ਸਿਰੜੀ ਪੰਜਾਬੀ ਕਾਮਾ ਸੀ ਹਮਦਰਦਵੀਰ ਨੌਸ਼ਹਿਰਵੀ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਜਦੋਂ ਕੋਈ ਵਿਅਕਤੀ ਵਿਸ਼ੇਸ਼ 'ਹੈ' ਤੋਂ 'ਸੀ' ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨਾਲ ਜੁੜੀਆਂ ਅਨੇਕ ਪੁਰਾਣੀਆਂ ਯਾਦਾਂ ਅਤੇ ਸਾਂਝਾਂ ਤਾਜ਼ੀਆਂ ਹੋਣ ਲਗਦੀਆਂ ਹਨ।

Hamdardveer Nausheervi

ਜਦੋਂ ਕੋਈ ਵਿਅਕਤੀ ਵਿਸ਼ੇਸ਼ 'ਹੈ' ਤੋਂ 'ਸੀ' ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨਾਲ ਜੁੜੀਆਂ ਅਨੇਕ ਪੁਰਾਣੀਆਂ ਯਾਦਾਂ ਅਤੇ ਸਾਂਝਾਂ ਤਾਜ਼ੀਆਂ ਹੋਣ ਲਗਦੀਆਂ ਹਨ। ਅਜਿਹੇ ਵਿਅਕਤੀ ਕਿਸੇ ਵਿਸ਼ੇਸ਼ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਇਕ ਸੰਸਥਾ ਦਾ ਰੂਪ ਧਾਰਨ ਕਰ ਕੇ ਲੋਕ-ਮਨਾਂ 'ਤੇ ਰਾਜ ਕਰਦੇ ਹਨ ਅਤੇ ਇਤਿਹਾਸ ਦੇ ਪੰਨਿਆਂ 'ਤੇ ਸਦੀਵੀ ਅਮਰ ਹੋ ਜਾਂਦੇ ਹਨ।

ਹਮਦਰਦਵੀਰ ਨੌਸ਼ਹਿਰਵੀ ਇਕ ਅਜਿਹਾ ਹੀ ਵੱਡਾ ਨਾਂ ਸੀ ਜਿਸ ਨੇ ਪੰਜਾਬੀ ਮਾਂ-ਬੋਲੀ ਦੇ ਇਕ ਸਿਰੜੀ ਕਾਮੇ ਵਜੋਂ ਅਪਣੇ ਆਪ ਨੂੰ ਸਥਾਪਤ ਕੀਤਾ।
1 ਦਸੰਬਰ, 1937 ਨੂੰ ਮਾਝੇ ਦੇ ਇਤਿਹਾਸਕ ਜ਼ਿਲ੍ਹੇ ਤਰਨ ਤਾਰਨ ਦੇ ਇਕ ਪਿੰਡ ਨੌਸ਼ਹਿਰਾ ਪੰਨੂਆਂ ਵਿਖੇ ਮਾਤਾ ਸ਼ਾਮ ਕੌਰ ਅਤੇ ਪਿਤਾ ਸ. ਉਤਮ ਸਿੰਘ ਪੰਨੂ ਦੇ ਘਰ ਪੈਦਾ ਹੋਏ ਹਮਦਰਦਵੀਰ ਨੌਸ਼ਹਿਰਵੀ ਦਾ ਬਚਪਨ ਦਾ ਨਾਂ ਬੂਟਾ ਸਿੰਘ ਪੰਨੂ ਸੀ। ਇੱਥੋਂ ਦੇ ਸਕੂਲ ਵਿਚ ਹੀ ਉਸ ਨੇ ਮੁਢਲੀ ਤਾਲੀਮ ਹਾਸਲ ਕੀਤੀ।

ਅਪਣੇ ਪਿੰਡ ਦੀ ਮਿੱਟੀ ਨਾਲ ਡੂੰਘਾ ਸਨੇਹ ਹੋਣ ਕਾਰਨ ਬੂਟਾ ਸਿੰਘ ਪੰਨੂ ਨੇ ਸਾਹਿਤਕ ਖੇਤਰ ਵਿਚ ਅਪਣਾ ਨਾਂ ਹਮਦਰਦਵੀਰ ਨੌਸ਼ਹਿਰਵੀ ਰੱਖ ਲਿਆ ਅਤੇ ਇਸੇ ਨਾਂ ਹੇਠ ਹੀ ਪ੍ਰਸਿੱਧ ਹੋਇਆ। ਉਨ੍ਹਾਂ ਸਮਿਆਂ ਵਿਚ 'ਪ੍ਰੀਤਲੜੀ' ਰਸਾਲਾ ਉਸ ਦੀ ਸਿਰਜਣਾ ਦਾ ਪ੍ਰੇਰਣਾ ਸ੍ਰੋਤ ਬਣਿਆ।  
ਉਚੇ ਲੰਮੇ ਕੱਦ-ਕਾਠ ਵਾਲੇ ਹਮਦਰਦਵੀਰ ਨੌਸ਼ਹਿਰਵੀ ਨੇ ਸਕੂਲ ਦੀ ਪੜ੍ਹਾਈ ਉਪਰੰਤ ਭਾਰਤੀ ਹਵਾਈ ਸੈਨਾ ਵਿਚ ਜਹਾਜ਼ਾਂ ਦੇ ਮਕੈਨਿਕ ਵਜੋਂ ਨੌਕਰੀ ਹਾਸਲ ਕੀਤੀ ਜਿੱਥੇ ਉਸ ਨੇ 1956 ਤੋਂ ਲੈ ਕੇ 1965 ਤਕ ਸੇਵਾ ਨਿਭਾਈ ਪਰ ਅਪਣੀ ਮਾਤ-ਭਾਸ਼ਾ ਪੰਜਾਬੀ ਦੀ ਖ਼ਿਦਮਤ ਕਰਨ ਦਾ ਜਜ਼ਬਾ ਏਨਾ ਪ੍ਰਬਲ ਹੋ ਗਿਆ ਕਿ ਉਸ ਨੇ ਨੌਕਰੀ ਤਿਆਗ ਕੇ ਸਿਖਿਆ ਅਤੇ ਸਾਹਿਤ ਦੇ ਖੇਤਰਾਂ ਵਿਚ ਪ੍ਰਵੇਸ਼ ਕਰ ਲਿਆ।

ਉਸ ਨੇ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿਚ ਸਕੂਲ ਅਧਿਆਪਕ ਵਜੋਂ ਪੜ੍ਹਾਇਆ। ਫਿਰ ਉਸ ਨੇ 1963 ਵਿਚ ਸਮਰਾਲੇ ਆ ਕਿਆਮ ਕੀਤਾ ਅਤੇ ਮਾਛੀਵਾੜਾ ਰੋਡ 'ਤੇ ਅਪਣਾ ਘਰ ਬਣਾਇਆ ਜਿਸ ਨੂੰ 'ਕਵਿਤਾ ਭਵਨ' ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਉਸ ਨੂੰ ਮਿਲ ਕੇ ਅਦਬੀ-ਸਕੂਨ ਮਿਲਦਾ ਰਿਹਾ ਹੈ। ਹਮਦਰਦਵੀਰ ਨੌਸ਼ਹਿਰਵੀ ਭਾਵੇਂ ਖ਼ੁਦ ਕਿਸੇ ਕਾਲਜ ਵਿਚ ਨਹੀਂ ਸੀ ਪੜ੍ਹਿਆ ਪਰ ਅਪਣੇ ਵਿਸ਼ਾਲ ਅਨੁਭਵ ਅਤੇ ਅਧਿਐਨ ਸਦਕਾ ਉਸ ਨੇ 1965 ਵਿਚ ਮਾਲਵਾ ਕਾਲਜ ਬੌਂਦਲੀ ਵਿਖੇ ਰਾਜਨੀਤੀ ਸ਼ਾਸਤਰ ਦੇ ਲੈਕਚਰਾਰ ਵਜੋਂ ਜੁਆਇਨ ਕੀਤਾ ਜਿੱਥੇ ਉਸ ਨੇ 40 ਸਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਤਾਲੀਮ ਦਿੰਦਿਆਂ 1995 ਵਿਚ ਸ਼ਾਨਦਾਰ ਸੇਵਾਮੁਕਤੀ ਪ੍ਰਾਪਤ ਕੀਤੀ।

ਭਾਵੇਂ ਉਹ ਸਾਰੀ ਉਮਰ ਰਾਜਨੀਤੀ ਸ਼ਾਸਤਰ ਵਿਸ਼ੇ ਦਾ ਪ੍ਰੋਫ਼ੈਸਰ ਰਿਹਾ ਪਰ ਸਾਹਿਤ ਰਚਨਾ ਪੰਜਾਬੀ ਵਿਚ ਹੀ ਕੀਤੀ। ਉਸ ਦੀ ਧਾਰਨਾ ਸੀ, ''ਮੈਨੂੰ ਅਪਣੀ ਮਾਂ ਬੋਲੀ ਵਿਚ ਲਿਖ ਕੇ ਜੋ ਸਕੂਨ ਹਾਸਲ ਹੁੰਦਾ ਹੈ, ਉਹ Àਸ ਦਾ ਬਿਆਨ ਕਰਨਾ ਸ਼ਬਦਾਂ ਤੋਂ ਬਾਹਰ ਹੈ।” ਹਮਦਰਦਵੀਰ ਨੌਸ਼ਹਿਰਵੀ  ਨੇ ਸਾਹਿਤਕ-ਖਿੱਤੇ ਵਿਚ ਕਾਵਿ-ਰਚਨਾ ਨਾਲ ਪ੍ਰਵੇਸ਼ ਕੀਤਾ। 'ਧਰਤੀ ਭਰੇ ਹੁੰਗਾਰਾ ਵੇ' (1962) ਉਸ ਦਾ ਪਹਿਲਾ ਕਾਵਿ ਸੰਗ੍ਰਹਿ ਸੀ।

ਉਪਰੰਤ ਉਸ ਨੇ 'ਤਪਦਾ ਥਲ, ਨੰਗੇ ਪੈਰ' (1971), 'ਚੱਟਾਨ ਤੇ ਕਿਸ਼ਤੀ' (1972), 'ਫੇਰ ਆਈ ਬਾਬਰਵਾਣੀ' (1977) ਅਤੇ 'ਕਾਲੇ ਸਮਿਆਂ ਦੇ ਨਾਲ ਨਾਲ' (1987) ਕਾਵਿ-ਸੰਗ੍ਰਹਿ ਲਿਖੇ। ਇਸ ਦੇ ਸਮਾਨਾਂਤਰ ਉਸ ਨੇ ਅਫ਼ਸਾਨਾਨਿਗਾਰੀ ਉਪਰ ਵੀ ਭਰਪੂਰ ਰੂਪ ਵਿਚ ਕਲਮ ਅਜ਼ਮਾਈ ਅਤੇ 'ਧੁੱਪ ਉਜਾੜ ਤੇ ਰਾਹਗੀਰ' (1972), 'ਸਲੀਬ ਉਤੇ ਟੰਗਿਆ ਮਨੁੱਖ' (1973), 'ਖੰਡਿਤ ਮਨੁੱਖ ਦੀ ਕਥਾ' (1977), 'ਬਰਫ਼ ਦੇ ਆਦਮੀ ਤੇ ਸੂਰਜ' (1978), ਨਿੱਕੇ ਨਿੱਕੇ ਹਿਟਲਰ' (1981), 'ਨੀਰੋ ਬੰਸਰੀ ਵਜਾ ਰਿਹਾ ਸੀ' (1982), 'ਕਹਾਣੀ ਅਜੇ ਮੁੱਕੀ ਨਹੀਂ' (1987), 'ਇਕ ਆਦਮੀ ਦਾ ਕਾਫ਼ਲਾ' (1992) ਅਤੇ 'ਮੇਰੇ ਹਿੱਸੇ ਦਾ ਆਸਮਾਨ' (1993) ਆਦਿ ਪ੍ਰਮੁੱਖ ਹਨ।

ਉਸ ਨੇ ਪੰਜਾਬ ਦੇ ਦੁਖਾਂਤ ਨੂੰ ਲੈ ਕੇ 'ਤੀਲ੍ਹੇ ਅਤੇ ਆਲ੍ਹਣਾ' ਕਹਾਣੀ ਸੰਗ੍ਰਹਿ ਦਾ ਸੰਕਲਨ ਕੀਤਾ। ਉਸ ਨੇ '1985 ਦਾ ਚੋਣਵਾਂ ਪੰਜਾਬੀ ਸਾਹਿਤ' ਪੁਸਤਕ ਰਾਹੀਂ ਪਾਠਕਾਂ ਦੇ ਹਿਰਦਿਆਂ ਉਪਰ ਸੰਪਾਦਨ-ਕਲਾ ਦੀ ਪੁਖ਼ਤ ਛਾਪ ਵੀ ਛੱਡੀ। ਉਸ ਦਾ ਸਾਹਿਤ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਅਤੇ ਕੇਰਲ ਵਿਚ ਵੀ ਅਨੁਵਾਦ ਹੋਇਆ। ਨਵੀਂ ਪੀੜ੍ਹੀ ਦੀ ਅਗਵਾਈ ਕਰਨ ਵਾਲਾ ਬਾਲ ਸਾਹਿਤ ਵੀ ਉਸ ਨੇ ਚੋਖੀ ਮਾਤਰਾ ਵਿਚ ਸਿਰਜਿਆ।  

ਹਮਦਰਦਵੀਰ ਨੌਸ਼ਹਿਰਵੀ ਸਾਹਿਤਕ ਮਜਲਿਸਾਂ ਅਤੇ ਸਮਾਗਮਾਂ ਵਿਚ ਇਕ ਕਿਰਿਆਸ਼ੀਲ ਸ਼ਖ਼ਸ ਵਜੋਂ ਸ਼ਮੂਲੀਅਤ ਕਰਦਾ ਨਜ਼ਰ ਆਉਂਦਾ ਸੀ, ਜਿੱਥੇ ਉਹ ਲੰਮਾ ਅਰਸਾ ਪੰਜਾਬੀ ਸਾਹਿਤ ਸਭਾ ਸਮਰਾਲਾ ਦਾ ਜਨਰਲ ਸਕੱਤਰ ਰਿਹਾ ਉਥੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਮੀਤ ਪ੍ਰਧਾਨ ਵਜੋਂ ਵੀ ਨਿਰੰਤਰ ਕਾਰਜਸ਼ੀਲ ਰਿਹਾ। ਉਸ ਦੀ ਸਾਹਿਤਕ ਦੇਣ ਦੇ ਮੱਦੇਨਜ਼ਰ ਸਾਹਿਤ ਸਭਾ ਕੋਹਾੜਾ, ਗਾਂਧੀ ਮੈਮੋਰੀਅਲ ਕਾਲਜ ਅੰਬਾਲਾ, ਪੰਜਾਬੀ ਲੋਕ ਕਲਾ ਅਕਾਦਮੀ ਅੰਮ੍ਰਿਤਸਰ, ਸਾਹਿਤ ਸਭਾ ਵਡਾਲਾ ਜੌਹਲ ਅਤੇ ਪੰਜਾਬੀ ਗ਼ਜ਼ਲ ਮੰਚ ਫ਼ਿਲੌਰ ਆਦਿ ਅਨੇਕ ਸੰਸਥਾਵਾਂ ਨੇ ਪੁਰਸਕਾਰ ਪ੍ਰਦਾਨ ਕੀਤੇ। ਰੇਡੀਉ, ਦੂਰਦਰਸ਼ਨ ਉਪਰ ਵੀ ਉਸ ਦੀ ਨਿੱਗਰ ਸਾਹਿਤਕ ਚਰਚਾ ਸ੍ਰੋਤਿਆਂ ਅਤੇ ਦਰਸ਼ਕਾਂ ਦਾ ਮਾਰਗ-ਦਰਸ਼ਨ ਕਰਦੀ ਰਹੀ ਹੈ।

ਹਮਦਰਦਵੀਰ ਨੌਸ਼ਹਿਰਵੀ ਮੁੱਢ ਤੋਂ ਹੀ ਸਮਾਜ ਵਿਚ ਨਵੀਂ ਅਤੇ ਨਰੋਈ ਲਹਿਰ ਪੈਦਾ ਕਰਨ ਦਾ ਇੱਛੁਕ ਰਿਹਾ ਹੈ ਜਿਸ ਕਰ ਕੇ ਉਸ ਨੂੰ 'ਨਵ' ਸ਼ਬਦ ਨਾਲ ਵਿਸ਼ੇਸ਼ ਸਨੇਹ ਸੀ। ਇਸ ਸ਼ਬਦ ਨਾਲ ਉਸ ਦੀ ਏਨੀ ਮੁਹੱਬਤ ਰਹੀ ਹੈ ਕਿ ਉਸ ਨੇ ਅਪਣੇ ਚਾਰਾਂ ਬੱਚਿਆਂ ਦੇ ਨਾਂ ਵੀ 'ਨਵਸੰਗੀਤ ਕਿਰਨ', 'ਨਵਕਵਿਤਾ ਸਵੇਰ', 'ਨਵਮਾਰਗ ਸਫ਼ਰ' ਤੇ 'ਨਵਚੇਤਨ ਵੇਗ' ਰੱਖੇ। ਹਮਦਰਦਵੀਰ ਨੌਸ਼ਹਿਰਵੀ ਦੀ ਲੇਖਣੀ ਵਿਚ ਇਸ ਪ੍ਰਵਿਰਤੀ ਦਾ ਪ੍ਰਭਾਵ ਪ੍ਰਤੱਖ ਵੇਖਿਆ ਜਾ ਸਕਦਾ ਹੈ। ਉਸ ਦੀਆਂ ਚੜ੍ਹਦੀ ਕਲਾ ਵਿਚ ਰਹਿਣ ਦਾ ਪੈਗਾਮ ਦਿੰਦੀਆਂ ਸਤਰਾਂ ਹਨ:

ਨਿੱਕੇ ਜਹੇ ਮੇਰੇ ਅੰਬਰ ਦੇ ਤਾਰੇ,
ਪਤਾ ਨਹੀਂ ਕਿੱਥੇ ਕਿੱਥੇ ਜਾ ਡਿੱਗੇ ਸਾਰੇ।
ਬੰਦਾ ਬੁੱਢਾ ਉਦੋਂ ਹੁੰਦਾ ਹੈ
ਜਦੋਂ ਉਸ ਦੇ ਮਨ ਦੇ ਪਾਣੀਆਂ ਵਿਚ
ਤਰਨੋਂ ਹਟ ਜਾਂਦੇ ਹਨ ਜਵਾਨ ਸੁਪਨੇ।
ਸੁੱਕ ਗਏ ਦਰਿਆਵਾਂ ਸਿਰਹਾਣੇ ਬੈਠ ਕੇ ਰੁਦਨ ਕਿਉਂ ਕਰੀਏ,
ਆਉ ਰਾਤ ਦੀ ਕਾਲੀ ਛੱਤ ਉਤੇ,
ਜਗਦੇ ਦਿਲ ਦੇ ਦੀਪ ਧਰੀਏ।

ਹਮਦਰਦਵੀਰ ਨੌਸ਼ਹਿਰਵੀ 84 ਸਾਲ ਦੀ ਉਮਰ ਭੋਗ ਕੇ 2 ਜੂਨ, 2020 ਦੀ ਚੜ੍ਹਦੀ ਸਵੇਰ ਨੂੰ 2.30 ਵਜੇ ਅਪਣੀ ਜੀਵਨ ਸਾਥਣ ਪ੍ਰੀਤਮ ਕੌਰ ਕੋਲ ਚਲਾ ਗਿਆ ਹੈ ਜੋ ਵੀਹ ਸਾਲ ਪਹਿਲਾਂ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਈ ਸੀ। 13 ਜੂਨ, 2020 ਦਿਨ ਸਨਿਚਰਵਾਰ ਨੂੰ ਸਮਰਾਲਾ ਦੀ ਮਾਛੀਵਾੜਾ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਇਸ ਵੱਡੇ ਕਲਮਕਾਰ ਨਮਿਤ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਅੰਤਿਮ ਅਰਦਾਸ ਵਿਚ ਜ਼ਿਆਦਾ ਇਕੱਠ ਦੀ ਇਜਾਜ਼ਤ ਨਹੀਂ ਹੈ।
-ਦਰਸ਼ਨ ਸਿੰਘ 'ਆਸ਼ਟ' (ਡਾ.),
ਸੰਪਰਕ : 98144-23703