ਬਾਪੂ (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਹਰਕੀਰਤ ਨੇ ਸਾਰੀ ਕਹਾਣੀ ਦਸਣੀ ਸ਼ੁਰੂ ਕੀਤੀ, ''ਅਸੀ ਦੋ ਭਰਾ ਹਾਂ, ਮੈਂ ਅਤੇ ਮੇਰਾ ਛੋਟਾ ਮਨਬੀਰ ਸਿੰਘ........

Father

ਹਰਕੀਰਤ ਨੇ ਸਾਰੀ ਕਹਾਣੀ ਦਸਣੀ ਸ਼ੁਰੂ ਕੀਤੀ, ''ਅਸੀ ਦੋ ਭਰਾ ਹਾਂ, ਮੈਂ ਅਤੇ ਮੇਰਾ ਛੋਟਾ ਮਨਬੀਰ ਸਿੰਘ। ਸਾਡੀ ਮਾਂ ਬਚਪਨ ਵਿਚ ਗੁਜ਼ਰ ਗਈ ਸੀ। ਉਦੋਂ ਮੇਰੀ ਉਮਰ 7 ਸਾਲ ਤੇ ਛੋਟੇ ਦੀ 3 ਕੁ ਸਾਲ ਸੀ। ਦੋਹਾਂ ਭਰਾਵਾਂ ਨੂੰ ਕਿਤੇ ਮਤਰੇਈ ਮਾਂ ਕਿਸੇ ਤਰ੍ਹਾਂ ਕੋਈ ਦੁੱਖ, ਕਸ਼ਟ ਨਾ ਦੇਵੇ, ਮੇਰੇ ਬਾਪੂ ਨੇ ਕਦੇ ਦੂਜੇ ਵਿਆਹ ਦੀ ਸੋਚੀ ਵੀ ਨਾ। ਸਾਡੀ ਮਾਂ ਵੀ ਇਹੋ ਤੇ ਪਿਉ ਵੀ ਇਹੋ ਸੀ। ਇਕ ਮਿਹਨਤਕਸ਼ ਇਨਸਾਨ ਹੋਣ ਦੇ ਨਾਲ ਧਾਰਮਕ ਬਿਰਤੀ ਹੋਣ ਕਰ ਕੇ ਇਸ ਬੰਦੇ ਵਿਚ ਰੱਬ ਤੇ ਭਰੋਸਾ, ਸਹਿਜ ਤੇ ਸਬਰ-ਸੰਤੋਖ ਕਦੇ ਨਾ ਮੁਕਿਆ। ਸਾਨੂੰ ਦੋਹਾਂ ਭਰਾਵਾਂ ਨੂੰ ਪੜ੍ਹਾਇਆ-ਲਿਖਾਇਆ ਤੇ ਵੱਡੇ ਕੀਤਾ।

ਜਦ ਜਵਾਨੀ ਵਿਚ ਪੈਰ ਧਰਦਿਆਂ ਮੇਰੇ ਵਿਆਹ ਦੀ ਗੱਲ ਨਾਲ ਦੇ ਪਿੰਡ ਚੱਲੀ ਤਾਂ ਮੈਂ ਬਾਪੂ ਨੂੰ ਕਿਹਾ ਬਾਪੂ, ਮੈਂ ਬਾਹਰ ਜਾਣਾ ਚਾਹੁੰਦਾ ਹਾਂ ਜੇ ਤੂੰ ਹਾਂ ਕਰ ਦੇਵੇਂ। ਵਿਆਹ ਤਾਂ ਬਾਅਦ ਵਿਚ ਵੀ ਹੋਜੂ ਮੈਂ ਵਿਦੇਸ਼ ਜਾ ਕੇ ਹੋਰ ਵੀ ਕਾਮਯਾਬ ਬਣਨਾ ਚਾਹੁੰਦਾ ਹਾਂ। ਬਾਪੂ ਨੇ ਨਾ ਚਾਹੁੰਦਿਆਂ ਵੀ ਅਪਣੀ ਅੱਧੀ ਜ਼ਮੀਨ ਵੇਚ ਛੱਡੀ ਤੇ ਠੱਗ ਏਜੰਟਾਂ ਦੇ ਢਹੇ ਚੜ੍ਹ ਕੇ ਲੱਖਾਂ ਰੁਪਿਆਂ ਦਾ ਨੁਕਸਾਨ ਕਰਵਾ ਕੇ, ਸਾਲ ਦੋ ਸਾਲ ਦੀ ਜੱਦੋ ਜਹਿਦ ਕਰ ਕੇ ਮੈਨੂੰ ਵਿਦੇਸ਼ ਭੇਜ ਦਿਤਾ। ਬੁਰੀ ਕਿਸਮਤ, ਵੀਜ਼ਾ ਨਕਲੀ ਸੀ ਤੇ ਦੂਜਾ ਸਾਨੂੰ ਕਿਤੇ ਹੋਰ ਹੀ ਇਲਾਕੇ ਜੰਗਲਾਂ ਬੀਆਬਾਨਾਂ ਵਿਚ ਛੱਡ ਦਿਤਾ ਗਿਆ। ਛੇ ਮਹੀਨੇ ਦੀ ਜੱਦੋ-ਜਹਿਦ ਬਾਅਦ ਸਮੁੰਦਰ ਦੇ ਰਸਤੇ ਅਸੀ ਉਥੇ ਪੁੱਜੇ।

ਪਹਿਲਾਂ ਲੁੱਕ ਛਿਪ ਕੇ ਕੰਮ ਕਰਦੇ ਰਹੇ, ਫਿਰ ਹੌਲੀ ਹੌਲੀ ਸਖ਼ਤ ਮਿਹਨਤ ਨਾਲ, ਜੋ ਅਪਣੇ ਬਾਪੂ ਤੋਂ ਸਿਖੀ ਸੀ ਉਸ ਦੀ ਬਰਕਤ ਨਾਲ ਮੈਂ ਤਿੰਨ ਸਾਲ ਬਾਅਦ ਪੱਕਾ ਹੋਇਆ। ਘਰ ਫ਼ੋਨ ਕਰਦਾ ਰਿਹਾ ਪਰ ਕਦੇ ਵੀ ਘਰ ਦੇ ਕਿਸੇ ਜੀਅ ਨਾਲ ਗੱਲ ਨਾ ਹੋ ਸਕੀ। ਛੋਟੇ ਮਨਬੀਰ ਨੇ ਇਕ ਵਾਰ ਫ਼ੋਨ ਚੁੱਕਿਆ ਤੇ ਦਸਿਆ ਕਿ ਬਾਪੂ ਦੀ ਸੰਖੇਪ ਬੀਮਾਰੀ ਤੋਂ ਪਿਛੋਂ ਮੌਤ ਹੋ ਗਈ ਹੈ, ਦੋ ਸਾਲ ਹੋ ਚੁੱਕੇ ਹਨ। ਪਰ ਮੈਨੂੰ ਬਾਪੂ ਦੀ ਮੌਤ ਦਾ ਯਕੀਨ ਨਾ ਹੋਇਆ। ਖ਼ੈਰ!

ਅਣਚਾਹੇ ਜਿਹੇ ਮਨ ਨਾਲ ਇਸ ਭਾਣੇ ਨੂੰ ਮੰਨ ਲਿਆ। ਹਰਕੀਰਤ ਨੇ ਅੱਗੇ ਦਸਿਆ ਕਿ ਜਦੋਂ ਮੈਂ ਕੈਨੇਡਾ ਗਿਆ ਸੀ, ਉਸੇ ਦਿਨ ਇਕ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਪਿੱਛੇ ਵੀ ਇਹੀ ਸੱਚ ਸੀ ਕਿ ਏਜੰਟ ਧੋਖੇਬਾਜ਼ ਸੀ, ਤੇ ਲੋਕ ਉਸ ਕੋਲੋਂ ਅਪਣੇ ਪੁੱਤਰਾਂ ਬਾਰੇ ਨਾ ਪੁੱਛਣ, ਇਸ ਲਈ ਉਸ ਨੇ ਉਸ ਹਾਦਸਾਗ੍ਰਸਤ ਜਹਾਜ਼ ਨੂੰ, ਸਾਡੇ ਵਾਲਾ ਜਹਾਜ਼ ਬਣਾ ਦਿਤਾ। (ਚਲਦਾ...)

(ਇਕਵਾਕ ਸਿੰਘ ਪੱਟੀ - ਅੰਮ੍ਰਿਤਸਰ।)