ਭੂਆ (ਭਾਗ 1)
ਮਹਿਕਮੇ ਦੇ ਕਿਸੇ ਜ਼ਰੂਰੀ ਕੰਮ ਲਈ ਮੈਂ ਸਰਹੱਦ ਨੇੜਲੇ ਇਕ ਪਿੰਡ 'ਚ ਜਾਣਾ ਸੀ। ਇਹ ਪਿੰਡ ਮੇਰੇ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਸੀ। ਮੈਂ ਸਕੂਟਰ ਮੰਜ਼ਿਲ ਵਲ ਤੋਰ ਲਿਆ...
ਮਹਿਕਮੇ ਦੇ ਕਿਸੇ ਜ਼ਰੂਰੀ ਕੰਮ ਲਈ ਮੈਂ ਸਰਹੱਦ ਨੇੜਲੇ ਇਕ ਪਿੰਡ 'ਚ ਜਾਣਾ ਸੀ। ਇਹ ਪਿੰਡ ਮੇਰੇ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਸੀ। ਮੈਂ ਸਕੂਟਰ ਮੰਜ਼ਿਲ ਵਲ ਤੋਰ ਲਿਆ। ਲਗਭਗ ਇਕ ਘੰਟੇ ਮਗਰੋਂ ਮੈਂ ਸਰਹੱਦ ਦੇ ਪਿੰਡ ਤੋਂ ਕੋਈ ਪੰਜ ਕਿਲੋਮੀਟਰ ਉਰੇ ਹੀ ਸੀ ਕਿ ਸਾਹਮਣੇ ਭੂਆ ਦਾ ਪਿੰਡ ਨਜ਼ਰੀਂ ਪਿਆ। ਸਕੂਟਰ ਆਪ ਮੁਹਾਰੇ ਹੀ ਜਿਵੇਂ ਰੁਕ ਗਿਆ ਹੋਵੇ। ਮੇਰੀ ਆਤਮਾ ਦੀ ਸਹਿਮਤੀ ਲੈ ਕੇ ਮੈਂ ਸਕੂਟਰ ਖੜਾ ਕਰ ਲਿਆ ਤੇ ਮੇਰੇ ਬਚਪਨ ਦੇ ਉਹ ਦਿਨ ਕੀੜੀਆਂ ਦੇ ਭੌਣ ਵਾਂਗ ਕਿਰਣਮ ਕਿਰਨੀਂ ਦੌੜਨ ਲੱਗੇ।
ਅੱਜ 30 ਸਾਲ ਬਾਅਦ ਭੂਆ ਦੇ ਪਿੰਡ ਤੋਂ ਇਕ ਕਿਲੋਮੀਟਰ ਦੂਰ ਖੜਾ ਸੀ। ਜਿਵੇਂ ਮੈਂ ਮਨ ਹੀ ਮਨ ਕਹਿ ਰਿਹਾ ਹੋਵਾਂ 'ਭੂਆ ਮੈਂ ਆ ਗਿਆ ਹਾਂ ਤੈਨੂੰ ਮਿਲਣ। ਭੂਆ ਵੇਖ ਤੇਰਾ ਬਿੰਦ ਵੀਰ ਆਇਆ ਈ। ਤੈਨੂੰ ਕੋਈ ਨਹੀਂ ਮਿਲਦਾ, ਮੈਂ ਮਿਲਾਂਗਾ ਤੇਰਾ ਵੀਰ ਬਿੰਦ। ਜਿਸ ਨੂੰ ਤੂੰ ਬਚਪਨ ਦੀਆਂ ਲੋਰੀਆਂ ਦੇ ਕੇ ਪਾਲਿਆ, ਪਿਆਰ ਅਤੇ ਲਾਡ ਦੀਆਂ ਲਾਡੀਆਂ ਕੀਤੀਆਂ। ਯਾਦ ਨੇ ਉਹ ਦਿਨ ਭੂਆ? ਮੇਰੇ ਜ਼ਿਹਨ ਵਿਚ ਮਹਿਫ਼ੂਜ਼ ਨੇ ਪਵਿੱਤਰ ਪਿਆਰ ਵਾਂਗ ਉਹ ਦਿਨ।' ਕਈ ਕੁੱਝ ਆਪ ਮੁਹਾਰੇ ਹੀ ਬੋਲਦਾ ਗਿਆ ਤੇ ਫਿਰ ਚੁੱਪ ਕਰ ਗਿਆ। ਚਾਰੇ ਪਾਸੇ ਨਜ਼ਰ ਦੌੜਾ ਕੇ ਵੇਖਿਆ ਕਿ ਮੈਨੂੰ ਕੋਈ ਵੇਖ ਤਾਂ ਨਹੀਂ ਰਿਹਾ। ਕਿਉਂ ਟੁੱਟ ਜਾਂਦੇ ਹਨ ਰਿਸ਼ਤੇ?
ਨਹੀਂ... ਰਿਸ਼ਤੇ ਨਹੀਂ ਟੁਟਦੇ... ਦੂਰੀਆਂ ਪੈ ਜਾਂਦੀਆਂ ਹਨ। ਪਰ ਦੂਰੀਆਂ ਵੀ ਕਿਉਂ ਪੈਂਦੀਆਂ ਹਨ? ਰਿਸ਼ਤੇ ਨਾ ਤਾਂ ਟੁਟਦੇ ਹਨ ਅਤੇ ਨਾ ਹੀ ਰਿਸ਼ਤਿਆਂ ਦਰਮਿਆਨ ਦੂਰੀਆਂ ਪੈਂਦੀਆਂ ਹਨ। ਮਜਬੂਰੀਆਂ ਸਵਾਰਥ ਅਤੇ ਨਫ਼ਰਤ ਨਾਲ ਇਹ ਰਿਸ਼ਤੇ ਖੋਖਲੇ ਹੋ ਜਾਂਦੇ ਹਨ। ਪਰ ਇਨ੍ਹਾਂ ਦੀ ਬੁਨਿਆਦ ਨਹੀਂ ਮਰਦੀ। ਭੂਆ ਦਾ ਰਿਸ਼ਤਾ ਤਾਂ ਰੱਬ ਨਾਲੋਂ ਵੀ ਵੱਡਾ ਰਿਸ਼ਤਾ ਹੁੰਦਾ ਹੈ ਸ਼ਾਇਦ। ਮੈਂ ਤਾਂ ਭੂਆ ਦੇ ਪਵਿੱਤਰ ਰਿਸ਼ਤੇ ਨੂੰ ਰੱਬ ਵਾਂਗ ਹੀ ਮੰਨਦਾ ਹਾਂ। ਮਨੁੱਖ ਅਪਣੇ ਸਵਾਰਥਾਂ ਲਈ ਰਿਸ਼ਤਿਆਂ ਨੂੰ ਕਿਉਂ ਤਿਲਾਂਜਲੀ ਦੇ ਦਿੰਦਾ ਹੈ?
ਸਵਾਰਥ ਦੀ ਕੋਈ ਬੁਨਿਆਦ ਨਹੀਂ ਹੁੰਦੀ। ਰਿਸ਼ਤਿਆਂ ਦੀ ਬੁਨਿਆਦ ਪੱਕੀ ਅਤੇ ਪਵਿੱਤਰ ਹੁੰਦੀ ਹੈ। ਇਕ ਰਿਸ਼ਤਾ ਜਦ ਬਣਦਾ ਹੈ ਤਾਂ ਉਸ ਉਤੇ ਮੋਹ ਦੇ ਸੂਰਜ ਦੀ ਲਕੀਰ ਉੱਗ ਪੈਂਦੀ ਹੈ ਜਿਸ ਦੀ ਰੌਸ਼ਨੀ ਫਿਰ ਕਦੀ ਨਹੀਂ ਮਰਦੀ। ਸਵਾਰਥ, ਨਫ਼ਰਤ, ਮਜਬੂਰੀ ਤਾਂ ਮੌਕੇ ਤੇ ਉੱਗੀ ਮੌਸਮੀ ਘਾਹ ਵਾਂਗ ਹੁੰਦੀ ਹੈ, ਜੋ ਸਮੇਂ ਦੇ ਨਾਲ ਆਪੇ ਹੀ ਬਰਬਾਦ ਹੋ ਜਾਂਦੀ ਹੈ ਪਰ ਰਿਸ਼ਤੇ ਨਹੀਂ ਮਰਦੇ। ਜਿਸਮਾਂ ਦੀਆਂ ਜੜ੍ਹਾਂ ਤੋਂ ਮੋਹ ਦੀਆਂ ਨਾਜ਼ੁਕ ਟਾਹਣੀਆਂ ਤੇ ਰਿਸ਼ਤਿਆਂ ਦੇ ਜੋ ਖ਼ੂਬਸੂਰਤ ਫੁੱਲ ਖਿੜਦੇ ਹਨ, ਉਨ੍ਹਾਂ ਦੀ ਖ਼ਸ਼ਬੂ ਕਦੀ ਨਹੀਂ ਮਰਦੀ। ਬਲਵਿੰਦਰ ਸਿੰਘ 'ਬਾਲਮ' - ਸੰਪਰਕ : 98156-25409 (ਚਲਦਾ)