ਬਾਪੂ (ਭਾਗ 4)

ਸਪੋਕਸਮੈਨ ਸਮਾਚਾਰ ਸੇਵਾ

ਬਾਕੀ ਬਾਪੂ ਜੀ ਤੁਸੀ ਦੱਸੋ, ਕੀ ਗੱਲ ਹੋਈ ਸੀ??

Father

ਬਾਕੀ ਬਾਪੂ ਜੀ ਤੁਸੀ ਦੱਸੋ, ਕੀ ਗੱਲ ਹੋਈ ਸੀ?? ਹੋਣਾਂ ਕੀ ਸੀ ਪੁੱਤਰਾ, ਮੈਂ ਤਾਂ ਕਦੀ ਵੀ ਯਕੀਨ ਨਹੀਂ ਕੀਤਾ ਕਿ ਮੇਰਾ ਪੁੱਤਰ ਇਸ ਦੁਨੀਆਂ ਵਿਚ ਨਹੀਂ ਹੈ। ਲੋਕੀ ਜੋ ਮਰਜ਼ੀ ਪਏ ਸੀ ਕਹਿੰਦੇ, ਮੈਨੂੰ ਪੂਰਾ ਯਕੀਨ ਸੀ ਉਸ ਸੱਚੇ ਰੱਬ ਤੇ, ਕਿ ਮੇਰੇ ਤੋਂ ਮੇਰਾ ਪੁੱਤਰ ਇਦਾਂ ਨਹੀਂ ਖੋਹ ਸਕਦਾ। ਭਰੋਸਾ ਸੀ ਕਿ ਇਕ ਨਾ ਇਕ ਦਿਨ ਤੂੰ ਜ਼ਰੂਰ ਆਏਂਗਾ। ਛੋਟੇ ਮਨਬੀਰ ਨੇ ਵੀ ਘਰ, ਬਿਨਾਂ ਗੱਲ ਕੀਤਿਆਂ ਕੋਰਟ ਮੈਰਿਜ ਕਰਵਾ ਲਈ ਤੇ ਅਪਣੀ ਵਹੁਟੀ ਸਮੇਤ ਘਰ ਆ ਢੁਕਿਆ। ਚੱਲੋ ਘਰ ਵਿਚ ਧੀ ਆ ਗਈ, ਰੋਟੀ-ਟੁੱਕ ਸੋਹਣਾ ਪੱਕਣ ਲੱਗ ਪਿਆ ਤੇ ਜ਼ਿੰਦਗੀ ਮੁੜ ਹੌਲੀ-ਹੌਲੀ ਲੀਹਾਂ ਤੇ ਆਉਣ ਲੱਗ ਪਈ।

ਪਰ ਸਮਾਂ ਬੀਤਣ ਦੇ ਨਾਲ ਅਪਣੀ ਘਰ ਵਾਲੀ ਦੇ ਮਗਰ ਲੱਗ ਕੇ ਮਨਬੀਰ ਨੇ ਮੇਰੀ ਸਾਰੀ ਜਾਇਦਾਦ ਨੂੰ ਅਪਣੇ ਨਾਮ ਤੇ ਕਰਵਾਉਣ ਲਈ ਮੈਨੂੰ ਕਿਹਾ, ਮੈਂ ਇਕ ਤੇਰਾ ਤੇ ਇਕ ਉਸ ਦਾ ਦੋ ਹਿੱਸੇ ਕਰਦਾ ਸੀ, ਪਰ ਉਹ ਸਾਰੀ ਜ਼ਮੀਨ ਚਾਹੁੰਦਾ ਸੀ। ਮੈਂ ਬੜਾ ਸਮਝਾਇਆ ਕਿ ਮੇਰੇ ਮਗਰੋਂ ਇਹ ਸਾਰੀ ਤੇਰੀ ਹੀ ਹੋ ਜਾਣੀ ਹੈ, ਪਰ ਉਹ ਜ਼ਨਾਨੀ ਦੀ ਚੁਕਣਾ ਵਿਚ ਆ ਕੇ ਕਾਗ਼ਜ਼ੀ ਕਾਰਵਾਈ ਮੁਕਾਉਣ ਲਈ ਕਾਹਲਾ ਪੈਣ ਲੱਗ ਪਿਆ। ਉਸ ਦੀ ਘਰ ਵਾਲੀ ਵੀ ਨਿੱਤ ਕਲੇਸ਼ ਕਰਦੀ, ਘਰ ਵਿਚ ਸੁੱਖ ਸ਼ਾਂਤੀ ਕਿਧਰੇ ਉੱਡ ਹੀ ਗਈ। ਉਹ ਕੰਮ ਤੇ ਜਾਂਦਾ ਤੇ ਮਗਰੋਂ ਮੈਨੂੰ ਸ਼ਾਮਾਂ ਤਕ ਰੋਟੀ ਨਾ ਜੁੜਦੀ।

ਮੈਂ ਸੱਚੇ ਪਰਵਦਗਾਰ ਦੇ ਭਾਣੇ ਵਿਚ ਕਦੀਂ ਗੁਰਦਵਾਰੇ ਲੰਗਰ ਛੱਕ ਆਉਂਦਾ ਤੇ ਕਦੀ ਦੋ ਰੋਟੀਆਂ ਨਾਲ ਲੈ ਆਉਂਦਾ। ਜਦ ਨੂੰਹ ਸੱਜੇ-ਖੱਬੇ ਹੁੰਦੀ ਤਾਂ ਚੋਰੀ-ਚੋਰੀ ਖਾ ਕੇ ਵਕਤ ਲੰਘਾ ਲੈਂਦਾ। ਇਕ ਦਿਨ ਮੈਨੂੰ ਹਾਰਟ ਅਟੈਕ ਆ ਗਿਆ। ਦੋਵੇਂ ਨੂੰਹ ਤੇ ਪੁੱਤਰ ਮੈਨੂੰ ਹਸਪਤਾਲ ਲੈ ਗਏ। ਮੇਰੇ ਦਿਲ ਤੇ ਬੜਾ ਬੋਝ ਸੀ ਪੁੱਤਰਾ। ਆਖ਼ੀਰ ਮੈਂ ਹਾਰ ਮਨ ਕੇ ਜੀਊਂਦਾ ਰਹਿਣ ਲਈ ਤੇ ਤੇਰੀ ਤਾਂਘ ਵਿਚ, ਸਾਰੀ ਜ਼ਮੀਨ ਜਾਇਦਾਦ ਛੋਟੇ ਪੁੱਤਰ ਮਨਬੀਰ ਦੇ ਨਾਮ ਕਰ ਦਿਤੀ।

ਇਸ ਨਾਲ ਕਲੇਸ਼ ਤਾਂ ਮੁੱਕ ਗਿਆ। ਪਰ ਉਸ ਨੇ ਜ਼ਮੀਨ ਵੇਚਣੀ ਸ਼ੁਰੂ ਕਰ ਦਿਤੀ ਤੇ ਬਦਲੇ ਵਿਚ ਮਿਲਣ ਵਾਲੇ ਪੈਸਿਆਂ ਨਾਲ ਐਸ਼-ਇਸ਼ਰਤ ਦੀਆਂ ਮਹਿੰਗੀਆਂ ਚੀਜ਼ਾਂ ਘਰ ਆਉਣ ਲੱਗ ਪਈਆਂ, ਜਿਨ੍ਹਾਂ ਵਿਚ ਚੰਦਰੀ ਸ਼ਰਾਬ ਵੀ ਇਸ ਘਰ ਵਿਚ ਆਣ ਵੜੀ। (ਚਲਦਾ...)
(ਇਕਵਾਕ ਸਿੰਘ ਪੱਟੀ - ਅੰਮ੍ਰਿਤਸਰ।)