ਯਮਦੂਤ ਕੌਣ? (ਭਾਗ 2)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

''ਲਗਦੈ ਇਹ ਸਾਰੇ ਲੋਕ ਮਰਨ ਵਾਲੇ ਨੂੰ ਬਹੁਤ ਪਿਆਰ ਕਰਦੇ ਨੇ..........

Yamdoot

''ਲਗਦੈ ਇਹ ਸਾਰੇ ਲੋਕ ਮਰਨ ਵਾਲੇ ਨੂੰ ਬਹੁਤ ਪਿਆਰ ਕਰਦੇ ਨੇ। ਤਾਂ ਹੀ ਤੇ ਮਾਰ-ਮਾਰ ਕੇ ਟਰਾਲੇ ਵਾਲੇ ਦਾ ਬੁਰਾ ਹਾਲ ਕਰ ਰਹੇ ਨੇ।'' ਉਹ ਫਿਰ ਬੋਲਿਆ।
''ਨਹੀਂ ਕਾਕਾ! ਤੂੰ ਇਸ ਦੁਨੀਆਂ ਨੂੰ ਨਹੀਂ ਜਾਣਦਾ। ਇਹ ਸਾਰੇ ਲੋਕ ਮਤਲਬ ਪ੍ਰਸਤ ਨੇ। ਕਿਸੇ ਨੂੰ ਵੀ ਉਸ ਨਾਲ ਪਿਆਰ ਨਹੀਂ।'' ਬਜ਼ੁਰਗ ਯਮਦੂਤ ਨੌਜੁਆਨ ਯਮਦੂਤ ਦੀ ਜਗਿਆਸਾ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਫਿਰ ਬੋਲਿਆ, ''ਆ ਮੈਂ ਤੈਨੂੰ ਅਸਲੀਅਤ ਵਿਖਾਉਂਦਾ ਹਾਂ।'' ਉਹ ਦੋਵੇਂ ਭੀੜ ਵਲ ਵਧੇ। ਭੀੜ ਵਿਚੋਂ ਇਕ ਨੌਜੁਆਨ ਲੜਕੇ ਦੀਆਂ ਅੱਖਾਂ ਬਜ਼ੁਰਗ ਯਮਦੂਤ ਨਾਲ ਮਿਲੀਆਂ ਤੇ ਉਹ ਬਿਨਾਂ ਕੁੱਝ ਕਹੇ ਉਨ੍ਹਾਂ ਦੋਹਾਂ ਵਲ ਆਪ ਮੁਹਾਰੇ ਹੀ ਤੁਰਿਆ ਆਇਆ। 

''ਛੋਟੇ ਵੀਰ, ਤੂੰ ਉਸ ਆਦਮੀ ਨੂੰ ਕਿਉਂ ਮਾਰ ਰਿਹਾ ਹੈਂ? ਲਗਦੈ ਕਿ ਮੋਟਰ ਸਾਈਕਲ ਵਾਲਾ ਤੇਰਾ ਰਿਸ਼ਤੇਦਾਰ ਸੀ?'' ਨੌਜੁਆਨ ਯਮਦੂਤ ਨੇ ਪੁਛਿਆ ਸੀ। 
''ਨਹੀਂ ਜੀ! ਮੈ ਤਾਂ ਮੋਟਰ ਸਾਈਕਲ ਸਵਾਰ ਨੂੰ ਜਾਣਦਾ ਵੀ ਨਹੀਂ। ਮੈ ਤਾਂ ਇੰਟਰਵਿਊ ਦੇ ਕੇ ਆ ਰਿਹਾਂ। ਮੈਨੂੰ ਇਸ ਵਾਰ ਵੀ ਨੌਕਰੀ ਨਹੀਂ ਮਿਲੀ। ਮੇਰੀ ਥਾਂ 'ਤੇ ਇਕ ਅਯੋਗ ਸਿਫ਼ਾਰਸ਼ੀ ਨੂੰ ਨੌਕਰੀ ਦੇ ਦਿਤੀ ਗਈ। ਮੈਨੂੰ ਇਸੇ ਗੱਲ ਦਾ ਗੁੱਸਾ ਸੀ।'' ਨੌਜੁਆਨ ਦੀਆਂ ਅੱਖਾਂ ਵਿਚ ਨਿਰਾਸ਼ਾ ਸਾਫ਼ ਨਜ਼ਰ ਆ ਰਹੀ ਸੀ।ਨੌਜੁਆਨ ਯਮਦੂਤ ਇਹ ਸੁਣ ਕੇ ਹੈਰਾਨ ਰਹਿ ਗਿਆ। ਉਸ ਨੂੰ ਅਜੇ ਪੂਰਾ ਯਕੀਨ ਨਹੀਂ ਸੀ ਹੋਇਆ।

ਉਸ ਨੇ ਟਰਾਲੇ ਦੇ ਡਰਾਈਵਰ ਨੂੰ ਕੁੱਟਣ ਵਾਲੇ ਇਕ ਮੈਲੇ ਜਿਹੇ ਕਪੜਿਆਂ ਵਾਲੇ ਅਧਖੜ ਆਦਮੀ ਨੂੰ ਵੇਖਿਆ। 'ਇਹ ਜ਼ਰੂਰ ਮੋਟਰ ਸਾਈਕਲ ਵਾਲੇ ਦਾ ਰਿਸ਼ਤੇਦਾਰ ਹੋਵੇਗਾ।' ਉਸ ਨੇ ਦਿਲ ਵਿਚ ਸੋਚਿਆ। ਬਜ਼ੁਰਗ ਯਮਦੂਤ ਉਸ ਦੇ ਮਨ ਦੀ ਗੱਲ ਪੜ੍ਹ ਗਿਆ ਸੀ। ਉਸ ਨੇ ਅਧਖੜ ਬੰਦੇ ਨੂੰ ਬੁਲਾਇਆ। ''ਹਾਂ ਬਈ ਦੱਸ! ਤੂੰ ਡਰਾਈਵਰ ਨੂੰ ਕਿਉਂ ਮਾਰ ਰਿਹੈਂ? ਕੀ ਮੋਟਰ ਸਾਈਕਲ ਵਾਲਾ ਤੇਰਾ ਰਿਸ਼ਤੇਦਾਰ ਹੈ?'' ਵੱਡੇ ਯਮਦੂਤ ਨੇ ਡਿੱਗੇ ਬੰਦੇ ਵਲ ਇਸ਼ਾਰਾ ਕਰ ਕੇ ਪੁਛਿਆ।
''ਕਾਹਦਾ ਰਿਸ਼ਤੇਦਾਰ?'' ਅਧਖੜ ਦੇ ਲਹਿਜੇ ਵਿਚ ਤਲਖ਼ੀ ਸੀ, ''ਇਹ ਅਮੀਰ ਲੋਕ ਕਿਸੇ ਦੇ ਰਿਸ਼ਤੇਦਾਰ ਨਹੀਂ ਹੁੰਦੇ।

ਹੁਣ ਵੇਖੋ ਚਾਰ ਦਿਨ ਹੋ ਗਏ ਮੈਨੂੰ ਦਿਹਾੜੀ ਕਰਦੇ ਨੂੰ। ਅੱਜ ਜਦ ਪੈਸੇ ਮੰਗੇ ਤਾਂ ਮਾਲਕ ਕਹਿੰਦੈ, ''ਮੇਰੇ ਕੋਲ ਪੈਸੇ ਖ਼ਤਮ ਹੋ ਗਏ ਨੇ।'' ਜ਼ਰਾ ਸੋਚੋ, ਜੇ ਮੈਨੂੰ ਸਮੇਂ 'ਤੇ ਪੈਸੇ ਹੀ ਨਹੀਂ ਮਿਲਣੇ ਤਾਂ ਫਿਰ ਕੰਮ ਕਰਨ ਦਾ ਕੀ ਫ਼ਾਇਦਾ?'' ਅਧਖੜ ਦੀਆਂ ਅੱਖਾਂ ਵਿਚ ਘਰ ਲਿਜਾਣ ਵਾਲੀਆਂ ਚੀਜ਼ਾਂ ਦੀ ਸੂਚੀ ਘੁੰਮ ਰਹੀ ਸੀ ਅਤੇ ਉਹ ਬਹਾਨਾ ਸੋਚ ਰਿਹਾ ਸੀ ਕਿ ਅੱਜ ਬੱਚਿਆਂ ਨੂੰ 'ਚੀਜੀ' ਨਾ ਲਿਆਉਣ ਕਰ ਕੇ ਕੀ ਬਹਾਨਾ ਬਣਾਵੇਗਾ? ਫਿਰ ਇਕ ਚੰਗੇ ਸੂਟ-ਬੂਟ ਵਾਲੇ ਬੰਦੇ ਨੂੰ ਬੁਲਾਇਆ ਗਿਆ। ਉਹ ਅਪਣੀ ਕਾਰ ਵਿਚੋਂ ਉਤਰ ਕੇ ਆਇਆ ਸੀ ਅਤੇ ਬੜੇ ਜੋਸ਼ ਨਾਲ ਮਾਰ ਕੁਟਾਈ ਵਿਚ ਹਿੱਸਾ ਲੈ ਰਿਹਾ ਸੀ।

''ਮੈਂ ਏਨੀ ਮਹੱਤਵਪੂਰਨ ਮੀਟਿੰਗ 'ਤੇ ਜਾ ਰਿਹਾ ਹਾਂ, ਇਸ ਗਧੇ ਦੀ ਬੇਵਕਫ਼²ੀ ਕਾਰਨ ਹੁਣ ਇਥੇ ਟ੍ਰੈਫ਼ਿਕ ਜਾਮ ਹੋ ਗਿਆ ਹੈ। ਲਗਦੈ ਕਲਾਇੰਟ ਹੱਥੋਂ ਨਿਕਲ ਜਾਵੇਗਾ।'' ਉਹ ਜੇਬ ਵਿਚੋਂ ਮੋਬਾਈਲ ਕੱਢ ਕੇ ਅਪਣੇ ਕਲਾਇੰਟ ਨੂੰ ਅਪਣੇ ਦੇਰ ਨਾਲ ਆਉਣ ਦਾ ਕਾਰਨ ਦਸਣਾ ਚਾਹੁੰਦਾ ਸੀ। ਫਿਰ ਇਕ ਨੀਲੀ ਗੱਡੀ ਆ ਕੇ ਰੁਕੀ। ਉਸ ਵਿਚੋਂ ਕੁੱਝ ਖ਼ਾਕੀ ਕਪੜਿਆਂ ਵਾਲੇ ਉਤਰੇ।

ਉਨ੍ਹਾਂ ਦੇ ਹੱਥਾਂ ਵਿਚ ਡੰਡੇ ਅਤੇ ਹਥਿਆਰ ਸਨ। ਆਉਂਦਿਆਂ ਹੀ ਉਨ੍ਹਾਂ ਨੇ ਟਰਾਲੇ ਦੇ ਡਰਾਈਵਰ ਨੂੰ ਭੀੜ ਤੋਂ ਛੁਡਾਇਆ। ਇਕ ਖ਼ਾਕੀ ਕਪੜਿਆਂ ਵਾਲਾ ਬੰਦਾ ਡਿੱਗੇ ਹੋਏ ਮੋਟਰ ਸਾਈਕਲ ਸਵਾਰ ਵਲ ਵਧਿਆ, ਜਿਹੜਾ ਹੁਣ ਤਕ ਸ਼ਾਂਤ ਹੋ ਚੁੱਕਾ ਸੀ। ਉਹ ਆਸੇ-ਪਾਸੇ ਦੇ ਲੋਕਾਂ ਤੋਂ ਪੁੱਛਣ ਲੱਗਾ ਕਿ, 'ਇਹ ਸੱਭ ਕਿਵੇਂ ਹੋਇਆ?'' (ਚੱਲਦਾ) 

ਗੁਰਵਿੰਦਰ ਸਿੰਘ
​ਮੋਬਾਈਲ : 99150-25567