ਯਮਦੂਤ ਕੌਣ? (ਭਾਗ 1)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਟਰਾਲੇ ਤੇ ਮੋਟਰ ਸਾਈਕਲ ਦੀ ਟੱਕਰ ਹੋਣੀ ਸੀ.......

Yamdoot

ਟਰਾਲੇ ਤੇ ਮੋਟਰ ਸਾਈਕਲ ਦੀ ਟੱਕਰ ਹੋਣੀ ਸੀ। ਮੋਟਰ ਸਾਈਕਲ ਸਵਾਰ ਨੇ ਮਰ ਜਾਣਾ ਸੀ। ਯਮਰਾਜ ਨੇ ਦੋ ਯਮਦੂਤਾਂ ਦੀ ਡਿਊਟੀ ਲਾਈ। ਤੁਰਨ ਤੋਂ ਪਹਿਲਾਂ ਯਮਰਾਜ ਅਪਣੇ ਦੂਤਾਂ ਨੂੰ ਹਦਾਇਤਾਂ ਦੇ ਰਿਹਾ ਸੀ, ''ਸਮਾਂ ਬਿਲਕੁਲ ਨਸ਼ਟ ਨਹੀਂ ਕਰਨਾ। ਉਸੇ ਵੇਲੇ ਆਤਮਾ ਲੈ ਕੇ ਮੁੜ ਆਉਣੈ, ਨਹੀਂ ਤਾਂ ਲੋਕ ਕਈ ਵਾਰ ਬੰਦੇ ਨੂੰ ਹਸਪਤਾਲ ਲੈ ਜਾਂਦੇ ਨੇ ਤੇ ਆਤਮਾ ਲਿਆਉਣ ਵਿਚ ਦੇਰ ਹੋ ਜਾਂਦੀ ਏ। ਨਾਲੇ ਜਦ ਬੰਦਾ ਅਪਣੇ ਸਾਥੀਆਂ-ਬੇਲੀਆਂ ਦੇ ਸਾਹਮਣੇ ਮਰਦੈ ਤਾਂ ਬਾਕੀਆਂ ਨੂੰ ਬਹੁਤ ਤਕਲੀਫ਼ ਹੁੰਦੀ ਏ। ਕਈਆਂ ਵਿਚਾਰਿਆਂ ਨੂੰ ਤਾਂ ਕਈ-ਕਈ ਦਿਨ ਨੀਂਦ ਹੀ ਨਹੀਂ ਆਉਂਦੀ। ਮਰਦਾ ਬੰਦਾ ਉਨ੍ਹਾਂ ਦੇ ਸੁਪਨਿਆਂ ਵਿਚ ਆਉਂਦਾ ਰਹਿੰਦੈ।''

ਯਮਦੂਤ ਨਿਸਚਤ ਸਮੇਂ ਤੋਂ ਕੁੱਝ ਦੇਰ ਪਹਿਲਾਂ ਹੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਉਡੀਕ ਕਰਨ ਲੱਗੇ। ਫਿਰ ਦੁਰਘਟਨਾ ਹੋ ਗਈ। ਮੋਟਰ ਸਾਈਕਲ ਸਵਾਰ ਟਰਾਲੇ ਦੀ ਟੱਕਰ ਖਾ ਕੇ ਸੜਕ ਦੇ ਵਿਚਕਾਰ 20 ਕੁ ਫ਼ੁਟ ਦੂਰ ਜਾ ਡਿਗਿਆ। ਵਾਰ-ਵਾਰ ਸੜਕ 'ਤੇ ਵੱਜਣ ਕਾਰਨ ਉਸ ਦਾ ਸ੍ਰੀਰ ਥਾਂ-ਥਾਂ ਤੋਂ ਜ਼ਖ਼ਮੀ ਹੋ ਗਿਆ, ਲੱਤਾਂ ਬਾਹਾਂ ਟੁੱਟ ਗਈਆਂ ਅਤੇ ਸਿਰ ਸੜਕ 'ਤੇ ਵੱਜਣ ਕਾਰਨ ਖ਼ੂਨ ਦੀਆਂ ਘਰਾਲਾਂ ਵੱਗ ਰਹੀਆਂ ਸਨ। ਦੋਹਾਂ ਪਾਸਿਆਂ ਤੋਂ ਆਉਂਦਾ ਟ੍ਰੈਫ਼ਿਕ ਰੁਕ ਗਿਆ। ਇਕਦਮ ਹੀ ਬਹੁਤ ਭੀੜ ਹੋ ਗਈ। ਬਹੁਤ ਸਾਰੇ ਲੋਕ ਟਰਾਲੇ ਵਲ ਭੱਜੇ।

''ਹੈਂ...! ਮੈਨੂੰ ਲਗਦੈ ਸਾਨੂੰ ਗ਼ਲਤ ਦਸਿਆ ਗਿਆ ਸੀ। ਸ਼ਾਇਦ ਟਰਾਲੇ ਵਾਲਾ ਜ਼ਖ਼ਮੀ ਹੋਇਆ ਹੈ। ਤਾਂ ਹੀ ਸਾਰੇ ਲੋਕ ਉਧਰ ਨੂੰ ਭੱਜ ਰਹੇ ਨੇ। ਹੁਣ ਉਹ ਵਿਚਾਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ।'' ਪਹਿਲੀ ਵਾਰ ਆਤਮਾ ਲੈਣ ਆਇਆ ਨੌਜੁਆਨ ਯਮਦੂਤ ਹੈਰਾਨ ਹੋ ਕੇ ਬੋਲਿਆ। ਇਸ ਤੋਂ ਪਹਿਲਾਂ ਉਹ ਨਰਕ ਵਿਚ ਹੀ ਅੰਡਰ ਟ੍ਰੇਨਿੰਗ ਸੀ। ''ਨਹੀਂ ਕਾਕਾ, ਤੂੰ ਅਜੇ ਨਵਾਂ ਏਂ। ਹੌਲੀ-ਹੌਲੀ ਤੈਨੂੰ ਸੱਭ ਸਮਝ ਵਿਚ ਆ ਜਾਵੇਗਾ।'' ਬਜ਼ੁਰਗ ਯਮਦੂਤ, ਜਿਹੜਾ ਕਈ ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ, ਬੋਲਿਆ। ਲੋਕਾਂ ਨੇ ਟਰਾਲੇ ਦੀ ਬਾਰੀ ਖੋਲ੍ਹ ਲਈ ਸੀ।

ਡਰਾਈਵਰ ਨੂੰ ਘਸੀਟ ਕੇ ਬਾਹਰ ਕਢਿਆ ਗਿਆ। ਲੋਕਾਂ ਨੇ ਉਸ ਨੂੰ ਕੁਟਣਾ ਸ਼ੁਰੂ ਕਰ ਦਿਤਾ। ਕੋਈ ਥੱਪੜ, ਕੋਈ ਮੁੱਕੇ, ਕੋਈ ਘਸੁੰਨ ਅਤੇ ਕੋਈ ਲੱਤਾਂ ਨਾਲ ਮਾਰ ਰਿਹਾ ਸੀ। ਉਹ ਦਰਦ ਨਾਲ ਤੜਫ਼ ਰਿਹਾ ਸੀ। ਚੀਕਾਂ ਦੀ ਆਵਾਜ਼ ਆ ਰਹੀ ਸੀ। ਇਸ ਸ਼ੋਰ ਸ਼ਰਾਬੇ ਵਿਚ ਦੂਰ ਡਿਗਿਆ ਮੋਟਰ ਸਾਈਕਲ ਸਵਾਰ ਵੀ ਦਰਦ ਨਾਲ ਤੜਫ਼ ਰਿਹਾ ਸੀ।

ਉਸ ਦੁਆਲੇ ਕੁੱਝ ਤਮਾਸ਼ਬੀਨ ਇਕੱਠੇ ਹੋ ਗਏ ਸਨ, ਪਰ ਕੋਈ ਉਸ ਨੂੰ ਹੱਥ ਲਾਉਣ ਲਈ ਤਿਆਰ ਨਹੀਂ ਸੀ। ''ਇਹ ਕੀ ਹੋ ਰਿਹਾ ਹੈ?'' ਜਵਾਨ ਯਮਦੂਤ ਜਾਣਨ ਲਈ ਕਾਹਲਾ ਸੀ। ''ਛੱਡ ਯਾਰ, ਆਪਾਂ ਜਲਦੀ ਵਾਪਸ ਚਲੀਏ।'' ਬਜ਼ੁਰਗ ਯਮਦੂਤ ਡਿਊਟੀ ਦਾ ਪੱਕਾ ਸੀ। ਉਹ ਯਮਰਾਜ ਦੇ ਗੁੱਸੇ ਨੂੰ ਜਾਣਦਾ ਸੀ। ''ਕੋਈ ਨਹੀਂ ਚਾਚਾ! ਅਜੇ ਉਸ ਦੀ ਜ਼ਿੰਦਗੀ ਦੇ ਕੁੱਝ ਪਲ ਬਾਕੀ ਨੇ।'' ਜਵਾਨ ਯਮਦੂਤ ਨੇ ਘੜੀ ਵੇਖਦਿਆਂ ਕਿਹਾ। (ਚੱਲਦਾ) 

ਗੁਰਵਿੰਦਰ ਸਿੰਘ
ਮੋਬਾਈਲ : 99150-25567