Punjabi Literature: ਸਰਦਾਰ ਕਪੂਰ ਸਿੰਘ ਨੂੰ ਚੇਤੇ ਕਰਦਿਆਂ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

Punjabi Literature: ਸਰਦਾਰ ਕਪੂਰ ਸਿੰਘ ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ।

Remembering Sardar Kapur Singh Punjabi Literature

2 ਮਾਰਚ, 1909 ਨੂੰ ਲੁਧਿਆਣੇ ਦੇ ਪਿੰਡ ਚੱਕ ਵਿਖੇ ਪਿਤਾ ਦੀਦਾਰ ਸਿੰਘ ਦੇ ਘਰ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਸਰਦਾਰ ਕਪੂਰ ਸਿੰਘ ਦਾ ਜਨਮ ਹੋਇਆ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਇਸ ਮਹਾਨ ਸ਼ਖ਼ਸੀਅਤ ਨੇ ਅਪਣੀ ਲਿਆਕਤ, ਲਿਖਤਾਂ, ਭਾਸ਼ਣਾਂ ਅਤੇ ਅਪਣੇ ਕੰਮਾਂ ਰਾਹੀਂ ਪੰਜਾਬੀਅਤ ਨੂੰ ਜੋ ਮਾਣ ਬਖ਼ਸ਼ਿਆ, ਉਸ ਅੱਗੇ ਹਰ ਪੰਜਾਬੀ ਪਿਆਰੇ ਦਾ ਸਤਿਕਾਰ ਵਜੋਂ ਸਿਰ ਝੁਕਦਾ ਹੈ। 

ਘਰ ਵਿਚ ਮਾਂ ਦੇ ਧਾਰਮਕ ਖ਼ਿਆਲ ਤੇ ਵਧੀਆ ਪ੍ਰਵਾਰਕ ਮਾਹੌਲ ਹੋਣ ਕਾਰਨ ਬਚਪਨ ਤੋਂ ਹੀ ਕਪੂਰ ਸਿੰਘ ਨੂੰ ਪੜ੍ਹਾਈ, ਸਾਹਿਤ ਅਤੇ ਵਿਸ਼ਵ ਪੱਧਰ ਦੀਆਂ ਘਟਨਾਵਾਂ ਵਿਚ ਦਿਲਚਸਪੀ ਪੈਦਾ ਹੋ ਗਈ ਸੀ। ਉਨ੍ਹਾਂ ਨੇ ਮੁਢਲੀ ਤੋਂ ਪ੍ਰਾਇਮਰੀ ਤਕ ਦੀ ਵਿਦਿਆ ਅਪਣੇ ਪਿੰਡ ਵਿਚੋਂ ਹੀ ਪ੍ਰਾਪਤ ਕੀਤੀ। ਨੌਵੀਂ ਤੇ ਦਸਵੀਂ ਜਮਾਤ ਦੀ ਪੜ੍ਹਾਈ ਲਈ ਉਨ੍ਹਾਂ ਨੇ ਖ਼ਾਲਸਾ ਹਾਈ ਸਕੂਲ, ਲਾਇਲਪੁਰ ਵਿਚ ਦਾਖ਼ਲਾ ਲੈ ਲਿਆ।

ਦਸਵੀਂ ਦੀ ਪ੍ਰੀਖਿਆ ਵਿਚ ਸਰਦਾਰ ਕਪੂਰ ਸਿੰਘ ਪੰਜਾਬ ਭਰ ਵਿਚੋਂ ਅੱਵਲ ਆਏ। ਦਸਵੀਂ ਕਰਨ ਉਪਰੰਤ ਗਰੈਜੂਏਸ਼ਨ ਤੇ ਫਿਰ ਸਰਕਾਰੀ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿਚ ਐਮ.ਏ. ਫਿਲੋਸਫੀ ਪਾਸ ਕੀਤੀ। ਇਸ ਤੋਂ ਬਾਅਦ ਨੈਤਿਕ ਵਿਗਿਆਨ/ਸਿਖਿਆ ਵਿਚ ਅਗਲੇਰੀ ਪੜ੍ਹਾਈ ਲਈ ਉਹ ਕੈਂਬ੍ਰਿਜ ਯੂਨੀਵਰਸਿਟੀ ਚਲੇ ਗਏ, ਜਿਥੇ ਉਹ ਯੂਨੀਵਰਸਿਟੀ ਭਰ ਵਿਚੋਂ ਅੱਵਲ ਦਰਜੇ ਰਹੇ। ਉਸ ਵੇਲੇ ਕੈਂਬਰਿਜ ਯੂਨੀਵਰਸਿਟੀ ਦਾ ਪ੍ਰੋਫ਼ੈਸਰ, ਜਗਤ ਪ੍ਰਸਿੱਧ ਫ਼ਿਲਾਸਫ਼ਰ ਬਰਟਰਨਡ ਰੱਸਲ, ਸਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸ ਨੇ, ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਵਿਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ।

ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰਦਾਰ ਕਪੂਰ ਸਿੰਘ ਭਾਰਤ ਵਾਪਸ ਆ ਗਏ। ਉਨ੍ਹਾਂ ਇਥੇ ਆਈ.ਸੀ.ਐਸ. ਦੀ ਪ੍ਰੀਖਿਆ ਪਾਸ ਕੀਤੀ ਅਤੇ ਡਿਪਟੀ ਕਮਿਸ਼ਨਰ ਵਜੋਂ 15 ਸਾਲ ਨੌਕਰੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਆਹਲਾ ਦਰਜੇ ਦੇ ਪ੍ਰਸ਼ਾਸਨਿਕ ਅਹੁਦਿਆਂ ’ਤੇ ਵੀ ਅਪਣੀ ਸੇਵਾ ਨਿਭਾਈ। ਸਿੱਖੀ ਉਨ੍ਹਾਂ ਦੇ ਸਾਹਾਂ ਵਿਚ ਵਸੀ ਹੋਈ ਸੀ। ਉਹ ਸਿੱਖੀ ਸਿਧਾਂਤਾਂ ਅੱਗੇ ਕਦੇ ਕੋਈ ਸਮਝੌਤਾ ਨਹੀਂ ਕਰ ਸਕਦੇ ਸਨ। ਉਹ ਮੂੰਹ ਫੁੱਟ ਤੇ ਬੇਪ੍ਰਵਾਹ ਅਫ਼ਸਰ ਸਨ। ਅਪਣੇ ਇਸੇ ਸੁਭਾਅ ਕਰ ਕੇ ਉਨ੍ਹਾਂ ਨੇ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਦੇ ਭੇਜੇ ਸਰਕੁਲਰ (10 ਅਕਤੂਬਰ, 1947), ਜਿਸ ਵਿਚ ਸਿੱਖਾਂ ਨੂੰ ਜਰਾਇਮ-ਪੇਸ਼ਾ ਗਰਦਾਨਿਆ ਗਿਆ ਸੀ, ਦਾ ਉਨ੍ਹਾਂ ਨੇ ਡਟਵਾਂ ਵਿਰੋਧ ਕੀਤਾ ਸੀ। ਸਿੱਖਾਂ ਦੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਵਲੋਂ 13 ਅਕਤੂਬਰ 1973 ਨੂੰ ‘ਪ੍ਰੋਫ਼ੈਸਰ ਆਫ਼ ਸਿਖਿਜ਼ਮ’ ਦੀ ਮਹਾਨ ਉਪਾਧੀ ਦਾ ਮਾਣ ਵੀ ਸਰਦਾਰ ਕਪੂਰ ਸਿੰਘ ਦੇ ਹਿੱਸੇ ਹੀ ਆਇਆ। ਜੇ ਉਨ੍ਹਾਂ ਨੂੰ ਵੀਹਵੀਂ ਸਦੀ ਦਾ ਸਰਵੋਤਮ ਚਿੰਤਕ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ।

ਸਰਦਾਰ ਕਪੂਰ ਸਿੰਘ ਹਿੰਦੀ, ਉਰਦੂ, ਸੰਸਕ੍ਰਿਤ, ਅਰਬੀ, ਅੰਗਰੇਜ਼ੀ ਅਤੇ ਹੋਰ ਕਈ ਦੇਸੀ-ਵਿਦੇਸ਼ੀ ਭਾਸ਼ਾਵਾਂ ਦੇ ਚੰਗੇ ਜਾਣਕਾਰ ਸਨ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਅਪਣੀਆਂ ਵਧੇਰੇ ਪੁਸਤਕਾਂ ਪੰਜਾਬੀ ਵਿਚ ਲਿਖ ਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖ਼ਸ਼ੀ। ਸਰਦਾਰ ਕਪੂਰ ਸਿੰਘ ਨੇ ਇਕ ਲੇਖਕ ਵਜੋਂ ਪੰਜਾਬੀ ਸਾਹਿਤ ਦੇ ਖੇਤਰ ਵਿਚ ਅਤੇ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਬਹੁਤ ਸਾਰੀਆਂ ਕਿਤਾਬਾਂ ਪਾਈਆਂ। ਇਨ੍ਹਾਂ ਨੇ ਨਿਬੰਧ, ਕਵਿਤਾ, ਸਿੱਖ ਇਤਿਹਾਸ ਅਤੇ ਰਾਜਨੀਤਕ ਵਿਸ਼ਿਆਂ ਉਪਰ ਅਪਣੀ ਕਲਮ ਚਲਾਈ। ਬਹੁਤ ਸਾਰੇ ਧਾਰਮਕ ਅਤੇ ਰਾਜਨੀਤਕ ਲੇਖਾਂ ਦੀ ਰਚਨਾ ਕੀਤੀ। ‘ਸਾਚੀ ਸਾਖੀ’ ਉਨ੍ਹਾਂ ਦੀ ਸਵੈ ਜੀਵਨੀਨੁਮਾ ਰਚਨਾ ਹੈ। ਅੰਗਰੇਜ਼ੀ ਵਿਚ ਲਿਖੀ ਉਨ੍ਹਾਂ ਦੀ ਪੁਸਤਕ ‘ਵੈਸਾਖੀ ਆਫ਼ ਗੁਰੂ ਗੋਬਿੰਦ ਸਿੰਘ’ ਸਿੱਖ ਫ਼ਿਲਾਸਫ਼ੀ ਦੀ ਇਕ ਸ਼ਾਹਕਾਰ ਰਚਨਾ ਹੈ। 

ਪੰਜਾਬੀ ਵਿਚ ਛਪੀਆਂ ਪੁਸਤਕਾਂ: ਬਹੁ ਵਿਸਥਾਰ (ਇਤਿਹਾਸਕ ਤੇ ਧਾਰਮਕ ਲੇਖ), ਪੁੰਦਰੀਕ (ਸਭਿਆਚਾਰਕ ਲੇਖ), ‘ਸਪਤ ਸ੍ਰਿੰਗ’ ਪੁਸਤਕ (ਸੱਤ ਉੱਚ-ਹਸਤੀਆਂ ਦੀਆਂ ਜੀਵਨੀਆਂ ਸਬੰਧਤ), ‘ਬਿਖ ਮੈਂ ਅੰਮ੍ਰਿਤ’ (ਰਾਜਨੀਤਕ ਲੇਖ ਸੰਗ੍ਰਿਹ), ‘ਹਸ਼ੀਸ਼’ (ਪੰਜਾਬੀ ਕਵਿਤਾਵਾਂ ਦਾ ਸੰਗ੍ਰਿਹ), ‘ਪੰਚਨਦ’, ‘ਇਕ ਸਿੱਖ ਦਾ ਬੁੱਧ ਨੂੰ ਪ੍ਰਣਾਮ’ ਆਦਿ।  ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੀਆਂ ਤੀਜੀਆਂ ਲੋਕ ਸਭਾ ਚੋਣਾਂ ਸਮੇਂ ਸਰਦਾਰ ਕਪੂਰ ਸਿੰਘ ਨੂੰ ਲੁਧਿਆਣਾ ਲੋਕ ਸਭਾ ਦੀ ਸੀਟ ਤੋਂ 1962 ਵਿਚ ਖੜਾ ਕੀਤਾ। ਉਸ ਸਮੇਂ ਕਪੂਰ ਸਿੰਘ ਨੇ ਅਪਣੇ ਵਿਰੋਧੀ ਮੰਗਲ ਸਿੰਘ (ਕਾਂਗਰਸ ਦੇ ਉਮੀਦਵਾਰ) ਨੂੰ ਹਰਾ ਕੇ ਦਿੱਲੀ ਪਾਰਲੀਮੈਂਟ ਵਿਚ ਅਪਣੀ ਥਾਂ ਬਣਾਈ। ਜਦ ਪੰਜਾਬ ਦੇ ਪੁਨਰ ਗਠਨ ਬਾਰੇ 3 ਸਤੰਬਰ 1966 ਨੂੰ ਲੋਕ ਸਭਾ ਵਿਚ ਇਕ ਬਿੱਲ ਪੇਸ਼ ਕੀਤਾ ਗਿਆ ਤਾਂ ਸਰਦਾਰ ਕਪੂਰ ਸਿੰਘ ਨੇ ਜਿਥੇ ਇਸ ਬਿੱਲ ਦਾ ਵਿਰੋਧ ਕੀਤਾ,ਉਥੇ ਹੀ ਇਸ ਨੂੰ ਠੁਕਰਾਉਣ ਦੇ ਤਿੰਨ ਕਾਰਨ ਵੀ ਪੇਸ਼ ਕੀਤੇ।  ਪੰਜਾਬ ਵਿਧਾਨ ਸਭਾ ਚੋਣਾਂ 1967 ਸਮੇਂ ਉਹ ਸਮਰਾਲੇ ਤੋਂ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿਚ ਪੁੱਜੇ। ਸਰਦਾਰ ਕਪੂਰ ਸਿੰਘ ਦੀ ਸਿੱਖ ਰਾਜਨੀਤੀ ਵਿਚ ਵਿਸ਼ੇਸ਼ ਭੂਮਿਕਾ ਰਹੀ ਹੈ। ‘ਆਨੰਦਪੁਰ ਦੇ ਮਤੇ’ ਦਾ ਡਰਾਫ਼ਟ  ਉਨ੍ਹਾਂ ਨੇ ਹੀ ਤਿਆਰ ਕੀਤਾ। 

ਪ੍ਰਮਾਤਮਾ ਦੀ ਬਖ਼ਸ਼ੀ ਸਾਹਾਂ ਦੀ ਪੂੰਜੀ ਨੂੰ ਖ਼ਰਚਦਿਆਂ ਸਰਦਾਰ ਕਪੂਰ ਸਿੰਘ ਅਖ਼ੀਰ 13 ਅਗੱਸਤ 1986 ਨੂੰ ਅੰਮ੍ਰਿਤ ਵੇਲੇ ਅਪਣੇ ਹਿੱਸੇ ਦੀਆਂ ਜ਼ੁੰਮੇਵਾਰੀਆਂ ਪੂਰਦੇ ਹਮੇਸ਼ਾ ਲਈ ਇਸ ਦੁਨੀਆਂ ਤੋਂ ਵਿਦਾਇਗੀ ਲੈ ਗਏ। ਇਸ ਮਹਾਨ ਸ਼ਖ਼ਸੀਅਤ ਬਾਰੇ ਜਿਨ੍ਹਾਂ ਵੀ ਲਿਖੀਏ ਉਨ੍ਹਾਂ ਹੀ ਥੋੜ੍ਹਾ ਕਹਿ ਸਕਦੇ ਹਾ। ਅੱਜ ਦੇ ਦਿਨ ਘੱਟੋ-ਘੱਟ ਆਪਾਂ ਉਨ੍ਹਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਲਿਖਤਾਂ ਨਾਲ ਅਪਣੇ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਰੂਬਰੂ ਕਰਵਾਈਏ।
-ਸ.ਸੁਖਚੈਨ ਸਿੰਘ ਕੁਰੜ (ਭਾਸ਼ਾ ਮੰਚ ਸਰਪ੍ਰਸਤ ਤੇ ਪੰਜਾਬੀ ਅਧਿਆਪਕ) ਬਰਨਾਲਾ