆਗੂ ਠੇਕੇਦਾਰਾਂ ਨੇ ਬਾਹਰੀ ਦੁਨੀਆਂ ਦੀ ਯਾਤਰਾ ਨੂੰ ਇਸ ਬੇਹੂਦੀ ਬਿਨਾਅ ਤੇ ਤਾਰਪੀਡੋ ਕੀਤਾ ਹੋਇਆ ਸੀ ਕਿ ਇੰਝ ਧਰਮ ਭ੍ਰਿਸ਼ਟ ਹੋਣ ਦਾ ਖ਼ਤਰਾ ਹੈ। ਪਰ ਅਸਲ ਅਤੇ ਲੁਕਵਾਂ ਕਾਰਨ ਸੀ ਕਿ ਲੋਕ ਤਰੱਕੀ ਪਸੰਦ ਮੁਲਕਾਂ ਦੇ ਸੰਪਰਕ ਵਿਚ ਨਾ ਆ ਕੇ ਲਕੀਰ ਦੇ ਫ਼ਕੀਰ ਅਤੇ ਬੁੱਧੂ ਦੇ ਬੁੱਧੂ ਹੀ ਕਹਾਉਣ। ਧਰਮ ਦੇ ਠੇਕੇਦਾਰਾਂ ਦਾ ਇਹ ਪੈਂਤਰਾ ਕਾਮਯਾਬ ਰਿਹਾ। ਲੋਕ ਖੂਹ ਦੇ ਡੱਡੂ ਬਣੇ, ਸ਼ਾਤਰਾਂ ਦਾ ਤੋਰੀ ਫੁਲਕਾ ਚੰਗਾ ਚਲਿਆ ਬਿਨਾਂ ਕਿਰਤ ਤੋਂ। ਮਾਲਾ ਦੇ ਜ਼ੋਰ ਮਾਇਆਧਾਰੀ ਬਣੀ ਪੁਜਾਰੀ ਜਮਾਤ। 

ਵਿਦੇਸ਼ੀ ਯਾਤਰੂਆਂ ਦੀ ਦੁਨੀਆਂ ਵਿਚ ਚੀਨ ਸੱਭ ਤੋਂ ਮੋਹਰੀ ਰਿਹਾ ਹੈ। ਇਸ ਮੁਲਕ ਵਿਚ ਮਿੰਗ-ਸਿੰਗ-ਤਿਉਂ ਨਾਂ ਦੇ ਸ਼ਾਸਕ (58-75) ਵੇਲੇ ਬੁੱਧ ਧਰਮ ਉਥੇ ਪਹੁੰਚਿਆ। ਕੋਈ ਪੰਦਰਾਂ ਸਾਲ ਬਾਅਦ ਸ਼ਿੰਗ ਸ਼ਾਉ ਨਾਂ ਦਾ ਚੀਨੀ ਬੁੱਧ ਮੱਤ ਤੋਂ ਪ੍ਰਭਾਵਤ ਬੁੱਧ ਦੇਸ਼ ਆਇਆ। ਇਸ ਤੋਂ ਸਾਢੇ ਤਿੰਨ ਸਦੀਆਂ ਬਾਅਦ ਫਾਹਿਯਾਨ (399-414) ਪਹਿਲਾ ਚੀਨੀ ਯਾਤਰੀ ਸੀ, ਜਿਸ ਦੀ ਯਾਤਰਾ ਪੁਸਤਕ 'ਫ਼ੌ ੲੁੰਏ ਕੀ' ਉਸ ਨੂੰ ਅਮਰ ਕਰ ਗਈ। ਵੈਸੇ ਹਿਊਨਸ਼ਾਂਗ (629-645), ਇਤਸਿੰਗ (671-695), ਜਾਪਾਨੀ ਰਾਜ ਕੁਮਾਰ ਸਿਣਿਉਂ ਤਾਕਾ ਉਕਾ, ਉਸ ਦੀ ਭੈਣ (879-81) ਜੋ ਤੂਫ਼ਾਨ ਦੀ ਲਪੇਟ ਵਿਚ ਮਾਰੇ ਗਏ ਅਤੇ ਤਿੱਬਤੀ ਤਾਰਾ ਚੰਦ ਵੀ ਬਿਹਾਰ ਦੇ ਪਾਂਧੀਆਂ ਵਿਚ ਸ਼ੁਮਾਰ ਰਹੇ ਹਨ।

ਇਨ੍ਹਾਂ ਦੀ ਯਾਤਰਾ ਪਾਟਲੀ ਪੁੱਤਰ, ਨਾਲੰਦਾ, ਰਾਜਗੀਰ, ਗਯਾ, ਬੋਧਗਯਾ ਤਕ ਸੀਮਤ ਰਹੀ। ਚੀਨੀਆਂ ਦੀ ਬਿਹਾਰ ਯਾਤਰਾ ਤੋਂ ਲਗਭਗ ਹਜ਼ਾਰ ਸਾਲ ਬਾਅਦ 'ਮਰਦੇ ਤਮਾਮਾ', 'ਜਾਹਰ ਪੀਰੁ ਜਗਤੁ ਗੁਰ ਬਾਬਾ', ਇਕ ਬਾਬਾ ਅਕਾਲ ਰੁਪੁ ਦੂਜਾ ਰਬਾਬੀ ਮਰਦਾਨਾ, ਇਕੋ ਇਕ ਅਜਿਹੇ ਯਾਤਰੀ ਸਨ, ਜਿਨ੍ਹਾਂ ਬਿਹਾਰ ਦੇ ਧਾਰਮਕ, ਸਮਾਜਕ, ਸਿਆਸੀ ਤੇ ਅਰਥਚਾਰੇ ਨੂੰ ਪ੍ਰਭਾਵਤ ਕੀਤਾ। ਸਿੱਖ ਇਤਿਹਾਸ ਵਿਚ ਬਾਬੇ ਨਾਨਕ ਦੀਆਂ ਯਾਤਰਾਵਾਂ ਨੂੰ ਉਨ੍ਹਾਂ ਦੀਆਂ ਉਦਾਸੀਆਂ ਦਾ ਰੁਤਬਾ ਜਾਂ ਗ਼ਲਤ ਨਾਂ ਦਿਤਾ ਗਿਆ ਹੈ। ਬਿਹਾਰ ਸਬੰਧੀ ਉਨ੍ਹਾਂ ਦੀ ਯਾਤਰਾ ਦੀਆਂ ਦੋ ਤਿੱਥੀਆਂ ਸਾਹਮਣੇ ਆਉਂਦੀਆਂ ਹਨ। ਪਹਿਲੀ 1504 ਦੀ ਅਤੇ ਦੂਜੀ 1505 ਦੀ। ਜੇਕਰ ਇਨ੍ਹਾਂ ਦੋਨਾਂ ਨੂੰ ਹੀ ਆਧਾਰ ਮੰਨ ਲਿਆ ਜਾਏ ਤਾਂ ਪ੍ਰਤੱਖ ਹੋਵੇਗਾ ਕਿ ਇਹ ਯਾਤਰਾ 1504 ਦੇ ਆਖ਼ਰੀ ਅਤੇ 1505 ਦੇ ਮੁਢਲੇ ਦਿਨਾਂ ਵਿਚ ਹੋਈ ਹੋਵੇਗੀ।

ਬਾਬੇ ਦੀਆਂ ਦੇਸ਼ਾਂ-ਵਿਦੇਸ਼ਾਂ ਦੀਆਂ ਯਾਤਰਾਵਾਂ ਵਿਚੋਂ ਬਿਹਾਰ ਯਾਤਰਾ ਸੱਭ ਤੋਂ ਅਹਿਮ ਵੀ, ਸੱਭ ਤੋਂ ਲੰਮੇ ਸਮੇਂ ਦੀ ਵੀ ਅਰਥਾਤ ਇਕ ਪੰਦਰਵਾੜੇ ਦੀ ਠਹਿਰਦੀ ਹੈ। ਪੰਦਰਾਂ ਅਸਥਾਨਾਂ ਦੀ ਯਾਤਰਾ ਦਾ ਵਿਸ਼ੇਸ਼ ਇਹ ਵੀ ਕਿ ਇਲਾਹੀ ਬਾਣੀ ਉਚਾਰਨ ਆਦਿ ਦਾ ਗਯਾ ਦੇ ਵਿਸ਼ਨੂੰ ਪਦ ਮੁਕਾਮ ਤੋਂ ਛੁੱਟ ਹੋਰ ਕਿਸੇ ਥਾਂ ਹਵਾਲਾ ਨਹੀਂ ਮਿਲਦਾ। ਪਰ ਵੇਖਣਾ ਇਹ ਹੈ ਕਿ ਗਯਾ ਦੇ ਪੰਡਿਆਂ ਅਤੇ ਸਿੱਖ ਸਮਾਜ ਨੇ ਗੁਰੂ ਉਪਦੇਸ਼:

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲ।
ਉਨਿ ਚਾਨਣਿ ਉਹੁ ਸੋਖਿਆ ਚੂਕਾ ਜਮਸਿਉ ਮੇਲ।।
ਅਤੇ 
ਪਿੰਡ ਪਤਲਿ ਮੇਰੀ ਕੇਮਉ ਕਿਰਿਆ ਸਚੁ ਨਾਮੁ ਕਰਤਾਰੁ।
ਐਥੇ ਉਥੈ ਆਗੈ ਪਾਛੈ ਏਹੁ ਮੇਰਾ ਆਧਾਰੁ।।

ਦਾ ਅਸਰ ਕੀ ਕਬੂਲਿਆ? ਅੱਜ ਵੀ ਪੰਡੇ ਪਿੱਤਰੀ ਪੂਜਾ ਦੇ ਨਾਂ ਤੇ ਲੋਕਾਈ ਨੂੰ ਵਹਿਮਾਂ ਭਰਮਾਂ ਦਾ ਸੰਦੇਸ਼ ਦੇ ਰਹੇ ਹਨ ਅਤੇ ਕਈ ਸਿੱਖ ਪ੍ਰਵਾਰ ਵੀ ਇਸ ਦਲਦਲ ਵਿਚ ਖੁੱਭੇ ਹੋਏ ਹਨ। 

ਜ਼ਾਹਰ ਪੀਰ ਜਗਤੁ ਗੁਰੂ ਬਾਬੇ ਦੀ ਪਹਿਲੀ ਉਦਾਸੀ ਦੇ ਵੇਲੇ ਬਿਹਾਰ ਦੇ ਪੰਦਰਾਂ ਮੁਕਾਮ ਪੁਨੀਤ ਹੋਏ। ਬਕਸਰ, ਆਰਾ, ਸਾਸਾਰਾਮ, ਹਾਜੀਪੁਰ, ਗਊਘਾਟ (ਪਟਨਾ), ਰਾਜਗੀਰ, ਗਯਾ, ਬੋਧ ਗਯਾ, ਰਾਜੌਲੀ, ਮੁੰਗੇਰ, ਹਰਿਹਰ, ਭਾਗਲਪੁਰ, ਦਿਉਧਰ, ਧੀਰਪੈਂਤੀ ਅਤੇ ਸਾਹਿਬਗੰਜ। ਗੁਰੂ ਜੀ ਦੀ ਇਹ ਯਾਤਰਾ ਮਨੁੱਖਤਾ ਦੇ ਭਲੇ, ਭਾਵ ਸਰਬੱਤ ਦੇ ਭਲੇ ਦਾ ਸੰਦੇਸ਼ ਤੇ ਆਧਾਰਤ ਸੀ। ਨਿਵੇਕਲੇ ਸਮਾਜ ਦਾ ਮਹੱਲ ਹੋਂਦ ਵਿਚ ਆਉਣ ਕਰ ਕੇ ਬਹੁਤ ਸਾਰੀਆਂ ਨਿਵੇਕਲੀਆਂ ਸੰਗਤਾਂ ਉਸਾਰੀਆਂ (ਬਣਾਈਆਂ) ਗਈਆਂ। ਇਤਿਹਾਸਕ ਤੱਥਾਂ ਅਨੁਸਾਰ ਸੰਗਤਾਂ ਦੇ ਕੀਰਤਨੀ ਜਥੇ ਅਤੇ ਰਾਗੀ ਰਬਾਬੀ ਭਾਈ ਮਰਦਾਨੇ ਦੀ ਸੰਗਤ ਵਿਚ ਰਸ ਭਿੰਨਾ ਗਾਇਨ ਕਰਦੇ ਸਨ। ਇਹ ਕੀਰਤਨ ਰੌਲਾ-ਗੋਲਾ ਨਾ ਹੋ ਕੇ ਸਿੱਖ ਧਰਮ ਦੇ ਸਿਧਾਂਤਾਂ, ਸਰਬੱਤ ਦੇ ਭਲੇ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦਾ ਗੱਜ ਵੱਜ ਕੇ ਪ੍ਰਚਾਰ ਅਤੇ ਜੀਵਨ ਜਾਚ ਦੀ ਸੇਧ ਦਿੰਦਾ ਸੀ।

ਬਿਹਾਰ ਵਿਚ ਸ੍ਰੀ ਗੁਰੂ ਨਾਨਕ ਜੀ ਦੀਆਂ ਯਾਤਰਾਵਾਂ ਬਕਸਰ ਤੋਂ ਸ਼ੁਰੂ ਅਤੇ ਸਾਹਿਬਗੰਜ ਦੇ ਮੁਕਾਮ ਤੇ ਸਮਾਪਤ ਹੋਈਆਂ। ਗੁਰੂ ਜੀ ਦੇ ਜਿਥੇ ਚਰਨ ਕੰਵਲ ਪਾਏ, ਉਨ੍ਹਾਂ ਵਿਚੋਂ ਕੁੱਝ ਥਾਵਾਂ 'ਤੇ ਯਾਦਗਾਰੀ ਗੁਰਦਵਾਰੇ ਸੁਸ਼ੋਭਿਤ ਕੀਤੇ ਗਏ। ਪਰ ਮੌਜੂਦਾ ਸਮੇਂ ਇਨ੍ਹਾਂ ਯਾਦਗਾਰਾਂ ਦੀ ਹਾਲਤ ਬਹੁਤ ਮਾੜੀ ਹੈ। ਗਯਾ ਵਿਖੇ ਵਿਸ਼ਨੂੰ ਪਦ ਸਥਿਤ ਗੁਰਦਵਾਰੇ ਵਿਚ ਮਰਿਆਦਾ ਨਾਂ ਦੀ ਕੋਈ ਚੀਜ਼ ਵੇਖਣ ਨੂੰ ਨਹੀਂ ਮਿਲਦੀ। ਇਥੋਂ ਦੇ ਪੰਡਿਆਂ ਦਾ ਦੋ ਟੁੱਕ ਜਵਾਬ ਮਿਲਦਾ ਹੈ ਕਿ ਸਾਡੇ ਬਾਪ ਦਾਦਾ ਦੇ ਸਮੇਂ ਕੋਈ ਗੰ੍ਰਥ ਦੇ ਗਿਆ ਸੀ, ਅਸਾਂ ਨੂੰ ਮਰਿਆਦਾ ਜਾਂ ਹੋਰ ਰੀਤੀ ਰਿਵਾਜ ਦਾ ਕੋਈ ਇਲਮ ਨਹੀਂ। ਸੱਚ ਹੈ ਕਿ ਪੰਡੇ ਬਿਲਕੁਲ ਦੋਸ਼ਮੁਕਤ ਹਨ। ਪਰ ਸਿੰਘ ਸਭਾਵਾਂ, ਧਰਮ ਪ੍ਰਚਾਰਕ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਬਾਬੇ ਦੀ ਬਿਹਾਰ ਯਾਤਰਾ ਦਾ ਕੀ ਮੁੱਲ ਪਾਇਆ, ਪੁਛਣਾ ਬਣਦਾ ਹੈ।

ਰੋਜ਼ਾਨਾ ਸਪੋਕਸਮੈਨ ਦੇ ਬੁਧਵਾਰ 13 ਜੂਨ 2012 ਦੇ ਲੇਖ 'ਗਯਾ ਵਿਚ ਗੁਰਦਵਾਰੇ ਦਾ ਗ੍ਰੰਥੀ ਘੋਨ ਮੋਨ ਪੁਜਾਰੀ' ਅਤੇ ਬੁਧਵਾਰ 24 ਅਗੱਸਤ 2016 ਦਾ ਲੇਖ 'ਬਾਬੇ ਨਾਨਕ ਦੀ ਯਾਦ ਵਿਚ ਬਣੇ ਗਯਾ ਦੇ ਗੁਰਦਵਾਰੇ....' ਸਬੰਧੀ ਇਸ ਲੇਖਕ ਨੇ ਸਿੱਖ ਸਮਾਜ ਨੂੰ ਅਪੀਲ ਕੀਤੀ ਸੀ, ਘੂਕ ਸੁੱਤੇ ਸਮਾਜ ਨੇ ਅਪੀਲ ਸੁਣੀ ਨਹੀਂ। ਉੱਚੇ ਦਰ ਦੇ ਬਾਬੇ ਦੁਆਰਾ ਊਚ-ਨੀਚ ਦੇ ਖ਼ਾਤਮੇ ਲਈ ਵਿੱਢੀਆਂ ਗਈਆਂ ਯਾਤਰਾਵਾਂ ਦੇ ਇਕ ਦੋ ਹੋਰ ਪਹਿਲੂ ਵਿਚਾਰਨਯੋਗ ਹਨ। ਬਿਹਾਰ ਵਿਚ ਊਚ ਨੀਚ ਦਾ ਖ਼ਾਤਮਾ ਤਾਂ ਨਹੀਂ ਹੋਇਆ, ਉਨ੍ਹਾਂ ਦੀਆਂ ਉਲੀਕੀਆਂ ਸੰਗਤਾਂ ਹੀ ਖ਼ਾਤਮੇ ਤੇ ਹਨ। 'ਮਿੱਠਤੁ ਨੀਵੀਂ' ਅਤੇ 'ਰੋਸ ਨਾ ਕੀਜੈ ਉਤਰ ਦੀਜੈ' ਦੀ ਭਾਵਨਾ ਵੀ ਉਡਾਰੀ ਮਾਰ ਗਈ ਹੈ। ਪਟਨਾ ਦੀਆਂ ਯਾਤਰਾਵਾਂ ਸਮੇਂ ਮੈਨੂੰ ਜਾਣ ਕੇ ਬੜੀ ਹੈਰਾਨੀ ਹੋਈ ਕਿ ਬਹੁਤੀਆਂ ਥਾਵਾਂ 'ਤੇ ਸ਼੍ਰੀ ਚੰਦ ਦਾ ਉਦਾਸੀ ਫਿਰਕਾ ਪੈਰ ਜਮਾਈ ਬੈਠਾ ਹੈ।

ਪਟਨੇ ਦੇ ਪਛਮੀ ਅਤੇ ਪੂਰਬੀ ਦਰਵਾਜ਼ੇ, ਸ਼ਿਕਾਰਪੁਰ, ਕੇਸ਼ਵਘਾਟ ਆਦਿ ਵਿਚ ਵੀ ਸ਼੍ਰੀ ਚੰਦ ਸੰਗਤ ਦਾ ਬੋਲਬਾਲਾ ਹੈ। ਸਚਿਆਈ ਇਹ ਹੈ ਕਿ ਸ਼੍ਰੀ ਚੰਦ ਕਦੇ ਵੀ ਪਟਨੇ ਨਹੀਂ ਸਨ ਆਏ। ਮਾਲੂਮ ਹੋਇਆ ਕਿ ਕੁੱਝ ਫ਼ਿਰਕਾਪ੍ਰਸਤ ਧਨਾਢ ਤਬਕੇ ਨੇ ਊਚ-ਨੀਚ ਦੇ ਖ਼ਾਤਮੇ ਨੂੰ ਅਪਣੀ ਹੱਤਕ ਜਾਣਿਆ। ਉਨ੍ਹਾਂ ਦੀ ਦਿਮਾਗੀ ਸੋਚ ਨੇ ਨਾਨਕ ਪੰਥੀਆਂ (ਸੰਗਤਾਂ) ਨੂੰ ਉਦਾਸੀ ਪੰਥ ਦੀ ਰੰਗਤ ਚਾੜ੍ਹਣ ਵਿਚ ਕਾਮਯਾਬੀ ਹਾਸਲ ਕੀਤੀ। ਹੋਰ ਤਾਂ ਹੋਰ ਵਿਸ਼ਨੂੰ ਪਦ ਦੇ ਗੁਰਦਵਾਰੇ ਵਿਚ ਵੀ ਜੋ ਕਿ ਪਹਿਲੀ ਪਾਤਸ਼ਾਹੀ ਦੀ ਚਰਨ ਛੋਹ ਯਾਦਗਾਰ ਹੈ, ਇਥੇ ਵੀ ਸ਼੍ਰੀ ਚੰਦ ਦਾ ਧੂਣਾ ਅਤੇ ਫ਼ੋਟੋ ਵੇਖਣ ਨੂੰ ਮਿਲਦੀ ਹੈ।

ਰੀਕਾਰਡ ਖੰਘਾਲਿਆ। ਸੱਭ ਬਚਨ ਪ੍ਰਗਟ ਹੋਏ। ਇਹ ਜਗਤੁ ਗੁਰੂ ਪੀਰੁ ਬਾਬਾ ਨਾਨਕ ਹੀ ਸਨ, ਜਿਨ੍ਹਾਂ ਦੀਆਂ ਤੋਂ ਵੈਰ ਵਿਰੋਧ ਦੀ ਦਲਦਲ ਵਿਚ ਖੁਭੇ ਨਾਥਾਂ, ਜੋਗੀਆਂ, ਬ੍ਰਾਹਮਣਾਂ, ਵੈਸ਼ਨਵਾਂ, ਸ਼ੈਵਾ, ਸੇਖਾ, ਮੌਲਵੀਆਂ, ਕਾਜ਼ੀਆਂ, ਜੈਨੀਆਂ ਅਤੇ ਬੋਧੀਆਂ ਨੂੰ ਬੋਧਗਯਾ ਦੇ ਬੋਧੀਮਠ ਵਿਚ ਮੁਖ਼ਾਤਬ ਹੋ ਕੇ ਸਾਂਝੀਵਾਲਤਾ, ਭਾਈਚਾਰਕ, ਮੇਲਜੋਲ ਦਾ ਪੈਗ਼ਾਮ ਦਿਤਾ। ਬਾਬੇ ਨਾਨਕ ਦੀ ਬਿਹਾਰ ਯਾਤਰਾ ਦਾ ਇਹ ਸਿਖਰ ਵੀ ਅਤੇ ਇਤਿਹਾਸ ਦਾ ਸੁਵਰਨ ਅੱਖਰੀ ਲਿਖਿਆ ਪੰਨਾ ਵੀ ਸੀ।
- ਜਸਵੰਤ ਸਿੰਘ,  ਸੰਪਰਕ : 94669-38792