ਬਾਪੂ (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਕੋਲ ਬੈਠਾ ਪ੍ਰਦੂਮਣ ਸਿੰਘ ਬੋਲਿਆ, ''ਬਲਬੀਰ ਸਿੰਹਾਂ ਤਕੜਾ ਬਣ ਤਕੜਾ, ਐਵੇਂ ਹਿੰਮਤ ਨਹੀਂ ਹਾਰੀਦੀ.......

Father

ਕੋਲ ਬੈਠਾ ਪ੍ਰਦੂਮਣ ਸਿੰਘ ਬੋਲਿਆ, ''ਬਲਬੀਰ ਸਿੰਹਾਂ ਤਕੜਾ ਬਣ ਤਕੜਾ, ਐਵੇਂ ਹਿੰਮਤ ਨਹੀਂ ਹਾਰੀਦੀ। ਉਸ ਦੀ ਦਰਗਾਹ ਤੋਂ ਕਦੇ ਕੋਈ ਨਹੀਂ ਮੁੜਿਆ, ਬਲਬੀਰ ਸਿੰਹਾਂ ਸੱਚ ਨੂੰ ਪਛਾਣ, ਹਿੰਮਤ ਰੱਖ।'' ''ਨਹੀਂ ਪ੍ਰਦੂਮਣ ਸਿੰਘਾਂ! ਉਹ ਉਸ ਦੀ ਦਰਗਾਹ ਤੇ ਨਹੀਂ ਗਿਆ, ਉਹ ਤਾਂ ਇਥੇ ਕਿਤੇ ਈ ਏ, ਬਸ ਐਵੇਂ ਲੁਕਣ ਮਿਟੀ ਖੇਡਦਾ ਕਿਤੇ ਲੁੱਕ ਗਿਆ ਹੈ, ਮੈਥੋਂ ਲਭਿਆ ਨਹੀਂ ਗਿਆ, ਪਰ ਵੇਖੀਂ, ਉਹਨੇ ਆਪੇ ਈ ਬਾਹਰ ਆ ਕੇ, ਘੁੱਟ ਕੇ ਗਲ ਨਾਲ ਲਾ ਲੈਣਾ ਏ ਤੇ ਆਖਣੈ  ''ਬਾਪੂ ਮੈਂ ਆ ਗਿਆ...।''

ਗੁਰਕੀਰਤ ਦੇ ਪੈਰ ਬਾਪੂ ਦੀਆਂ ਗੱਲਾਂ ਸੁਣ ਕੇ ਉਸ ਵਲ ਭੱਜ ਪਏ ਤੇ ਜ਼ੋਰ ਦੀ ਆਵਾਜ਼ ਮਾਰੀ... ''ਹਾਂ ਬਾਪੂ ਮੈਂ ਆ ਗਿਆ ਈ, ਆ ਜਾ ਮੇਰੇ ਕਾਲਜੇ ਲੱਗ ਜਾ ਬਾਪੂ, ਤੇਰੇ ਬਿਨਾਂ ਕਦੇ ਕਿਸੇ ਖ਼ੁਸ਼ੀ ਨੂੰ, ਕਿਸੇ ਸੁੱਖ ਨੂੰ ਮਾਣ ਨਹੀਂ ਸਕਿਆ ਮੈਂ...'' ਆਵਾਜ਼ ਸੁਣ ਕੇ ਬਲਬੀਰ ਸਿੰਘ ਨੇ ਪਿੱਛੇ ਮੁੜ ਗੁਰਕੀਰਤ ਨੂੰ ਵੇਖਿਆ, ਹੱਥੋਂ ਖੁੰਡੀ ਛੁੱਟ ਗਈ, ਲੱਤਾਂ ਵਿਚ ਜਾਨ ਆ ਗਈ ਤੇ ਉੱਚੀ ਸਾਰੀ ਬੋਲਿਆ, ''ਵੇਖ ਉਏ ਪ੍ਰਦੁਮਣਿਆਂ, ਉਹ ਸੱਚੀਂ ਆ ਗਿਆ ਈ ਮੇਰਾ ਪੁੱਤਰ ਕੀਰਤ, ਮੈਂ ਨਾ ਕਹਿੰਦਾ ਸੀ ਕਿ ਉਹ ਜ਼ਰੂਰ ਆਊਗਾ!'' ਕਹਿੰਦਾ ਹੋਇਆ ਪੁੱਤਰ ਕੀਰਤ ਦੇ ਘੁੱਟ ਕੇ ਗਲ ਲੱਗ ਗਿਆ।

ਮਾਹੌਲ ਬੜਾ ਭਾਵੁਕ ਤੇ ਗਮਗੀਨ ਹੋ ਗਿਆ। ''ਕਿਥੇ ਚਲਿਆ ਗਿਆ ਸੀ ਪੁੱਤਰਾ, ਬਸ ਤੈਨੂੰ ਆਖ਼ਰੀ ਵਾਰ ਵੇਖਣ ਲਈ ਹੀ ਜਿਊਂਦਾ ਹਾਂ। ਉਹ ਪ੍ਰਮਾਤਮਾ ਬੜਾ ਬਲੀ ਹੈ, ਮੇਰੀ ਅਰਦਾਸ ਉਸ ਨੇ ਸੁਣ ਲਈ, ਮੈਂ ਧਨ ਹੋ ਗਿਆ ਪੁੱਤਰਾ, ਮੈਂ ਧਨ ਹੋ ਗਿਆ।'' ''ਬਾਪੂ ਮੈਂ ਕਿਤੇ ਨਹੀਂ ਸੀ ਗਿਆ, ਬਸ ਰੱਬ ਦੀ ਮਰਜ਼ੀ ਹੀ ਸੀ।'' ਬਿਰਧ ਘਰ ਦੀ ਮੈਨੇਜਮੈਂਟ ਨੇ ਦੋਹਾਂ ਪਿਉ ਪੁੱਤਰਾਂ ਦੀ ਇਸ ਮਿਲਣੀ ਨੂੰ ਮਾਣਿਆ ਅਤੇ ਪਿਉ-ਪੁੱਤਰ ਦੇ ਇਕ ਸੱਚੇ ਰਿਸ਼ਤੇ ਨੂੰ ਵੇਖਿਆ।

ਹੁਣ ਬਸ ਸਾਰਿਆਂ ਦੇ ਦਿਲ ਵਿਚ ਇਹੀ ਸਵਾਲ ਸੀ ਕਿ ਇਸ ਸਾਰੇ ਪਿੱਛੇ ਮਾਜ਼ਰਾ ਕੀ ਹੈ? ਸੱਭ ਦੀਆਂ ਅੱਖਾਂ ਕੀਰਤ ਅਤੇ ਬਲਬੀਰ ਸਿੰਘ ਵਲ ਟਿਕੀਆਂ ਹੋਈਆਂ ਸਨ। ਮਨ ਵਿਚ ਕਾਫ਼ੀ ਕੁੱਝ ਆ ਰਿਹਾ ਸੀ ਕਿ ਕੀਰਤ ਤਾਂ ਮਰ ਚੁੱਕਾ ਸੀ ਜਾਂ ਬਲਬੀਰ ਸਿੰਘ ਸੱਚ ਬੋਲਦਾ ਸੀ? ਕੁੱਝ ਵੀ ਕਿਸੇ ਦੀ ਸਮਝ ਵਿਚ ਨਹੀਂ ਸੀ ਆ ਰਿਹਾ। ਜੇ ਦੋਹਾਂ ਪਿਉ-ਪੁੱਤਰਾਂ ਵਿਚ ਏਨਾ ਪਿਆਰ ਹੈ ਤਾਂ ਘਰੋਂ ਚੁੱਕ ਕੇ ਪਿਉ ਨੂੰ ਇਥੇ ਕਿਉਂ ਸੁੱਟ ਗਿਆ? ਪਿਛਲੇ ਏਨੇ ਸਾਲਾਂ ਵਿਚ ਪਿਉ ਦੀ ਯਾਦ ਕਿਉਂ ਨਾ ਆਈ? (ਚਲਦਾ...)

(ਇਕਵਾਕ ਸਿੰਘ ਪੱਟੀ - ਅੰਮ੍ਰਿਤਸਰ।)