ਬਾਪੂ (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

''ਮੈਨੇਜਰ ਸਾਹਿਬ! ਮੈਂ ਸਰਦਾਰ ਬਲਬੀਰ ਸਿੰਘ ਜੀ ਹੁਰਾਂ ਨੂੰ ਮਿਲਣਾ ਚਾਹੁੰਦਾ ਹਾਂ।''

Father

''ਮੈਨੇਜਰ ਸਾਹਿਬ! ਮੈਂ ਸਰਦਾਰ ਬਲਬੀਰ ਸਿੰਘ ਜੀ ਹੁਰਾਂ ਨੂੰ ਮਿਲਣਾ ਚਾਹੁੰਦਾ ਹਾਂ।''
ਅੱਗੋਂ ਸਵਾਲ ਆਇਆ, ''ਤੁਸੀ ਕੌਣ ਹੋ?''
''ਮੈਂ ਹਰਕੀਰਤ ਸਿੰਘ ਕੈਨੇਡਾ ਤੋਂ, ਉਨ੍ਹਾਂ ਦਾ ਬੇਟਾ।''
''ਬੇਟਾ..?? ਇਹ ਕਿੱਦਾਂ ਹੋ ਸਕਦੈ, ਜੇ ਤੂੰ ਉਨ੍ਹਾਂ ਦਾ ਬੇਟਾ ਹੁੰਦਾ ਤਾਂ ਅਪਣੇ ਬਾਪ ਨੂੰ ਇਸ ਬਿਰਧ ਘਰ ਵਿਚ ਨਾ ਛੱਡ ਕੇ ਜਾਂਦਾ...।''

''ਨਹੀਂ ਸਰ, ਸ਼ਾਇਦ ਤੁਸੀ ਗ਼ਲਤ ਸਮਝ ਰਹੇ ਹੋ.. ਮੈਂ ਕਲ ਰਾਤ ਹੀ ਕੈਨੇਡਾ ਤੋਂ 10 ਸਾਲ ਬਾਅਦ ਵਾਪਸ ਆਇਆ ਹਾਂ। ਮੈਨੂੰ ਤਾਂ ਅੱਜ ਕਈ ਸਾਲਾਂ ਬਾਅਦ ਪਤਾ ਲੱਗਾ ਕਿ ਮੇਰੇ ਪਿਤਾ ਜੀ ਇਥੇ ਹਨ। ਪਲੀਜ਼ ਮੈਨੂੰ ਉਨ੍ਹਾਂ ਨਾਲ ਮਿਲਵਾ ਦਿਉ। ਮੈਂ ਉਨ੍ਹਾਂ ਨੂੰ ਅਪਣੇ ਨਾਲ ਲਿਜਾਣ ਲਈ ਆਇਆ ਹਾਂ।'' ''ਆਉ ਤੁਹਾਨੂੰ ਮਿਲਵਾਉਂਦਾ ਹਾਂ ਤੁਹਾਡੇ ਪਿਤਾ ਜੀ ਨਾਲ'', ਕਹਿ ਕੇ ਬਿਰਧ ਘਰ ਦਾ ਮੈਨੇਜਰ ਅਪਣੀ ਕੁਰਸੀ ਤੋਂ ਉਠਿਆ ਅਤੇ ਬਰਾਂਡੇ ਵਲ ਨੂੰ ਹੋ ਤੁਰਿਆ। ਬਰਾਂਡੇ ਦੇ ਕੋਲ ਇਕ ਖਿੜਕੀ ਦੇ ਨੇੜਿਉਂ ਮੈਨੇਜਰ ਨੇ ਕਿਹਾ ਕਿ, 'ਉਹ ਨੀਲੇ ਦਸਤਾਰੇ ਸਜਾਈ ਖੜਾ, ਅਪਣੇ ਪੁੱਤਰ ਕੀਰਤ ਬਾਰੇ ਅਪਣੇ ਸਾਥੀਆਂ ਨਾਲ ਗੱਲ ਕਰ ਰਿਹਾ ਹੈ ਤੇ ਹਮੇਸ਼ਾ ਹੀ ਕਰਦਾ ਰਹਿੰਦਾ ਹੈ।'

ਬਲਬੀਰ ਸਿੰਘ ਦੇ ਚਿਹਰੇ ਤੇ ਝੁਰੜੀਆਂ, ਗੋਰਾ ਰੰਗ, ਚਿੱਟੀ ਚਾਂਦਨੀ ਦੇ ਵਰਗੇ ਚਿੱਟੇ ਲਿਸ਼ਕਦੇ ਵਾਲ, ਖੜੀਆਂ ਮੁੱਛਾਂ, ਥੱਲੇ ਚਿੱਟਾ ਬਿਸਕੁਟੀ ਡੱਬੀਆਂ ਵਾਲਾ ਚਾਦਰਾ, ਪੈਰੀਂ ਕਾਲੇ ਮੌਜੇ ਤੇ ਦੁੱਧ ਚਿੱਟਾ ਕੁੜਤਾ ਪਾਈ, ਹੱਥ ਵਿਚ ਇਕ ਖੂੰਡੀ ਫੜ ਕੇ, ਅੱਖਾਂ ਤੇ ਲੱਗੀਆਂ ਵੱਡੀਆਂ-ਵੱਡੀਆਂ ਐਨਕਾਂ ਰਾਹੀਂ ਗੱਲ ਸੁਣ ਰਹੇ ਸਾਥੀਆਂ ਵਲ ਧਿਆਨ ਨਾਲ ਵੇਖਦਾ ਹੋਇਆ ਪੂਰੇ ਜੋਸ਼ ਨਾਲ ਦੱਸ ਰਿਹਾ ਸੀ, ''ਯਾਰੋ! ਮੈਂ ਬਾਪ ਵਲੋਂ ਮਿਲੇ ਦੋ ਕਿੱਲੇ ਜ਼ਮੀਨ ਤੋਂ 100 ਕਿੱਲੇ ਬਣਾਏ ਸੀ, ਪਰ ਜਦ ਭੋਗਣ ਦਾ ਵੇਲਾ ਆਇਆ ਤਾਂ ਮੇਰੇ ਪੁੱਤਰ ਨੇ ਮੈਨੂੰ ਇਥੇ ਸੁੱਟ ਦਿਤਾ।

ਮੇਰੇ ਕਮਾਏ 98 ਕਿੱਲੇ ਤਾਂ ਕੀ ਮਿਲਣੇ ਸੀ, ਜਿਹੜੇ ਮੇਰੇ ਬਾਪ ਨੇ ਮੈਨੂੰ ਦੋ ਕਿੱਲੇ ਦਿਤੇ ਸੀ ਉਹ ਵੀ ਜਾਂਦੇ ਰਹੇ। ਜੇ ਮੇਰਾ ਵੱਡਾ ਪੁੱਤਰ, ਕੀਰਤ ਮੇਰੇ ਤੋਂ ਦੂਰ ਨਾ ਜਾਂਦਾ ਤਾਂ ਅੱਜ 100 ਦੇ 200 ਕਿੱਲੇ ਹੋ ਜਾਣੇ ਸੀ, ਪਰ ਵਾਹਿਗੁਰੂ ਦੇ ਘਰ ਦੇਰ ਹੈ ਹਨੇਰ ਨਹੀਂ, ਜਲਦੀ ਹੀ ਮੈਂ ਇਥੋਂ ਚਲਿਆ ਜਾਣੈ ਫਿਰ ਅਪਣੇ ਘਰ ਵਾਪਸ, ਕਿਉਂਕਿ ਮੇਰਾ ਪੁੱਤਰ ਕੀਰਤ ਇਕ ਨਾ ਇਕ ਦਿਨ ਮੈਨੂੰ ਜ਼ਰੂਰ ਲੈਣ ਆਏਗਾ..'' ਕਹਿੰਦਿਆਂ ਹੀ ਬਲਬੀਰ ਸਿੰਹੁ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਤੇ ਗਲ ਭਰ ਗਿਆ...। (ਚਲਦਾ..)

(ਇਕਵਾਕ ਸਿੰਘ ਪੱਟੀ - ਅੰਮ੍ਰਿਤਸਰ।)