ਪੰਜਾਬੀ ਸਾਹਿਤ ਦਾ ਵਿਲੱਖਣ ਰੰਗ ਮਹਿੰਦਰ ਸਿੰਘ ‘ਮਾਨੂੰਪੁਰੀ’

ਏਜੰਸੀ

ਸਾਹਿਤ

ਮਹਿੰਦਰ ਸਿੰਘ ਮਾਨੂੰਪੁਰੀ ਦਾ ਜਿਸ ਨੇ ਕਈ ਦਹਾਕੇ ਤਕ ਪੰਜਾਬੀ ਸਾਹਿਤ ਅਤੇ ਖ਼ਾਸ ਕਰ ਕੇ ਬਾਲ ਸਾਹਿਤ ਵਿਚ ਅਪਣਾ ਨਾਂ ਚਮਕਾ ਰਖਿਆ ਹੈ। 

Mahendra Singh 'Manupuri'

 

ਕੁੱਝ ਪੰਜਾਬੀ ਪ੍ਰੇਮੀਆਂ ਦੇ ਅਜਿਹੇ ਨਾਂ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ ਨੇ ਅਪਣਾ ਪੂਰਾ ਜੀਵਨ ਪੰਜਾਬੀ ਸਾਹਿਤ ਲਈ ਲਗਾ ਦਿਤਾ ਹੈ। ਅਜਿਹੇ ਹੀ ਪੰਜਾਬੀ ਦੇ ਦੀਵਾਨਿਆਂ ਵਿਚ ਨਾਂ ਆਉਂਦਾ ਹੈ ਮਹਿੰਦਰ ਸਿੰਘ ਮਾਨੂੰਪੁਰੀ ਦਾ ਜਿਸ ਨੇ ਕਈ ਦਹਾਕੇ ਤਕ ਪੰਜਾਬੀ ਸਾਹਿਤ ਅਤੇ ਖ਼ਾਸ ਕਰ ਕੇ ਬਾਲ ਸਾਹਿਤ ਵਿਚ ਅਪਣਾ ਨਾਂ ਚਮਕਾ ਰਖਿਆ ਹੈ। 

ਇਸ ਮਹਾਨ ਅਤੇ ਨਿਵੇਕਲੇ ਸਾਹਿਤਕਾਰ ਦਾ ਜਨਮ 1 ਸਤੰਬਰ 1937 ਈ: ਨੂੰ ਪਿੰਡ ਮਾਨੂੰਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਮੁਕੰਦ ਸਿੰਘ ਦੇ ਘਰ ਮਾਤਾ ਸ੍ਰੀਮਤੀ ਕਰਨੈਲ ਕੌਰ ਦੀ ਕੁੱਖੋਂ ਹੋਇਆ। ਉਨ੍ਹਾਂ ਨੇ ਮੁਢਲੀ ਸਿਖਿਆ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰ ਕੇ ਫਿਰ ਸੱਤਵੀਂ ਜਮਾਤ ਤਕ ਖ਼ਾਲਸਾ ਹਾਈ ਸਕੂਲ ਖੰਨਾ ਵਿਖੇ ਪੜ੍ਹਾਈ ਕੀਤੀ ਅਤੇ ਫਿਰ ਖ਼ਾਲਸਾ ਸਕੂਲ ਭੜੀ ਤੋਂ 1955 ਵਿਚ ਪੰਜਾਬ ਯੂਨੀਵਰਸਿਟੀ ਸ਼ਿਮਲਾ ਤੋਂ ਮੈਟ੍ਰਿਕ ਪਾਸ ਕੀਤੀ।

ਫਿਰ ਪ੍ਰਾਈਵੇਟ ਤੌਰ ’ਤੇ 1958 ਵਿਚ ਗਿਆਨੀ, 1966 ਵਿਚ ਬੀ 1969 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ ਪਾਸ ਕੀਤੀ। ਸਿਖਿਆ ਪ੍ਰਾਪਤੀ ਦੇ ਦੌਰ ਵਿਚ ਹੀ 1955 ਵਿਚ ਆਰਟਸ ਅਤੇ ਡਰਾਇੰਗ ਟੀਚਰ ਟ੍ਰੇਨਿੰਗ ਕੋਰਸ, 1958-59 ਵਿਚ ਓ 1969-70 ਵਿਚ ਬੀ ਸਟੇਟ ਕਾਲਜ ਆਫ਼ ਪਟਿਆਲਾ ਤੋਂ ਪਾਸ ਕਰ ਕੇ 1972 ਵਿਚ ਹਿਮਾਚਲ ਯੂਨੀਵਰਸਿਟੀ ਸ਼ਿਮਲਾ ਤੋਂ ਐਮ ਦੀ ਡਿਗਰੀ ਪ੍ਰਾਪਤ ਕੀਤੀ।

ਅਪਣੀ ਸਿਖਿਆ ਪ੍ਰਾਪਤੀ ਦੇ ਨਾਲ-ਨਾਲ ਉਹ ਅਧਿਆਪਨ ਕਿੱਤੇ ਨਾਲ ਜੁੜੇ ਰਹੇ ਅਤੇ 1955-77 ਤਕ ਨੈਸ਼ਨਲ ਹਾਈ ਸਕੂਲ ਮਾਨੂੰਪੁਰ ਅਤੇ ਫਿਰ 1977-95 ਤਕ ਸਰਕਾਰੀ ਹਾਈ ਸਕੂਲ ਮਾਨੂੰਪੁਰ ਵਿਖੇ ਹੀ ਅਧਿਆਪਕ ਦਾ ਕਾਰਜ ਕਰਦੇ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੂੰ ਸਾਹਿਤ ਦੀ ਅਜਿਹੀ ਚੇਟਕ ਲੱਗੀ ਕਿ ਉਨ੍ਹਾਂ ਦੀ ਗਿਣਤੀ ਪੰਜਾਬੀ ਦੇ ਸਿਰਕੱਢ ਸਾਹਿਤਕਾਰਾਂ ਵਿਚ ਹੋਣ ਲੱਗੀ।

ਉਨ੍ਹਾਂ ਦਾ ਜ਼ਿਆਦਾ ਤਰ ਝੁਕਾਅ ਬਾਲ ਕਵਿਤਾ ਵਲ ਹੀ ਰਿਹਾ ਅਤੇ ਉਹ ਬਾਲ ਸਾਹਿਤ ਲਈ ਪ੍ਰਮੁੱਖ ਤੌਰ ’ਤੇ ਜਾਣੇ ਜਾਣ ਲੱਗੇ। ਮਹਿੰਦਰ ਸਿੰਘ ‘‘ਮਾਨੂੰਪੁਰੀ’’ ਦੀਆਂ ਪ੍ਰਸਿੱਧ ਪੁਸਤਕਾਂ ਵਿਚ, ‘‘ਬੋਲ ਪਿਆਰੇ ਬਾਲਾਂ ਦੇ’’, ‘‘ਬਾਲ ਬਗ਼ੀਚਾ’’, ‘‘ਬਾਲ ਉਡਾਰੀਆਂ’’, ‘‘ਮਾਮੇ ਦੀ ਚਿੜੀ’’, ‘‘ਹੰਕਾਰੀ ਕੁੱਕੜ ’’, ‘‘ਫੁੱਲ ਰੰਗ ਬਿਰੰਗੇ’’, ‘‘ਸੱਚ ਖੜਾ ਨੀਂਹ ਵਿਚ ਉੱਚਾ’’, ‘‘ਜ਼ਖ਼ਮੀ ਹੰਸ’’, ‘‘ਰਾਜ ਕੁਮਾਰ’’, ‘‘ਚੰਨ ਨੂੰ ਚਿੱਠੀ’’ ‘‘ਰੁੱਖ ਅਤੇ ਮਨੁੱਖ’’ ਅਤੇ ‘‘ਮਿੱਤਰਤਾ’’ ਬਚਪਨ ਦੀਆਂ ਕੁਲ 11 ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ।

ਇਸ ਤੋਂ ਬਿਨਾਂ ਉਨ੍ਹਾਂ ਦੀਆਂ ਰਚਨਾਵਾਂ ਪੰਜਾਬ ਦੇ ਪ੍ਰਮੁੱਖ ਅਖ਼ਬਾਰਾਂ, ਬਾਲ ਮੈਗਜ਼ੀਨਾਂ ਵਿਚ ਅਕਸਰ ਹੀ ਛਪਦੀਆਂ ਰਹਿੰਦੀਆਂ ਸਨ। ਉਨ੍ਹਾਂ ਦੀ ਸਾਹਿਤ ਨੂੰ ਮਹਾਨ ਦੇਣ ਸਦਕਾ ਹੀ ਉਨ੍ਹਾਂ ਲਈ ਇਨਾਮਾਂ-ਸਨਮਾਨਾਂ ਦੀ ਝੜੀ ਲੱਗੀ ਰਹੀ ਜਿਨ੍ਹਾਂ ਵਿਚ ਪ੍ਰਮੁੱਖ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਐਵਾਰਡ ਪੰਜਾਬ ਸਰਕਾਰ ਵਲੋਂ ਸਾਲ 2009 ਸ਼ਾਮਲ ਹੈ।

ਇਸ ਤੋਂ ਇਲਾਵਾ ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ-2008 ਭਾਸ਼ਾ ਵਿਭਾਗ ਪੰਜਾਬ, ਮੈਕਾਲਫ਼ ਮੈਮੋਰੀਅਲ ਗੋਲਡ ਮੈਡਲ 1974, ਬਾਲ ਅਦਮ ਖਿਲਤ ਅਵਾਰਡ, ਲਾਭ ਸਿੰਘ ਚਾਤ੍ਰਿਕ ਪੁਰਸਕਾਰ-2005, ਸਾਕਾ ਸਰਹਿੰਦ ਕਾਵਿ ਰਚਨਾ ਲਈ ਜੋਗੀ ਅੱਲਾ ਯਾਰ ਖ਼ਾਂ ਐਵਾਰਡ 1998 ਵਿਚ ਅਤੇ ਹੋਰ ਬਹੁਤ ਸਨਮਾਨ ਸ਼ਾਮਲ ਹਨ।
ਮਾਨੂੰਪੁਰੀ ਦੀ ਜੀਵਨ ਯਾਤਰਾ ਸਾਹਿਤਕ ਗਤੀਵਿਧੀਆਂ ਨਾਲ ਭਰਪੂਰ ਸੀ ਜਿਨ੍ਹਾਂ ਵਿਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਸਭਾ ਸਮਰਾਲਾ ਦਾ ਪ੍ਰਧਾਨ, ਪੰਜਾਬੀ ਸਾਹਿਤ ਸਭਾ ਖੰਨਾ ਦੇ ਪ੍ਰਧਾਨ ਹੋਣ ਦਾ ਮਾਨ ਪ੍ਰਾਪਤ ਰਿਹਾ ਹੈ।

ਪੰਜਾਬੀ ਸੱਥ ਬਰਬਾਲੀ ਦੇ ਉਹ ਮੁੱਖ ਪ੍ਰਬੰਧਕ, ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਉਹ ਲਾਈਫ਼ ਮੈਂਬਰ ਸਨ। ਇਨ੍ਹਾਂ ਸਾਹਿਤਕ ਗਤੀਵਿਧੀਆਂ ਸਦਕਾ ਹੀ ਉਨ੍ਹਾਂ ਨੇ ਅਨੇਕਾਂ ਸਾਹਿਤਕਾਰ ਮਿੱਤਰ ਜਿਨ੍ਹਾਂ ਵਿਚ ਸੁਖਦੇਵ ਮਾਦਪੁਰੀ, ਅਵਤਾਰ ਸਿੰਘ ਬਿਲਿੰਗ, ਮੁਖਤਿਆਰ ਸਿੰਘ ਦੇ ਨਾਂ ਵਰਨਣਯੋਗ ਹਨ।  ਮਾਨੂੰਪੁਰੀ ਦੀ ਇਹ ਕਾਬਲੀਅਤ ਰਹੀ ਹੈ ਕਿ ਉਹ ਆਪ ਹੀ ਸਿਰਕੱਢ ਸਾਹਿਤਕਾਰ ਹੀ ਨਹੀਂ ਹਨ ਸਗੋਂ ਉਨ੍ਹਾਂ ਦੇ ਵਿਦਿਆਰਥੀ ਵੀ ਪੰਜਾਬੀ ਦੇ ਉੱਚ ਕੋਟੀ ਦੇ ਸਾਹਿਤਕਾਰ ਹੋ ਨਿਬੜੇ ਹਨ। ਜਿਨ੍ਹਾਂ ਵਿਚ ਅਵਤਾਰ ਸਿੰਘ ਬਿਲਿੰਗ, ਬਲਵਿੰਦਰ ਗਰੇਵਾਲ, ਲੋਕ ਨਾਥ ਸ਼ਰਮਾ, ਬਹਾਦਰ ਸਿੰਘ ਗੋਸਲ, ਜ਼ੋਰਾਵਰ ਸਿੰਘ ਚੜੀ ਅਤੇ ਜਗਜੀਤ ਸਿੰਘ ਸੇਖੋਂ ਸ਼ਾਮਲ ਹਨ।

ਮਹਿੰਦਰ ਸਿੰਘ ਮਾਨੂੰਪੁਰੀ ਭਾਵੇਂ ਅੱਜ ਇਸ ਸੰਸਾਰ ਵਿਚ ਨਹੀਂ ਹਨ ਪਰ ਉਹ ਅਪਣੇ ਵਿਦਿਆਰਥੀਆਂ, ਸਾਹਿਤਕਾਰ ਸਾਥੀਆਂ ਵਿਚ, ਸਾਹਿਤ ਦੀ ਅਜਿਹੀ ਬਲਦੀ ਮਿਸ਼ਾਲ ਛੱਡ ਗਏ ਹਨ ਜਿਸ ਤੋਂ ਸਦਾ ਸੇਧ ਮਿਲਦੀ ਰਹੇਗੀ। ਜਿਥੇ ਉਹ ਗ਼ਰੀਬ ਬੱਚਿਆਂ ਨੂੰ ਸਿਖਿਆ ਨਾਲ ਜੋੜਨ ਅਤੇ ਪੰਜਾਬੀ ਨਾਲ ਪਿਆਰ ਵਧਾਉਣ ਲਈ ਅਦੁਤੀ ਜਾਂਚ ਸਿਖਾ ਗਏ ਹਨ ਉੱਥੇ ਉਹ ਆਪ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰੇਮ ਦਾ ਛੱਲਾਂ ਮਾਰਦਾ ਇਕ ਅਥਾਹ ਸਾਗਰ ਸਨ।
-ਬਹਾਦਰ ਸਿੰਘ ਗੋਸਲ, ਮਕਾਨ ਨੰ: 3098, 
ਸੈਕਟਰ-37ਡੀ, ਚੰਡੀਗੜ੍ਹ। 98764-52223