ਗੁਸਤਾਖੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

''ਹਾਂ ਬਈ ਜੱਗਿਆ, ਤੂੰ ਸਕੂਲ ਆਉਣੈ ਕਿ ਤੇਰਾ ਨਾਂ ਕੱਟ ਦਿਆਂ? ਪਿਛਲੇ 15 ਦਿਨਾਂ ਤੋਂ ਗ਼ੈਰਹਾਜ਼ਰ ਚਲ ਰਿਹੈਂ ਤੂੰ।'' ਸਕੂਲ ਇੰਚਾਰਜ ਮੈਡਮ ਰੁਪਿੰਦਰ ਕੌਰ ਨੇ ਅੱਜ ਸਕੂਲ...

school

''ਹਾਂ ਬਈ ਜੱਗਿਆ, ਤੂੰ ਸਕੂਲ ਆਉਣੈ ਕਿ ਤੇਰਾ ਨਾਂ ਕੱਟ ਦਿਆਂ? ਪਿਛਲੇ 15 ਦਿਨਾਂ ਤੋਂ ਗ਼ੈਰਹਾਜ਼ਰ ਚਲ ਰਿਹੈਂ ਤੂੰ।'' ਸਕੂਲ ਇੰਚਾਰਜ ਮੈਡਮ ਰੁਪਿੰਦਰ ਕੌਰ ਨੇ ਅੱਜ ਸਕੂਲ ਆਉਂਦਿਆਂ ਹੀ ਨੌਵੀਂ ਦੇ ਵਿਦਿਆਰਥੀ ਜੱਗੇ ਦੇ ਘਰ ਸੁਨੇਹਾ ਭੇਜ ਦੇ ਉਸ ਨੂੰ ਸਕੂਲ ਬੁਲਾ ਲਿਆ। ਜੱਗਾ ਨੀਵੀਂ ਪਾਈ ਖੜਾ ਸੀ। 'ਲਗਦੈ ਮੈਨੂੰ ਤੇਰਾ ਸਰਟੀਫ਼ੀਕੇਟ ਕਟਣਾ ਹੀ ਪੈਣੈ।'' ਮੈਡਮ ਦੀ ਆਵਾਜ਼ ਵਿਚ ਗੁੱਸੇ ਦਾ ਰਲੇਵਾਂ ਸੀ। ਮੈਡਮ ਦਾ ਲਹਿਜਾ ਵੇਖ ਕੇ ਜੱਗਾ ਤਰਲੇ ਭਰੀ ਆਵਾਜ਼ ਵਿਚ ਬੋਲਿਆ, ''ਮੈਡਮ ਜੀ ਮੈਂ ਸਕੂਲ ਆਉਣ ਲੱਗ ਗਿਆ ਤਾਂ ਅਸੀ ਸਾਰਾ ਟੱਬਰ ਖਾਵਾਂਗੇ ਕੀ?'' ਉਹ ਰੋਣਹਾਕਾ ਹੋ ਗਿਆ। 

''ਨਾ ਤੇਰੇ ਸਕੂਲ ਆਉਣ ਦਾ ਖਾਣ ਨਾਲ ਕੀ ਸਬੰਧ ਹੋਇਆ ਬਈ?''''ਮੈਡਮ ਜੀ ਅਸੀ ਚਾਰ ਭੈਣ-ਭਰਾ ਹਾਂ। ਬਾਪੂ ਇਕ ਸਾਲ ਤੋਂ ਮੰਜੇ ਤੇ ਬਿਮਾਰ ਪਿਐ। ਮਾਂ ਲੋਕਾਂ ਦੇ ਭਾਂਡੇ ਮਾਂਜ ਕੇ ਸਾਡੀ ਰੋਟੀ ਤੋਰਦੀ ਏ। ਅਸੀ ਸਾਰੇ ਭੈਣ-ਭਰਾ ਕੈਲੇ ਨੰਬਰਦਾਰ ਦੀ ਕਣਕ ਵੱਢਣ ਜਾਂਦੇ ਹੁੰਦੇ ਹਾਂ, ਤਾਂ ਜੋ ਸਾਲ ਭਰ ਦੇ ਦਾਣੇ 'ਕੱਠੇ ਕਰ ਸਕੀਏ। ਦਸ ਕੁ ਦਿਨ ਦੀ ਛੁੱਟੀ ਹੋਰ ਦੇ ਦਿਉ ਮੈਡਮ ਜੀ।'' ਉਹ ਹੱਬ ਬੰਨ੍ਹੀ ਖੜਾ ਸੀ। ਮੈਡਮ ਦੇ ਰਵਈਏ ਵਿਚ ਨਰਮੀ ਆ ਗਈ। ਉਸ ਨੇ ਭਰੀਆਂ ਅੱਖਾਂ ਨਾਲ ਜੱਗੇ ਨੂੰ ਕਿਹਾ, ''ਕੋਈ ਗੱਲ ਨਹੀਂ, ਲੰਮੀ ਛੁੱਟੀ ਦੀ ਅਰਜ਼ੀ ਲਿਖ ਦੇ।'' ਮੈਡਮ ਮਨ ਹੀ ਮਨ ਅਪਣੇ ਤੋਂ ਅਣਜਾਣੇ ਵਿਚ ਹੋਈ ਗੁਸਤਾਖ਼ੀ ਉਤੇ ਪਛਤਾ ਰਹੀ ਸੀ। 

ਗੁਰਪ੍ਰੀਤ ਕੌਰ, ਸੰਪਰਕ : 90565-26703