ਪੰਜਾਬੀ ਸਾਹਿਤ 'ਚ ਬੁਨਿਆਦੀ ਤਬਦੀਲੀ ਲਿਆਉਣ ਵਾਲਾ ਗੁਰਦਿਆਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਸਾਹਿਤ

ਗੁਰਦਿਆਲ ਸਿੰਘ ਦਾ ਸਾਹਿਤਕ ਸਫ਼ਰ 1957 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲਗਿਆ

File Photo

ਗੁਰਦਿਆਲ ਸਿੰਘ ਦਾ ਸਾਹਿਤਕ ਸਫ਼ਰ 1957 'ਚ ਸ਼ੁਰੂ ਹੋਇਆ ਸੀ। ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। 

ਇਸ ਨਾਵਲ ਨੂੰ ਪੰਜਾਬੀ ਸਾਹਿਤ 'ਚ ਬੁਨਿਆਦੀ ਤਬਦੀਲੀ ਲਿਆਉਣ ਵਾਲਾ ਦਸਿਆ ਜਾਂਦਾ ਹੈ। ਗੁਰਦਿਆਲ ਸਿੰਘ ਹੀ ਅਜਿਹੇ ਪਹਿਲੇ ਨਾਵਲਕਾਰ ਹਨ ਜਿਨ੍ਹਾਂ ਨੇ 'ਮੜ੍ਹੀ ਦਾ ਦੀਵਾ' ਰਾਹੀਂ ਪੰਜਾਬੀ ਸਾਹਿਤ ਨੂੰ ਉਸ ਦਾ ਪਹਿਲਾ ਦਲਿਤ ਹੀਰੋ ਦਿਤਾ। ਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ,

ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਅਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।' ਗੁਰਦਿਆਲ ਸਿੰਘ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਅਨਮੋਲ ਯੋਗਦਾਨ ਪਾ ਚੁੱਕੇ ਹਨ।

ਉਨ੍ਹਾਂ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਉਨ੍ਹਾਂ ਦੇ ਨਾਵਲ 'ਮੜ੍ਹੀ ਦਾ ਦੀਵਾ' ਅਤੇ 'ਅੰਨ੍ਹੇ ਘੋੜੇ ਦਾ ਦਾਨ' 'ਤੇ ਪ੍ਰਸਿੱਧ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸੱਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਲ ਹੋਣ ਦਾ ਮਾਣ ਪ੍ਰਾਪਤ ਹੈ।

ਭਾਰਤ ਦੇ ਰਾਸ਼ਟਰਪਤੀ ਵਲੋਂ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਵੀ ਸਨਮਾਨਿਆ ਗਿਆ ਅਤੇ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲ ਚੁੱਕਾ ਹੈ। ਜਿੱਥੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਉਨ੍ਹਾਂ ਨੂੰ 'ਸਾਡੇ ਸਮਿਆਂ ਦਾ ਸੱਭ ਤੋਂ ਵੱਡਾ ਲੇਖਕ' ਦਸਦੇ ਹਨ, ਉਥੇ ਉੱਘੇ ਆਲੋਚਕ ਡਾ. ਟੀ.ਆਰ. ਵਿਨੋਦ ਉਨ੍ਹਾਂ ਨੂੰ 'ਪੰਜਾਬੀ ਦਾ ਪਹਿਲਾ ਫ਼ਿਲਾਸਫ਼ਰ ਗਲਪਕਾਰ' ਕਹਿੰਦੇ ਹਨ। ਸ. ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਨ੍ਹਾਂ ਦੇ ਨਾਨਕਾ ਪਿੰਡ ਭੈਣੀ ਫੱਤਾ (ਬਰਨਾਲਾ ਜ਼ਿਲ੍ਹਾ) ਵਿਖੇ ਪਿਤਾ ਜਗਤ ਸਿੰਘ ਅਤੇ ਮਾਤਾ ਨਿਹਾਲ ਕੌਰ ਦੇ ਪ੍ਰਵਾਰ ਵਿਚ ਹੋਇਆ।

ਉਨ੍ਹਾਂ ਦਾ ਦਾਦਕਾ ਪਿੰਡ ਜੈਤੋ ਹੈ ਅਤੇ ਬਚਪਨ ਤੋਂ ਹੁਣ ਤਕ ਉਥੇ ਹੀ ਰਹਿੰਦੇ ਹਨ। ਉਨ੍ਹਾਂ ਦੇ ਤਿੰਨ ਭਰਾ ਅਤੇ ਇਕ ਭੈਣ ਹਨ। ਘਰੇਲੂ ਕਾਰਨਾਂ ਕਰ ਕੇ ਬਚਪਨ ਵਿਚ ਸਕੂਲ ਛੱਡ ਕੇ ਅੱਠ ਸਾਲ ਤਰਖਾਣਾ ਕੰਮ ਕੀਤਾ। ਦਸਵੀਂ ਪਾਸ ਕਰ ਕੇ ਪ੍ਰਾਈਵੇਟ ਸਕੂਲ ਵਿਚ ਮਾਸਟਰੀ ਕੀਤੀ, ਫਿਰ ਘਾਲਣਾ ਘਾਲ ਕੇ ਉਚੇਰੀ ਵਿਦਿਆ ਲੈ ਕੇ ਸਰਕਾਰੀ ਨੌਕਰੀ (ਲੈਕਚਰਾਰਸ਼ਿਪ) ਹਾਸਲ ਕੀਤੀ ਅਤੇ ਪੰਦਰਾਂ ਵਰ੍ਹਿਆਂ ਬਾਅਦ ਪਟਿਆਲੇ ਯੂਨੀਵਰਸਟੀ ਵਿਚ ਰੀਡਰ ਬਣੇ ਅਤੇ 1995 ਵਿਚ ਪ੍ਰੋਫ਼ੈਸਰੀ ਤੋਂ ਸੇਵਾਮੁਕਤ ਹੋਏ। ਬਲਵੰਤ ਕੌਰ ਨਾਲ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੇ ਘਰ ਇਕ ਲੜਕੇ ਅਤੇ ਦੋ ਲੜਕੀਆਂ ਦਾ ਜਨਮ ਹੋਇਆ। ਗੁਰਦਿਆਲ ਸਿੰਘ ਦਾ ਮਿਤੀ 16 ਅਗੱਸਤ 2016 ਸੰਖੇਪ ਬਿਮਾਰੀ ਪਿਛੋਂ ਦਿਹਾਂਤ ਹੋ ਗਿਆ।