ਯਮਦੂਤ ਕੌਣ? (ਭਾਗ 3)

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਇਹ ਸੁਣ ਕੇ ਨੌਜੁਆਨ ਯਮਦੂਤ ਦੀਆਂ ਅੱਖਾਂ ਵਿਚ ਪ੍ਰਸ਼ੰਸਾ ਦੇ ਭਾਵ ਆਏ। ''ਵਾਹ!

Yamdoot

ਇਹ ਸੁਣ ਕੇ ਨੌਜੁਆਨ ਯਮਦੂਤ ਦੀਆਂ ਅੱਖਾਂ ਵਿਚ ਪ੍ਰਸ਼ੰਸਾ ਦੇ ਭਾਵ ਆਏ। ''ਵਾਹ! ਕਿੰਨੇ ਦਿਆਲੂ ਲੋਕ ਹਨ। ਜੇ ਇਹ ਨਾ ਰੋਕਦੇ ਤਾਂ ਭੀੜ ਨੇ ਟਰਾਲੇ ਵਾਲੇ ਨੂੰ ਵੀ ਮਾਰ ਹੀ ਦੇਣਾ ਸੀ।'' ਖ਼ਾਕੀ ਵਰਦੀ ਵਾਲਾ ਮੋਟਰ ਸਾਈਕਲ ਵਲ ਵਧਿਆ ਤੇ ਬੋਲਿਆ, ''ਇਹ ਕੀ, ਇਹ ਤਾਂ ਮਰ ਚੁੱਕਾ ਹੈ।'' ਏਨਾ ਕਹਿੰਦਿਆਂ ਹੀ ਉਹ ਟਰਾਲੇ ਦੇ ਡਰਾਈਵਰ ਨੂੰ ਕੁੱਟਣ ਲੱਗਾ। ਉਹ ਅੱਧ ਮਰਿਆ ਹੋ ਗਿਆ ਤਾਂ ਉਸ ਨੂੰ ਚੁਕ ਕੇ ਗੱਡੀ ਵਿਚ ਸੁੱਟ ਲਿਆ ਗਿਆ। ''ਕੀ ਇਹ ਮੋਟਰ ਸਾਈਕਲ ਵਾਲੇ ਨੂੰ ਮਾਰਨ ਦੀ ਸਜ਼ਾ ਦੇ ਰਹੇ ਨੇ?'' ਨੌਜੁਆਨ ਯਮਦੂਤ ਨੇ ਅਧਮਰੇ ਟਰਾਲੇ ਦੇ ਡਰਾਈਵਰ ਵਲ ਇਸ਼ਾਰਾ ਕਰ ਕੇ ਪੁਛਿਆ। 

ਬਜ਼ੁਰਗ ਯਮਦੂਤ, ਜਿਹੜਾ ਮ੍ਰਿਤਕ ਦੀ ਆਤਮਾ ਨੂੰ ਕੱਢ ਚੁੱਕਾ ਸੀ, ਨੇ ਖ਼ਾਕੀ ਵਰਦੀ ਵਾਲੇ ਇਕ ਅਧਿਕਾਰੀ ਨੂੰ ਬੁਲਾਇਆ ਅਤੇ ਟਰਾਲੇ ਦੇ ਡਰਾਈਵਰ ਦੀ ਕੁੱਟਮਾਰ ਦਾ ਕਾਰਨ ਪੁਛਿਆ। ''ਕੀ ਕਰੀਏ ਜੀ! ਇਨ੍ਹਾਂ ਲੋਕਾਂ ਨੇ ਸਾਡਾ ਜਿਊਣਾ ਹੀ ਹਰਾਮ ਕਰ ਦਿਤੈ। ਅਜੇ ਪਿੰਡੋਂ 'ਰੇਡ' ਤੋਂ ਆ ਕੇ ਬੈਠੇ ਹੀ ਸੀ ਕਿ ਇਨ੍ਹਾਂ ਦਾ ਫ਼ੋਨ ਆ ਗਿਆ ਕਿ ਟਰਾਲੇ ਥੱਲੇ ਦੇ ਕੇ ਬੰਦਾ ਮਾਰ 'ਤਾ। ਅਸੀ ਵੀ ਆਖ਼ਰ ਇਨਸਾਨ ਹਾਂ। ਸਾਨੂੰ ਵੀ ਤਾਂ ਆਰਾਮ ਚਾਹੀਦੈ। ਅਫ਼ਸਰ ਆਪ ਤਾਂ ਦਫ਼ਤਰਾਂ ਵਿਚ ਬੈਠੇ ਹੁਕਮ ਚਲਾ ਦੇਂਦੇ ਨੇ ਤੇ ਅਸੀ ਦਿਨ ਰਾਤ ਧੱਕੇ ਖਾਂਦੇ ਰਹਿੰਦੇ ਹਾਂ।'' ਪੁਲਿਸ ਵਾਲੇ ਨੇ ਦਿਲ ਦੀ ਭੜਾਸ ਕੱਢੀ।

ਹੁਣ ਨੌਜੁਆਨ ਯਮਦੂਤ ਦੀ ਪੂਰੀ ਤਸੱਲੀ ਹੋ ਚੁੱਕੀ ਸੀ। ਉਹ ਇਕਦਮ ਬੋਲਿਆ, ''ਅਸੀ ਚੰਗੇ ਹਾਂ ਚਾਚਾ। ਅਸੀ ਇਨ੍ਹਾਂ ਲੋਕਾਂ ਦੀ ਤਰ੍ਹਾਂ ਸਵਾਰਥੀ ਨਹੀਂ। ਘੱਟੋ-ਘੱਟ ਅਸੀ ਅਪਣਾ ਫ਼ਰਜ਼ ਤਾਂ ਦਿਲ ਲਾ ਕੇ ਪੂਰਾ ਕਰਦੇ ਹਾਂ। ''ਪੁੱਤਰ ਇਹ ਧਰਤੀ ਵਾਸੀ ਸਾਡੇ ਤੋਂ ਵੀ ਵੱਡੇ ਯਮਦੂਤ ਨੇ। ਅਸੀ ਤਾਂ ਮੁਰਦਿਆਂ ਦੀ ਹੀ ਆਤਮਾ ਕਢਦੇ ਹਾਂ, ਪਰ ਇਨ੍ਹਾਂ ਨੇ ਜਿਊਂਦੇ ਜੀਅ ਅਪਣੀ ਆਤਮਾ ਵੇਚ ਦਿਤੀ ਹੋਈ ਹੈ। ਇਸੇ ਲਈ ਇਨ੍ਹਾਂ ਦੇ ਆਲੇ ਦੁਆਲੇ ਭਾਵੇਂ ਕੁੱਝ ਵੀ ਹੋਈ ਜਾਵੇ, ਇਹ ਸਿਰਫ਼ ਅਪਣਾ ਹੀ ਸਵਾਰਥ ਵੇਖਦੇ ਨੇ!'' ਵੱਡਾ ਯਮਦੂਤ ਬੋਲਿਆ। ਅਖ਼ੀਰ ਉਨ੍ਹਾਂ ਨੇ ਆਤਮਾ ਨੂੰ ਸੰਭਾਲਿਆ ਤੇ ਅਪਣੇ 'ਹੈੱਡ ਕੁਆਟਰ' ਵਲ ਚਾਲੇ ਪਾ ਦਿਤੇ।  

ਗੁਰਵਿੰਦਰ ਸਿੰਘ
ਮੋਬਾਈਲ : 99150-25567