ਬਾਪੂ (ਭਾਗ 5)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਮਨਬੀਰ ਅਕਸਰ ਨਸ਼ੇ ਵਿਚ ਰਹਿੰਦਾ ਤੇ ਇਸ ਸ਼ਰਾਬ ਦੀ ਨਿੱਕੀ ਜਹੀ ਬੋਤਲ ਵਿਚ ਤੇਰੀ ਪਿਉ ਦੀ ਸਾਰੀ ਜ਼ਿੰਦਗੀ ਦੀ ਮਿਹਨਤ.........

Father

ਮਨਬੀਰ ਅਕਸਰ ਨਸ਼ੇ ਵਿਚ ਰਹਿੰਦਾ ਤੇ ਇਸ ਸ਼ਰਾਬ ਦੀ ਨਿੱਕੀ ਜਹੀ ਬੋਤਲ ਵਿਚ ਤੇਰੀ ਪਿਉ ਦੀ ਸਾਰੀ ਜ਼ਿੰਦਗੀ ਦੀ ਮਿਹਨਤ, ਘਰ ਦੀ ਜ਼ਮੀਨ-ਜਾਇਦਾਦ ਰੁੜ੍ਹਨ ਲੱਗ ਪਈ। ਜਦ ਇਕ ਵਾਰ ਮੈਂ ਰੋਕਿਆ ਤਾਂ ਘਰ ਵਿਚ ਪੂਰਾ ਮਹਾਂਭਾਰਤ ਹੋਇਆ ਤੇ ਅਗਲੇ ਦਿਨ ਮਨਬੀਰ ਮੈਨੂੰ ਹਸਪਤਾਲੋਂ ਦਵਾਈ ਲੈਣ ਦੇ ਬਹਾਨੇ ਗੱਡੀ ਵਿਚ ਬਿਠਾ ਕੇ, ਇਸ ਬਿਰਧ ਘਰ ਦੇ ਸਾਹਮਣੇ ਛੱਡ ਗਿਆ। ਮੈਂ ਸੱਭ ਕੁੱਝ ਸਮਝ ਗਿਆ ਅਤੇ ਇਥੇ ਆ ਕੇ ਠਹਿਰ ਗਿਆ। ਇਥੇ ਮੈਨੂੰ ਮੇਰੇ ਵਰਗੇ ਹੋਰ ਯਾਰ ਮਿਲ ਪਏ ਤੇ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ। ਨਾ ਇਥੇ ਕਦੇ ਮਨਬੀਰ ਆਇਆ ਤੇ ਨਾ ਹੀ ਮੈਂ ਉਸ ਕੋਲ ਮੁੜ ਕਦੇ ਗਿਆ।

ਪਰ ਕੀਰਤ ਪੁੱਤਰ! ਤੈਨੂੰ ਕਿੱਦਾਂ ਪਤਾ ਲੱਗਾ ਮੈਂ ਇਥੇ ਹਾਂ..?''
''ਬਾਪੂ ਜੀ, ਛੋਟੇ ਵੀਰ ਮਨਬੀਰ ਨੇ ਦਸਿਆ...।''
''..... ਉਹ ਤੇਰਾ ਛੋਟਾ ਵੀਰ ਨਹੀਂ ਪੁੱਤਰ, ਮੇਰਾ ਇਕੋ ਈ ਪੁੱਤਰ ਏ ਮੇਰਾ ਕੀਰਤ।''
''... ਨਹੀਂ ਬਾਪੂ ਜੀ! ਉਹ ਬੜਾ ਸ਼ਰਮਿੰਦਾ ਹੈ ਅਪਣੇ ਕੀਤੇ ਤੇ। ਬਾਪੂ ਜੀ ਤੁਹਾਨੂੰ ਇਥੇ ਛੱਡ ਕੇ ਜਾਣ ਮਗਰੋਂ ਉਸ ਦੀ ਗੱਡੀ ਦਾ ਰਸਤੇ ਵਿਚ ਐਕਸੀਡੈਂਟ ਹੋ ਗਿਆ ਸੀ

ਜਿਸ ਕਰ ਕੇ ਉਸ ਦੀ ਇਕ ਲੱਤ ਬੁਰੀ ਤਰ੍ਹਾਂ ਟੁੱਟ ਗਈ। ਉਸ ਦੇ ਇਲਾਜ ਤੇ ਰਹਿੰਦੀ ਜਾਇਦਾਦ ਵੀ ਜਾਂਦੀ ਰਹੀ ਤੇ ਘਰ ਵਾਲੀ ਅਤੇ ਉਸ ਦੇ ਬੱਚੇ ਸੜਕ ਤੇ ਆ ਗਏ। ਉਸ ਦੀ ਘਰ ਵਾਲੀ ਵੀ ਸਾਹ ਦੀ ਬੀਮਾਰੀ ਨਾਲ ਪੀੜਤ ਹੈ ਤੇ ਦੋਵੇਂ ਹਸਪਤਾਲ ਵਿਚ ਮਰੀਜ਼ ਬਣੇ ਪਏ ਨੇ। ਇਕ ਟੁੱਟੀ ਜਿਹੀ ਝੌਂਪੜੀ ਵਿਚ ਗੁਜ਼ਾਰਾ ਕਰਦੇ ਨੇ। ਮੈਂ ਤਾਂ ਅਕਸਰ ਹੀ ਇੰਡੀਆ ਫ਼ੋਨ ਕਰਦਾ ਰਿਹਾ, ਪਰ ਨੰਬਰ ਬੰਦ ਰਿਹਾ ਤੇ ਮੈਂ ਇਨ੍ਹਾਂ ਬਾਰੇ ਪਤਾ ਨਹੀਂ ਕਰ ਸਕਿਆ। ਪਰ ਜਦ ਮੈਂ ਇਨ੍ਹਾਂ ਦੀ ਗ਼ਰੀਬੀ, ਮਜਬੂਰੀ ਅਤੇ ਬੇਬਸੀ ਉਤੇ ਕਿਸੇ ਪੱਤਰਕਾਰ ਵਲੋਂ ਅਖ਼ਬਾਰ ਵਿਚ ਲਿਖੀ ਦਾਨੀ ਸੱਜਣਾਂ ਨੂੰ ਅਪੀਲ ਪੜ੍ਹੀ ਤਾਂ ਵਾਪਸ ਇੰਡੀਆ ਆਇਆ।

ਮਨਬੀਰ ਮੇਰੇ ਗੱਲ ਲੱਗ ਏਨਾ ਉੱਚੀ-ਉੱਚੀ ਰੋਇਆ ਕਿ ਬਰਦਾਸ਼ਤ ਨਹੀਂ ਸੀ ਹੁੰਦਾ। ਫਿਰ ਉਸ ਨੇ ਮੁਆਫ਼ੀ ਮੰਗਦੇ ਹੋਏ ਦਸਿਆ ਕਿ ਬਾਪੂ ਜ਼ਿੰਦਾ ਹੈ। ਫਿਰ ਮੈਂ ਲੱਭ ਲਭਾ ਕੇ ਇਥੇ ਪੁੱਜਾ ਹਾਂ। ਬਸ ਹੁਣ ਤੁਸੀ ਜਲਦੀ ਘਰ ਚੱਲੋ। ਨਾਲੇ ਤੁਹਾਨੂੰ ਤੁਹਾਡੀ ਨੂੰਹ ਨਾਲ ਮਿਲਾਉਣਾ ਹੈ, ਪਰ ਨੂੰਹ ਅਜੇ ਬਣੀ ਨਹੀਂ, ਤੁਹਾਡਾ ਆਸ਼ੀਰਵਾਦ ਤੋਂ ਬਿਨਾਂ ਕੁੱਝ ਵੀ ਸੰਭਵ ਨਹੀਂ ਬਾਪੂ ਜੀ। ਉਹ ਪੰਜਾਬ ਦੀ ਹੀ ਹੈ, ਕਲ ਸਵੇਰੇ ਉਸ ਨੇ ਇਥੇ ਸ਼ਹਿਰ ਮੈਨੂੰ ਮਿਲਣ ਆਉਣਾ ਹੈ।
ਪਰ ਪੁੱਤਰ! ਮੇਰਾ ਨਿੱਕਾ ਪੁੱਤਰ ਮਨਬੀਰ...?? 

ਹਾਂ ਬਾਪੂ ਜੀ! ਉਹ ਵੀ ਸਵੇਰੇ ਉਸੇ ਹੋਟਲ ਵਿਚ ਮਿਲਣਗੇ। ਮੈਂ ਅਪਣੇ ਦੋਸਤ ਨੂੰ ਕਹਿ ਕੇ ਦੋਵੇਂ ਜਣਿਆ ਨੂੰ ਹੋਟਲ ਬੁਲਾ ਲਿਆ ਹੈ ਅਤੇ 50,000/- ਰੁਪਏ ਨਕਦ ਦੇ ਕੇ ਉਨ੍ਹਾਂ ਨੂੰ ਕੱਪੜੇ ਤੇ ਘਰ ਦੀਆਂ ਜ਼ਰੂਰੀ ਚੀਜ਼ਾਂ ਮੰਗਵਾ ਦਿਤੀਆਂ ਹਨ। ਜਲਦੀ ਹੀ ਮੈਂ ਅਪਣੀ ਪੁਰਾਣੀ ਜ਼ਮੀਨ ਦਾ ਸੌਦਾ ਕਰ ਲਵਾਂਗਾ ਤੇ ਆਪਾਂ ਵਾਪਸ ਅਪਣੇ ਘਰ ਵਿਚ ਜਾਵਾਂਗੇ ਬਾਪੂ। ਨਾਲੇ ਹੁਣ ਤੈਨੂੰ ਛੱਡ ਕੇ ਨਹੀਂ ਜਾਣਾ, ਇਥੇ ਰਹਾਂਗਾ ਅਪਣੇ ਸਾਰੇ ਪਰਵਾਰ ਨਾਲ।

ਬਾਪੂ ਜੀ! ਲੋਕੀ ਜੋ ਮਰਜ਼ੀ ਕਹਿਣ, ਮੇਰਾ ਬਾਪੂ ਮੇਰੇ ਲਈ ਸੱਭ ਕੁੱਝ ਹੈ। ਭਾਵੇਂ ਬੱਚਾ ਜੰਮਦਾ ਅਪਣੀ ਮਾਂ ਨੂੰ ਯਾਦ ਕਰਦਾ ਹੈ, ਪਰ ਬਾਪੂ ਤੋਂ ਬਿਨਾਂ ਜ਼ਿੰਦਗੀ ਦੇ ਸੁੱਖ, ਸੁਪਨਿਆਂ ਦੀ ਪੂਰਤੀ, ਜ਼ਿੰਦਗੀ ਦੇ ਕੌੜੇ-ਮਿੱਠੇ ਤਜਰਬੇ ਬਾਪੂ ਕੋਲੋਂ ਹੀ ਮਿਲਦੇ ਨੇ। ਬਾਪੂ ਦੇ ਕੰਧਾੜੇ ਦਾ ਸੁੱਖ, ਮਾਂ ਦੀ ਗੋਦ ਜਿੰਨਾ ਹੀ ਹੁੰਦਾ ਹੈ।
(ਇਕਵਾਕ ਸਿੰਘ ਪੱਟੀ - ਅੰਮ੍ਰਿਤਸਰ।)